ਯੂਕਰੇਨ ਰੂਸ ਜੰਗ: ਕੌਣ ਸੀ ਮੋਲੋਟੋਵ ਜਿਸ ਦੇ ਨਾਮ 'ਤੇ ਪਿਆ ਹੈ 'ਮੋਲੋਟੋਵ ਕਾਕਟੇਲ' ਬੰਬ ਦਾ ਨਾਮ

ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਤੋਂ ਬਾਅਦ ਲੱਖਾਂ ਨਾਗਰਿਕ ਦੇਸ਼ ਛੱਡ ਕੇ ਗਏ ਹਨ। ਹਜ਼ਾਰਾਂ ਨਾਗਰਿਕ ਅਜਿਹੇ ਵੀ ਹਨ ਜਿਨ੍ਹਾਂ ਨੇ ਪਿੱਛੇ ਰੁਕ ਕੇ ਦੇਸ਼ ਦੀ ਫੌਜ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ।

ਅਜਿਹੇ ਹੀ ਕੁਝ ਨਾਗਰਿਕ ਮਿਲ ਕੇ 'ਮੋਲੋਟੋਵ ਕਾਕਟੇਲ' ਬਣਾ ਰਹੇ ਹਨ। ਇਹ ਕੋਈ ਕਾਕਟੇਲ ਨਹੀਂ ਸਗੋਂ ਘਰੇਲੂ ਬੰਬ ਹਨ ਜੋ ਕੱਚ ਦੀਆਂ ਬੋਤਲਾਂ ਵਿੱਚ ਬਣਾਏ ਜਾ ਰਹੇ ਹਨ।

ਯੂਕਰੇਨ ਦੀਆਂ ਅਜਿਹੀਆਂ ਤਸਵੀਰਾਂ ਦੁਨੀਆਂ ਭਰ ਵਿੱਚ ਵਾਇਰਲ ਹੋ ਗਈਆਂ ਹਨ ਜਿਸ ਵਿੱਚ ਨੌਜਵਾਨ ਅਤੇ ਬਜ਼ੁਰਗ ਔਰਤਾਂ, ਆਦਮੀ ਮਿਲ ਕੇ ਮੋਲੋਟੋਵ ਬੰਬ ਬਣਾ ਰਹੇ ਹਨ।

ਉੁਨ੍ਹਾਂ ਦੀ ਸਹਾਇਤਾ ਨਾਲ ਕੀਵ ਅਤੇ ਖਾਰਕੀਵ ਵਰਗੇ ਸ਼ਹਿਰਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਵਿੱਚ ਯੂਕਰੇਨ ਸਰਕਾਰ ਕਾਮਯਾਬ ਵੀ ਹੋਈ ਹੈ।

ਸੋਸ਼ਲ ਮੀਡੀਆ ਰਾਹੀਂ ਇਸ ਦੀ ਵਰਤੋਂ ਬਾਰੇ ਵੀ ਯੂਕਰੇਨ ਸਰਕਾਰ ਨੇ ਜਾਣਕਾਰੀ ਦਿੱਤੀ ਹੈ।

ਇਸ ਲੇਖ ਰਾਹੀਂ ਅਸੀਂ ਮੋਲੋਟੋਵ ਕਾਕਟੇਲ ਬੰਬ ਅਤੇ ਇਸ ਦੇ ਇਤਿਹਾਸ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ।

ਕੌਣ ਸੀ ਮੋਲੋਟੋਵ ਜਿਸ ਦੇ ਨਾਮ 'ਤੇ ਇਸ ਬੰਬ ਦਾ ਨਾਮ ਪਿਆ ਹੈ

ਵਿਆਚੀਸਲਾਵ ਮਿਖਾਈਲੋਵਿਚ ਮੋਲੋਟੋਵ ਸੋਵੀਅਤ ਸੰਘ ਦੇ ਦੋ ਵਾਰ (1939-1949, 1953-56) ਵਿਦੇਸ਼ ਮੰਤਰੀ ਰਹੇ ਹਨ।

