You’re viewing a text-only version of this website that uses less data. View the main version of the website including all images and videos.
ਡੇਰੇਦਾਰਾਂ ਤੇ ਕੱਟੜਪੰਥੀਆਂ ਦੀ ਚੁੰਗਲ ਵਿਚ ਫਸੇ ਲੋਕਾਂ ਨੂੰ ਇਹ ਵਿਅਕਤੀ ਕਿਵੇਂ ਕੱਢਦਾ ਹੈ
ਰਿਕ ਰੋਜ਼ ਨੇ ਲੋਕਾਂ ਨੂੰ ਧਾਰਮਿਕ ਸੰਪ੍ਰਦਾਵਾਂ ਅਤੇ ਨਫ਼ਰਤ ਫਲਾਉਣ ਵਾਲੇ ਸਮੂਹਾਂ ਤੋਂ ਬਾਹਰ ਕੱਢਣ ਲਈ 500 ਤੋਂ ਵੱਧ ਮਾਮਲਿਆਂ 'ਚ ਵਿਚੋਲਗੀ ਰਾਹੀਂ ਗੱਲਬਾਤ ਕੀਤੀ ਹੈ।
ਆਪਣੇ ਇਸ ਕੰਮ ਦੌਰਾਨ ਉਨ੍ਹਾਂ ਨੂੰ ਕਈ ਵਾਰ ਮੌਤ ਦੀਆਂ ਧਮਕੀਆਂ ਵੀ ਮਿਲੀਆਂ ਹਨ ਅਤੇ ਉਨ੍ਹਾਂ ਦੀ ਇਹ ਨੌਕਰੀ ਪੂਰੀ ਤਰ੍ਹਾਂ ਨਾਲ ਵਿਵਾਦਾਂ 'ਚ ਘਿਰੀ ਹੋਈ ਹੈ।
ਤੁਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਆਪਣੇ ਭਰੋਸੇ 'ਚ ਲਿਆਉਂਦੇ ਹੋ, ਜਿੰਨ੍ਹਾਂ ਨੂੰ ਕਿਸੇ ਖ਼ਤਰਨਾਕ ਸਮੂਹ ਵੱਲੋਂ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਨੂੰ ਪ੍ਰਭਾਵਤ ਕੀਤਾ ਗਿਆ ਹੁੰਦਾ ਹੈ।
ਇਸੇ ਪ੍ਰਭਾਵ ਹੇਠ ਉਹ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਪਰਾਂ ਕਿਸੇ ਨਵੀਂ ਜ਼ਿੰਦਗੀ ਦੀ ਸ਼ੂਰੂਆਤ ਕਰਦੇ ਹਨ?
ਰਿਕ ਐਲਨ ਰੋਜ਼ ਲਈ ਇਹ ਇੱਕ ਵੱਡੀ ਚੁਣੌਤੀ ਹੈ ਪਰ ਇਹ ਉਸ ਦੀ ਨੌਕਰੀ ਦਾ ਹਿੱਸਾ ਹੈ।
ਇਹ ਵੀ ਪੜ੍ਹੋ
ਰੋਜ਼ ਇੱਕ ਵਿਸ਼ਵ ਪ੍ਰਸਿੱਧ ਪੰਥ ਦਖਲਅੰਦਾਜ਼ੀ ਮਾਹਰ ਹਨ। ਪਿਛਲੇ ਸਮੇਂ ਉਨ੍ਹਾਂ ਨੂੰ 'ਕਲਟ ਡੀਪ੍ਰੋਗ੍ਰਾਮਰ' ਅਤੇ ਵਧੇਰੇ ਸਨਸਨੀਖੇਜ਼ ਤੌਰ 'ਤੇ ਇੱਕ 'ਕਲਟ ਬੱਸਟਰ' ਕਿਹਾ ਜਾਂਦਾ ਰਿਹਾ ਹੈ।
ਕਿਵੇਂ ਕਰਦੇ ਹਨ ਲੋਕਾਂ ਦੀ ਮਦਦ
ਉਨ੍ਹਾਂ ਨੇ ਲੋਕਾਂ ਦੀ ਵਿਨਾਸ਼ਕਾਰੀ ਪੰਥਕ ਅਤੇ ਹੋਰ ਵਿਵਾਦਪੂਰਨ ਜਾਂ ਕੱਟੜਪੰਥੀ ਸਮੂਹਾਂ ਨੂੰ ਛੱਡਣ 'ਚ ਮਦਦ ਕੀਤੀ ਹੈ।
ਐਲਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਉਨ੍ਹਾਂ ਦੇ ਮੂਲ 'ਚ, ਇਹ ਸਾਰੇ ਹੀ ਸਮੂਹ ਪਰਿਭਾਸ਼ਤ ਕਾਰਕਾਂ ਨੂੰ ਸਾਂਝਾ ਕਰਦੇ ਹਨ, ਜਿਵੇਂ ਕਿ ਇੱਕ ਤਾਨਾਸ਼ਾਹੀ ਆਗੂ, ਜੋ ਕਿ ਪੂਜਾ ਦੀ ਵਸਤੂ ਬਣ ਜਾਂਦਾ ਹੈ, ਅਨੁਚਿਤ ਪ੍ਰਭਾਵ ਦੀ ਪ੍ਰਕਿਰਿਆ ਦੇ ਕਾਰਨ ਇਹ ਸਮੂਹ ਵਿਨਾਸ਼ਕਾਰੀ ਰੂਪ ਧਾਰਨ ਕਰ ਲੈਂਦਾ ਹੈ ਅਤੇ ਫਿਰ ਲੋਕਾਂ ਨੂੰ ਤੰਗ-ਪਰੇਸ਼ਾਨ ਕਰਨ ਲੱਗ ਜਾਂਦਾ ਹੈ।"
ਐਲਨ ਜੋ ਕਿ ਆਪਣੀ ਉਮਰ ਦੇ 60 ਦੇ ਅੰਕੜੇ ਦੇ ਅਖੀਰੀ ਦੌਰ 'ਚ ਹਨ, ਉਨ੍ਹਾਂ ਨੇ ਹੁਣ ਤੱਕ ਵਿਸ਼ਵ ਭਰ 'ਚ 500 ਤੋਂ ਵੀ ਵੱਧ ਮਾਮਲਿਆਂ 'ਚ ਦਖਲਅੰਦਾਜ਼ੀ ਕਰਕੇ ਲੋਕਾਂ ਨੂੰ ਇਸ ਵਿਨਾਸ਼ ਤੋਂ ਬਚਾਇਆ ਹੈ। ਆਪਣੇ ਇਸ ਕਾਰਜ ਨੂੰ ਅੰਜਾਮ ਦਿੰਦਿਆਂ ਉਨ੍ਹਾਂ ਨੇ ਕਈ ਵਾਰ ਆਪਣੀ ਜਾਨ ਖ਼ਤਰੇ 'ਚ ਪਾਈ ਹੈ, ਕਿਉਂਕਿ ਅਜਿਹੇ ਸ਼ਕਤੀਸ਼ਾਲੀ ਸਮੂਹਾਂ ਨਾਲ ਟੱਕਰ ਲੈਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
ਐਲਨ ਕਹਿੰਦੇ ਹਨ, "ਮੈਂ ਐਫਬੀਆਈ ਅਤੇ ਯੂਐਸ ਨਿਆਂ ਵਿਭਾਗ ਦੀ ਸੁਰੱਖਿਆ ਹੇਠ ਰਿਹਾ ਹਾਂ, ਨਿੱਜੀ ਜਾਂਚਕਰਤਾਵਾਂ ਨੇ ਮੇਰੇ 'ਤੇ ਨਿਗਰਾਨੀ ਕੀਤੀ ਅਤੇ ਪੰਜ ਵਾਰ ਮੇਰੇ ਵਿਰੁੱਧ ਮੁਕੱਦਮਾ ਵੀ ਹੋਇਆ….. ਸਮੂਹਾਂ ਨੇ ਮੇਰੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਮੇਰੇ ਕੂੜੇ ਕਰਕਟ ਨੂੰ ਵੀ ਨਾ ਛੱਡਿਆ। ਕਈ ਸਾਲਾਂ ਤੱਕ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ।"
ਉਨ੍ਹਾਂ ਕਿਹਾ ਕਿ ਇੰਨ੍ਹਾਂ ਖ਼ਤਰਨਾਕ ਸਮੂਹਾਂ ਤੋਂ ਜੋ ਖ਼ਤਰਾ ਹੈ, ਅਸਲ 'ਚ ਉਹ ਕਿਤੇ ਜ਼ਿਆਦਾ ਹੈ।
'ਮੇਰਾ ਪੁੱਤਰ ਫਸ ਗਿਆ ਹੈ। ਕੀ ਤੁਸੀਂ ਮੇਰੀ ਮਦਦ ਕਰੋਗੇ?'
