ਸ਼੍ਰੀਲੰਕਾ ਵਿੱਚ ਕਿਉਂ ਵਿਗੜੇ ਐਨੇ ਹਾਲਾਤ, ਕੀ ਹੈ ਉੱਥੋਂ ਦਾ ਆਰਥਿਕ ਸੰਕਟ- ਹੁਣ ਤੱਕ ਕੀ-ਕੀ ਹੋਇਆ

ਐਤਵਾਰ ਦੇਰ ਸ਼ਾਮ ਦੇਸ਼ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਤਵਾਰ ਦੇਰ ਸ਼ਾਮ ਸ਼੍ਰੀਲੰਕਾ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ

ਸ਼੍ਰੀਲੰਕਾ ਵਿੱਚ ਜਾਰੀ ਆਰਥਿਕ ਸੰਕਟ ਦਰਮਿਆਨ ਐਤਵਾਰ ਦੇਰ ਸ਼ਾਮ ਦੇਸ਼ ਦੇ ਸਾਰੇ 26 ਕੈਬਨਿਟ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਇਹ ਜਾਣਕਾਰੀ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਅਤੇ ਸਦਨ ਦੇ ਨੇਤਾ ਦਿਨੇਸ਼ ਗੁਣਾਵਰਧਨੇ ਨੇ ਦਿਤੀ ਹੈ। ਉਨ੍ਹਾਂ ਨੇ ਸਮੂਹਿਕ ਅਸਤੀਫੇ ਦਾ ਕੋਈ ਕਾਰਨ ਫਿਲਹਾਲ ਨਹੀਂ ਦੱਸਿਆ।

ਸ਼੍ਰੀਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਅਤੇ ਇਸੇ ਕਾਰਨ ਉੱਥੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ।

ਸ੍ਰੀਲੰਕਾ

ਤਸਵੀਰ ਸਰੋਤ, Getty Images

ਮਾਰਚ 2020 ਦੌਰਾਨ ਮਹਾਂਮਾਰੀ ਸਮੇਂ ਸ਼੍ਰੀਲੰਕਾ ਦੇ ਮੁੱਖ ਵਪਾਰ, ਜਿਨ੍ਹਾਂ ਵਿੱਚ ਚਾਹ, ਕੱਪੜਾ ਅਤੇ ਸੈਰ ਸਪਾਟਾ ਹੈ, ਉਹ ਪ੍ਰਭਾਵਿਤ ਹੋਏ ਹਨ।

ਐਤਵਾਰ ਨੂੰ ਦੇਸ਼ ਦੀਆਂ ਸੜਕਾਂ ਉੱਤੇ ਆਮ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਦੇਸ਼ ਦੇ ਮੌਜੂਦਾ ਹਾਲਾਤਾਂ ਤੋਂ ਨਾਰਾਜ਼ ਲੋਕ ਰਾਸ਼ਟਰਪਤੀ ਰਾਜਪਕਸ਼ੇ ਦੇ ਅਸਤੀਫ਼ੇ ਦੀ ਮੰਗ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ:

31 ਮਾਰਚ ਨੂੰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਿਜੀ ਆਵਾਸ ਨੂੰ ਘੇਰ ਕੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਦੇਸ਼ ਵਿੱਚ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕੀਤੀ ਸੀ।

ਇਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਐਤਵਾਰ ਨੂੰ ਵਿਰੋਧ ਪ੍ਰਦਰਸ਼ਨਾਂ ਲਈ ਸੜਕਾਂ 'ਤੇ ਉਤਰਨ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਸਰਕਾਰ ਨੇ 36 ਘੰਟਿਆਂ ਲਈ ਕਰਫਿਊ ਲਗਾ ਦਿੱਤਾ। ਕਈ ਸੋਸ਼ਲ ਮੀਡੀਆ ਵੈੱਬਸਾਈਟਸ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ।

