ਬੱਚਿਆਂ ਦੇ ਮਾਪਿਆਂ ਦਾ ਸਮਲਿੰਗੀ ਹੋਣਾ ਉਨ੍ਹਾਂ ਦੀ ਮਾਨਸਿਕਤਾ ਉੱਤੇ ਕਿਹੋ ਜਿਹਾ ਅਸਰ ਪਾਉਂਦਾ ਹੈ

ਪਰਿਵਾਰ

ਤਸਵੀਰ ਸਰੋਤ, Gigi Kaeser / Love Makes a Family

    • ਲੇਖਕ, ਸੋਫ਼ੀ ਹਾਰਡਕ
    • ਰੋਲ, ਬੀਬੀਸੀ ਪੱਤਰਕਾਰ

ਉਹ ਪਰਿਵਾਰ ਜਿਨ੍ਹਾਂ ਨੂੰ ਕਦੇ ਅਜੀਬ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ ਜਾਂ ਲੀਕ ਤੋਂ ਹਟਵੇਂ ਪਰਿਵਾਰ ਕਿਹਾ ਜਾਂਦਾ ਸੀ, ਹੁਣ ਆਪਣੇ ਬਾਰੇ ਬੋਲ ਰਹੇ ਹਨ ਅਤੇ ਪਰਿਵਾਰ ਬਾਰੇ ਸਾਡੀ ਸਮਝ-ਸੂਝ ਵਿੱਚ ਵਾਧਾ ਕਰ ਰਹੇ ਹਨ।

ਕਦੇ ਅਜਿਹੇ ਪਰਿਵਾਰਾਂ ਬਾਰੇ ਬੋਲਣਾ-ਗੱਲ ਕਰਨਾ ਬੇਇੱਜ਼ਤੀ ਭਰਿਆ ਸਮਝਿਆ ਜਾਂਦਾ ਸੀ ਪਰ ਹੁਣ ਇਹ ਪਰਿਵਾਰ ਮਾਂ-ਬਾਪ ਹੋਣ ਬਾਰੇ ਸਾਡੀ ਸੋਚ ਨੂੰ ਮੋਕਲਾ ਕਰ ਰਿਹਾ ਹੈ।

ਅਜਿਹੇ ਪਰਿਵਾਰ ਜਿਨ੍ਹਾਂ ਵਿੱਚ ਮਾਂ-ਪਿਉ, ਨਹੀਂ ਸਗੋਂ ਮਾਂ-ਮਾਂ ਵੀ ਹਨ, ਪਿਉ-ਪਿਉ ਵੀ ਹਨ ਅਤੇ ਕਈ ਥਾਂ ਜੇ ਮਾਂ-ਪਿਉ ਵੀ ਹਨ ਤੇ ਬੱਚੇ ਸੈਰੋਗੇਸੀ ਰਾਹੀਂ ਕਿਸੇ ਤੀਜੇ ਤੋਂ ਆ ਰਹੇ ਹਨ।

ਅਜਿਹਾ ਨਹੀਂ ਹੈ, ਪਹਿਲਾਂ ਨਹੀਂ ਸਨ ਪਰ ਇਨ੍ਹਾਂ ਬਾਰੇ ਗੱਲ ਕਰਨਾ ਸਮਾਜਿਕ ਸ਼ਰਮਿੰਦਗੀ ਵਾਲਾ ਸਮਝਿਆ ਜਾਂਦਾ ਸੀ। ਇਹ ਕਹਾਣੀ ਅਜਿਹੇ ਹੀ ਪਰਿਵਾਰਾਂ ਦੇ ਤਜ਼ਰਬੇ ਦੱਸਦੀ ਹੈ।

ਗੀਅ ਰੌਬਰਟ ਐਕਸਟਰ, ਇੰਗਲੈਂਡ ਵਿੱਚ ਇੱਕ 23 ਸਾਲਾ ਮੈਡੀਕਲ ਦੀ ਵਿਦਿਆਰਥਣ ਹਨ। ਉਹ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਮਸ਼ਰੂਫ਼ ਹਨ।

ਇਸ ਵਿਆਹ ਵਿੱਚ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਇੱਕ ਖਾਸ ਮਹਿਮਾਨ ਸੂਜ਼ੈਨ ਵੀ ਪਹੁੰਚਣਗੇ। ਸੂਜ਼ੈਨ ਉਹ ਸੈਰੋਗੇਟ ਮਾਂ ਹੈ, ਜਿਸ ਨੇ ਗੀਅ ਨੂੰ ਸਾਲ 1998 ਵਿੱਚ ਆਪਣੀ ਕੁੱਖ ਤੋਂ ਜਨਮ ਦਿੱਤਾ ਸੀ।

ਗੀਅ ਦੱਸਦੇ ਹਨ,''ਉਹ ਮੇਰੀ ਜ਼ਿੰਦਗੀ ਦੀ ਇੱਕ ਵਾਕਈ ਅਹਿਮ ਸਖਸ਼ ਅਤੇ ਮੇਰੇ ਪਰਿਵਾਰ ਦਾ ਅਹਿਮ ਜੀਅ ਹੈ।'' ਗੀਅ ਰੌਬਰਟ ਬ੍ਰਿਟੇਨ ਵਿੱਚ ਆਧੁਨਿਕ ਸੈਰੋਗੋਸੀ ਨਾਲ ਪੈਦਾ ਹੋਣ ਵਾਲੇ ਮੁਢਲੇ ਕੁਝ ਸੌ ਬੱਚਿਆਂ ਵਿੱਚੋਂ ਇੱਕ ਹੈ।

ਜਦੋਂ ਲੋਕ ਉਸ ਦੇ ਮਾਪਿਆਂ ਬਾਰੇ ਸ਼ਸ਼ੋਪੰਜ ਵਿੱਚ ਹੁੰਦੇ ਹਨ ਤਾਂ ਗੀਅ ਉਨ੍ਹਾਂ ਨੂੰ ਇੱਕ ਵੰਸ਼ਾਵਲੀ ਦੀ ਮਦਦ ਨਾਲ ਸਮਝਾਉਂਦੇ ਹਨ। ਉੁਨ੍ਹਾਂ ਲਈ ਇਹ ਬਹੁਤ ਸੌਖਾ ਹੈ,''ਮੇਰੀ ਮਾਂ ਹੈ, ਫਿਰ ਮੇਰੀ ਸੈਰੋਗੇਟ ਹੈ ਅਤੇ ਇਹ ਵੱਖ-ਵੱਖ ਲੋਕ ਹਨ।''

ਸੈਰੋਗੇਸੀ ਜਿਸ ਵਿੱਚ ਕੋਈ ਔਰਤ ਕਿਸੇ ਹੋਰ ਵਿਅਕਤੀ ਜਾਂ ਜੋੜੇ ਦੇ/ਲਈ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ। ਬ੍ਰਿਟੇਨ ਵਿੱਚ ਇਸ ਦੀ ਕਮਰਸ਼ੀਅਲ ਵਰਤੋਂ ਨਹੀਂ ਹੋ ਸਕਦੀ ਪਰ ਇੱਕ ਗੈਰ-ਮੁਨਾਫ਼ਾ ਸਮਝੌਤੇ ਦੇ ਰੂਪ ਵਿੱਚ ਹੋ ਸਕਦੀ ਹੈ।

ਜਿਸ ਸੰਸਥਾ ਨੇ ਗੀਅ ਦੇ ਜਨਮ ਸਮੇਂ ਮਦਦ ਕੀਤੀ ਸੀ, ਮੁਤਾਬਕ ਹੁਣ ਸੈਰੋਗੇਸੀ ਦੇ ਚਾਹਵਾਨ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਕਾਫ਼ੀ ਵਧ ਗਈ ਹੈ।

ਰੌਬਰਟ ਦੇ ਮਾਪਿਆਂ ਵਾਂਗ ਬਹੁਤ ਸਾਰੇ ਲੋਕ ਬੇਔਲਾਦ ਹੋਣ ਕਾਰਨ ਮਦਦ ਦੀ ਭਾਲ ਵਿੱਚ ਉਨ੍ਹਾਂ ਕੋਲ ਪਹੁੰਚਦੇ ਹਨ। ਸਿੰਗਲ ਸੈਕਸ (ਹਮ- ਜਿਣਸੀ/ਲੈਜ਼ਬੀਅਨ/ਗੇਅ) ਜੋੜਿਆਂ ਲਈ ਸੈਰੋਗੇਸੀ ਪਰਿਵਾਰ ਵਧਾਉਣ ਦਾ ਬੱਚਾ ਗੋਦ ਲੈਣ ਵਾਂਗ ਹੀ ਇੱਕ ਹੋਰ ਜ਼ਰੀਆ ਹੈ।

ਪੰਜਾਬੀ ਵਿੱਚ ਸਾਡੇ ਕੋਲ ਮਾਂ ਅਤੇ ਬਾਪ ਲਈ ਇਕੱਠਾ ਸ਼ਬਦ 'ਮਾਪੇ' ਹੈ ਪਰ ਇਹ ਰਵਾਇਤੀ ਪਰਿਵਾਰਾਂ ਲਈ ਵਰਤਿਆ ਜਾ ਸਕਦਾ ਹੈ।

ਸਰੋਗੇਸੀ ਅਤੇ ਵਿਵਾਦ

ਹਾਲਾਂਕਿ ਇਸ ਲੇਖ ਲਈ ਇਹ ਸ਼ਬਦ ਉਸ ਭਾਵਨਾ ਨੂੰ ਪ੍ਰਗਟਾਉਣ ਲਈ ਵਰਤਿਆ ਜੋ ਇੱਕ ਬੱਚੇ ਦੀ ਜ਼ਿੰਮੇਵਾਰੀ ਸਾਂਝੇ ਤੌਰ 'ਤੇ ਚੁੱਕਣ ਵਾਲੇ ਜੋੜੇ ਵਿੱਚ ਹੁੰਦੀ ਹੈ, ਜਿਸ ਭਾਵਨਾ ਦੇ ਵੱਸ ਹੋ ਕੇ ਉਹ ਫ਼ੈਸਲਾ ਕਰਦੇ ਹਨ ਕਿ- ਉਨ੍ਹਾਂ ਨੂੰ ''ਬੱਚਾ ਚਾਹੀਦਾ ਹੈ''।

ਪਿਛਲੇ ਸਮੇਂ ਦੌਰਾਨ ਪਰਿਵਾਰ ਦੇ ਜਿਹੜੇ ਰੂਪ ਦਿਖੇ ਹਨ, ਉਨ੍ਹਾਂ ਵਿੱਚੋਂ ਸੈਰੋਗੇਸੀ ਸਭ ਤੋਂ ਵਿਵਾਦਿਤ ਰਿਹਾ ਹੈ। ਇੱਕ ਵਿਵਾਦ ਇਹ ਵੀ ਰਿਹਾ ਹੈ ਕਿ ਸੈਰੋਗੇਸੀ ਜਾਂ ਇਸ ਰਾਹੀਂ ਪੈਦਾ ਹੋਣ ਵਾਲੇ ਬੱਚਿਆਂ ਦੀ ਮਾਨਸਿਕ ਸਿਹਤ ਉੱਪਰ ਇਸ ਦਾ ਕੀ ਅਸਰ ਪੈਂਦਾ ਹੈ?