ਪਿਛਲੀ ਸਦੀ ਦੌਰਾਨ ਕਈ ਵਾਰ ਕੱਟੜਪੰਥੀਆਂ ਵੱਲੋਂ ਵਾਪਰੀਆਂ ਭਿਆਨਕ ਘਟਨਾਵਾਂ ਸੁਰਖੀਆਂ ਬਣੀਆਂ ਹਨ।
ਦਰਦਨਾਕ ਜੋਨਸਟੋਨ ਕਤਲੇਆਮ, ਜਿਸ 'ਚ 900 ਤੋਂ ਵੀ ਵੱਧ ਲੋਕਾਂ ਦੀ ਮੌਤ ਹੋਈ ਸੀ। 1978 'ਚ ਈਸਾਈ ਪੰਥ ਦੇ ਆਗੂ ਜਿਮ ਜੋਨਸ ਨੇ ਇਸ ਭਿਆਨਕ ਕਤਲੇਆਮ ਨੂੰ ਅੰਜਾਮ ਦਿੱਤਾ ਸੀ। ਸ਼ਾਇਦ ਇਹ ਇਕ ਅਜਿਹੀ ਘਟਨਾ ਹੈ ਜੋ ਕਿ ਤੁਰੰਤ ਹੀ ਦਿਮਾਗ 'ਚ ਆਉਂਦੀ ਹੈ।
ਪਰ ਇਸ ਤੋਂ ਇਲਾਵਾ ਹੋਰ ਵੀ ਕਈ ਹਾਈ ਪ੍ਰੋਫਾਈਲ ਹਾਦਸੇ, ਘਟਨਾਵਾਂ ਸ਼ਾਮਲ ਹਨ। ਜਿਸ 'ਚ 1969 'ਚ " ਮੈਨਸਨ ਫੈਮਲੀ" ਪੰਥ ਦੇ ਪੈਰੋਕਾਰਾਂ ਵੱਲੋਂ ਕੀਤੇ ਗਏ ਟੇਟ ਕਤਲ ਤੋਂ ਲੈ ਕੇ ਹਾਲ ਦੇ ਹੀ ਸਮੇਂ 'ਚ ਦੋਸ਼ ਆਇਦ ਕਰਨ ਅਤੇ ਸੈਕਸ ਤਸਕਰੀ ਦੇ ਅਪਰਾਧ ਲਈ ਸੈਕਸ ਪੰਥ ਦੇ ਆਗੂ ਨਕਸਿਵਮ ਨੂੰ 120 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਐਲਨ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਸਮੂਹ ਦੀ ਰਣਨੀਤੀ ਦਾ ਪਰਦਾ ਫਾਸ਼ ਕਰਕੇ ਅਤੇ ਗਵਾਹੀ ਦੇ ਕੇ ਉਸ ਸਜ਼ਾ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ।
ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਦੇ ਰੇਡਿਓ ਪ੍ਰੋਗਰਾਮ ਆਊਟਲੁੱਕ ਨਾਲ ਗੱਲਬਾਤ ਕਰਦਿਆਂ ਕਿਹਾ ਕਿ " ਅਸੀਂ ਇੰਨ੍ਹਾਂ ਸਮੂਹਾਂ 'ਤੇ ਨਜ਼ਰ ਰੱਖਦੇ ਹਾਂ ਅਤੇ ਸੋਚਦੇ ਹਾਂ ਕਿ ਇਹ ਸਮੂਹ ਬਹੁਤ ਹੀ 'ਪਾਗਲ' ਹਨ, ਪਰ ਅਸੀਂ ਗੱਲ ਤੋਂ ਅਣਜਾਨ ਹੁੰਦੇ ਹਾਂ ਕਿ ਉਸ ਸਮੂਹ ਦੇ ਅੰਦਰ , ਉਨ੍ਹਾਂ ਦੇ ਆਸ-ਪਾਸ ਦੀ ਹਰ ਚੀਜ਼ ਮੈਨੀਪੁਲੇਟ ਕੀਤੀ ਹੋਈ ਹੁੰਦੀ ਹੈ।"