Banner

ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ

  • 9 ਜੁਲਾਈ 2022 ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਮੌਜੂਦਾ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਹੁਣ ਅਸਤੀਫ਼ਾ ਦੇਣਗੇ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦਿੱਤਾ ਸੀ।
  • ਸੰਕਟ ਪੈਦਾ ਹੋਣ ਬਾਅਦ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
  • ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਲਗਾਤਾਰ ਹੁੰਦੇ ਰਹੇ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਸੰਯੁਕਤ ਰਾਸ਼ਟਰ ਨੇ ਹਿੰਸਾ 'ਤੇ ਜਤਾਈ ਚਿੰਤਾ

ਸ਼੍ਰੀਲੰਕਾ ਦੇ ਅਖ਼ਬਾਰ ਸੰਡੇ ਆਈਲੈਂਡ ਵਿੱਚ ਛਪੀ ਖ਼ਬਰ ਮੁਤਾਬਕ ਸੰਯੁਕਤ ਰਾਸ਼ਟਰ ਨੇ ਸ਼੍ਰੀਲੰਕਾ ਦੇ ਹਾਲਾਤਾਂ ਉੱਤੇ ਚਿੰਤਾ ਜ਼ਾਹਰ ਕੀਤੀ ਹੈ।

ਇੱਕ ਟਵੀਟ ਵਿੱਚ ਸੰਯੁਕਤ ਰਾਸ਼ਟਰ ਦੇ ਸ਼੍ਰੀਲੰਕਾ ਵਿੱਚ ਨੁਮਾਇੰਦੇ ਹਾਨਾ ਸਿੰਗਰ ਹੁੰਮਦੀ ਨੇ ਆਖਿਆ,"ਅਸੀਂ ਇਨ੍ਹਾਂ ਸਾਰੀਆਂ ਘਟਨਾਵਾਂ ਉੱਤੇ ਨਜ਼ਰ ਬਣਾਈ ਹੋਈ ਹੈ ਅਤੇ ਸ਼੍ਰੀਲੰਕਾ ਦੇ ਹਾਲਾਤਾਂ ਨੂੰ ਲੈ ਕੇ ਅਸੀਂ ਚਿੰਤਤ ਹਾਂ। ਸਾਰੇ ਪੱਖਾਂ ਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ।"

31 ਮਾਰਚ ਨੂੰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਿਜੀ ਆਵਾਸ ਨੂੰ ਘੇਰ ਕੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 31 ਮਾਰਚ ਨੂੰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਿੱਜੀ ਆਵਾਸ ਨੂੰ ਘੇਰ ਕੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ

ਬੀਬੀਸੀ ਪੱਤਰਕਾਰ ਨਰੇਸ਼ ਕੌਸ਼ਿਕ ਮੁਤਾਬਕ ਦੇਸ਼ ਵਿੱਚ ਮੁੱਖ ਸੋਸ਼ਲ ਮੀਡਿਆ ਵੈੱਬਸਾਈਟ ਉੱਤੇ ਵੀ ਪਾਬੰਦੀ ਲਗਾਈ ਗਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਟਵਿੱਟਰ ਵੱਟਸਐਪ ਫੇਸਬੁੱਕ ਤੇ ਯੂਟਿਊਬ ਦੇ ਯੂਜ਼ਰਜ਼ ਨੇ ਆਖਿਆ ਹੈ ਕਿ ਅੱਧੀ ਰਾਤ ਤੋਂ ਬਾਅਦ ਉਹ ਇਨ੍ਹਾਂ ਦੀ ਵਰਤੋਂ ਨਹੀਂ ਕਰ ਪਾ ਰਹੇ।

ਵੀਡੀਓ ਕੈਪਸ਼ਨ, ਸ਼੍ਰੀਲੰਕਾ ਸੰਕਟ: ਵਿਗੜੇ ਹਾਲਾਤ ਦੌਰਾਨ ਆਮ ਲੋਕਾਂ ਦਾ ਕੀ ਹਾਲ - ਗਰਾਊਂਡ ਰਿਪੋਰਟ

ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇੰਟਰਨੈੱਟ ਕੰਪਨੀਆਂ ਮੁਤਾਬਕ ਸੋਸ਼ਲ ਮੀਡੀਆ ਸਾਈਟਸ ਦੀ ਵਰਤੋਂ ਵਿੱਚ ਵੀ ਕਮੀ ਦੇਖੀ ਗਈ ਹੈ।