ਇਹ ਵੀ ਪੜ੍ਹੋ:

Credit: Gee Roberts

ਤਸਵੀਰ ਸਰੋਤ, Credit: Gee Roberts

ਤਸਵੀਰ ਕੈਪਸ਼ਨ, ਗੀਅ ਰੌਬਰਟਸ ਦੇ ਮਾਪਿਆਂ ਨੇ ਔਲਾਦ ਨਾ ਹੋਣ ਕਾਰਨ ਸੈਰੋਗੇਸੀ ਦਾ ਸਹਾਰਾ ਲਿਆ ਜਿਸ ਰਾਹੀਂ 998 ਵਿੱਚ ਗੀਅ ਦਾ ਜਨਮ ਹੋਇਆ

ਇਨ੍ਹਾਂ ਨਵੇਂ ਕਿਸਮ ਦੇ ਪਰਿਵਾਰਾਂ ਨਾਲ ਜੁੜਿਆ ਰੌਲ਼ਾ ਇਨ੍ਹਾਂ ਪਰਿਵਾਰਾਂ ਦੇ ਟਿਕਾਊ ਹੋਣ ਬਾਰੇ ਸਵਾਲਾਂ ਤੋਂ ਪੈਦਾ ਹੁੰਦਾ ਹੈ। ਸਮਾਜਿਕ ਧਾਰਨਾ ਰਹੀ ਹੈ ਕਿ ਔਰਤ-ਔਰਤ, ਪੁਰਸ਼-ਪੁਰਸ਼ ਇਕੱਠੇ ਰਹਿ ਕੇ ਪਰਿਵਾਰ ਨਹੀਂ ਵਸਾ ਸਕਦੇ।

ਇਹ ਪਰਿਵਾਰ ਕੁਝ ਹੱਦ ਤੱਕ ਤਕਨੀਕ ਦੀ ਮਦਦ ਨਾਲ ਪਨਪ ਰਹੇ ਹਨ ਜਾਂ ਸਮਾਜਿਕ ਤਬਦੀਲੀ ਦਾ ਸਿੱਟਾ ਕਹੇ ਜਾ ਸਕਦੇ ਹਨ। ਇਨ੍ਹਾਂ ਪਰਿਵਾਰਾਂ ਉੱਪਰ ਅਕਸਰ ਇਹ ਇਲਜ਼ਾਮ ਲਗਦਾ ਹੈ ਕਿ ਇਹ ਭਵਿੱਖੀ ਪੀੜ੍ਹੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਦਾਅ 'ਤੇ ਲਗਾਉਂਦੇ ਹਨ।

ਨਵੇਂ ਤਜਰਬੇ ਤੇ ਸਬਕ

ਸਪਸ਼ਟ ਹੈ ਕਿ ਜਦੋਂ ਕਿਸੇ ਨੇ ਇਸ ਤਰ੍ਹਾਂ ਕਦੇ ਬੱਚੇ ਨੂੰ ਜਨਮ ਨਾ ਦਿੱਤਾ ਹੋਵੇ ਜਾਂ ਪਾਲਿਆ ਨਾ ਹੋਵੇ ਤਾਂ ਉਹ ਇਨ੍ਹਾਂ ਪਰਿਵਾਰਾਂ ਦੇ ਆਪਸੀ ਰਿਸ਼ਤਿਆਂ ਨੂੰ ਵੀ ਨਹੀਂ ਸਮਝ ਸਕਦਾ ਅਤੇ ਨਾ ਹੀ ਇਸ ਦੇ ਨਤੀਜਿਆਂ ਦੀ ਪੇਸ਼ੇਨਗੋਈ ਕਰ ਸਕਦਾ ਹੈ।

ਹਾਲਾਂਕਿ ਅਸੀਂ ਹੁਣ ਅਸੀਂ ਇਨ੍ਹਾਂ ਪਰਿਵਾਰਾਂ ਬਾਰੇ ਕਿਤੇ ਜ਼ਿਆਦਾ ਜਾਣਦੇ ਹਾਂ, ਜਿਨ੍ਹਾਂ ਨੂੰ ਕਦੇ ਸਮਾਜਿਕ ਨਿਯਮ/ਕੁਦਰਤੀ ਨਿਯਮ ਦੀ ਉਲੰਘਣਾ ਸਮਝਿਆ ਜਾਂਦਾ ਸੀ।

ਕੁਝ ਪਰਿਵਾਰ ਜੋ ਕਿਸੇ ਸਮੇਂ ਮੁਢਲੇ ਸਨ, ਹੁਣ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਕੋਲ ਸੁਣਾਉਣ ਲਈ ਬਹੁਤ ਸਾਰੀਆਂ ਕਹਾਣੀਆਂ ਅਤੇ ਸਾਂਝੇ ਕਰਨ ਲਈ ਸਬਕ ਹਨ।

ਹਰ ਪਰਿਵਾਰ ਆਪਣੇ-ਆਪ ਵਿੱਚ ਨਿਵੇਕਲਾ ਹੁੰਦਾ ਹੈ ਪਰ ਰਿਸਰਚਰਾਂ ਨੇ ਕੁਝ ਨਮੂਨਿਆਂ ਦੀ ਨਿਸ਼ਾਨਦੇਹੀ ਕੀਤੀ ਹੈ, ਜੋ ਹਰ ਕਿਸਮ ਦੇ ਪਰਿਵਾਰਾਂ ਵਿੱਚ ਦੇਖੇ ਜਾ ਸਕਦੇ ਹਨ।

ਗੋਦ ਲੈਣ ਵਾਲੇ ਲੋਕਾਂ ਵਿੱਚ ਸੇਮ-ਸੈਕਸ ਜੋੜਿਆਂ ਦੀ ਗਿਣਤੀ ਵਿੱਚ ਅਤੇ ਦਾਨ ਕੀਤੇ ਮਨੁੱਖੀ ਆਂਡਿਆਂ ਤੋਂ ਲੈ ਕੇ ਸਪਰਮ ਤੱਕ ਦੀ ਵਰਤੋਂ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ ਵੱਡੀ ਉਮਰ ਦੇ ਜੋੜੇ ਅਤੇ ਇਕੱਲੇ ਰਹਿਣ ਵਾਲੇ ਲੋਕਾਂ ਵਿੱਚ ਵੀ ਮਾਪੇ ਬਣਨ ਦਾ ਰੁਝਾਨ ਵਧਿਆ ਹੈ।

ਹਮ-ਜਿਣਸੀ ਔਰਤਾਂ ਅਤੇ ਹਮ-ਜਿਣਸੀ ਮਰਦਾਂ ਦੇ ਪਰਿਵਾਰਾਂ ਤੋਂ ਇਲਾਵਾ ਸੈਰੋਗੇਸੀ ਦਾ ਸਹਾਰਾ ਲੈਣ ਵਾਲੇ ਪਰਿਵਾਰ ਵੀ ਕੁਝ ਬੁਨਿਆਦੀ ਸਵਾਲਾਂ ਨਾਲ ਜੂਝਦੇ ਹਨ।

ਮਿਸਾਲ ਵਜੋਂ ਉਹ ਨਹੀਂ ਸਮਝ ਪਾਉਂਦੇ ਕਿ ਆਪਣੇ ਬੱਚਿਆਂ ਨੂੰ ਕਿਵੇਂ ਦੱਸਣ ਕਿ ਇੱਕ ਪਰਿਵਾਰ ਤੋਂ ਬਾਹਰੀ ਵਿਅਕਤੀ ਦੀ ਮਦਦ ਨਾਲ ਉਹ ਹੋਂਦ ਵਿੱਚ ਕਿਵੇਂ ਆਏ।

ਉਹ ਜੂਝਦੇ ਹਨ ਕਿ ਉਹ ਸੈਰੋਗੇਟ ਮਾਵਾਂ ਅਤੇ ਆਂਡੇ/ਸਪਰਮ ਦਾਨੀਆਂ ਨਾਲ ਕਿਹੋ-ਜਿਹੇ ਰਿਸ਼ਤੇ ਬਣਾ ਕੇ ਰੱਖਣ।

ਪਰਿਵਾਰ

ਤਸਵੀਰ ਸਰੋਤ, Credit: Gigi Kaeser / Love Makes a Family

ਤਸਵੀਰ ਕੈਪਸ਼ਨ, ਇਸੇ ਤਰ੍ਹਾਂ ਨੈਬੋਵਾਇਰ ਡੀਵੋਰ-ਸਟੋਕਸ, ਇੱਕ ਡਾਂਸ ਕਲਾਕਾਰ ਹਨ (ਪਿਛਲੀ ਬੱਚੀ)

ਸੂਜ਼ੈਨ ਗੋਲੋਮਬੋਕ ਕਹਿੰਦੇ ਹਨ, ਇਹ ਧਾਰਨਾ ਹੈ ਕਿ ਰਵਾਇਤੀ ਪਰਿਵਾਰ ਹੀ ਬੱਚਿਆਂ ਦਾ ਪਾਲ਼ਣ ਪੋਸਣ ਲਈ ਸਭ ਤੋਂ ਢੁਕਵਾਂ ਮਾਹੌਲ ਹੈ।'' ਸੂਜ਼ੈਨ ਪੇਸ਼ੇ ਵਜੋਂ ਇੱਕ ਮਨੋਵਿਗਿਆਨੀ ਹਨ ਅਤੇ ਕੈਂਬਰਿਜ ਯੂਨੀਵਰਿਸਟੀ ਵਿੱਚ ਸੈਂਟਰ ਫਾਰ ਫੈਮਿਲੀ ਰਿਸਰਚ ਦੇ ਸਾਬਕਾ ਨਿਰਦੇਸ਼ਕ ਹਨ।

