ਯੂਕਰੇਨ-ਰੂਸ ਜੰਗ ਦੌਰਾਨ ਵਾਇਰਲ ਹੋ ਰਹੇ Z ਦੇ ਨਿਸ਼ਾਨ ਦੇ ਕੀ ਮਾਅਨੇ ਹਨ ਤੇ ਇਹ ਇੰਨੀ ਕਿਉਂ ਚਰਚਾ ਵਿਚ ਹੈ

    • ਲੇਖਕ, ਪੌਲ ਕਾਰਲੇ ਅਤੇ ਰੌਬਰਟ ਗ੍ਰੀਨਾਲ
    • ਰੋਲ, ਬੀਬੀਸੀ ਪੱਤਰਕਾਰ

ਰੂਸੀ ਜਿਮਨਾਸਟ ਕੁਲੀਆਕ ਉੱਪਰ ਕੌਮਾਂਤਰੀ ਜਿਮਨਾਸਟਿਕਸ ਫੈਡਰੇਸ਼ਨ ਨੇ ਅਨੁਸ਼ਾਸਨੀ ਕਾਰਵਾਈ ਵਿੱਢ ਦਿੱਤੀ ਹੈ। ਵਜ੍ਹਾ ਹੈ ਕਿ ਕਤਰ ਵਿੱਚ ਹੋਏ ਇੱਕ ਜਿਮਨਾਸਟ ਮੁਕਾਬਲੇ ਵਿੱਚ ਉਨ੍ਹਾਂ ਨੇ ਆਪਣੇ ਯੂਕਰੇਨੀ ਵਿਰੋਧੀ ਦੇ ਨਾਲ ਖੜ੍ਹਨ ਮੌਕੇ 'Z' ਦਾ ਚਿੰਨ੍ਹ ਆਪਣੀ ਬਨੈਣ ਉੱਪਰ ਲਗਾਇਆ ਹੋਇਆ ਸੀ।

ਪਰ ਇਸ 'Z' ਚਿੰਨ ਦਾ ਮਤਲਬ ਕੀ ਹੈ, ਆਓ ਜਾਣਦੇ ਹਾਂ।

ਰੂਸ ਵਿੱਚ ਰਾਸ਼ਟਰਪਤੀ ਪੁਤਿਨ ਵੱਲੋਂ ਯੂਕਰੇਨ ਉੱਪਰ ਕੀਤੇ ਹਮਲੇ ਤੋਂ ਬਾਅਦ ਰੂਸ ਵਿੱਚ 'Z' ਦਾ ਸੰਕੇਤ ਜੰਗ ਪੱਖੀ ਚਿੰਨ੍ਹ ਵਜੋਂ ਮਹੱਤਵ ਹਾਸਲ ਕਰਦਾ ਜਾ ਰਿਹਾ ਹੈ।

ਰੂਸ ਵਿੱਚ ਇਹ ਸਾਰੇ ਪਾਸੇ ਦੇਖਿਆ ਜਾ ਸਕਦਾ ਹੈ। ਸਿਆਸਤਦਾਨਾਂ ਦੀਆਂ ਕਾਰਾਂ 'ਤੇ, ਵੈਨਾਂ ਉੱਪਰ, ਮਸ਼ਹੂਰੀਆਂ ਵਾਲੀਆਂ ਹੋਰਡਿੰਗਾਂ ਉੱਪਰ।

ਸਰਬੀਅਨ ਲੋਕਾਂ ਵੱਲੋਂ ਇਸ ਨਿਸ਼ਾਨ ਦੀ ਵਰਤੋਂ ਆਪਣੇ ਰੂਸ-ਪੱਖੀ ਮੁ਼ਜ਼ਾਹਰਿਆਂ ਵਿੱਚ ਵੀ ਕੀਤੀ ਗਈ। ਮੁਜ਼ਾਹਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿੱਚ ਸਾਂਝੀਆਂ ਕੀਤੀਆਂ ਗਈਆਂ।