ਭਾਰਤ ਨਹੀਂ ਭੇਜ ਰਿਹਾ ਆਪਣੀ ਫੌਜ

ਸ਼੍ਰੀਲੰਕਾ ਦੀ ਨਿਊਜ਼ ਵੈੱਬਸਾਈਟ ਇਕਾਨੋਮੀਨੈਕਸਟ ਮੁਤਾਬਕ ਸ਼੍ਰੀਲੰਕਾ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ ਨੇ ਆਖਿਆ ਹੈ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਕਿ ਭਾਰਤ ਸ੍ਰੀਲੰਕਾ ਵਿੱਚ ਫ਼ੌਜ ਭੇਜ ਰਿਹਾ ਹੈ।

ਵੈੱਬਸਾਈਟ ਮੁਤਾਬਕ,"ਮੀਡੀਆ ਦੇ ਕੁਝ ਲੋਕ ਅਜਿਹੀਆਂ ਖਬਰਾਂ ਦੇ ਰਹੇ ਹਨ ਕਿ ਭਾਰਤ ਆਪਣੀ ਫੌਜ ਨੂੰ ਸ਼੍ਰੀਲੰਕਾ ਭੇਜ ਰਿਹਾ ਹੈ। ਇਹ ਖਬਰਾਂ ਝੂਠੀਆਂ ਤੇ ਬੇਬੁਨਿਆਦ ਹਨ। ਭਾਰਤ ਅਜਿਹੀਆਂ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਾ ਹੈ।"

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਵੈੱਬਸਾਈਟ ਮੁਤਾਬਕ ਇੱਕ ਅਧਿਕਾਰੀ ਨੇ ਆਖਿਆ ਹੈ ਕਿ ਸ੍ਰੀਲੰਕਾ ਨੂੰ ਭਾਰਤ ਵੱਲੋਂ ਸਹਾਇਤਾ ਦੇ ਤੌਰ 'ਤੇ 40 ਹਜ਼ਾਰ ਮੀਟਰਿਕ ਟਨ ਡੀਜ਼ਲ ਭੇਜਿਆ ਗਿਆ ਹੈ। ਸ਼੍ਰੀਲੰਕਾ ਸਰਕਾਰ ਦੇ ਸਿਲੋਨ ਬਿਜਲੀ ਬੋਰਡ ਵੱਲੋਂ ਆਖਿਆ ਗਿਆ ਹੈ ਕਿ ਭਾਰਤ ਵੱਲੋਂ ਤੇਲ ਦੀ ਸਹਾਇਤਾ ਕਾਰਨ ਬਿਜਲੀ ਦੇ ਕੱਟਾਂ ਵਿੱਚ ਕੁਝ ਕਮੀ ਹੋ ਸਕਦੀ ਹੈ।

ਹੁਣ ਤੱਕ ਕੀ-ਕੀ ਹੋਇਆ

  • ਆਰਥਿਕ ਸੰਕਟ ਤੋਂ ਬਾਅਦ ਦੇਸ਼ ਵਿੱਚ ਮਹਿੰਗਾਈ ਵਧੀ ਹੈ ਅਤੇ ਕਈ ਨਾਗਰਿਕ ਗੈਰਕਨੂੰਨੀ ਤਰੀਕੇ ਦੇ ਨਾਲ ਭਾਰਤ ਆਉਣ ਦੀ ਕੋਸ਼ਿਸ਼ ਕਰਦੇ ਹੋਏ ਹਿਰਾਸਤ ਵਿੱਚ ਵੀ ਲਏ ਗਏ ਹਨ।
  • ਸੋਮਵਾਰ ਨੂੰ ਦੇਸ਼ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫਾ ਦੇ ਦਿੱਤਾ ਗਿਆ।
  • ਦੇਸ਼ ਦੇ ਕਈ ਹਿੱਸਿਆਂ ਚ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸ਼੍ਰੀਲੰਕਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ।
  • ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੈਟਫਾਰਮ ਸਫ਼ਰ ਪਾਬੰਦੀ ਲਗਾਈ ਗਈ ਹੈ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਅਤੇ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਇਸ ਤੋਂ ਇਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਹੈ।
  • ਕਈ ਜਗ੍ਹਾ ਕਰਫਿਊ ਦਾ ਐਲਾਨ ਵੀ ਕੀਤਾ ਗਿਆ ਜਿਸ ਨੂੰ ਸੋਮਵਾਰ ਸਵੇਰੇ ਹਟਾ ਦਿੱਤਾ ਗਿਆ।