ਉਨ੍ਹਾਂ ਨੇ ਪਰਿਵਾਰ ਦੇ ਨਵੇਂ ਰੂਪਾਂ ਬਾਰੇ ਕਿਤਾਬ ਵੀ ਲਿਖੀ ਹੈ 'ਵੀ ਆਰ ਫੈਮਿਲੀ: ਵਟ ਰਿਅਲੀ ਮੈਟਰਜ਼ ਫਾਰ ਪੇਰੈਂਟਸ ਐਂਡ ਚਿਲਡਰਨ'।

ਗੋਲੋਮਬੋਕ ਦੀ ਖੋਜ 1970 ਦੇ ਦਹਾਕੇ ਵਿੱਚ ਹਮ-ਜਿਣਸੀ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਅਧਿਐਨ ਤੋਂ ਸ਼ੁਰੂ ਹੁੰਦੀ ਹੈ।

ਉਸ ਸਮੇਂ ਆਮ ਸੀ ਕਿ ਅਦਾਲਤੀ ਹੁਕਮਾਂ ਦੇ ਨਾਲ ਹਮ-ਜਿਣਸੀ ਮਾਵਾਂ ਤੋਂ ਉਨ੍ਹਾਂ ਦੇ ਬੱਚਿਆਂ ਦੀ ਕਸਟਡੀ ਲੈ ਲਈ ਜਾਂਦੀ ਸੀ।

ਅਦਾਲਤਾਂ ਦਾ ਮੰਨਣਾ ਸੀ ਕਿ ਹਮ-ਜਿਣਸੀ ਰਿਸ਼ਤਿਆਂ ਦਾ ਬੱਚਿਆਂ ਨੂੰ ਮਾਨਸਿਕ ਤੇ ਭਾਵੁਕ ਨੁਕਸਾਨ ਹੁੰਦਾ ਹੈ।

ਹਾਲਾਂਕਿ ਕਿ ਸਮਾਜ ਭਲਾਈ ਵਾਲੀਆਂ ਸਮਲਿੰਗੀ ਮਾਵਾਂ ਦੁਆਰਾ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਬਹੁਤ ਵਧੀਆ ਰਿਪੋਰਟ ਕਰਦੇ ਸਨ।

ਵੀਡੀਓ: ਦੋ ਕੁੜੀਆਂ ਦੇ ਅਨੌਖੇ ਪਿਆਰ ਤੇ ਮੰਗਣੀ ਦੀ ਕਹਾਣੀ

ਵੀਡੀਓ ਕੈਪਸ਼ਨ, ਦੋ ਕੁੜੀਆਂ ਦੇ ਅਨੌਖੇ ਪਿਆਰ ਤੇ ਮੰਗਣੀ ਦੀ ਕਹਾਣੀ

ਜਦੋਂ ਗੋਲੋਮਬੋਕ ਨੇ ਆਪਣਾ ਅਧਿਐਨ ਸ਼ੁਰੂ ਕੀਤਾ ਤਾਂ ਕਿਸੇ ਵੀ ਸਮਲਿੰਗੀ ਮਾਂ ਨੂੰ ਬੱਚੇ ਦੀ ਕਸਟਡੀ ਨਹੀਂ ਦਿੱਤੀ ਗਈ ਸੀ। ਕੁਝ ਮਾਮਲਿਆਂ ਵਿੱਚ ਤਾਂ ਸਮਲਿੰਗੀ ਜੋੜਿਆਂ ਨੂੰ ਤਾਕੀਦ ਸੀ ਕਿ ਬੱਚਿਆਂ ਦੀ ਮੌਜੂਦਗੀ ਵਿੱਚ ਵੱਖਰੀਆਂ ਸੌਣ।

ਫਿਰ ਗੋਲੋਮਬੋਕ ਨੇ ਹਮ-ਜਿਣਸੀ ਪੁਰਸ਼ ਜੋੜਿਆਂ/ਗੇਅ ਅਤੇ ਟਰਾਂਸ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਅਧਿਐਨ ਕੀਤਾ।

ਇਨ੍ਹਾਂ ਪਰਿਵਾਰਾਂ ਵਿੱਚ ਬੱਚਿਆਂ ਦਾ ਜਨਮ ਦਾਨ ਦੇ ਐੱਗਜ਼/ਸਪਰਮ ਜਾਂ ਸੈਰੋਗੇਸੀ ਰਾਹੀਂ ਹੋਇਆ ਸੀ। ਉਨ੍ਹਾਂ ਨੇ ਦੇਖਿਆ ਕਿ ਇਹ ਪਰਿਵਾਰ ਲੋਕ ਧਾਰਨਾ ਤੋਂ ਬਿਲਕੁਲ ਉਲਟ ਸਨ ਅਤੇ ਅਜਿਹਾ ਵੀ ਨਹੀਂ ਸੀ ਕਿ ਬੱਚੇ ਇਨ੍ਹਾਂ ਪਰਿਵਾਰਾਂ ਵਿੱਚ ਅਜੋੜ ਲੱਗ ਰਹੇ ਸਨ।

ਇੱਕ ਤੋਂ ਬਾਅਦ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤੇ ਵਿੱਚ ਖੁੱਲ੍ਹੇ ਸੰਵਾਦ ਦੀ ਬੱਚਿਆਂ ਦੀ ਭਾਵੁਕ ਸਲਾਮਤੀ ਵਿੱਚ ਅਹਿਮ ਭੂਮਿਕਾ ਸੀ ਨਾ ਕਿ ਇਸ ਦੀ ਕਿ ਉਨ੍ਹਾਂ ਦੇ ਮਾਪਿਆਂ ਦਾ ਲਿੰਗ ਕੀ ਹੈ ਉਹ ਜਿਣਸੀ ਰੂਪ ਵਿੱਚ ਕਿਸ ਨੂੰ ਪਸੰਦ ਕਰਦੇ ਹਨ ਜਾਂ ਉਹ ਉਨ੍ਹਾਂ ਨਾਲ ਕਿਵੇਂ ਜੁੜੇ ਹੋਏ ਹਨ ਜਾਂ ਉਨ੍ਹਾਂ ਦਾ ਜਨਮ ਕਿਵੇਂ ਹੋਇਆ ਸੀ।

ਪਰਿਵਾਰ

ਤਸਵੀਰ ਸਰੋਤ, Credit: Gigi Kaeser / Love Makes a Family

ਕਿਸੇ ਸਮੇਂ ਇਨ੍ਹਾਂ ਗੱਲਾਂ ਦੀ ਬੱਚਿਆਂ ਦੇ ਭਾਵੁਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਸਮਝੀ ਜਾਂਦੀ ਸੀ।

ਇਨ੍ਹਾਂ ਅਧਿਐਨਾਂ ਅਤੇ ਅਦਾਲਤੀ ਕੇਸਾਂ ਦੇ ਨਤੀਜੇ ਵਜੋਂ ਕਸਟਡੀ ਨਿਯਮਾਂ ਵਿੱਚ ਬਦਲਾਅ ਕੀਤੇ ਗਏ। ਅਤੇ ਬ੍ਰਿਟੇਨ ਵਿੱਚ ਸਾਲ 2002 ਵਿੱਚ ਅਤੇ ਫਿਰ ਸਕਾਟਲੈਂਡ ਵਿੱਚ 2007 ਵਿੱਚ ਹਮ-ਜਿਣਸੀ ਮਾਪਿਆਂ ਨੂੰ ਵੀ ਬੱਚੇ ਗੋਦ ਲੈਣ ਦਾ ਹੱਕ ਮਿਲਿਆ।

ਗੋਲੋਮਬੋਕ ਦੱਸਦੇ ਹਨ ਕਿ ਹੁਣ ਸਾਡੇ ਕੋਲ ਪਰਿਵਾਰ ਦੇ ਵੱਖ-ਵੱਖ ਰੂਪਾਂ ਬਾਰੇ ਬਹੁਤ ਜ਼ਿਆਦਾ ਰਿਸਰਚ ਹੈ ਜੋ ਇੱਕੋ ਨਤੀਜੇ ਉੱਪਰ ਪਹੁੰਚਦੀ ਹੈ ਕਿ ਬੱਚਿਆਂ ਲਈ ''ਪਰਿਵਾਰਕ ਰਿਸ਼ਤਿਆਂ ਦੀ ਪਰਿਵਾਰ ਦੀ ਬਣਤਰ ਨਾਲੋਂ ਜ਼ਿਆਦਾ ਅਹਿਮੀਅਤ'' ਹੈ।

ਗੋਲੋਮਬੋਕ ਦਾ ਕਹਿਣਾ ਹੈ ਕਿ ਬੱਚਿਆਂ ਦਾ ਜਨਮ ਕਿਵੇਂ ਹੋਇਆ ਇਸ ਗੱਲ ਦਾ ਬੱਚਿਆਂ ਦੀ ਭਾਵੁਕ ਸਲਾਮਤੀ ਲਈ ਕੋਈ ਮਹੱਤਵ ਨਹੀਂ ਹੈ। ਅਹਿਮ ਹੈ ਕਿ ਉਨ੍ਹਾਂ ਨੂੰ ਪਾਲਣ ਵਾਲਿਆਂ ਵਿੱਚ ਉਹ ਭਾਵਨਾ ਕਿੰਨੀ ਹੈ, ਜਿਸ ਨੂੰ 'ਮਾਪੇ' ਸ਼ਬਦ ਪ੍ਰਗਟਾਉਂਦਾ ਹੈ।

