ਅਫ਼ਗ਼ਾਨਿਸਤਾਨ˸ "ਸਾਰੀਆਂ ਮਹਿਲਾਵਾਂ ਮੇਰੇ ਕਾਬੁਲ ਵਾਲੇ ਹੋਟਲ ਤੋਂ ਕੰਮ ਛੱਡ ਕੇ ਚਲੀਆਂ ਗਈਆਂ ਹਨ"

    • ਲੇਖਕ, ਮਲਿਕ ਮੁਦੱਸਿਰ
    • ਰੋਲ, ਬੀਬੀਸੀ ਨਿਊਜ਼, ਕਾਬੁਲ

ਅਫ਼ਗਾਨ ਲੋਕ ਹੁਣ ਆਪਣੇ ਕੰਮਾਂ 'ਤੇ ਵਾਪਸ ਆ ਰਹੇ ਹਨ ਅਤੇ ਸੜਕਾਂ 'ਤੇ ਹੁਣ ਹੋਰ ਵੀ ਜ਼ਿਆਦਾ ਕਾਰਾਂ ਹਨ, ਪਰ ਤਾਲਿਬਾਨ ਦੇ ਕਬਜ਼ੇ ਤੋਂ ਦੋ ਦਿਨਾਂ ਬਾਅਦ ਹੀ ਕਾਬੁਲ ਵਿੱਚ ਲੋਕਾਂ ਦਾ ਵਿਵਹਾਰ ਬਦਲਣਾ ਸ਼ੁਰੂ ਹੋ ਗਿਆ ਹੈ।

ਤਾਲਿਬਾਨ ਦੇ 28 ਆਦਮੀਆਂ ਦਾ ਇੱਕ ਸਮੂਹ ਮੇਰੇ ਹੋਟਲ ਵਿੱਚ ਆਇਆ। ਉਹ ਬੰਦੂਕਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਭੋਜਨ ਮੰਗਿਆ। ਹੋਟਲ ਦੇ ਸਾਰੇ ਕਰਮਚਾਰੀ ਘਬਰਾ ਗਏ।

ਹੋਟਲ ਦੇ ਸੁਰੱਖਿਆ ਪ੍ਰਬੰਧਕ ਨੇ ਕਿਹਾ, "ਵੇਖੋ, ਸਾਨੂੰ ਇਸ ਜਗ੍ਹਾ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ। ਕੋਈ ਵੀ ਬੰਦੂਕ ਲੈ ਕੇ ਆ ਸਕਦਾ ਹੈ ਅਤੇ ਆਪਣੇ ਤਾਲਿਬਾਨ ਹੋਣ ਦਾ ਦਾਅਵਾ ਕਰ ਸਕਦਾ ਹੈ, ਪਰ ਉਹ ਕੋਈ ਲੁਟੇਰਾ ਜਾਂ ਚੋਰ ਵੀ ਹੋ ਸਕਦਾ ਹੈ।"

"ਇਸ ਲਈ, ਕਿਉਂ ਨਹੀਂ ਤੁਸੀਂ ਸਾਨੂੰ ਇਹ ਦੱਸ ਦਿੰਦੇ ਕਿ ਤੁਹਾਡੇ ਨਾਲ ਕੌਣ ਹੈ, ਤਾਂ ਜੋ ਅਸੀਂ ਜਾਣ ਸਕੀਏ ਕਿ ਕੌਣ ਤਾਲਿਬਾਨ ਹਨ ਅਤੇ ਕੌਣ ਨਹੀਂ। ਤੁਸੀਂ ਸਾਡੇ ਨਾਲੋਂ ਬਿਹਤਰ ਜਾਣਦੇ ਹੋ।"