ਸ਼੍ਰੀਲੰਕਾ ਵਿੱਚ ਕਿਵੇਂ ਆਇਆ ਇਹ ਭਿਆਨਕ ਆਰਥਿਕ ਸੰਕਟ

ਮਾਰਚ 2020 ਦੌਰਾਨ ਮਹਾਂਮਾਰੀ ਸਮੇਂ ਸ਼੍ਰੀਲੰਕਾ ਦੇ ਮੁੱਖ ਵਪਾਰ ਜਿਨ੍ਹਾਂ ਵਿੱਚ ਚਾਹ, ਕੱਪੜਾ ਅਤੇ ਸੈਰ ਸਪਾਟਾ ਹੈ, ਉਹ ਪ੍ਰਭਾਵਿਤ ਹੋਏ ਹਨ। ਇਹੀ ਕਾਰਨ ਹੈ ਕਿ ਸ਼੍ਰੀਲੰਕਾ ਦੇ ਹਾਲਾਤ ਇਸ ਸਮੇਂ ਖ਼ਰਾਬ ਹਨ।

ਇਸ ਤੋਂ ਬਾਅਦ ਸ਼੍ਰੀਲੰਕਾ ਜੋ ਕਿ ਇੱਕ ਟਾਪੂ ਦੇਸ਼ ਹੈ ਕੋਲ ਆਮਦਨ ਦੇ ਪੱਕੇ ਸਰੋਤ ਨਹੀਂ ਹਨ ਜਿਸ ਕਾਰਨ ਉਹ ਆਰਥਿਕ ਸੰਕਟ ਵਿੱਚ ਪਹੁੰਚ ਗਿਆ। ਇਸਦੇ ਨਾਲ ਹੀ ਉਨ੍ਹਾਂ ਦਾ ਫਾਰਨ ਐਕਸਚੇਂਜ ਜੋ ਇਸਦੇ ਕੇਂਦਰੀ ਬੈਂਕ ਦੇ ਹੱਥ ਵਿੱਚ ਹੈ, ਲਗਾਤਾਰ ਡਿੱਗ ਰਿਹਾ ਹੈ।

ਹੌਲੀ-ਹੌਲੀ ਆਰਥਿਕ ਹਾਲਾਤ ਖ਼ਰਾਬ ਹੁੰਦੇ ਗਏ। ਜ਼ਰੂਰੀ ਚੀਜ਼ਾਂ ਦੀ ਕੀਮਤ ਵਧਦੀ ਗਈ। ਰਸੋਈ ਗੈਸ ਦੀ ਕਮੀ ਕਾਰਨ ਹੋਟਲ ਬੰਦ ਹੋ ਗਏ।

ਦੇਸ਼ ਦੇ ਮੁੱਖ ਗੈਸ ਸਮੂਹਾਂ ਕੋਲ ਗੈਸ ਖਰੀਦਣ ਲਈ ਪੈਸੇ ਹੀ ਨਹੀਂ ਬਚੇ।

ਸ਼੍ਰੀਲੰਕਾ ਜੋ ਕਿ ਇੱਕ ਟਾਪੂ ਦੇਸ਼ ਹੈ ਕੋਲ ਆਮਦਨ ਦੇ ਪੱਕੇ ਸਰੋਤ ਨਹੀਂ ਹਨ

ਤਸਵੀਰ ਸਰੋਤ, Getty Images

ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਲੋਕ ਦੁਕਾਨਾਂ ਦੇ ਸਾਹਮਣੇ ਵੱਡੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਲੱਗੇ।