ਵੀਡੀਓ: ਇਸ ਮਾਂ ਨੇ ਆਪਣੇ ਮੁੰਡੇ ਦਾ ਕੁੜੀ ਬਣਨਾ ਕਿਵੇਂ ਸਵੀਕਾਰਿਆ

ਵੀਡੀਓ ਕੈਪਸ਼ਨ, ਇਸ ਮਾਂ ਨੇ ਆਪਣੇ ਮੁੰਡੇ ਦਾ ਕੁੜੀ ਬਣਨਾ ਕਿਵੇਂ ਸਵੀਕਾਰਿਆ

ਹਾਲਾਂਕਿ ਰਿਸਰਚਰਾਂ ਨੂੰ ਨਵੇਂ ਕਿਸਮ ਦੇ ਪਰਿਵਾਰਾਂ ਵਿੱਚ ਪਲਣ ਵਾਲੇ ਬੱਚਿਆਂ ਦੀ ਭਾਵੁਕ ਸਲਾਮਤੀ ਲਈ ਲਈ ਇੱਕ ਖਤਰਾ ਜ਼ਰੂਰ ਨਜ਼ਰ ਆਇਆ ਉਹ ਸੀ, ਇਨ੍ਹਾਂ ਪਰਿਵਾਰਾਂ ਬਾਰੇ ਸਮਾਜਿਕ ਨਜ਼ਰੀਆ।

ਝੂਠੀ ਜ਼ਿੰਦਗੀ

ਡੇਨਾ ਅਰਨਾਬੋਲਡੀ ਕਹਿੰਦੇ ਹਨ ,''ਜਦੋਂ ਮੇਰੇ ਪਿਤਾ (ਇੱਕ ਗੇਅ ਵਜੋਂ) ਸਾਹਮਣੇ ਆਏ ਤਾਂ ਮੈਂ ਮਿਡਲ ਸਕੂਲ ਵਿੱਚ ਸੀ, ਮੈਂ ਹੋਰ ਕਿਸੇ ਪਰਿਵਾਰ ਨੂੰ ਨਹੀ ਜਾਣਦੀ ਸੀ, ਜਿਨ੍ਹਾਂ ਦੇ ਮਾਪੇ- ਖੁੱਲ੍ਹੇਆਮ ਗੇਅ ਹੋਣ।''

ਪਰਿਵਾਰ

ਤਸਵੀਰ ਸਰੋਤ, Credit: Peter Keegan/Keystone/Hulton Archive/Getty

ਡੇਨਾ ਆਪਣੇ ਬਚਪਨ ਬਾਰੇ ਦੱਸਦੇ ਹਨ ਕਿ ਕਿਵੇਂ ਉਹ ਲੋਕਾਂ ਦੀ ਪ੍ਰਤੀਕਿਰਿਆ ਬਾਰੇ ਸੋਚ ਕੇ ਅਸਹਿਜ ਹੋ ਜਾਂਦੇ ਸਨ।

ਉਨ੍ਹਾਂ ਦੇ ਪਿਤਾ ਐਲਨ ਅਰਨਾਬੋਲਡੀ ਯਾਦ ਕਰਕੇ ਦੱਸਦੇ ਹਨ ਕਿ ਕਿਵੇਂ ਉਹ ਡਰੇ ਰਹਿੰਦੇ ਸਨ। ਉਨ੍ਹਾਂ ਦੀ ਪਤਨੀ, ਡੇਨਾ ਦੀ ਮਾਂ ਇਸ ਨੂੰ ਸਵੀਕਾਰ ਕਰਦੀ ਸੀ ਪਰ ਸਮਾਜ ਪ੍ਰਵਾਨ ਨਹੀਂ ਕਰਦਾ ਸੀ।

ਉਨ੍ਹਾਂ ਨੂੰ ਡਰ ਲਗਦਾ ਸੀ ਕਿ ਜੇ ਭੇਤ ਉਜਾਗਰ ਹੋ ਗਿਆ ਤਾਂ ''ਸਕੂਲ ਟੀਚਰ ਦੀ ਉਨ੍ਹਾਂ ਦੀ ਨੌਕਰੀ ਜਾ ਸਕਦੀ ਹੈ। ਅਤੇ ਇਸ ਨਾਲ ਡੇਨਾ ਦੇ ਸਮਾਜਿਕ ਰਿਸ਼ਤੇ ਅਤੇ ਦੋਸਤੀਆਂ ਵਿੱਚ ਵੀ ਫਰਕ ਪੈ ਸਕਦਾ ਸੀ।'

ਉਹ ਇੱਕ ਈਮੇਲ ਵਿੱਚ ਲਿਖਦੇ ਹਨ,''ਉਸ ਸਮੇਂ ਤੱਕ ਮੈਂ ਕਿਸੇ ਹੋਰ ਗੇਅ-ਪੇਰੈਂਟ ਨੂੰ ਵੀ ਨਹੀਂ ਜਾਣਦਾ ਸੀ। ਇਸ ਲਈ ਮੈਨੂੰ ਲਗਦਾ ਰਹਿੰਦਾ ਸੀ ਕਿ ਮੈਂ ਦੂਜੇ ਪਿਤਾਵਾਂ ਵਰਗਾ ਨਹੀਂ ਸੀ। ਮੈਨੂੰ ਲਗਦਾ ਸੀ ਕਿ ਮੈਂ ਇੱਕ ਝੂਠੀ ਜ਼ਿੰਦਗੀ ਜਿਉਂ ਰਿਹਾ ਹਾਂ।''

ਵੀਡੀਓ: ਦੋ ਕੁੜੀਆਂ ਜਿਨ੍ਹਾਂ ਨੇ ਪਿਆਰ ਲਈ ਘਰ-ਬਾਰ ਛੱਡਿਆ

ਵੀਡੀਓ ਕੈਪਸ਼ਨ, ਦੋ ਕੁੜੀਆਂ ਜਿਨ੍ਹਾਂ ਨੇ ਪਿਆਰ ਲਈ ਘਰ-ਬਾਰ ਛੱਡਿਆ

ਸਾਲ 1990 ਵਿੱਚ ਆਖਰ ਡੇਨਾ ਅਤੇ ਉਨ੍ਹਾਂ ਦੇ ਪਿਤਾ ਨੇ ਵਿਭਿੰਨਤਾ ਵਾਲੇ ਪਰਿਵਾਰਾਂ ਬਾਰੇ ਇੱਕ ਫੋਟੋ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਇਸ ਪ੍ਰਦਰਸ਼ਨੀ ਦਾ ਨਾਮ ਸੀ 'ਪਿਆਰ ਇੱਕ ਪਰਿਵਾਰ ਬਣਾਉਂਦਾ ਹੈ' ਜੋ ਕਿ ਐਲਜੀਬੀਟੀ ਕਿਊ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਸੀ।

ਉਨ੍ਹਾਂ ਦੇ ਸਕੂਲ ਵਿੱਚ ਜਦੋਂ ਪ੍ਰਦਰਸ਼ਨੀ ਲੱਗੀ ਤਾਂ ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਪਰ ਹਮਾਇਤ ਵੀ ਬਹੁਤ ਮਿਲੀ।

''ਮੈਨੂੰ ਲਗਦਾ ਹੈ ਕਿ ਇਸ ਨਾਲ ਮੇਰੇ ਵਰਗੇ ਸਮਲਿੰਗੀ ਮਰਦ ਤੇ ਔਰਤ ਅਧਿਆਪਕਾਂ ਅਤੇ ਮਾਪਿਆਂ ਨੂੰ ਸਾਹਮਣੇ ਆ ਕੇ ਖੁੱਲ੍ਹ ਕੇ ਗੱਲਬਾਤ ਕਰ ਸਕਣ ਵਿੱਚ ਮਦਦ ਮਿਲੀ।''

ਪਰਿਵਾਰ

ਤਸਵੀਰ ਸਰੋਤ, Credit: Gigi Kaeser / Love Makes a Family

ਰਿਸਰਚਰਾਂ ਦਾ ਕਹਿਣਾ ਹੈ ਕਿ ਚੁਣੌਤੀਆਂ ਅਤੇ ਰੁਕਾਵਟਾਂ ਦੇ ਬਾਵਜੂਦ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਰਹਿਣਾ ਇਨ੍ਹਾਂ ਪਰਿਵਾਰਾਂ ਵਿੱਚ ਆਮ ਹੈ।

ਅਮਰੀਕਾ ਵਿੱਚ ਹਮ-ਜਿਣਸੀ ਔਰਤ ਜੋੜਿਆਂ ਦੇ ਪਰਿਵਾਰਾਂ ਉੱਪਰ ਲੌਂਗੀਟਿਊਡੀਨਲ ਸਟੱਡੀ ਦੇ ਮੁੱਖ ਇਨਵੈਸਟੀਗੇਟਰ ਨਾਨੇਟੇ ਗਾਰਟਰੇਲ ਮੁਤਾਬਕ,''ਜਦੋਂ ਇੱਕ ਪੂਰਾ ਸਭਿਆਚਾਰ ਤੁਹਾਨੂੰ ਦੱਸ ਰਿਹਾ ਹੋਵੇ ਕਿ ਤੁਸੀਂ ਕੋਈ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਤਾਂ ਇਹ ਇੱਕ ਪੁਖਤਾ ਸੁਨੇਹਾ ਹੈ।''

ਸਾਲ 1980ਵਿਆਂ ਵਿੱਚ ਗਾਰਟਰੇਲ ਨੇ ਆਪਣੇ ਸਿਹਯੋਗੀਆਂ ਨਾਲ ਹਮ-ਜਿਣਸੀ ਮਾਵਾਂ ਅਤੇ ਉਨ੍ਹਾਂ ਦੇ ਦਾਨ ਤੋਂ ਹਾਸਲ ਸਪਰਮਾਂ ਨਾਲ ਪੈਦਾ ਹੋਏ ਬੱਚਿਆਂ ਦੇ ਪਰਿਵਾਰਾਂ ਦਾ ਅਧਿਐਨ ਸ਼ੁਰੂ ਕੀਤਾ।

ਉਸ ਸਮੇਂ ਮੰਨਿਆ ਜਾਂਦਾ ਸੀ ਕਿ ਇਸ ਤਰ੍ਹਾਂ ਦੇ ਮਾਪੇ ਆਪਣੇ ਬੱਚਿਆਂ ਲਈ ਢੁਕਵਾਂ ਮਾਹੌਲ ਨਹੀਂ ਬਣਾ ਸਕਦੇ। ਮੰਨਿਆ ਜਾਂਦਾ ਸੀ ਕਿ ਇਸ ਨਾਲ ਬੱਚਿਆਂ ਉੱਪਰ ਮਨੋਵਿਗਿਆਨਕ ਤੌਰ 'ਤੇ ਬੁਰਾ ਅਸਰ ਪੈਂਦਾ ਹੈ।''

ਵੀਡੀਓ: ਸਾਰੀਆਂ ਔਰਤਾਂ ਮਾਂ ਬਣਦੀਆਂ ਹਨ 'ਤੈਨੂੰ ਕੀ ਦਿੱਕਤ ਹੈ?'

