ਭਰੋਸਗੀ ਮਤੇ 'ਤੇ ਵੋਟਾਂ ਨੂੰ ਲੈ ਕੇ ਰੌਲਾ, ਸਰਕਾਰ 93 ਦਾ ਦਾਅਵਾ ਕਰ ਰਹੀ ਪਰ ਅਕਾਲੀ ਦਲ ਨੇ ਕੀਤਾ ਕਿਨਾਰਾ

ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸੈਸ਼ਨ ਦੇ ਚੌਥੇ ਦਿਨ ਭਰੋਸਗੀ ਮਤੇ ਦੇ ਲਈ ਵੋਟਿੰਗ ਹੋਈ। ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ।

ਆਮ ਆਦਮੀ ਪਾਰਟੀ ਦੇ 91 ਵਿਧਾਇਕ ਸਨ ਤੇ ਇੱਕ ਵਿਧਾਇਕ ਅਕਾਲੀ ਦਲ ਤੇ ਇੱਕ ਬਹੁਜਨ ਸਮਾਜਵਾਦੀ ਪਾਰਟੀ ਦਾ ਸੀ। ਇਨ੍ਹਾਂ ਦੋਵਾਂ ਵਿਧਾਇਕਾਂ ਵੱਲੋਂ ਨਾਂਹ ਨਹੀਂ ਕੀਤੀ ਗਈ ਤੇ ਇਨ੍ਹਾਂ ਦੀ ਵੋਟ ਵੀ ਹੱਕ ਵਿੱਚ ਗਿਣੀ ਗਈ।

ਹਾਲਾਂਕਿ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਸੈਸ਼ਨ ਵਿੱਚ ਕਿਹਾ, "ਧਿਆਨ ਦਿੱਤਾ ਜਾਵੇ ਕਿ ਮੈਂ ਇਸ ਦੇ ਵਿਰੋਧ ਵਿੱਚ ਹਾਂ ਕਿਉਂਕਿ ਇਸ ਪ੍ਰਸਤਾਵ ਨੂੰ ਲੈ ਕੇ ਆਉਣ ਦੀ ਲੋੜ ਨਹੀਂ ਸੀ।"

ਕਾਂਗਰਸ ਤੇ ਭਾਜਪਾ ਵਿਧਾਇਕ ਵਾਕਆਊਟ ਕਰ ਚੁੱਕੇ ਸਨ।

ਸਪੀਕਰ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਹਰ ਆ ਕੇ ਕਿਹਾ ਕਿ ਭਾਜਪਾ ਦਾ ਆਪ੍ਰੇਸ਼ਨ ਲੋਟਸ ਫੇਲ੍ਹ ਹੋਇਆ ਹੈ।

ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਅੱਜ ਆਪਰੇਸ਼ਨ ਲੋਟਸ ਦੀ ਜ਼ਬਰਦਸਤ ਹਾਰ ਹੋਈ ਹੈ ਅਤੇ ਆਪਰੇਸ਼ਨ ਲੋਟਸ ਫੇਲ੍ਹ ਹੋਇਆ।"

"ਕਾਂਗਰਸ ਜਿਹੜੀ ਭਾਜਪਾ ਦਾ ਹਿੱਸਾ ਬਣੀ ਹੋਈ ਹੈ, ਉਹ ਇਸ ਭਰੋਸਗੀ ਮਤੇ ਤੋਂ ਬਾਹਰ ਰਹੀ। ਮੈਂ ਉਨ੍ਹਾਂ ਨਾਲ ਹਮਦਰਦੀ ਕਰਦਾ ਹਾਂ ਕਿ ਤੁਹਾਡੀ ਕੀਮਤ ਨਹੀਂ ਪੈ ਸਕੀ।"

"ਸਾਡੀ ਪਾਰਟੀ ਇਕੱਠੀ ਚਲਦੀ ਹੈ ਅਤੇ ਮਿਲ ਕੇ ਚਲਦੀ ਹੈ।"

ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਮਤੇ ਬਾਰੇ ਐਲਾਨ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਸੰਬੋਧਨ ਵੀ ਕੀਤਾ।