ਯੂਨੀਵਰਸਿਟੀ ਕਾਲਜ ਲੰਡਨ ਵਿੱਚ ਸਕੂਲ ਆਫ਼ ਸਲਾਵੋਨਿਕ ਅਤੇ ਪੂਰਬੀ ਯੂਰਪੀਅਨ ਅਧਿਐਨ ਵਿੱਚ ਲੈਕਚਰਾਰ ਆਗਲਿਆ ਸਨੇਤਕੋਵਾ ਨੇ ਦੱਸਿਆ,''ਕਈ ਤਰੀਕਿਆਂ ਨਾਲ ਇਹ ਦਰਸਾਉਂਦਾ ਹੈ ਕਿ ਰੂਸ ਕਿਸ ਹੱਦ ਤੱਕ ਜਾਂ ਬਹੁਤ ਜ਼ਿਆਦਾ ਵਿਸ਼ਵੀਕਰਨ ਦਾ ਹਿੱਸਾ ਰਿਹਾ ਹੈ।''

ਆਪਣੀ ਗੱਲ ਜਾਰੀ ਰੱਖਦੇ ਹੋਏ ਉਹ ਕਹਿੰਦੇ ਹਨ,''ਪ੍ਰਾਪੇਗੰਡੇ ਵਿੱਚ ਅਕਸਰ ਸਭ ਤੋਂ ਸੌਖੀ ਚੀਜ਼ ਸਭ ਤੋਂ ਜਲਦੀ ਧਿਆਨ ਖਿੱਚਦੀ ਹੈ। ਸੁਹਜ ਦੀ ਦ੍ਰਿਸ਼ਟੀ ਤੋਂ ਇਹ ਕਾਫ਼ੀ ਸ਼ਕਤੀਸ਼ਾਲੀ ਸੰਕੇਤ ਹੈ।''

ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੌਰਾਨ 'Z' ਦਾ ਚਿੰਨ੍ਹ ਰਾਸ਼ਟਰਪਤੀ ਪੁਤਿਨ ਦੇ ਹਮਾਇਤੀਆਂ ਵਿੱਚ ਲਗਭਗ ਵਾਇਰਲ ਹੋ ਗਿਆ ਹੈ।

ਇਹ ਵੀ ਪੜ੍ਹੋ:

ਕੇਂਦਰੀ ਰੂਸ ਦੇ ਸ਼ਹਿਰ ਕਜ਼ਾਨ ਵਿੱਚ ਲਗਭਗ 60 ਬੱਚਿਆਂ ਨੇ ਸਮੂਹਿਕ ਤੌਰ 'ਤੇ ਇਹ ਚਿੰਨ੍ਹ ਬਣਾਇਆ।

ਇਸ ਚਿੰਨ੍ਹ ਦੇ ਅਸਲੀ ਅਰਥਾਂ ਬਾਰੇ ਕਈ ਧਾਰਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਸਭ ਤੋਂ ਪਹਿਲਾਂ ਇਹ ਨਿਸ਼ਾਨ ਯੂਕਰੇਨ ਉੱਤੇ ਚੜ੍ਹਾਈ ਕਰਨ ਜਾ ਰਹੀਆਂ ਫ਼ੌਜੀ ਗੱਡੀਆਂ ਅਤੇ ਟੈਂਕਾਂ ਉੱਪਰ ਦੇਖਿਆ ਗਿਆ।

ਸ਼ੁਰੂ ਵਿੱਚ ਇਸ ਨੂੰ 22/02/2022 ਤਰੀਕ ਦੇ ਕੁੱਲ ਜੋੜ ਨਾਲ ਜੋੜ ਕੇ ਦੇਖਿਆ ਗਿਆ। ਇਹ ਉਹੀ ਦਿਨ ਹੈ, ਜਦੋਂ ਰੂਸ ਨੇ ਪੂਰਬੀ ਯੂਕਰੇਨ ਵਿੱਚ ਦੋਨੇਤਸਕ ਅਤੇ ਲੁਹਾਂਸਕ ਖੇਤਰਾਂ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਦਿੱਤੀ ਸੀ।

ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਨਿਸ਼ਾਨ ਦੀ ਵਰਤੋਂ ਰੂਸ ਵੱਲੋਂ ਆਪਣੇ ਵਾਹਨਾਂ ਦੀ ਪਛਾਣ ਲਈ ਕੀਤੀ ਜਾ ਰਹੀ ਹੈ।

ਪਿਛਲੇ ਹਫ਼ਤੇ ਰੂਸ ਦੇ ਸਰਕਾਰੀ ਮੀਡੀਆ ਨੇ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਇਹ ਨਿਸ਼ਾਨ ਰੂਸ ਦੇ ਫ਼ੌਜੀ ਵਾਹਨਾਂ ਉੱਪਰ ਵਰਤਿਆ ਜਾਣ ਵਾਲਾ ਆਮ ਨਿਸ਼ਾਨ ਹੈ।