ਵੀਡੀਓ ਕੈਪਸ਼ਨ, ਔਰਤਾਂ ਦੀ ਮਾਨਸਿਕ ਸਿਹਤ

ਇਨ੍ਹਾਂ ਵਿੱਚੋਂ ਕੁਝ ਨੇ ਜਦੋਂ ਮਾਤਾ/ਪਿਤਾ ਬਣਨ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਦੇ ਮਾਪਿਆਂ ਵੱਲੋਂ ਹੀ ਤਿਆਗ ਦਿੱਤੇ ਗਏ। ਇਹ ਸਾਰੇ ਲੋਕ ਉਨ੍ਹਾਂ ਦੇ ਅਧਿਐਨ ਦਾ ਹਿੱਸਾ ਹਨ।

ਗੈਰਟਰੇਲ ਨੇ ਦੇਖਿਆ ਕਿ ਸਮਾਜਿਕ ਸਟਿਗਮੇ ਦਾ ਅਸਰ ਮਾਵਾਂ ਉੱਪਰ ਪਿਆ ਪਰ ਉਨ੍ਹਾਂ ਨੇ ਬੱਚਿਆਂ ਤੱਕ ਇਸ ਦਾ ਅਸਰ ਜਾਣ ਤੋਂ ਠੱਲ੍ਹ ਲਿਆ।

ਉਹ ਵੀ ਦਿਖਾਉਣਾ ਚਾਹੁੰਦੇ ਸਨ ਕਿ ਉਹ ਵੀ ਚੰਗੇ ਮਾਂ/ਪੇ ਬਣ ਸਕਦੇ ਹਨ ਅਤੇ ਉਨ੍ਹਾਂ ਦੇ ਪਾਲੇ ਬੱਚੇ ਵੀ ਜ਼ਿੰਦਗੀ ਵਿੱਚ ਵਧੀ ਕਰ ਸਕਦੇ ਹਨ।

ਪਰਿਵਾਰ

ਤਸਵੀਰ ਸਰੋਤ, Credit: Gigi Kaeser / Love Makes a Family

ਤਸਵੀਰ ਕੈਪਸ਼ਨ, ਰੌਬ ਅਤੇ ਜੌਨ ਕੂਪਰ ਆਪਣੇ ਗੋਦ ਲਏ ਬੱਚਿਆਂ ਨਾਲ ਇਨ੍ਹਾਂ ਤਿੰਨ ਬੱਚਿਆਂ ਤੋਂ ਬਾਅਦ ਜੋੜੇ ਨੇ ਦੇ ਬੱਚੇ ਹੋਰ ਗੋਦ ਲਏ

''ਆਪਣੇ ਬੱਚੇ ਦੇ ਵਿਕਾਸ ਦੇ ਹਰੇਕ ਪੜਾਅ ਉੱਪਰ ਸਮਾਜਿਕ ਟਿੱਪਣੀਆਂ ਨੂੰ ਸਹਿਣ ਕਰਨਾ ਬਹੁਤ ਮਿਹਨਤ ਵਾਲਾ ਕੰਮ ਸੀ।''

ਜਦੋ ਇਹ ਬੱਚੇ 10 ਸਾਲਾਂ ਦੇ ਹੋਏ ਤਾਂ ਉਨ੍ਹਾਂ ਨੇ ਸਕੂਲ ਵਿੱਚ ਮਨੋਵਿਗਿਆਨਕ ਵੈਲਬੀਂਗ ਦੇ ਸਟੈਂਡਰਡਾਈਜ਼ਡ ਟੈਸਟਾਂ ਉੱਪਰ ਆਪਣੇ ਹਾਣੀਆਂ ਵਰਗਾ ਹੀ ਪ੍ਰਦਰਸ਼ਨ ਕੀਤਾ। ਹਾਲਾਂਕਿ 43% ਬੱਚੇ ਹਮ-ਜਿਣਸੀ ਮਾਵਾਂ ਹੋਣ ਕਾਰਨ ਹੋਮੋਫੋਬੀਆ ਦੇ ਸ਼ਿਕਾਰ ਵੀ ਸਨ। ਉਨ੍ਹਾਂ ਵਿੱਚ ਹੋਰਾਂ ਦੇ ਮੁਕਾਬਲੇ ਚਿੰਤਾ ਅਤੇ ਤਣਾਅ ਜ਼ਿਆਦਾ ਦੇਖਿਆ ਗਿਆ।

ਹਾਲਾਂਕਿ ਇਹ ਵੀ ਦੇਖਿਆ ਗਿਆ ਕਿ ਜਿਹੜੇ ਬੱਚਿਆਂ ਦੇ ਸਕੂਲਾਂ ਵਿੱਚ ਐਲਜੀਬੀਟੀਕਿਊ ਮੁੱਦਿਆਂ ਬਾਰੇ ਪੜ੍ਹਾਇਆ ਜਾਂਦਾ ਸੀ ਅਤੇ ਮਾਵਾਂ ਲੈਜ਼ਬੀਅਨ ਕਮਿਊਨਿਟੀ ਵਿੱਚ ਸਰਗਰਮ ਸਨ ਉਨ੍ਹਾਂ ਦੀ ਮਾਨਸਿਕ ਸਿਹਤ ਦੂਜੇ ਬੱਚਿਆਂ ਨਾਲੋਂ ਬਿਹਤਰ ਸੀ।

ਨਕਾਰਤਮਿਕ ਟਿੱਪਣੀਆਂ ਅਤੇ ਫਬਤੀਆਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ ਇਹ ਦੱਸਣ ਦਾ ਵੀ ਬੱਚਿਆਂ ਨੂੰ ਲਾਭ ਮਿਲਦਾ ਦੇਖਿਆ ਗਿਆ।

ਗੈਰਟੇਲ ਦਾ ਮੰਨਣਾ ਹੈ ਕਿ ਜੇ ਪਰਿਵਾਰ ਵਿੱਚ ਨਕਾਰਾਤਮਿਕ ਟਿੱਪਣੀਆਂ ਬਾਰੇ ਜਵਾਬਾਂ ਦਾ ਅਭਿਆਸ ਕੀਤਾ ਜਾਂਦਾ ਹੋਵੇ ਤਾਂ ਇਹ ਕਿਸੇ ਵੀ ਕਾਰਨ ਕਰਕੇ ਹਾਸ਼ੀਏ ਉੱਪਰ ਧੱਕੇ ਜਾ ਰਹੇ ਬੱਚਿਆਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ।

ਵੀਡੀਓ:''ਮੇਰੇ ਪਤੀ ਨੂੰ ਪਤਾ ਸੀ ਕਿ ਸਾਡੇ ਬੱਚੇ ਨਹੀਂ ਹੋਣਗੇ''

ਵੀਡੀਓ ਕੈਪਸ਼ਨ, ''ਮੇਰੇ ਪਤੀ ਨੂੰ ਪਤਾ ਸੀ ਕਿ ਸਾਡੇ ਬੱਚੇ ਨਹੀਂ ਹੋਣਗੇ''

''ਪਿਆਰ ਦੀ ਤੰਦ''

1980 ਵਿਆਂ ਤੇ 1990ਵਿਆਂ ਦੌਰਾਨ ਰੋਬਿਨ ਜੂਰਸ ਅਤੇ ਉਨ੍ਹਾਂ ਦੀ ਸਾਥੀ ਬਾਰਬਰਾ ਐਲਨ ਨੇ ਆਪਣੇ ਬੱਚਿਆਂ ਨੂੰ ਨੌਰਥੈਂਪਟਨ, ਮੈਸਾਚਿਊਸਿਟਸ (ਅਮਰੀਕਾ) ਵਿੱਚ ਪਾਲਿਆ। ਉਹ ਬੱਚੇ ਪਾਲਣ ਲਈ ਅਜਿਹੀ ਥਾਂ ਦੇਖ ਰਹੇ ਸਨ ਜੋ ਆਪਣੇ ਬੱਚੇ ਪਾਲ ਰਹੀਆਂ ਦੋ ਔਰਤਾਂ ਨੂੰ ਸਵੀਕਾਰ ਕਰਦੀ ਹੋਵੇ। ਉਨ੍ਹਾਂ ਦਾ ਇਹ ਤਰੀਕਾ ਅਧਿਐਨ ਵਿੱਚ ਸ਼ਾਮਲ ਹੋਰ ਔਰਤਾਂ ਨਾਲ ਮਿਲਦਾ ਜੁਲਦਾ ਸੀ, ਜੋ ਅਜਿਹਾ ਮਾਹੌਲ ਤਲਾਸ਼ ਰਹੀਆਂ ਸਨ ਜੋ ਉਨ੍ਹਾਂ ਨੂੰ ਅਪਣਾ ਲਵੇ।

ਇਸੇ ਤਰ੍ਹਾਂ ਨੈਬੋਵਾਇਰ ਡੀਵੋਰ-ਸਟੋਕਸ, ਇੱਕ ਡਾਂਸ ਕਲਾਕਾਰ ਹਨ। ਲਵ ਮੇਕਸ ਏ ਫੈਮਿਲੀ ਵਿੱਚ ਉਹ ਬੱਚੇ ਵਜੋਂ ਸ਼ਾਮਲ ਸਨ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪਿਆਰ ਹੀ ਪਰਿਰਵਾਰ ਦੀ ਅਹਿਮ ਤੰਦ ਰਿਹਾ ਹੈ।