ਭਗਵੰਤ ਮਾਨ ਦਾ ਵਿਧਾਨ ਸਭਾ ਦੇ ਅੰਦਰ ਸੰਬੋਧਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸੈਸ਼ਨ ਵਿੱਚ ਬੋਲਦਿਆਂ ਵਿਰੋਧੀ ਧਿਰ 'ਤੇ ਤਿੱਖਾ ਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਜਨਤਾ ਨੇ ਚੁਣ ਕੇ ਭੇਜਿਆ ਹੈ, ਉਹ ਅੰਦਰ ਕਿਉਂ ਨਹੀਂ ਬੈਠੇ। ਪੰਜਾਬ ਦੇ ਲੋਕਾਂ ਦੇ ਮੁੱਦੇ ਅੰਦਰ ਬੈਠ ਕੇ ਚੁੱਕੇ ਜਾਣੇ ਚਾਹੀਦੇ ਹਨ।

ਭਗਵੰਤ ਮਾਨ ਨੇ ਕਿਹਾ, "ਕਾਂਗਰਸੀ ਆਪ੍ਰੇਸ਼ਨ ਲੋਟਸ ਦੇ ਸਮਰਥਨ ਵਿੱਚ ਬਾਹਰ ਉੱਠ ਕੇ ਚਲੇ ਗਏ। ਇਨ੍ਹਾਂ ਨੂੰ ਸਭ ਪਤਾ ਹੈ ਕਿ ਕੌਣ ਕਿੰਨੇ ਵਿੱਚ ਵਿਕਦਾ ਹੈ। ਸਾਹਮਣੇ ਆ ਕੇ ਗੱਲ ਕਿਉਂ ਨਹੀਂ ਕਰਦੇ।"

"ਗੋਆ ਦੇ ਵਿੱਚ ਕਈ ਬੰਦੇ ਗਏ ਪਰ ਕਾਂਗਰਸ ਦਾ ਇੱਕ ਬੰਦਾ ਨਹੀਂ ਬੋਲਿਆ ਜੇ ਬੋਲ ਪੈਂਦੇ ਤਾਂ ਅਸੀਂ ਵੀ ਉਨ੍ਹਾਂ ਦਾ ਸਾਥ ਦੇ ਦਿੰਦੇ ਪਰ ਇਹ ਬੋਲੇ ਨਹੀਂ। ਇਹ ਭਾਜਪਾ ਬਣ ਗਏ ਹਨ।"

ਸੀਐੱਮ ਮਾਨ ਨੇ ਕਿਹਾ, "ਉਹ ਸਾਨੂੰ ਕਹਿੰਦੇ ਹਨ ਭਗਵੰਤ ਮਾਨ ਕੋਲ ਤਜਰਬਾ ਨਹੀਂ ਪਰ ਲੋਕ ਤਾਂ ਤਜਰਬੇਕਾਰਾਂ ਤੋਂ ਦੁਖੀ ਹਨ ਤਾਂ ਹੀ ਤਾਂ ਉਨ੍ਹਾਂ ਨੇ ਸਾਨੂੰ ਚੁਣਿਆ।"

ਮਾਨ ਨੇ ਭਰੋਸਗੀ ਮਤੇ ਬਾਰੇ ਬੋਲਦਿਆਂ ਆਖਿਆ, "ਲੋਕਤੰਤਰ ਨੂੰ ਕੋਈ ਖਰੀਦਣ ਦੀ ਕੋਸ਼ਿਸ਼ ਕਰੇਗਾ, ਪੈਸੇ ਨਾਲ ਜਿੱਤਣ ਦੀ ਕੋਸ਼ਿਸ਼ ਕਰੇਗਾ, ਮੈਨੂੰ ਨਹੀਂ ਲਗਦਾ ਸਾਡੇ ਦੇਸ਼ ਦਾ ਲੋਕਤੰਤਰ ਇਨਾਂ ਕਮਜ਼ੋਰ ਹੈ ਜੋ ਇਨ੍ਹਾਂ ਦੇ ਪੈਸਿਆਂ ਨਾਲ ਵਿਕ ਜਾਵੇ।''

ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗੰਨੇ ਦੇ ਮੁੱਲ ਵਿੱਚ 20 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ 360 ਰੁਪਏ ਪ੍ਰਤੀ ਕੁਇੰਟਲ ਸੀ ਤੇ ਹੁਣ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