ਇੱਕ ਪੰਥ (ਕਲਟ) ਕਿਸੇ ਵਿਅਕਤੀ ਦੀ ਹਕੀਕਤ ਦੀ ਭਾਵਨਾ ਨੂੰ ਭੰਗ ਕਰ ਸਕਦਾ ਹੈ ਅਤੇ ਉਸ ਨੂੰ ਇਕ ਨਵੀਂ ਜ਼ਿੰਦਗੀ, ਸੋਚ ਨੂੰ ਅਪਣਾਉਣ ਲਈ ਮਜ਼ਬੂਰ ਕਰ ਸਕਦਾ ਹੈ। ਜਿਸ ਨਾਲ ਕਿ ਸਮੂਹ ਜੋ ਕੁਝ ਵੀ ਕਹਿ ਰਿਹਾ ਹੈ, ਉਹ ਸੱਚ ਹੈ ਜਾਂ ਫਿਰ ਅਸਲ ਸੱਚਾਈ ਕੁਝ ਹੋਰ ਹੈ, ਇਸ ਤੱਥ ਵਿਚਾਲੇ ਇਕ ਭਰਮ, ਮਤਭੇਦ ਪੈਦਾ ਕਰ ਸਕਦਾ ਹੈ।
ਰਿਕ ਰੋਜ਼ ਨੇ ਸਭ ਤੋਂ ਪਹਿਲਾਂ 30 ਸਾਲ ਦੀ ਉਮਰ 'ਚ ਇਸ ਦਾ ਅਨੁਭਵ ਕੀਤਾ ਸੀ, ਜਦੋਂ ਉਹ ਅਰੀਜ਼ੋਨਾ ਵਿਖੇ ਇੱਕ ਕੇਅਰ ਹੋਮ 'ਚ ਆਪਣੀ ਦਾਦੀ ਨੂੰ ਮਿਲਣ ਗਏ ਸਨ। ਰਿਕ ਦੀ ਦਾਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਨਰਸ ਪ੍ਰਚਾਰ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਇਕ ਵਿਵਾਦਿਤ ਧਾਰਮਿਕ ਸਮੂਹ ਜੋ ਕਿ ਯਹੂਦੀ ਲੋਕਾਂ ਨੂੰ ਧਰਮ ਪਰਿਵਰਤਨ ਲਈ ਆਪਣਾ ਨਿਸ਼ਾਨਾ ਬਣਾ ਰਿਹਾ ਸੀ, 'ਚ ਦਾਖਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਐਲਨ ਨੇ ਕਿਹਾ, " ਮੈਂ ਬਹੁਤ ਪਰੇਸ਼ਾਨ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਦਾਦੀ ਦੀ ਰੱਖਿਆ ਕਰਨੀ ਚਾਹੁੰਦਾ ਸੀ। ਮੈਂ ਨਰਸਿੰਗ ਹੋਮ ਦੇ ਡਾਇਰੈਕਟਰ ਕੋਲ ਗਿਆ ਅਤੇ ਉੱਥੇ ਇਕ ਜਾਂਚ ਦੌਰਾਨ ਪਤਾ ਲੱਗਿਆ ਕਿ ਇਕ ਸਮੂਹ ਨੇ ਆਪਣੇ ਮੈਂਬਰਾਂ ਨੂੰ ਗੁਪਤ ਰੂਪ 'ਚ ਨਰਸਿੰਗ ਹੋਮ 'ਚ ਨੌਕਰੀ ਕਰਨ ਲਈ ਕਿਹਾ ਸੀ ਤਾਂ ਜੋ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ।"
ਐਲਨ ਨੇ ਫਿਰ ਯਹੂਦੀ ਕੈਦੀਆਂ ਦੀ ਰਿਹਾਈ ਨਾਲ ਸਬੰਧਤ ਇੱਕ ਪ੍ਰੋਗਰਾਮ 'ਚ ਕੰਮ ਕੀਤਾ। ਇਹ ਉਹ ਲੋਕ ਸਨ ਜਿੰਨ੍ਹਾਂ ਨੂੰ ਕੱਟੜਵਾਦੀ ਧਾਰਮਿਕ ਸਮੂਹਾਂ ਅਤੇ ਨਫ਼ਰਤ ਫਲ਼ਾਉਣ ਵਾਲੇ ਸਮੂਹਾਂ ਵੱਲੋਂ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ।
ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਡੀਪੋਗ੍ਰਾਮਰ ਬਣਨ ਤੱਕ ਦੇ ਆਪਣੇ ਸਫ਼ਰ ਦੌਰਾਨ ਆਪਣੇ ਦਿਨ ਪੰਥਕ ਸਮੂਹਾਂ ਅਤੇ ਕਾਰਾਂ 'ਚ ਬਿਤਾਏ। ਉਨ੍ਹਾਂ ਨੇ ਕਬਾੜ ਖਾਨੇ 'ਚੋਂ ਪੁਰਾਣੇ ਵਾਹਨਾਂ ਦੀ ਖਰੀਦੋ-ਫ਼ਰੋਖ਼ਤ ਵੀ ਕੀਤੀ।
ਉਹ ਕਹਿੰਦੇ ਹਨ, " ਮੈਨੂੰ ਉਨ੍ਹਾਂ ਪਰਿਵਾਰਾਂ ਬਾਰੇ ਜਾਣਕਾਰੀ ਮਿਲਣ ਲੱਗੀ ਜੋ ਕਹਿੰਦੇ ਸਨ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਕੀ ਕਰ ਸਕਦੇ ਹਾਂ। ਮੇਰੀ ਧੀ, ਮੇਰਾ ਪੁੱਤਰ ਇਸ ਸਮੂਹ 'ਚ ਸ਼ਾਮਲ ਹੋ ਗਏ ਹਨ। ਕੀ ਤੁਸੀਂ ਸਾਡੀ ਮਦਦ ਕਰ ਸਕਦੇ ਹੋ? ਅਤੇ ਮੈਂ ਇਕ ਮਨੋਵਿਿਗਆਨਕ ਦੇ ਨਾਲ ਇੰਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਲੱਗਾ।"
" ਪਰਿਵਾਰਾਂ ਨੂੰ ਬਹੁਤ ਰਾਹਤ ਮਿਲੀ, ਕਿਉਂਕਿ ਇੰਨ੍ਹਾਂ 'ਚੋਂ ਬਹੁਤ ਸਾਰੇ ਸਮੂਹ ਬਹੁਤ ਹੀ ਖ਼ਤਰਨਾਕ ਸਨ। ਉਨ੍ਹਾਂ 'ਚੋਂ ਕਈਆਂ ਨੇ ਬੱਚਿਆਂ ਨਾਲ ਬਦਸਲੂਕੀ ਕੀਤੀ ਅਤੇ ਕਈ ਹਿੰਸਕ ਵੀ ਹੋਏ। ਇੰਨ੍ਹਾਂ 'ਚੋਂ ਬਹੁਤ ਸਾਰੇ ਲੋਕ ਮਾਨਸਿਕ ਪ੍ਰੇਸ਼ਾਨੀ ਅਤੇ ਪਰਿਵਾਰ ਤੋਂ ਅਲਗਾਵ ਦਾ ਸ਼ਿਕਾਰ ਹੋਏ ਸਨ।"
ਪਹਿਲਾਂ ਖੋਜ ਕਰੋ, ਫਿਰ ਗੱਲਬਾਤ ਕਰੋ (ਕੁਝ ਦਿਨਾਂ ਲਈ)
ਪਰ ਕਲਟ ਡੀਪ੍ਰੋਗ੍ਰਾਮਰ ਤਕਨੀਕ ਅਸਲ ਚ ਕੀ ਹੁੰਦੀ ਹੈ?
ਰੋਜ਼ ਦਾ ਕਹਿਣਾ ਹੈ, " ਇਹ ਹਮੇਸ਼ਾਂ ਹੀ ਇਕ ਮੂਲ ਪ੍ਰਕਿਰਿਆ 'ਤੇ ਅਧਾਰਤ ਰਹੀ ਹੈ, ਪਰ ਇਹ ਵਧੇਰੇ ਗੁੰਜਲਦਾਰ ਹੋ ਗਈ ਹੈ।"
" ਇਹ ਪੰਥ ਭਰਤੀ ਪ੍ਰਕਿਿਰਆ ਨੂੰ ਮੁਢ ਤੋਂ ਵੇਖ ਰਿਹਾ ਹੈ ਅਤੇ ਉਸ ਦੀ ਜਾਂਚ ਕਰ ਰਿਹਾ ਹੈ। ਤੁਸੀਂ ਇਸ 'ਚ ਕਿਵੇਂ ਸ਼ਾਮਲ ਹੋਏ? ਤੁਹਾਨੂੰ ਇਸ 'ਚ ਭਰਤੀ ਕਰਨ ਲਈ ਕਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ? ਕੀ ਉਹ ਧੋਖੇਬਾਜ਼ ਸਨ, ਕੀ ਉਨ੍ਹਾਂ ਨੇ ਤੁਹਾਨੂੰ ਧੋਖਾ ਦਿੱਤਾ? ਕੀ ਉਨ੍ਹਾਂ ਨੇ ਤੁਹਾਨੂੰ ਆਪਣੇ ਸਮੂਹ ਦੇ ਜਾਲ 'ਚ ਫਸਾਇਆ?"