ਉਹ ਆਪਣੀ ਪੁਰਾਣੀ ਤਸਰਵੀਰ ਦੇਖ ਕੇ ਕਹਿੰਦੇ ਹਨ,''ਇਹ ਦਿਲਚਸਪ ਹੈ ਕਿ ਇੱਕ ਆਦਰਸ਼ ਪਰਿਵਾਰ ਅਜਿਹਾ ਲੱਗ ਸਕਦਾ ਹੈ। ਸਾਡਾ ਪਰਿਵਾਰ ਹੁਣ ਪਹਿਲਾਂ ਨਾਲੋਂ ਵੱਖਰਾ ਹੈ। ਬਹੁਤ ਸਾਰੇ ਲੋਕ ਮਿਲ ਕੇ ਸਾਡਾ ਪਰਿਵਾਰ ਬਣਾਉਂਦੇ ਹਨ। ਹਾਲਾਂਕਿ ਪਿਆਰ ਹੀ ਉਹ ਸਾਂਝੀ ਤੰਦ ਹੈ ਜੋ ਸਾਡੇ ਪਰਿਵਾਰ ਵਿੱਚ ਪਹਿਲਾਂ ਵੀ ਬਰਕਰਾਰ ਸੀ ਅਤੇ ਹੁਣ ਵੀ ਹੈ।''

ਜਦੋਂ ਉਨ੍ਹਾਂ ਨੂੰ ਪਿੱਛੇ ਮੁੜ ਕੇ 25 ਸਾਲ ਦੇ ਆਪਣੇ ਅਨੁਭਵ ਨੂੰ ਦੇਖਣ ਲਈ ਕਿਹਾ ਗਿਆ ਤਾਂ ਲੌਂਗੀਟਿਊਡੀਨਲ ਅਧਿਐਨ ਵਿੱਚ ਸ਼ਾਮਲ ਮਾਵਾਂ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵਧੀਆ ਪਲ ਹੁੰਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਵਿਭਿੰਨਤਾ ਦੀ ਕਦਰ ਕਰਦੇ ਹਨ।

ਗੈਰਟੇਲ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਲਈ ਅਜਿਹੀਆਂ ਔਰਤਾਂ ਵੱਲੋਂ ਪਾਲੇ ਜਾਣਾ ਇੱਕ ਮਾਣ ਵਾਲੀ ਗੱਲ ਹੈ ਜੋ ਲੈਸਬੀਅਨ ਰਿਸ਼ਤਿਆਂ ਵਿੱਚ ਮੋਹਰੀ ਸਨ।

ਪਰਿਵਾਰ

ਤਸਵੀਰ ਸਰੋਤ, (Credit: Jon Cooper

ਤਸਵੀਰ ਕੈਪਸ਼ਨ, ਰੌਬ ਅਤੇ ਜੌਨ ਕੂਪਰ ਆਪਣੇ ਵੱਡੇ ਹੋ ਚੁੱਕੇ ਬੱਚਿਆਂ ਨਾਲ

ਗੋਲੋਮਬੋਕ ਅਤੇ ਉਨ੍ਹਾਂ ਦੀ ਟੀਮ ਨੂੰ ਹਮ-ਜਿਣਸੀ ਪੁਰਸ਼ ਜੋੜੇ ਜਿਨ੍ਹਾਂ ਨੇ ਬੱਚੇ ਗੋਦ ਲਏ ਹੋਏ ਸਨ, ਵਿੱਚ ਵੀ ਅਜਿਹਾ ਹੀ ਪੈਟਰਨ ਦੇਖਣ ਨੂੰ ਮਿਲਿਆ। ਉਹ ਰਵਾਇਤੀ ਮਾਪਿਆਂ (ਔਰਤ+ਮਰਦ) ਨਾਲੋਂ ਜ਼ਿਆਦਾ ਆਪਣੇ ਬੱਚਿਆਂ ਵੱਲ ਧਿਆਨ ਦਿੰਦੇ ਸਨ।

ਅਜਿਹੇ ਹੀ ਇਕ ਰਿਸ਼ਤੇ ਵਿੱਚ ਰਹੇ ਜੋਅ ਕੂਪਰ ਆਪਣੀ ਈਮੇਲ ਵਿੱਚ ਲਿਖਦੇ ਹਨ, ''ਰੌਬ ਅਤੇ ਮੈਂ ਅਮਰੀਕਾ ਵਿੱਚ ਬੱਚੇ ਗੋਦ ਲੈਣ ਵਾਲੇ ਪਹਿਲੇ ਗੇਅ ਜੋੜਿਆਂ ਵਿੱਚੋਂ ਸੀ। ਇਹ ਹਾਲਾਂਕਿ ਹੁਣ ਇੱਕ ਆਮ ਗੱਲ ਹੋ ਚੁਕੀ ਹੈ ਜਦੋਂ ਗੇਅ 'ਮਾਪਿਆਂ' ਲਈ ਆਪਣੀ ਜ਼ਿੰਦਗੀ ਵਿੱਚ ਬੱਚੇ ਲਿਆਉਣ ਦੇ ਹੋਰ ਵੀ ਜ਼ਰੀਏ ਮੌਜੂਦ ਹਨ। (ਜਿਵੇਂ-ਸੈਰੋਗੇਸੀ ਅਤੇ ਆਈਵੀਐਫ਼ ਆਦਿ) ਪਰ ਚਾਰ ਦਹਾਕੇ ਪਹਿਲਾਂ ਅਜਿਹਾ ਨਹੀਂ ਸੀ।''

ਰੌਬ ਕੂਪਰ ਅਤੇ ਉਨ੍ਹਾਂ ਦੇ ਸਾਥੀ ਦਾ ਪਰਿਵਾਰ ਕੂਪਰਸ ਕਹਾਉਂਦਾ ਹੈ। ਉਨ੍ਹਾਂ ਨੇ ਪੰਜ ਬੱਚੇ ਗੋਦ ਲਏ ਸਨ। ਪੰਜੇ ਬਾਲਗ ਹੋ ਚੁੱਕੇ ਹਨ। ਰੌਬ ਆਪਣੇ ਅਨੁਭਵ ਬਾਰੇ ਦੱਸਦੇ ਹਨ, ''ਖੁਸ਼ਕਿਸਮਤੀ ਨਾਲ ਅਸੀਂ ਆਪਣੇ ਬੱਚੇ ਇੱਕ ਤਰੱਕੀ ਪਸੰਦ ਇਲਾਕੇ ਵਿੱਚ ਪਾਲੇ ਜਿੱਥੋਂ ਦਾ ਭਾਈਚਾਰਾ ਕਾਫ਼ੀ ਅਪਣੱਤ ਵਾਲਾ ਸੀ। ਸਾਨੂੰ ਆਪਣੇ ਗੁਆਂਢੀਆਂ ਤੋਂ ਸਿਰਫ਼ ਹਾਂਮੁਖੀ ਪ੍ਰਤੀਕਿਰਿਆਵਾਂ ਹੀ ਮਿਲੀਆਂ।''

ਪਰਿਵਾਰ

ਤਸਵੀਰ ਸਰੋਤ, Credit: Allan Arnaboldi)

ਤਸਵੀਰ ਕੈਪਸ਼ਨ, ਐਲਨ ਆਰਨਾਬੋਲਡੀ ਆਪਣੀ ਬੇਟੀ ਡੇਨਾ ਦੇ ਨਾਲ ਸਾਲ 2021

ਅਮਰੀਕਾ ਵਿੱਚ ਇਸ ਸਮੇਂ ਰਹਿ ਰਹੇ 24% ਲੈਜ਼ਬੀਅਨ ਦੇ ਜੋੜੇ ਅਤੇ 8% ਗੇਅ ਜੋੜੇ ਬੱਚੇ ਪਾਲ ਰਹੇ ਹਨ। ਜਦਕਿ ਬ੍ਰਿਟੇਨ ਵਿੱਚ ਗੋਦ ਲੈਣ ਵਾਲੇ ਮਾਪਿਆਂ ਵਿੱਚੋਂ ਲਗਭਗ 8% ਫ਼ੀਸਦੀ ਹਮ-ਜਿਣਸੀ ਜੋੜੇ ਹੁੰਦੇ ਹਨ।

ਹਾਲਾਂਕਿ ਵਿਵਾਦ ਉੱਠਦਾ ਰਹਿੰਦਾ ਹੈ। 1980 ਦੇ ਦਹਾਕੇ ਵਿੱਚ ਇੱਕ ਕੁੜੀ ਜਿਸ ਨੂੰ ਉਸ ਦੇ ਹਮ-ਜਿਣਸੀ ਪੁਰਸ਼ ਮਾਪਿਆਂ ਨੇ ਪਾਲਿਆਂ ਸੀ ਵੱਲੋਂ ਲਿਖੀ ਕਿਤਾਬ ਉੱਪਰ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਕਾਨੂੰਨ ਰਾਹੀਂ ਸਕੂਲਾਂ ਉੱਪਰ ਹਮ-ਜਿਣਸੀ ਮਾਪਿਆਂ ਬਾਰੇ ਚਰਚਾ ਕਰਨ/ਸਵਾਲ ਪੁੱਛਣ ਉੱਪਰ ਰੋਕ ਲਗਾ ਦਿੱਤੀ ਗਈ। ਬਾਅਦ ਵਿੱਚ ਇਹ ਕਾਨੂੰਨ ਬਦਲ ਦਿੱਤਾ ਗਿਆ।

ਸਾਲ 2019 ਵਿੱਚ ਪ੍ਰਾਇਮਰੀ ਸਕੂਲ ਦੀ ਇੱਕ ਕਿਤਾਬ ਦੇ ਵਿੱਚ ਦੋ ਨਰ ਪੈਂਗੂਇਨ ਇੱਕ ਚੂਜ਼ਾ ਪਾਲਦੇ ਦਿਖਾਏ ਗਏ। ਇਸ ਤਸਵੀਰ ਤੋਂ ਵਿਵਾਦ ਹੋਇਆ। ਮਾਪਿਆਂ ਨੇ ਸਕੂਲਾਂ ਵਿੱਚ ਹਮ-ਜਿਣਸੀ ਰਿਸ਼ਤਿਆਂ ਦੇ ਜ਼ਿਕਰ ਉੱਪਰ ਪਾਬੰਦੀ ਦੀ ਮੰਗ ਕੀਤੀ।

ਡੇਨਾ ਆਰਨਾਬੋਲਡੀ ਦੱਸਦੇ ਹਨ ਕਿ 2006 ਵਿੱਚ ਮੈਸਾਚਿਊਸਿਟਸ ਨੇ ਹਮ-ਜਿਣਸੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਮਗਰੋਂ ਉਨ੍ਹਾਂ ਦੇ ਬੇਟੀ ਨੇ ਆਪਣੇ ਜੀਵਨ ਦਾ ਪਹਿਲਾ ਵਿਆਹ ਆਪਣੇ ਨਾਨੇ ਦਾ ਆਪਣੇ ਪੁਰਸ਼ ਸਾਥੀ ਨਾਲ ਹੁੰਦਾ ਦੇਖਿਆ।