ਕਈ ਵਾਰ ਹਾਲਾਤ ਅਜਿਹੇ ਬਣੇ ਕਿ ਚੀਜ਼ਾਂ ਲਈ ਹਿੰਸਕ ਝੜਪਾਂ ਵੀ ਹੋਈਆਂ ਕਿਉਂਕਿ ਉਹ ਮਿਲ ਨਹੀਂ ਰਹੀਆਂ ਸਨ।

ਹਾਲਾਂਕਿ ਆਖਿਆ ਜਾਂਦਾ ਹੈ ਕਿ 70 ਦੇ ਦਹਾਕੇ ਵਿੱਚ ਜਦੋਂ ਭੰਡਾਰਨਾਇਕੇ ਪ੍ਰਧਾਨ ਮੰਤਰੀ ਸਨ ਤਾਂ ਸ਼੍ਰੀਲੰਕਾ ਵਿੱਚ ਅਕਾਲ ਪੈ ਗਿਆ ਸੀ।

ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੌਜੂਦਾ ਸੰਕਟ ਉਸ ਤੋਂ ਵੀ ਕਿਤੇ ਜ਼ਿਆਦਾ ਖ਼ਰਾਬ ਹੈ।

ਇਸ ਦੇ ਨਾਲ ਹੀ ਦੇਸ਼ ਵਿੱਚ ਲੋੜ ਦੀਆਂ ਆਮ ਚੀਜ਼ਾਂ ਦੇ ਭਾਅ ਵਧ ਚੁੱਕੇ ਹਨ।

ਤਸਵੀਰ ਸਰੋਤ, Getty Images

ਇੰਡੀਅਨ ਐਕਸਪ੍ਰੈਸ ਵਿੱਚ ਛਪੇ ਇਕ ਲੇਖ ਮੁਤਾਬਕ ਦੇਸ਼ ਵਿੱਚ ਹਰ ਰੋਜ਼ 13-13 ਘੰਟੇ ਲੰਬੇ ਬਿਜਲੀ ਦੇ ਕੱਟ ਚੱਲ ਰਹੇ ਹਨ। ਦੇਸ਼ ਵਿੱਚ ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਹੈ ਜਿਸ ਕਰਕੇ ਜ਼ਰੂਰੀ ਸਾਮਾਨ ਜਿਸ ਵਿੱਚ ਤੇਲ ਆਦਿ ਸ਼ਾਮਿਲ ਹੈ,ਸਰਕਾਰ ਖ਼ਰੀਦਣ ਵਿੱਚ ਅਸਮਰੱਥ ਹੈ।

ਇਸ ਦੇ ਨਾਲ ਹੀ ਦੇਸ਼ ਵਿੱਚ ਲੋੜ ਦੀਆਂ ਆਮ ਚੀਜ਼ਾਂ ਦੇ ਭਾਅ ਵਧ ਚੁੱਕੇ ਹਨ।

ਮਹਾਂਮਾਰੀ ਦੌਰਾਨ ਦੇਸ਼ ਦੇ ਆਰਥਿਕ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ ਪਰ ਰਾਸ਼ਟਰਪਤੀ ਰਾਜਪਕਸ਼ੇ ਦੁਆਰਾ 2019 ਚੋਣਾਂ ਤੋਂ ਪਹਿਲਾਂ ਟੈਕਸ ਵਿੱਚ ਭਾਰੀ ਕਮੀ ਦੇ ਐਲਾਨ ਨੇ ਇਨ੍ਹਾਂ ਹਾਲਾਤਾਂ ਨੂੰ ਹੋਰ ਵਿਗਾੜ ਦਿੱਤਾ ।

2021 ਵਿੱਚ ਸਰਕਾਰ ਵੱਲੋਂ ਰਸਾਇਣਿਕ ਖਾਦਾਂ ਉਪਰ ਵੀ ਰੋਕ ਲਗਾਈ ਗਈ ਜਿਸ ਕਾਰਨ ਦੇਸ਼ ਦੀ ਖੇਤੀਬਾੜੀ ਨਾਲ ਸਬੰਧਿਤ ਖੇਤਰ ਨੂੰ ਨੁਕਸਾਨ ਝੱਲਣਾ ਪਿਆ ਅਤੇ ਸਭ ਤੋਂ ਵੱਧ ਮਹੱਤਵਪੂਰਨ ਚਾਵਲ ਦੀ ਫਸਲ ਵੀ ਪ੍ਰਭਾਵਿਤ ਹੋਈ।