ਰੂਸ ਦੇ ਵਿਸ਼ੇਸ਼ ਦਸਤੇ ਦੇ ਵੈਟਰਨ ਸਰਗੇ ਕੁਵੂਕਿਨ ਨੇ ਰੂਸੀ ਭਾਸ਼ਾ ਦੀ ਵੈਬਸਾਈਟ 'ਲਾਈਫ਼' ਨੂੰ ਦੱਸਿਆ ਕਿ ਮਿਲਟਰੀ ਇਕਾਈਆਂ ਵਿੱਚ ਵੱਖੋ-ਵੱਖ ਨਿਸ਼ਾਨ ਵੱਖੋ-ਵੱਖ ਮਤਲਬ ਰੱਖਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਨਿਸ਼ਾਨ ਵੱਖ-ਵੱਖ ਤਰ੍ਹਾਂ ਨਾਲ ਰੂਸ ਦੇ ਫ਼ੌਜੀ ਉਪਕਰਨਾਂ ਉੱਪਰ ਵਰਤਿਆ ਜਾਂਦਾ ਹੈ, ਜਿਵੇਂ- ਇੱਕ ਵਰਗ ਦੇ ਅੰਦਰ 'Z', ਗੋਲੇ ਦੇ ਅੰਦਰ 'Z', ਤਾਰੇ ਦੇ ਨਾਲ ਜਾਂ ਸਿਰਫ਼ ਇਕੱਲਾ'Z'।

ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੁੰਦਾ ਹੈ ਕਿ ਇਸ ਨਾਲ ਸੈਨਿਕਾਂ ਨੂੰ ਆਪੋ-ਆਪਣੀ ਥਾਂ ਰੱਖਣ ਵਿੱਚ ਮਦਦ ਮਿਲਦੀ ਹੈ।

ਅਮਰੀਕੀ ਹਵਾਈ ਫ਼ੌਜ ਦੇ ਲੈਫਟੀਨੈਂਟ ਕਰਨਲ ਟਾਈਸਨ ਵੈਟਜ਼ਿਲ ਨੇ ''ਟਾਸਕ ਐਂਡ ਪਰਪਜ਼'' ਵੈਬਸਾਈਟ ਨੂੰ ਦੱਸਿਆ ਕਿ ਇਹ ਦੂਜੇ ਰੂਸੀ ਹੈਲੀਕਾਪਟਰ ਅਤੇ ਤੋਪਖਾਨੇ ਵੱਲੋਂ ਦੋਸਤਾਨਾ ਗੋਲੀਬਾਰੀ ਦੀ ਮਾਰ ਹੇਠ ਆਉਣ ਤੋਂ ਬਚਾਉਣ ਲਈ ਹੈ।

ਇਹ ਆਪ ਮੁਹਾਰੇ ਵਾਇਰਲ ਹੋ ਰਿਹਾ?

ਯੂਨੀਵਰਿਸਟੀ ਕਾਲਜ ਲੰਡਨ ਦੇ ਅਗਾਲਿਆ ਸਨੇਤਕੋਵ ਸੁਚੇਤ ਕਰਦੇ ਹਨ ਕਿ ਇਹ ਨਿਸ਼ਾਨ ਮਹਿਜ਼ ਸੋਸ਼ਲ ਮੀਡੀਆ ਕਾਰਨ ਆਪ-ਮੁਹਾਰੇ ਦਾ ਵਾਇਰਲ ਨਹੀਂ ਹੋ ਗਿਆ ਹੈ।

ਉਨ੍ਹਾਂ ਨੂੰ ਲੱਗਦਾ ਹੈ, ''ਇਸ ਨੂੰ ਸਰਕਾਰ ਵੱਲੋਂ ਫੈਲਾਇਆ ਗਿਆ ਹੈ।''

ਇੱਕ ਰੂਸੀ ਸਿਆਸਤਦਾਨ ਮਾਰੀਆ ਬੁਤਨਆ ਨੇ ਇੱਕ ਵੀਡੀਓ ਸਾਂਝੀ ਕੀਤੀ ਤੇ ਦਰਸਾਇਆ ਕਿ ਇੱਕ ਕਾਰੋਬਾਰੀ ਜਾਕਟ ਉੱਪਰ 'Z' ਕਿਵੇਂ ਲਿਖਿਆ ਜਾਵੇ।