ਐਲਨ ਆਰਨਾਬੋਲਡੀ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ ਦੋਹਤੀ ਨੇ ਉਨ੍ਹਾਂ ਨੂੰ ਅਹਿਸਾਸ ਦਵਾਇਆ ਸੀ ਕੀ ਦੁਨੀਆਂ ਕਿੰਨੀ ਅੱਗੇ ਆ ਗਈ ਹੈ। ਦੋਹਤੀ ਦੀ ਦੋਸਤ ਨੇ ਦੱਸਿਆ ਸੀ ਕਿ ਉਹ ਇੱਕ ਟਰਾਂਸਜੈਂਡਰ ਹੈ।

ਜਦੋਂ ਦੋਹਤੀ ਨੇ ਪੁੱਛਿਆ ਕਿ ਉਹ ਕੀ ਹੁੰਦੇ ਹਨ। ਇਸ 'ਤੇ ਉਹ ਕੁੜੀ ਬੋਲੀ ਕਿ ਮੈਂ ਇੱਕ ਮੁੰਡੇ ਵਜੋਂ ਪੈਦਾ ਹੋਈ ਸੀ ਪਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਇੱਕ ਕੁੜੀ ਹਾਂ, ਇਸ ਲਈ ਕੁੜੀ ਵਾਂਗ ਰਹਿੰਦੀ ਹਾਂ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਦੋਹਤੀ ਆਪਣੀ ਉਸ ਦੋਸਤ ਨਾਲ ਇਸ ਤਰ੍ਹਾਂ ਗੱਲ ਕਰਦੀ ਰਹੀ ਜਿਵੇਂ ਇਹ ਸਿਰਫ਼ ਕੋਈ ਹੋਰ ਆਮ ਜਾਣਕਾਰੀ ਸੀ 'ਅਤੇ ਇਸ ਕਾਰਨ ਦੋਸਤੀ ਤੋੜਨ ਦੀ ਲੋੜ ਨਹੀਂ ਸੀ।'

ਇਹ ਵੀ ਪੜ੍ਹੋ:

ਵੀਡੀਓ ਕੈਪਸ਼ਨ, ਮਾਂ ਦਾ ਇੱਕ ਬੱਚੇ ਨੂੰ ਵੱਧ ਲਾਡ ਦੂਜੇ ’ਤੇ ਕੀ ਅਸਰ ਪਾਉਂਦਾ ਹੈ

ਅਜਿਹਾ ਨਹੀਂ ਹੈ ਕਿ ਸਿਰਫ਼ ਗੇ ਜਾਂ ਲੈਜ਼ਬੀਅਨ ਜੋੜਿਆਂ ਨੂੰ ਹੀ ਚੋਰੀ ਦੀ ਜ਼ਿੰਦਗੀ ਜਿਉਣੀ ਪੈਂਦੀ ਸੀ ਸਗੋਂ ਉਹ ਮਾਂ-ਬਾਪ ਜੋ ਸਪਰਮ ਜਾਂ ਦਾਨ ਵਜੋਂ ਹਾਸਲ ਐਗਸ ਰਾਹੀਂ ਬੱਚੇ ਨੂੰ ਜਨਮ ਦਿੰਦੇ ਸਨ ਉਨ੍ਹਾਂ ਨੂੰ ਵੀ ਇਸ ਬਾਰੇ ਓਹਲਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਸੀ।

ਹਾਲਾਂਕਿ ਇਸਦੇ ਨਤੀਜੇ ਕਈ ਵਾਰ ਭਿਆਨਕ ਨਿਕਲਦੇ ਸਨ। ਬੱਚਿਆਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਕੁਝ ਤਾਂ ਪਰਦੇਦਾਰੀ ਹੈ। ਕੁਝ ਉੱਪਰ ਅਚਾਨਕ ਇਸ ਭੇਤ ਦਾ ਖੁਲਾਸਾ ਹੋ ਜਾਂਦਾ ਸੀ। ਫਿਰ ਸਥਿਤੀ ਵਿਸੋਫ਼ੋਟਕ ਹੋਣ ਦੀ ਸੰਭਾਵਨਾ ਵੀ ਰਹਿੰਦੀ ਸੀ।

ਪਿਛਲੇ ਕੁਝ ਸਮੇਂ ਤੋਂ ਸਪਰਮ ਅਤੇ ਐਗ ਦਾਨ ਰਾਹੀਂ ਪੈਦਾ ਹੋਏ ਬੱਚੇ ਸੰਘਰਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਵਿਰਾਸਤ ਅਤੇ ਆਪਣੇ ਮੈਡੀਕਲ ਇਤਿਹਾਸ ਨੂੰ ਜਾਨਣ ਦਾ ਹੱਕ ਹੈ। ਇਹ ਵੀ ਕਿ ਉਨ੍ਹਾਂ ਦੇ ਇਸ ਤਰ੍ਹਾਂ ਦੇ ਹੋਰ ਕਿੰਨੇ ਭੈਣ-ਭਰਾ ਹਨ।

ਪਰਿਵਾਰ

ਤਸਵੀਰ ਸਰੋਤ, redit: Gee Roberts

ਤਸਵੀਰ ਕੈਪਸ਼ਨ, ਗੀ ਰੌਬਰਟਸ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ ਸੈਰੋਗੇਸੀ ਦੀ ਪੈਦਾਇਸ਼ ਹੋਣ ਵਜੋਂ ਸੰਬੋਧਨ ਕੀਤਾ ਅਤੇ ਆਪਣੇ ਅਨੁਭਵ ਸਾਂਝੇ ਕੀਤੇ

ਇਸ ਲਈ ਹੁਣ ਮਾਪਿਆਂ ਨੂੰ ਓਹਲਾ ਰੱਖਣ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਬ੍ਰਿਟੇਨ ਵਿੱਚ ਇਸ ਬਾਰੇ ਕਾਨੂੰਨ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਜੇ ਕੋਈ ਵਿਅਕਤੀ ਸਪਰਮ/ਐਗ ਜਾਂ ਭਰੂਣ ਦਾਨ ਕਰਦਾ ਹੈ ਤਾਂ ਉਨ੍ਹਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਬਾਲਗ ਹੋਣ ਤੋਂ ਬਾਅਦ ਉਸ ਵਿਅਕਤੀ ਬਾਰੇ ਜਾਨਣ ਦਾ ਹੱਕ ਹੈ।ਉਹ ਆਪਣੇ ਇਸ ਹੱਕ ਦੀ ਵਰਤੋਂ ਕਰਦੇ ਹਨ ਜਾਂ ਨਹੀਂ ਇਹ ਇੱਕ ਵੱਖਰਾ ਵਿਸ਼ਾ ਹੈ।

ਗੀਅ ਨੂੰ ਆਪਣੀ ਉਤਪੱਤੀ ਬਾਰੇ ਹਮੇਸ਼ਾ ਤੋਂ ਹੀ ਪਤਾ ਸੀ। ਬਚਪਨ ਵਿੱਚ ਉਨ੍ਹਾਂ ਦੇ ਮਾਪੇ ਗੀਅ ਨੂੰ ਸੂਜ਼ੈਨ ਨਾਲ ਮਿਲਾਉਂਦੇ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਸੀ ਕਿ ਸੂਜ਼ੈਨ ਗੀਅ ਦੀ ਜਨਮ ਦੇਣ ਵਾਲੀ ਮਾਂ (''ਟਮ ਮਮ'') ਹੈ। ਹਾਲਾਂਕਿ ਗੀਅ ਹੁਣ ਸੂਜ਼ੈਨ ਨਾਲੋਂ ਪਾਲਣ ਵਾਲਿਆਂ ਨੂੰ ਹੀ ਮਾਪੇ ਮੰਨਦੇ ਹਨ।

ਬਚਪਨ ਵਿੱਚ ਜਦੋਂ ਉਨ੍ਹਾਂ ਨੂੰ 'ਮਾਂ-ਬਾਪ' ਦੀ ਤਸਵੀਰ ਬਣਾਉਣ ਲਈ ਕਿਹਾ ਜਾਂਦਾ ਤਾਂ ਗੀਅ ਸੂ਼ਜ਼ੈਨ ਦੀ ਤਸਵੀਰ ਵੀ ਨਾਲ ਬਣਉਂਦੇ। ਫਿਰ ਵੀ ਗੀਅ ਨੂੰ ਪਰਿਵਾਰ ਵਿੱਚ ਆਪਣੀ ਥਾਂ ਹਮੇਸ਼ਾ ਮਹਿਫੂਜ਼ ਮਹਿਸੂਸ ਹੁੰਦੀ ਕਿ ਉਸ ਦੇ 'ਮਾਂ-ਬਾਪ' ਹੀ ਉਸ ਨੂੰ ਪਾਲ ਰਹੇ ਹਨ।