ਬੇਸ਼ੱਕ, ਸਾਰੇ ਆਦਮੀਆਂ ਨੂੰ ਖਾਣਾ ਖੁਆਇਆ ਗਿਆ। ਬਾਅਦ ਵਿੱਚ ਮੈਂ ਰੂਮ ਸਰਵਿਸ ਤੋਂ ਕੁਝ ਆਰਡਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਟਾਫ ਨੇ ਕਿਹਾ ਕਿ ਤਾਲਿਬਾਨ ਨੇ ਇਹ ਸਭ ਖ਼ਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਕੁਝ ਦਿਨ ਪਹਿਲਾਂ, ਉਹ ਦੁਸ਼ਮਣ ਸਨ। ਹੋਟਲ ਦੇ ਅੰਦਰ ਅਤੇ ਆਲੇ-ਦੁਆਲੇ ਵਰਦੀਧਾਰੀ ਗਾਰਡ ਤੈਨਾਤ ਸਨ ਜੋ ਸਾਨੂੰ ਤਾਲਿਬਾਨ ਤੋਂ ਬਚਾ ਰਹੇ ਸਨ।

ਹੁਣ ਇੱਥੇ ਤਾਲਿਬਾਨ ਹਨ, ਜੋ ਬੰਦੂਕਾਂ ਲੈ ਕੇ ਬਾਹਰ ਖੜ੍ਹੇ ਹਨ, ਕਾਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਹਨ।

ਮੈਂ ਵੇਖ ਸਕਦਾ ਹਾਂ ਕਿ ਪਿਛਲੇ ਤਿੰਨ ਦਿਨਾਂ ਤੋਂ ਹੋਟਲ ਦੇ ਪੁਰਸ਼ ਕਰਮਚਾਰੀਆਂ ਨੇ ਆਪਣੀ ਦਾੜ੍ਹੀ ਨਹੀਂ ਬਣਾਈ ਹੈ ਅਤੇ ਸਾਰੀਆਂ ਮਹਿਲਾ ਕਰਮਚਾਰੀ ਹੋਟਲ ਛੱਡ ਕੇ ਚਲੀਆਂ ਗਈਆਂ ਹਨ।

ਰਿਸੈਪਸ਼ਨ 'ਤੇ, ਰੂਮ ਸਰਵਿਸ ਲਈ, ਸਫਾਈ ਲਈ, ਹੁਣ ਇੱਥੇ ਔਰਤਾਂ ਨਹੀਂ ਹਨ।

ਹੋਟਲ ਵਿੱਚ ਚੱਲਣ ਵਾਲਾ ਬੈਕਗ੍ਰਾਉਂਡ ਸੰਗੀਤ ਵੀ ਹੁਣ ਬੰਦ ਹੋ ਗਿਆ ਹੈ। ਮੈਂ ਸਟਾਫ ਵਿੱਚੋਂ ਇੱਕ ਨੂੰ ਪੁੱਛਿਆ, ਤਾਂ ਉਸ ਨੇ ਜਵਾਬ ਦਿੱਤਾ, "ਦੋਸਤ ਇੱਥੇ ਹਨ, ਇਸ ਲਈ ਹੁਣ ਹੋਰ ਸੰਗੀਤ ਨਹੀਂ।"

ਕੱਲ੍ਹ ਨਾਲੋਂ, ਸ਼ਹਿਰ ਹੁਣ ਬਹੁਤ ਜ਼ਿਆਦਾ ਮਸਰੂਫ਼ ਹੈ। ਟ੍ਰੈਫਿਕ ਬਹੁਤ ਵੱਧ ਗਿਆ ਹੈ, ਕੁਝ ਹੋਰ ਦੁਕਾਨਾਂ ਖੁੱਲ੍ਹ ਗਈਆਂ ਹਨ ਅਤੇ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਲੱਗੇ ਹੋਏ ਹਨ।

ਸ਼ਹਿਰ ਵਿੱਚ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ, ਗੋਲੀਬਾਰੀ ਜਾਂ ਹੈਲੀਕਾਪਟਰ ਦੀ ਵੀ ਆਵਾਜ਼ ਨਹੀਂ ਹੈ। ਮੈਂ ਕੁਝ ਫੌਜੀ ਜਹਾਜ਼ਾਂ ਨੂੰ ਸ਼ਹਿਰ ਦੇ ਉੱਪਰ ਉੱਡਦੇ ਹੋਏ ਸੁਣ ਸਕਦਾ ਹਾਂ।