ਪੰਥਕ ਸਮੂਹਾਂ ਵੱਲੋਂ ਲੋਕਾਂ ਦੇ ਦਿਲੋ ਦਿਮਾਗ ਨੂੰ ਪ੍ਰਭਾਵਤ ਕਰਨ ਦੀ ਪ੍ਰਕਿਿਰਆ ਇੰਨ੍ਹੀ ਦਬਾਅ ਵਾਲੀ ਹੁੰਦੀ ਹੈ ਕਿ ਲੋਕਾਂ ਨੂੰ ਇਸ ਤੋਂ ਬਾਹਰ ਕੱਢਣ ਲਈ ਘੰਟਿਆਂਬੱਧੀ ਗੱਲਬਾਤ ਦੀ ਜ਼ਰੂਰਤ ਪੈਂਦੀ ਹੈ।
ਡੀਪ੍ਰੋਗ੍ਰਾਮਿੰਗ 'ਚ ਪੰਥ ਸਬੰਧੀ ਸਵਾਲ ਅਤੇ ਉਨ੍ਹਾਂ ਵੱਲੋਂ ਥੋਪੀਆਂ ਗਈਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਨਾਲ ਖੋਜ ਕਰਨਾ ਵੀ ਸ਼ਾਮਲ ਹੈ ਤਾਂ ਕਿ ਰੋਜ਼ ਮੈਂਬਰ ਨਾਲ ਉਸ ਦੇ ਪੱਧਰ 'ਤੇ ਗੱਲਬਾਤ ਕਰ ਸਕਣ।
ਉਹ ਕਹਿੰਦੇ ਹਨ, " ਉਨ੍ਹਾਂ ਵੱਲੋਂ ਕੀਤੀ ਗਈ ਦਖਲਅੰਦਾਜ਼ੀ 'ਚ ਵਧੇਰੇਤਰ ਸਮੂਹ ਵੱਲੋਂ ਉਸ ਦੇ ਯਤਨਾਂ ਨੂੰ ਨਾਕਾਮ ਕਰਨ ਤੋਂ ਰੋਕਣ ਨਾਲ ਹੁੰਦੀ ਹੈ।"" ਉਹ ਵਿਅਕਤੀ ਪੰਥ 'ਚ ਜਾ ਕੇ ਕਹਿ ਸਕਦਾ ਹੈ, ਮੇਰਾ ਪਰਿਵਾਰ ਸਮੂਹ 'ਚ ਮੇਰੀ ਸ਼ਮੂਲੀਅਤ ਬਾਰੇ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ? ਇਸ 'ਤੇ ਸਮੂਹ ਦਾ ਜਵਾਬ ਹੋਵੇਗਾ 'ਨਾ ਜਾਓ'।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕਲਟ ਮਾਹਰ ਦਾ ਮੰਨਣਾ ਹੈ ਕਿ ਅਚਾਨਕ ਕੀਤੀ ਗਈ ਦਖਲਅੰਦਾਜ਼ੀ ਗੁੱਸੇ ਅਤੇ ਉਦਾਸੀ ਦਾ ਕਾਰਨ ਹੋ ਸਕਦੀ ਹੈ। " ਪਰਿਵਾਰ ਵਿਅਕਤੀ ਨੂੰ ਸਮਝਾਏਗਾ ਕਿ ਉਨ੍ਹਾਂ ਦੀ ਕੀ ਚਿੰਤਾਵਾਂ ਸਨ। ਉਸ ਸਮੇਂ ਮੈਂ ਵੀ ਉੱਥੇ ਹੀ ਮੌਜੂਦ ਹੋਵਾਂਗਾ ਅਤੇ ਇਸ ਬਾਰੇ ਗੱਲ ਕਰਾਂਗਾ ਕਿ ਮੈਨੂੰ ਇਸ ਮਾਮਲੇ 'ਚ ਕਿਉਂ ਪਾਇਆ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਅਸਲ ਗੱਲਬਾਤ ਹੈ, ਜੋ ਕਿ ਦੋ ਜਾਂ ਤਿੰਨ ਦਿਨਾਂ ਤੱਕ ਜਾਰੀ ਰਹਿੰਦੀ ਹੈ।"
ਐਲਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਫਲਤਾ ਦੀ ਦਰ 10 'ਚੋਂ ਲਗਭਗ 7 ਹੈ।