ਸਾਲ 2019 ਵਿੱਚ ਗੀਅ ਸੰਯੁਕਤ ਰਾਸ਼ਟਰ ਦੇ ਜਿਨੇਵਾ ਸਥਿਤ ਮੁੱਖ ਦਫ਼ਤਰ ਗਏ ਅਤੇ ਉੱਥੇ ਦਾਨੀਆਂ ਅਤੇ ਸੈਰੋਗੇਸੀ ਤੋਂ ਪੈਦਾ ਹੋਣ ਵਾਲੇ ਬੱਚਿਆਂ ਦੇ ਹੱਕਾਂ ਬਾਰੇ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੇ ਪਰਿਵਾਰ ਦਾ ਤਜ਼ਰਬਾ ਵੀ ਉੱਥੇ ਸਾਂਝਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਲਈ ''ਇਸ ਤਰ੍ਹਾਂ ਦਿਖਾਉਣਾ ਜਿਵੇਂ ਕੁਝ ਹੋਇਆ ਹੀ ਨਹੀਂ ਸੌਖਾ ਨਹੀਂ ਹੈ। ਇਸ ਲਈ ਸ਼ੁਰੂ ਤੋਂ ਹੀ ਇਸ ਬਾਰੇ ਖੁੱਲ੍ਹਾਪਣ ਅਪਨਾਉਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਸੈਰੋਗੇਸੀ ਤੋਂ ਪੈਦਾ ਹੋਣ ਵਾਲੇ ਬੱਚਿਆਂ ਅਤੇ ਪਰਿਵਾਰਾਂ ਬਾਰੇ ਅਜੇ ਰਿਸਰਚ ਦੀ ਕਮੀ ਹੈ। ਹਾਲਾਂਕਿ ਜੋ ਕੰਮ ਹੋਇਆ ਹੈ ਉਹ ਦਰਸਾਉਂਦਾ ਹੈ ਕਿ ਬੱਚੇ ਆਪਣੀ ਉਤਪੱਤੀ ਨੂੰ ਸਵੀਕਾਰ ਕਰ ਲੈਂਦੇ ਹਨ, ਘੱਟੋ-ਘੱਟ ਬ੍ਰਿਟੇਨ ਅਤੇ ਅਮਰੀਕਾ ਵਿੱਚ ਤਾਂ ਅਜਿਹਾ ਹੀ ਹੈ।

ਬ੍ਰਿਟੇਨ ਵਿੱਚ ਦੇਖਿਆ ਗਿਆ ਕਿ ਸੈਰੋਗੇਸੀ ਤੋਂ ਪੈਦਾ ਹੋਏ ਬੱਚਿਆਂ ਦੇ ਆਪਣੀਆਂ ਜਨਮ ਦੇਣ ਵਾਲੀਆਂ ਮਾਵਾਂ (ਸੈਰੋਗੇਟਸ) ਨਾਲ ਚੰਗੇ ਰਿਸ਼ਤੇ ਸਨ ਅਤੇ ਉਹ ਆਪਣੇ ਜਨਮ ਬਾਰੇ ਵੀ ਵਧੀਆ ਮਹਿਸੂਸ ਕਰਦੇ ਸਨ।

ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਹਮ-ਜਿਣਸੀ ਪੁਰਸ਼ ਮਾਪੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਸਨ ਅਤੇ ਉਨ੍ਹਾਂ ਦੇ ਸੈਰੋਗੇਟ ਨਾਲ ਵੀ ਚੰਗੇ ਰਿਸ਼ਤੇ ਸਨ। ਬੱਚਿਆਂ ਦੀ ਭਾਵਨਾਤਮਿਕ ਸਲਾਮਤੀ ਦਾ ਵੀ ਵਧੀਆ ਪੱਧਰ ਸੀ।

ਪਰਿਵਾਰ

ਤਸਵੀਰ ਸਰੋਤ, Credit: Gigi Kaeser / Love Makes a Family

ਤਸਵੀਰ ਕੈਪਸ਼ਨ, ਮਾਈਕਲ ਐਲਾਸੇਰ ਅਤੇ ਡੋਅ ਰੌਬਨਿਸਨ ਦਾ ਪਰਿਵਾਰ -ਸਾਲ 1990 ਦਾ ਦਹਾਕਾ

ਹਾਲਾਂ ਕਿ ਕੁਝ ਮਿਸਾਲਾਂ ਅਜਿਹੀਆਂ ਵੀ ਹਨ ਜਿੱਥੇ ਇਹ ਰਿਸ਼ਤੇ ਵਧੀਆ ਨਹੀਂ ਰਹੇ ਅਤੇ ਸੈਰੋਗੇਟ ਨਾਲ ਤਜ਼ਰਬਾ ਬਹੁਤ ਖਰਾਬ ਵੀ ਰਿਹਾ।

ਰਵਾਇਤ ਤੋਂ ਹਟ ਕੇ ਪਰਿਵਾਰ

ਪਰਿਵਾਰਾਂ ਦੇ ਨਵੇਂ ਪੈਦਾ ਹੋ ਰਹੇ ਰੂਪ-ਪ੍ਰਾਰੂਪ ਸਾਡੇ ਆਪਸੀ ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਸਕਦੇ ਹਨ। ਹਾਲਾਂਕਿ ਦੇਖਿਆ ਜਾਵੇ ਤਾਂ ਅਤੀਤ ਵਿੱਚ ਵੀ ਸਮਾਜ ਤਬਦੀਲੀ ਮੁਤਾਬਕ ਆਪਣੇ-ਆਪ ਨੂੰ ਢਾਲਦੇ ਰਹੇ ਹਨ।

ਪੈਟਰੀਸ਼ੀਆ ਥਾਨੇ ਜੋ ਕਿ ਬੀਰਬਕ ਕਾਲਜ ਲੰਡਨ ਵਿੱਚ ਵਿਜ਼ਟਿੰਗ ਪ੍ਰੋਫ਼ੈਸਰ ਹਨ ਉਹ ਕਹਿੰਦੇ ਹਨ,''ਪਰਿਵਾਰ ਦੀ ਸੰਸਥਾ ਕਦੇ ਵੀ ਜੜ੍ਹ ਨਹੀਂ ਰਹੀ ਹੈ ਸਗੋਂ ਇਹ ਤਰਲ ਅਤੇ ਗਤੀਸ਼ੀਲ ਰਹੀ ਹੈ।''

ਸ਼ੁਰੂ ਵਿੱਚ ਲੋਕਾਂ ਦੀ ਜਵਾਨ ਉਮਰ ਵਿੱਚ ਮੌਤ ਹੋ ਜਾਂਦੀ ਸੀ ਅਤੇ ਮਰਦਾਂ ਦੀ ਉਮਰ ਔਰਤਾਂ ਨਾਲੋਂ ਘੱਟ ਹੁੰਦੀ ਸੀ। ਨਤੀਜੇ ਵਜੋਂ ਕਈ ਔਰਤਾਂ ਵਿਧਵਾ ਹੋ ਜਾਂਦੀਆਂ ਸਨ ਅਤੇ ਇਕੱਲੀਆਂ ਬੱਚੇ ਪਾਲਦੀਆਂ ਸਨ।

ਉਹ ਕਹਿੰਦੇ ਹਨ ਕਿ 19ਵੀਂ ਤੇ 20ਵੀਂ ਸਦੀ ਵਿੱਚ ਬਹੁਤ ਸਾਰੇ ਪਰਿਵਾਰ ਸਨ ਜਿਨ੍ਹਾਂ ਨੂੰ ਇਕੱਲੀਆਂ ਮਾਵਾਂ ਪਾਲ ਰਹੀਆਂ ਸਨ।

ਪਹਿਲਾਂ ਕਈ ਲੋਕਾਂ ਦਾ ਇੱਕ ਵੀ ਬੱਚਾ ਜਿਉਂਦਾ ਨਹੀਂ ਰਹਿੰਦਾ ਸੀ ਜਦਕਿ ਕਈ ਮਾਪਿਆਂ ਦੇ ਬੱਚੇ ਕੰਮ ਦੀ ਤਲਾਸ਼ ਵਿੱਚ ਹਿਜਰਤ ਕਰ ਜਾਂਦੇ ਸਨ। ਉਸ ਸਮੇਂ ਪਰਿਵਾਰ ਲਈ ਆਪਸੀ ਸੰਪਰਕ ਵਿੱਚ ਰਹਿਣਾ ਬਹੁਤ ਮੁਸ਼ਕਲ ਹੁੰਦਾ ਸੀ ਪਰ ਹੁਣ ਤਕਨੌਲੋਜੀ ਨੇ ਇਹ ਮੁਸ਼ਕਲਾਂ ਹੱਲ ਕਰ ਦਿੱਤੀਆਂ ਹਨ। ਹੁਣ ਪੀੜ੍ਹੀਆਂ ਆਪਸ ਵਿੱਚ ਜੁੜੀਆਂ ਰਹਿ ਸਕਦੀਆਂ ਹਨ।

ਸਾਡੀ ਪਰਿਵਾਰ ਬਾਰੇ ਧਾਰਨਾ ਵੀ ਨਿਰੰਤਰ ਵਿਕਾਸ ਕਰਦੀ ਰਹਿੰਦੀ ਹੈ। ਇਸ ਦੀ ਸ਼ੁਰੂਆਤ ਦਾ ਇੱਕੋ-ਇੱਕ ਤਰੀਕਾ ਔਰਤ ਅਤੇ ਮਰਦ ਦਾ ਵਿਆਹ ਨਹੀਂ ਰਹਿ ਗਿਆ ਹੈ। ਨਾ ਹੀ ਇਸ ਵਿੱਚ ਵਾਧੇ ਦਾ ਸਿਰਫ਼ ਰਵਾਇਤੀ ਤਰੀਕਾ ਰਹਿ ਗਿਆ ਹੈ।

ਗੀਅ ਹੁਣ ਡਾਕਟਰੀ ਪੇਸ਼ੇ ਵਿੱਚ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਸਟਾਫ਼ ਨੂੰ ਗੱਲ ਕਰਦੇ ਸੁਣਿਆ ਕਿ ਇੱਕ ਬੱਚੇ ਦਾ ਸੈਰੋਗੇਸੀ ਰਾਹੀਂ ਜਨਮ ਹੋਇਆ ਹੈ। ਸਟਾਫ਼ ਹਮ-ਜਿਣਸੀ ਪੁਰਸ਼ ਮਾਪਿਆਂ ਨਾਲ ਗੱਲ ਕਰਨ ਬਾਰੇ ਝਿਜਕ ਰਿਹਾ ਸੀ।

ਗੀਅ ਰੌਬਰਟਸ ਨੇ ਭਵਿੱਖ ਦੇ ਇੱਕ ਦੂਤ ਵਾਂਗ ਸਥਿਤੀ ਨੂੰ ਸੰਭਾਲਿਆ। ਉਨ੍ਹਾਂ ਨੇ ਹਮ-ਜਿਣਸੀ ਜੋੜੇ ਨੂੰ ਦੱਸਿਆ ''ਮੇਰਾ ਜਨਮ ਵੀ ਸੈਰੋਗੇਸੀ ਰਾਹੀਂ ਹੋਇਆ ਹੈ ਅਤੇ ਉਸ ਤੋਂ ਬਾਅਦ ਵਧੀਆ ਗੱਲਬਾਤ ਤੁਰ ਪਈ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)