ਉਨ੍ਹਾਂ ਦਾ ਜਨਮ 1890 ਵਿੱਚ ਹੋਇਆ ਅਤੇ ਉਨ੍ਹਾਂ ਦਾ ਸਬੰਧ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਨਾਲ ਸੀ।

ਅਮਰੀਕਾ ਦੇ ਵਿਲਸਨ ਸੈਂਟਰ ਮੁਤਾਬਕ ਉਹ ਵਲਾਦੀਮੀਰ ਲੈਨਿਨ ਅਤੇ ਜੋਸਫ ਸਟਾਲਿਨ ਨਾਲ 1917 ਵਿੱਚ ਕੰਮ ਕਰ ਚੁੱਕੇ ਹਨ ਅਤੇ ਰੂਸ ਦੀ ਕ੍ਰਾਂਤੀ ਦਾ ਹਿੱਸਾ ਸਨ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਵਿੱਚ ਕਈ ਅਹਿਮ ਰੋਲ ਵੀ ਨਿਭਾਏ।

ਵਿਲਸਨ ਸੈਂਟਰ ਮੁਤਾਬਕ ਉਹ ਪਾਰਟੀ ਕਮੇਟੀ ਦੇ ਮੁਖੀ ਵੀ ਰਹੇ ਅਤੇ ਇਹ ਮੁਕਾਮ ਉਨ੍ਹਾਂ ਨੂੰ ਸਟਾਲਿਨ ਦੇ ਵਿਰੋਧੀਆਂ ਖ਼ਿਲਾਫ਼ ਲੜ ਕੇ ਮਿਲਿਆ ਸੀ ।

ਮੋਲੋਟੋਵ-ਰਿਬਨਡ੍ਰਾਪ ਸਮਝੌਤਾ

ਮੋਲੋਟੋਵ ਨੂੰ ਮੋਲੋਟੋਵ-ਰਿਬਨਡ੍ਰਾਪ ਸਮਝੌਤੇ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਇਹ ਸਮਝੌਤਾ ਉਨ੍ਹਾਂ ਨੇ ਉਸ ਸਮੇਂ ਕੀਤਾ ਸੀ ਜਦੋਂ ਉਹ ਵਿਦੇਸ਼ ਮਾਮਲਿਆਂ ਦੇ ਕਮਿਸ਼ਨਰ ਸਨ। ਇਹ ਸਮਝੌਤਾ ਅਗਸਤ 1939 ਨੂੰ ਸਟਾਲਿਨ ਦੇ ਸੋਵੀਅਤ ਸੰਘ ਅਤੇ ਹਿਟਲਰ ਦੀ ਨਾਜ਼ੀ ਜਰਮਨੀ ਦਰਮਿਆਨ ਹੋਇਆ ਸੀ।

ਇਹ ਵੀ ਪੜ੍ਹੋ:

ਕਈ ਇਤਿਹਾਸਕ ਦਸਤਾਵੇਜ਼ਾਂ ਮੁਤਾਬਕ ਇਸ ਸਮਝੌਤੇ ਵਿੱਚ ਦੋਹਾਂ ਤਾਕਤਾਂ ਦਰਮਿਆਨ ਪੋਲੈਂਡ ਅਤੇ ਬਾਕੀ ਯੂਰੋਪੀਅਨ ਹਿੱਸੇ ਨੂੰ ਲੈ ਕੇ ਆਪਣੀ ਲੜਾਈ ਬਾਰੇ ਵੀ ਸਮਝੌਤਾ ਹੋਇਆ ਸੀ।

ਸੋਵੀਅਤ ਸੰਘ ਨੂੰ ਨਾਰਾਜ਼ ਕੀਤੇ ਬਗੈਰ ਸਤੰਬਰ 1939 ਵਿੱਚ ਨਾਜ਼ੀ ਸਰਕਾਰ ਨੇ ਪੋਲੈਂਡ ਉੱਤੇ ਹਮਲਾ ਕੀਤਾ ਜਿਸ ਦੇ ਸਿੱਟੇ ਵਜੋਂ ਦੂਜਾ ਵਿਸ਼ਵ ਯੁੱਧ ਹੋਇਆ।