"ਮੇਰੀ ਦਖਲਅੰਦਾਜ਼ੀ ਤੋਂ ਬਾਅਦ ਤਕਰੀਬਨ 70% ਲੋਕ ਕਹਿੰਦੇ ਹਨ ਕਿ ਉਹ ਸਮੂਹ ਤੋਂ ਵੱਖ ਹੋ ਰਹੇ ਹਨ।
ਜਾਨੋ ਮਾਰਨ ਦੀਆਂ ਧਮਕੀਆਂ
1980 ਦੇ ਦਹਾਕੇ ਦੇ ਅੱਧ 'ਚ ਰੋਜ਼ ਦਾ ਕੱਟੜਪੰਥੀ ਸਮੂਹਾਂ ਅਤੇ ਪੰਥਾਂ ਨਾਲ ਕੀਤਾ ਜਾਣ ਵਾਲਾ ਕੰਮ ਮੀਡੀਆ ਦੀਆਂ ਨਜ਼ਰਾਂ 'ਚ ਆਇਆ।
ਇਸ ਦੇ ਨਾਲ ਹੀ ਅਮਰੀਕੀ ਡੀਪ੍ਰੋਗ੍ਰਾਮਰ ਉਨ੍ਹਾਂ ਸਮੂਹਾਂ ਦੇ ਹੀ ਨਿਸ਼ਾਨੇ 'ਤੇ ਆ ਗਿਆ, ਜਿੰਨਾਂ ਦਾ ਮੁਕਾਬਲਾ ਕਰਨ ਦੀ ਉਹ ਕੋਸ਼ਿਸ਼ ਕਰ ਰਿਹਾ ਸੀ।
ਐਲਨ ਕਹਿੰਦੇ ਹਨ, " ਮੈਨੂੰ 'ਸ਼ੈਤਾਨ' ਕਹਿ ਕੇ ਬੁਲਾਇਆ ਗਿਆ ਅਤੇ ਹੋਰ ਕਈ ਅਜਿਹੇ ਸ਼ਬਦ ਜਿੰਨ੍ਹਾਂ ਨੂੰ ਕਿ ਮੈਂ ਦੁਹਰਾਨਾ ਨਹੀਂ ਚਾਹੁੰਦਾ ਹਾਂ। ਕੁਝ ਅਜਿਹੇ ਸਮੂਹ ਹਨ ਜੋ ਕਿ ਮੈਨੂੰ ਇੱਕ ਅੱਖ ਵੀ ਨਹੀਂ ਵੇਖਣਾ ਚਾਹੁੰਦੇ ਹਨ ਅਤੇ ਮੇਰੇ ਨਾਲ ਨਫ਼ਰਤ ਕਰਦੇ ਹਨ।"
" ਪਰ ਮੇਰਾ ਮੰਨਣਾ ਹੈ ਕਿ ਇੰਨ੍ਹਾਂ ਸਮੂਹਾਂ ਵੱਲੋਂ ਮੇਰੇ ਪ੍ਰਤੀ ਨਾਰਾਜ਼ਗੀ ਇਹ ਦਰਸਾਉਂਦੀ ਹੈ ਕਿ ਜੋ ਵੀ ਮੈਂ ਕੰਮ ਕਰ ਰਿਹਾ ਹਾਂ ਉਸ ਦਾ ਪ੍ਰਭਾਵ ਪੈ ਰਿਹਾ ਸੀ ਅਤੇ ਇਹ ਸਮੂਹ ਆਪਣੇ ਮੈਂਬਰਾਂ ਦੀ ਘੱਟ ਰਹੀ ਗਿਣਤੀ ਕਰਕੇ ਚਿੰਤਤ ਸਨ। ਅਸਲ 'ਚ ਡੀਪ੍ਰੋਗ੍ਰਾਮਿੰਗ ਦਾ ਪ੍ਰਭਾਵ ਲਗਾਤਾਰ ਵਿਖਾਈ ਦੇ ਰਿਹਾ ਸੀ।"
ਉਨ੍ਹਾਂ ਨੂੰ ਆਪਣੇ ਕਰੀਅਰ ਦੌਰਾਨ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਪਹਿਲੀ ਧਮਕੀ ਉਨ੍ਹਾਂ ਨੂੰ 1988 'ਚ ਮਿਲੀ ਸੀ, ਜਦੋਂ ਉਨ੍ਹਾਂ ਨੇ ਟੀਵੀ 'ਤੇ ਇਕ ਵਿਵਾਦਗ੍ਰਸਤ ਸਮੂਹ ਦੇ ਆਗੂ ਦਾ ਪਰਦਾ ਫਾਸ਼ ਕੀਤਾ ਸੀ।
ਰੋਜ਼ ਦੱਸਦੇ ਹਨ, " ਮੈਂ ਕਹਿਣਾ ਚਾਹਾਂਗਾ ਕਿ ਇਕ ਵੀ ਮਹੀਨਾ ਖਾਲੀ ਨਹੀਂ ਲੰਘਦਾ ਸੀ ਜਦੋਂ ਕਿ ਮੈਨੂੰ ਕੋਈ ਧਮਕੀ ਨਾ ਮਿਲੀ ਹੋਵੇ ਜਾਂ ਫਿਰ ਨਿਆਂ ਵਿਭਾਗ ਵੱਲੋਂ ਮੇਰੇ ਲਈ ਕੋਈ ਚੇਤਾਵਨੀ ਜਾਰੀ ਨਾ ਹੋਈ ਹੋਵੇ ਕਿ ਮੈਂ ਕਿਸੇ ਸਮੂਹ ਦੀ ਹਿੱਟ ਲਿਸਟ 'ਚ ਹਾਂ।"