ਸ੍ਰੀਲੰਕਾ ਨੇ ਭਾਰਤ ਤੇ ਚੀਨ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ।

ਗਰੇਅ ਲਾਈਨ

ਐਮਰਜੈਂਸੀ ਲਗਾਉਣ ਦੇ ਕੀ ਮਾਅਨੇ ਹਨ

ਬੀਬੀਸੀ ਨਿਊਜ਼ ਦੇ ਏਸ਼ੀਆ ਐਡੀਟਰ ਆਇਸ਼ਾ ਪੇਰੇਰਾ ਮੁਤਾਬਕ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਐਮਰਜੈਂਸੀ ਲਾਗੂ ਕਰਨ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਝਟਕਾ ਦਿੱਤਾ ਹੈ।

ਸ਼੍ਰੀਲੰਕਾ ਦੇ ਵਿੱਚ ਇਸ ਕਾਨੂੰਨ ਦੇ ਸਭ ਤੋਂ ਕਠੋਰ ਹਿੱਸਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਅਜਿਹਾ ਕਾਨੂੰਨ ਜਿਸਨੂੰ "ਅਸਾਧਾਰਨ ਖ਼ਤਰੇ, ਮੁਸੀਬਤ ਜਾਂ ਆਫ਼ਤ" ਦੀਆਂ ਸਥਿਤੀਆਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਪਿਛਲੀ ਵਾਰ ਇਸਨੂੰ ਸਾਲ 2019 ਵਿੱਚ ਲਾਗੂ ਕੀਤਾ ਗਿਆ ਸੀ ਜਦੋਂ ਈਸਟਰ ਸੰਡੇ ਨੂੰ ਘਾਤਕ ਬੰਬ ਧਮਾਕਿਆਂ ਨਾਲ ਦੇਸ਼ ਹਿਲ ਗਿਆ ਸੀ।

ਇਹ ਕਾਨੂੰਨ ਸੈਨਾ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ ਬਿਨਾਂ ਕਿਸੇ ਸਬੂਤ ਜਾਂ ਨਿਰਦੋਸ਼ ਨਾ ਹੋਣ ਦੇ ਖਦਸ਼ੇ ਦੇ ਆਧਾਰ 'ਤੇ ਲੋਕਾਂ ਨੂੰ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ। ਨਾਲ ਹੀ ਇਹ, ਅੰਦੋਲਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਰਗੇ ਬੁਨਿਆਦੀ ਅਧਿਕਾਰਾਂ 'ਤੇ ਵੀ ਸਖ਼ਤ ਪਾਬੰਦੀ ਲਗਾਉਂਦਾ ਹੈ।

ਇਹ ਪੁਲਿਸ ਅਤੇ ਫੌਜ ਨੂੰ, ਬਿਨਾਂ ਵਾਰੰਟ ਦੇ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਨਜ਼ਰਬੰਦ ਕਰਨ ਦੀ ਆਗਿਆ ਦਿੰਦਾ ਹੈ।

ਇਸ ਨੇ ਇਹ ਡਰ ਪੈਦਾ ਕਰ ਦਿੱਤਾ ਹੈ ਕਿ ਸਰਕਾਰ ਪ੍ਰਦਰਸ਼ਨਕਾਰੀਆਂ 'ਤੇ ਬੇਰਹਿਮੀ ਨਾਲ ਕਾਰਵਾਈ ਕਰਨ ਜਾ ਰਹੀ ਹੈ, ਉਹ ਪ੍ਰਦਰਸ਼ਨਕਾਰੀ ਜੋ ਮੌਜੂਦਾ ਆਰਥਿਕ ਸੰਕਟ ਕਾਰਨ ਉਨ੍ਹਾਂ ਦੇ ਜੀਵਨ 'ਤੇ ਆਈਆਂ ਮੁਸੀਬਤਾਂ ਕਾਰਨ ਨਾਰਾਜ਼ ਹਨ।