ਸ਼ੀਤਲ ਅੰਗੂਰਾਲ ਨੇ ਵੀ ਲੌਟਸ ਆਪਰੇਸ਼ਨ ਦਾ ਮੁੱਦਾ ਚੁੱਕਿਆ

ਪੰਜਾਬ ਵਿਧਾਨ ਸਭਾ ਵਿੱਚ ਜਦੋਂ ਵਿਸ਼ਵਾਸ ਮਤੇ ਉੱਤੇ ਬਹਿਸ ਚੱਲ ਰਹੀ ਸੀ ਤਾਂ ਆਮ ਆਦਮੀ ਪਾਰਟੀ ਦੇ ਮੈਂਬਰ ਸ਼ੀਤਲ ਅੰਗੂਰਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਰੇਸ਼ਨ ਲੋਟਸ ਵਿੱਚ ਸ਼ਾਮਲ ਲੋਕਾਂ ਦੇ ਨਾਂ ਵਿਜੀਲੈਂਸ ਨੂੰ ਸੌਪੇ ਹਨ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ 3 ਵਿਅਕਤੀ ਹਨ ਅਤੇ ਖੁਦ ਨੂੰ ਹਾਈਕੋਰਟ ਦੇ ਵਕੀਲ ਦੱਸ ਰਹੇ ਹਨ।

ਅੰਗੂਰਾਲ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਇੱਕ ਸਟਿੰਗ ਮੌਜੂਦ ਹੈ, ਜਿਸ ਵਿੱਚ ਦੋ ਕੇਂਦਰੀ ਮੰਤਰੀਆਂ ਦਾ ਨਾਮ ਲਿਆ।

ਹਾਲਾਂਕਿ ਸਪੀਕਰ ਨੇ ਕਿਹਾ ਕਿ ਉਨ੍ਹਾਂ ਵਿਅਕਤੀਆਂ ਦੇ ਨਾਮ ਨਾ ਲਏ ਜਾਣ ਜੋ ਸਦਨ ਵਿੱਚ ਹਾਜ਼ਰ ਨਹੀਂ, ਪਰ 'ਆਪ' ਵਿਧਾਇਕ ਨੇ ਇਹ ਨਾਂ ਲੈ ਦਿੱਤੇ ਸਨ।

ਉਨ੍ਹਾਂ ਮੁੜ ਦਾਅਵਾ ਕਿ ਕੀਤਾ ਕਿ ਆਪ ਵਿਧਾਇਕ ਈਡੀ ਤੇ ਸੀਬੀਆਈ ਦੇ ਪਰਚਿਆਂ ਤੋਂ ਨਹੀਂ ਡਰਨ ਵਾਲੇ ਨਹੀਂ ਹਨ ਅਤੇ ਜੇਲ੍ਹਾਂ ਵਿੱਚ ਜਾਣ ਨੂੰ ਤਿਆਰ ਬੈਠੇ ਹਨ।

ਉਨ੍ਹਾਂ ਕਾਂਗਰਸ ਨੂੰ ਵੀ ਭਾਜਪਾ ਦੀ ਬੀ ਟੀਮ ਕਹਿ ਕੇ ਭੰਡਿਆ ਅਤੇ ਦਾਅਵਾ ਕੀਤਾ ਕਿ ਸਾਰੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਨਾਲ ਡਟ ਕੇ ਖੜ੍ਹੇ ਹਨ।

ਇਸ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਵੇਲੇ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਰੋਸਗੀ ਮਤੇ 'ਤੇ ਚਰਚਾ ਬਾਰੇ ਐਲਾਨ ਕੀਤਾ ਪਰ ਕਾਂਗਰਸ ਦੇ ਹੰਗਾਮੇ ਕਾਰਨ ਉਨ੍ਹਾਂ ਨੂੰ 15 ਮਿੰਟ ਲਈ ਸੈਸ਼ਨ ਮੁਅੱਤਲ ਕਰਨਾ ਪਿਆ।

ਦਰਅਸਲ, ਵਿਰੋਧੀ ਧਿਰ ਕਾਂਗਰਸ ਜ਼ੀਰੋ ਆਰਸ ਦੀ ਮੰਗ ਕਰ ਰਹੀ ਸੀ। ਸਪੀਕਰ ਨੇ ਉਨ੍ਹਾਂ ਇੰਤਜ਼ਾਰ ਕਰਨ ਲਈ ਕਿਹਾ ਪਰ ਇਹ ਕਹਿ ਮੰਗ 'ਤੇ ਅੜੇ ਰਹੇ ਕਿ ਵਿਰੋਧੀ ਧਿਰ ਲੋਕਾਂ ਦੇ ਮੁੱਦੇ ਚੁਕਦੀ ਰਹੀ।