ਇਹ ਵੀ ਪੜ੍ਹੋ-

ਲੋਕਾਂ ਨਾਲ ਚੰਗਾ ਵਿਵਹਾਰ

ਮੈਂ ਵੇਖ ਸਕਦਾ ਹਾਂ ਕਿ ਤਾਲਿਬਾਨ ਦੀ ਮੌਜੂਦਗੀ ਵੱਧ ਗਈ ਹੈ। ਇਹ ਲੜਾਕੇ ਅਫ਼ਗ਼ਾਨਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਆਏ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ, ਰਾਜਧਾਨੀ ਦੇ ਦੱਖਣ ਵਿੱਚ ਲੋਗਾਰ ਸੂਬੇ ਦੇ ਹਨ। ਉਹ ਕਹਿੰਦੇ ਹਨ ਕਿ ਉਹ ਇੱਥੇ ਆਦੇਸ਼ ਦੀ ਪਾਲਣਾ ਕਰਨ ਆਏ ਹਨ।

ਜਿਨ੍ਹਾਂ ਨੂੰ ਮੈਂ ਵੇਖਿਆ ਹੈ ਉਹ ਲੋਕਾਂ ਨਾਲ ਚੰਗਾ ਵਿਵਹਾਰ ਕਰ ਰਹੇ ਹਨ। ਕਈ ਵਾਰ ਉਹ ਇਹ ਵੀ ਪੁੱਛਦੇ ਹਨ ਕਿ ਕੀ ਤੁਸੀਂ ਠੀਕ ਹੋ, ਜਾਂ ਕੀ ਤੁਹਾਨੂੰ ਕਿਸੇ ਚੀਜ਼ ਲਈ ਮਦਦ ਦੀ ਜ਼ਰੂਰਤ ਹੈ।

ਮੰਗਲਵਾਰ ਨੂੰ ਮੈਂ ਕੇਂਦਰ ਵਿੱਚ ਦੋ ਗਲੀ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ। ਗਰੀਬ ਅਫ਼ਗ਼ਾਨ ਹੋਣ ਦੇ ਨਾਤੇ, ਉਨ੍ਹਾਂ ਨੇ ਕਿਹਾ ਕਿ ਭਾਵੇਂ ਤਾਲਿਬਾਨ ਹੋਣ ਜਾਂ ਅਮਰੀਕੀ, ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਿਆ।

ਮੰਗਲਵਾਰ ਨੂੰ ਹੀ ਫੇਸਬੁੱਕ ਉੱਤੇ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਦੀ ਕਿ ਤਸਦੀਕ ਨਹੀਂ ਹੋਈ ਹੈ ਅਤੇ ਜਿਸ ਵਿੱਚ ਔਰਤਾਂ ਸਿਰ ਢੱਕ ਕੇ ਸ਼ਹਿਰ ਦੀ ਇੱਕ ਸੜਕ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ।

ਉਨ੍ਹਾਂ ਦੇ ਹੱਥਾਂ ਵਿੱਚ ਪੋਸਟਰ ਹਨ ਅਤੇ ਉਹ ਰਾਜਨੀਤੀ, ਸਿੱਖਿਆ, ਮਨੁੱਖੀ ਅਧਿਕਾਰਾਂ ਵਿੱਚ ਹਿੱਸੇਦਾਰੀ ਅਤੇ ਨਾਗਰਿਕਾਂ ਵਾਂਗ ਬਰਾਬਰੀ ਦੇ ਵਿਵਹਾਰ ਦੀ ਮੰਗ ਕਰ ਰਹੀਆਂ ਹਨ। ਮੈਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਸੁਣੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)