ਸਨੇਤਕੋਵ ਕਹਿੰਦੇ ਹਨ ਕਿ ਤੁਸੀਂ ਬਿਨਾਂ ਰੌਲਾ ਪਾਇਆਂ ਵੀ ਇਹ ਸਾਰਿਆਂ ਨੂੰ ਦਿਖਾਅ ਸਕਦੇ ਹੋ।

ਹਾਲਾਂਕਿ ਸਨੇਤਕੋਵ ਕਹਿੰਦੇ ਹਨ ਕਿ ਇਸ ਨੂੰ ਫ਼ਾਸ਼ੀਵਾਦੀ ਨਹੀਂ ਸਮਝਣਾ ਚਾਹੀਦਾ। ਉਹ ਕਹਿੰਦੇ ਹਨ,''ਹਾਲਾਂਕਿ ਇਸ ਨੂੰ ਕਈ ਤਰੀਕਿਆਂ ਨਾਲ ਸਵਾਸਤਿਕ ਵਜੋਂ ਲਿਖਿਆ ਜਾ ਸਕਦਾ ਹੈ ਪਰ ਅਜਿਹਾ ਸਿਰਫ਼ ਸੱਤਾ ਵਿਰੋਧੀਆਂ ਵੱਲੋਂ ਕੀਤਾ ਜਾ ਰਿਹਾ ਹੈ।''

ਇਸ ਤੋਂ ਇਲਾਵਾ ਹੋਰ ਨਿਸ਼ਾਨ ਵੀ ਦੇਖਣ ਵਿੱਚ ਆ ਰਹੇ ਹਨ।

ਰੂਸ ਦੇ ਰੱਖਿਆ ਮੰਤਰਾਲੇ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਪਰ 'Z' ਦੇ ਨਿਸ਼ਾਨ ਦੇ ਨਾਲ ਹੀ 'V' ਦਾ ਨਿਸ਼ਾਨ ਵੀ ਕਈ ਪੋਸਟਾਂ ਵਿੱਚ ਨਜ਼ਰ ਆ ਰਿਹਾ ਹੈ।

ਕੁਝ ਥਾਵਾਂ ਉੱਪਰ ਕੈਪਸ਼ਨ "Za PatsanoV" ਵੀ ਲਿਖਿਆ ਗਿਆ ਹੈ ਜਿਸ ਦਾ ਮਤਲਬ ਹੈ 'ਮੁੰਡਿਆਂ ਲਈ' ਜਦਕਿ ਦੂਜੇ "Sila V pravde" ਦਾ ਅਰਥ ਹੈ ''ਤਾਕਤ ਸੱਚ ਹੈ।''

ਇੱਕ ਰਾਇ ਇਹ ਵੀ ਦਿੱਤੀ ਜਾ ਰਹੀ ਹੈ ਲਾਤੀਨੀ ਭਾਸ਼ਾ ਦੇ ਇਨ੍ਹਾਂ ਦੋ ਅੱਖਰਾਂ ਦੇ ਯੂਕਰੇਨੀ ਫ਼ੌਜ ਲਈ ਮਤਲਬ ਹਨ।

ਜਿੱਥੇ "vostok" ਦਾ ਅਰਥ ਹੈ ਪੂਰਬ ਅਤੇ "zapad" ਦਾ ਅਰਥ ਹੈ ਪੱਛਮ। ਹਾਲਾਂਕਿ ਸੋਸ਼ਲ ਮੀਡੀਆ ਉੱਪਰ ਇਹ ਵੀ ਕਿਹਾ ਗਿਆ ਹੈ ਕਿ 'Z' ਦਾ ਯੂਕਰੇਨੀ ਫ਼ੌਜ ਲਈ ਮਤਲਬ ਹੈ ਰੂਸ ਦੀਆਂ ''ਪੂਰਬੀ ਫ਼ੌਜਾਂ'' ਅਤੇ ''V'' ਦਾ ਮਤਲਬ ਹੈ ਰੂਸੀ ''ਜਲਸੈਨਾ ਦਾ ਤੋਪਖਾਨਾ''।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)