ਇਸ ਦੌਰਾਨ ਵਿਰੋਧੀ ਧਿਰਾ ਕਾਂਗਰਸ ਨੇ ਭਰੋਸਗੀ ਮਤੇ ਦਾ ਵਿਰੋਧ ਕੀਤਾ ਅਤੇ ਰੋਸ ਜ਼ਾਹਿਰ ਕਰਦਿਆਂ ਉਹ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਚਲੇ ਗਏ। ਇਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਦੇ ਵਿਧਾਇਕਾਂ ਨੇ ਸੈਸ਼ਨ ਦੀ ਅਗਲੀ ਕਾਰਵਾਈ ਕਰਦਿਆਂ ਭਰੋਸਗੀ ਮਤੇ 'ਤੇ ਬੋਲਣਾ ਸ਼ੁਰੂ ਕੀਤਾ।

ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਸੈਸ਼ਨ ਦੌਰਾਨ ਬੋਲਦਿਆਂ ਕਿਹਾ, "ਜਿਸ ਦਿਨ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਭਾਜਪਾ ਅਤੇ ਕਾਂਗਰਸ ਬੇਨਕਾਬ ਹੋ ਜਾਣੀਆਂ ਹਨ।"

"ਦੇਸ਼ ਨੂੰ ਨੰਬਰ ਇੱਕ ਬਣਾਉਣ ਲਈ ਕੰਮ ਚੱਲ ਰਿਹਾ ਹੈ। ਸਿੱਖਿਆ ਉੱਤੇ ਕੰਮ ਹੋ ਰਿਹਾ ਅਤੇ ਜਿੱਥੇ-ਜਿੱਥੇ 'ਆਪ' ਦੀ ਸਰਕਾਰ ਬਣੀ ਹੈ। ਕੰਮ ਹੋ ਰਿਹਾ ਹੈ।"

ਵਿਧਾਇਕ ਬਲਜਿੰਦਰ ਕੌਰ ਨੇ ਕਿਹਾ, "ਇੱਕ ਬਹੁਤ ਭੁਲੇਖਾ ਆਪਰੇਸ਼ਨ ਲੌਟਸ ਵਾਲਿਆਂ ਨੂੰ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਜਿਵੇਂ ਉਹ ਹੋਰਨਾਂ ਸੂਬਿਆਂ ਵਿੱਚ ਪੈਸੇ ਦੇ ਜ਼ੋਰ 'ਤੇ ਐੱਮਐੱਲਏ ਖਰੀਦਦੇ ਹਨ, ਇੱਥੇ ਵੀ ਖਰੀਦ ਲੈਣਗੇ।"

"ਪਰ ਇਨ੍ਹਾਂ ਨੂੰ ਨਹੀਂ ਪਤਾ ਕਿ ਇਸ ਵਾਰ ਇਨ੍ਹਾਂ ਦਾ ਮੱਥਾ ਪੰਜਾਬ ਨਾਲ ਲੱਗਾ ਹੈ, ਆਮ ਆਦਮੀ ਪਾਰਟੀ ਨਾਲ ਲੱਗਾ ਹੈ, 'ਆਪ' ਦੇ ਕਨਵੀਨਰ ਕੇਜਰੀਵਾਲ ਨਾਲ ਪਿਆ, ਜੋ ਦਿੱਲੀ ਤੋਂ ਆਏ ਹਨ।"

ਬਲਜਿੰਦਰ ਕੌਰ ਨੇ ਕਿਹਾ ਕਿ ਭਾਵਨਾਵਾਂ ਨੂੰ, ਜਜ਼ਬਾਤਾਂ ਨੂੰ ਕਦੇ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਨੂੰ ਲਗਦਾ ਸੀ ਕਿ ਅਸੀਂ ਸਾਰੇ ਦੇਸ਼ ਦਾ ਸੌਦਾ ਕਰ ਦਈਏ ਤੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਈਏ।"

"ਭਾਵੇਂ ਉਹ ਕਿਸਾਨ ਵਿਰੋਧੀ ਬਿੱਲ ਲੈ ਕੇ ਆਏ, ਭਾਵੇਂ ਖੇਤੀਬਾੜੀ ਵਿਰੋਧੀ ਆਰਡੀਨੈਂਸ ਲੈ ਕੇ ਆਏ, ਤੇ ਇਹ ਗੱਲ ਵੀ ਦੱਸ ਦਈਏ ਇਸ ਸਭ ਦਾ ਜਵਾਬ ਜਿਨ੍ਹਾਂ ਨੇ ਦਿੱਤਾ ਉਹ ਪੰਜਾਬ ਦੇ ਲੋਕ ਸਨ।"