ਸ਼੍ਰੀਲੰਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼੍ਰੀਲੰਕਾ 'ਚ ਹਰ ਦਿਨ ਲੋਕਾਂ ਨੂੰ ਭੋਜਨ, ਦਵਾਈਆਂ ਅਤੇ ਹੋਰ ਚੀਜ਼ਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਵਲ ਪ੍ਰਦਰਸ਼ਨਕਾਰੀਆਂ ਅਤੇ ਪੱਤਰਕਾਰਾਂ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਘਰ ਦੇ ਬਾਹਰ ਪ੍ਰਦਰਸ਼ਨਾਂ ਵਿੱਚ ਸਿਰਫ ਮੌਜੂਦ ਲਈ ਵੀ ਪੁਲਿਸ ਦੁਆਰਾ ਤਸ਼ੱਦਦ ਕੀਤੇ ਜਾਣ ਦੀ ਰਿਪੋਰਟਾਂ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਦੇਰ ਰਾਤ ਇੱਕ ਪ੍ਰਬੰਧਕ ਨੂੰ ਵੀ ਪੁੱਛਗਿੱਛ ਲਈ ਲਿਜਾਇਆ ਗਿਆ ਸੀ।

ਇਸ ਕਾਨੂੰਨ ਦੇ ਲਾਗੂ ਹੋਣ ਨੂੰ ਅਦਾਲਤਾਂ ਵਿੱਚ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਹਾਲਾਂਕਿ ਸੰਸਦ ਨੂੰ ਇਸਦੀ ਘੋਸ਼ਣਾ ਦੇ 14 ਦਿਨਾਂ ਦੇ ਅੰਦਰ ਇਸਦੀ ਪੁਸ਼ਟੀ ਕਰਨ ਦੀ ਜ਼ਰੂਰਤ ਹੋਏਗੀ।

ਇਸ ਨੂੰ ਪਾਸ ਕਰਨ ਲਈ ਸਰਕਾਰ ਨੂੰ ਸੰਸਦ ਵਿੱਚ ਬਹੁਮਤ ਪ੍ਰਾਪਤ ਹੈ। ਇਸ ਤੋਂ ਬਾਅਦ ਇਸ ਨੂੰ ਮਹੀਨਾਵਾਰ ਆਧਾਰ 'ਤੇ ਵਧਾਉਣ ਦੀ ਲੋੜ ਹੋਵੇਗੀ।

ਗਰੇਅ ਲਾਈਨ

ਸ਼੍ਰੀਲੰਕਾ ਸੰਕਟ

ਸ਼੍ਰੀਲੰਕਾ ਵਾਸੀ ਦੇਸ ਦੀ ਅਜ਼ਾਦੀ ਤੋਂ ਬਾਅਦ ਆਏ ਸਭ ਤੋਂ ਵੱਡੇ ਸਿਆਸੀ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਦੇ ਹਨ।

ਸਰਕਾਰ ਜਿਸ ਉੱਪਰ ਕਈ ਦਹਾਕਿਆਂ ਤੋਂ ਦੋ ਭਰਾਵਾਂ ਦੇ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਹੈ।

ਸ਼੍ਰੀਲੰਕਾ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਪਿਛਲੇ 70 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉੱਪਰ ਹੈ।

ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਹੁੰਦਿਆਂ ਰਾਜਪਕਸ਼ੇ ਨੂੰ ਮੁੱਕਦਮਾ ਚੱਲਣ ਤੋਂ ਸੁਰੱਖਿਆ ਹਾਸਲ ਸੀ।

ਇਸ ਲਈ ਅਸਤੀਫ਼ਾ ਦੇਣ ਤੋਂ ਬਾਅਦ ਕਿਸੇ ਕਾਨੂੰਨੀ ਪੇਚੀਦਗੀ ਤੋਂ ਬਚਣ ਲਈ ਉਹ ਦੇਸ ਛੱਡ ਕੇ ਚਲੇ ਗਏ ਹਨ।

ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ

ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।

ਇੱਥੇ ਮੁੱਖ ਤੌਰ ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।

ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।

ਮਹਿੰਦਾ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।

ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)