ਇਸੇ ਸਾਲ ਸੋਵੀਅਤ ਫਿਨਲੈਂਡ ਵਿਖੇ ਪਹੁੰਚਿਆ ਜਿਸ ਦਾ ਨਤੀਜਾ ਸਰਦ ਯੁੱਧ ਨਿਕਲਿਆ।

ਇਸੇ ਲੜਾਈ ਦਾ ਨਤੀਜਾ ਸੀ ਜਦੋਂ ਮੋਲੋਟੋਵ ਕਾਕਟੇਲ ਮਸ਼ਹੂਰ ਹੋਏ।

ਰੂਸ ਅਤੇ ਫਿਨਲੈਂਡ ਦੇ 1939-40 ਯੁੱਧ ਉਪਰ ਲਿਖੀ ਗਈ ਕਿਤਾਬ 'ਦਿ ਫਰੋਜ਼ਨ ਹੈੱਲ' ਵਿੱਚ ਇਤਿਹਾਸਕਾਰ ਵਿਲੀਅਮ ਪੋਰਟਰ ਦੱਸਦੇ ਹਨ ਕਿ ਫਿਨਲੈਂਡ ਦੇ ਫ਼ੌਜੀਆਂ ਨੇ ਆਪਣੇ ਘਰੇਲੂ ਬੰਬ ਦਾ ਨਾਮ ਮੋਲੋਟੋਵ ਕਾਕਟੇਲ ਕਿਉਂ ਰੱਖਿਆ।

ਕੂਟਨੀਤਕ ਮੋਲੋਟੋਵ ਨੇ ਸੋਵੀਅਤ ਰੇਡੀਓ ਉਪਰ ਆਖਿਆ ਸੀ ਕਿ ਉਨ੍ਹਾਂ ਦੇ ਦੇਸ਼ ਦੀ ਫੌਜ ਫਿਨਲੈਂਡ ਉੱਪਰ ਬੰਬ ਨਹੀਂ ਸਗੋਂ "ਖਾਣ ਪੀਣ ਅਤੇ ਹੋਰ ਜ਼ਰੂਰੀ ਵਸਤੂਆਂ" ਪਹੁੰਚਾ ਰਹੀ ਹੈ।

ਇਸ ਬਿਆਨ ਤੋਂ ਬਾਅਦ ਫ਼ੌਜੀਆਂ ਨੇ ਸੋਵੀਅਤ ਦੀ ਬੰਬਾਰੀ ਨੂੰ ਵਿਅੰਗ ਦੇ ਤੌਰ 'ਤੇ 'ਮੋਲੋਟੋਵ ਦੀਆਂ ਪਿਕਨਿਕ ਦੀਆਂ ਟੋਕਰੀਆਂ' ਕਹਿਣਾ ਸ਼ੁਰੂ ਕੀਤਾ।

ਬਾਅਦ ਵਿੱਚ ਉਨ੍ਹਾਂ ਨੇ ਇਹੀ ਨਾਮ ਆਪਣੇ ਘਰੇਲੂ ਬੰਬ ਨੂੰ ਦੇ ਦਿੱਤਾ।

ਕਈ ਲੇਖਕਾਂ ਮੁਤਾਬਕ ਇਸ ਘਰੇਲੂ ਬੰਬ ਦਾ ਜ਼ਿਕਰ ਸਪੇਨ ਦੇ ਘਰੇਲੂ ਯੁੱਧ (1936-39) ਦੌਰਾਨ ਵੀ ਮਿਲਦਾ ਹੈ।

ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਹੁਣ ਇਹ 'ਮੋਲੋਟੋਵ ਕਾਕਟੇਲ' ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)