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਵਿਰੋਧੀ ਧਿਰ ਨੇ ਕੀ ਕਿਹਾ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਮੇਰੇ ਸਾਥੀਆਂ ਰਾਜਾ ਜੀ ਅਤੇ ਹੋਰਨਾਂ ਨੇ ਕਿਹਾ ਕਿ ਜ਼ੀਰੋ ਆਵਰਸ ਦੇ ਮੁੱਦੇ ਹਨ, ਕਿਸਾਨਾਂ ਅਤੇ ਕਰਮੀਆਂ ਦੇ ਮੁੱਦੇ ਹਨ। ਇਸ ਤੋਂ ਇਲਾਵਾ ਹੋਰ ਕਈ ਮੁੱਦੇ ਹਨ। ਸਾਨੂੰ ਅੱਜ ਜ਼ੀਰੋ ਆਰਸ ਕਰ ਲੈਣ ਦਿਓ।"

"ਅਸੀਂ ਆਪ੍ਰੇਸ਼ਨ ਲੋਟਸ 'ਤੇ ਵੀ ਆਪਣੀ ਗੱਲ ਰੱਖਾਂਗੇ। ਅਸੀਂ ਪਹਿਲਾਂ ਤੋਂ ਹੀ ਸੋਚਿਆ ਸੀ ਕਿ ਅੱਜ ਅਸੀਂ ਲੋਕ ਮੁੱਦਿਆਂ 'ਤੇ ਗੱਲ ਕਰਾਂਗੇ, ਸਰਾਰੀ ਵਾਲਾ ਮੁੱਦੇ ਵੀ ਰੱਖਾਂਗੇ ਪਰ ਬਾਅਦ ਵਿੱਚ।"

"ਪਰ ਸਪੀਕਰ ਸਾਬ੍ਹ ਨੇ ਬਕਾਇਦਾ ਸਾਨੂੰ ਵਿਰੋਧੀ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਲੋਕਤੰਤਰ ਦਾ ਕਤਲ ਕੀਤਾ। ਫਿਰ ਇਨ੍ਹਾਂ ਨੇ ਭਰੋਸਗੀ ਮੁੱਦੇ 'ਤੇ ਬਹਿਸ ਸ਼ੁਰੂ ਕਰਵਾ ਲਈ।"

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ 36 ਮਿੰਟ ਬੋਲੇ ਅਤੇ ਤਕਰੀਬਨ 15 ਮਿੰਟ ਅਮਨ ਅਰੋੜਾ ਬੋਲੇ।

"ਫਿਰ ਮੈਂ ਬਕਾਇਦ ਉਠ ਕੇ ਕਿਹਾ ਹੁਣ ਸਾਨੂੰ ਗੱਲ ਰੱਖ ਲੈਣ ਦਿਓ। ਇਸ ਦੇ ਬਾਵਜੂਦ ਸਾਨੂੰ ਨਾ ਮੌਕਾ ਦਿੱਤਾ ਬਲਕਿ ਹਾਊਸ ਛੱਡਣ ਲਈ ਮਜਬੂਰ ਕਰ ਦਿੱਤਾ।"

"ਅੱਜ ਸਾਨੂੰ ਲੱਗਾ ਕਿ ਸੈਸ਼ਨ ਦੇ ਆਖ਼ਰੀ ਸਾਡੇ ਕੋਲ ਮੌਕਾ ਸੀ ਤੇ ਜਨਤਾ ਦਾ ਕੋਈ ਮੁੱਦਾ ਨਾ ਰਹਿ ਜਾਏ।"

"ਸੰਧਵਾਂ ਜੀ ਨੇ ਜੋ ਕੁਝ ਕੀਤਾ ਆਪਣੇ ਆਕਾ ਕੋਲੋਂ ਪੁੱਛ ਕੇ ਕੀਤਾ। ਸਾਡਾ ਇਲਜ਼ਾਮ ਹੈ ਕਿ ਦਿੱਲੀ ਤੋਂ ਪੁੱਛ ਕੀਤਾ। ਉਨ੍ਹਾਂ ਨੇ ਕਿਹਾ, ਹੋਣਾ ਕਿ ਇਨ੍ਹਾਂ ਨੂੰ ਮੌਕਾ ਨਹੀਂ ਦੇਣਾ।"

"ਅਸੀਂ ਆਪਣੀ ਗੱਲ ਲੋਟਸ 'ਤੇ ਵੀ ਰੱਖਣਾ ਚਾਹੁੰਦੇ ਸੀ। ਅਸੀਂ ਤਿਆਰੀ ਨਾਲ ਆਏ ਸੀ। ਹੋਰ ਸਪੀਕਰ ਸਾਬ੍ਹ ਸਾਡੇ ਕੋਲੋਂ ਕੀ ਚਾਹੁੰਦੇ ਸੀ।"

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)