ਉਨ੍ਹਾਂ ਦੀ ਸਖ਼ਤ ਆਲੋਚਨਾ ਵੀ ਹੋ ਰਹੀ ਹੈ। ਕੁਝ ਲੋਕਾਂ ਨੇ ਉਨ੍ਹਾਂ 'ਤੇ ਧਰਮ ਪ੍ਰਤੀ ਨਫ਼ਰਤ ਫੈਲਾਉਣ ਅਤੇ ਧਾਰਮਿਕ ਆਜ਼ਾਦੀ ਨੂੰ ਘਟਾਉਣ ਦਾ ਯਤਨ ਕਰਨ ਦਾ ਦੋਸ਼ ਲਗਾਇਆ ਹੈ।
ਵਧੇਰੇ ਵਿਆਪਕ ਪੱਧਰ 'ਤੇ ਡੀਪ੍ਰੋਗ੍ਰਾਮਿੰਗ ਤਕਨੀਕਾਂ ਦੀ ਵੀ ਕਈ ਲੋਕਾਂ ਵੱਲੋਂ ਜ਼ਬਰਦਸਤੀ ਵਿਵਹਾਰ, ਰਵੱਈਆ ਬਦਲਣ ਜਾਂ ਫਿਰ 'ਬ੍ਰੇਨਵਾਸ਼' ਦੇ ਰੂਪ 'ਚ ਆਲੋਚਨਾ ਕੀਤੀ ਜਾਂਦੀ ਹੈ।
ਰੋਜ਼ ਇੰਨ੍ਹਾਂ ਇਲਜ਼ਾਮਾਂ ਬਾਰੇ ਕਹਿੰਦੇ ਹਨ ਕਿ ਉਹ ਸਿਰਫ ਉਨ੍ਹਾਂ ਸਮੂਹਾਂ ਦੇ ਖ਼ਿਲਾਫ਼ ਹਨ ਜੋ ਕਿ ਆਪਣੇ ਪੈਰੋਕਾਰਾਂ ਲਈ ਕਿਸੇ ਤਰ੍ਹਾਂ ਦਾ ਖ਼ਤਰਾ ਪੈਦਾ ਕਰ ਸਕਦੇ ਹਨ।
" ਮੈਂ ਵਿਵਹਾਰ, ਵਤੀਰੇ 'ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹਾਂ ਨਾ ਕਿ ਵਿਸ਼ਵਾਸ ਜਾਂ ਧਰਮ 'ਤੇ। ਲੋਕ ਉਨ੍ਹਾਂ ਹਰ ਕਿਸਮ ਦੀਆਂ ਚੀਜ਼ਾਂ 'ਤੇ ਵਿਸ਼ਵਾਸ ਕਰ ਸਕਦੇ ਹਨ, ਜਿੰਨ੍ਹਾਂ ਨਾਲ ਮੈਂ ਕਦੇ ਵੀ ਸਹਿਮਤ ਨਹੀਂ ਹੁੰਦਾ ਹਾਂ, ਪਰ ਜੇਕਰ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਬੱਚਿਆਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਦੇ, ਜੇਕਰ ਉਹ ਵਿਨਾਸ਼ਕਾਰੀ ਵਤੀਰੇ 'ਚ ਸ਼ਾਮਲ ਨਹੀਂ ਹਨ ਤਾਂ ਉਹ ਸਮੂਹ ਮੇਰੇ ਰਡਾਰ 'ਤੇ ਨਹੀਂ ਆਉਣਗੇ।"
ਮਰਜ਼ੀ ਦੇ ਖ਼ਿਲਾਫ਼
ਉਸ ਦੇ ਕੰਮ ਦੇ ਆਸ-ਪਾਸ ਜੋ ਮੁੱਖ ਵਿਵਾਦ ਹੈ, ਉਹ ਹੈ ਬਿਨ੍ਹਾਂ ਇੱਛਾ ਦੇ ਡੀਪ੍ਰੋਗ੍ਰਾਮਿੰਗ। ਇਹ ਉਹ ਪ੍ਰਕਿਿਰਆ ਹੈ, ਜਿਸ 'ਚ ਬਿਨ੍ਹਾਂ ਕਿਸੇ ਦੀ ਸਹਿਮਤੀ ਦੇ ਅਗਾਂਹ ਵਧਾਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਸਰੀਰਕ ਸੰਜਮ ਵੀ ਸ਼ਾਮਲ ਹੋ ਸਕਦਾ ਹੈ।
ਅਮਰੀਕਾ 'ਚ ਮਾਪਿਆਂ ਜਾਂ ਸਰਪ੍ਰਸਤ ਦੀ ਨਿਗਰਾਨੀ ਹੇਠ ਕਿਸੇ ਨਾਬਾਲਗ ਦੀ ਅਣਇੱਛਤ ਡੀਪ੍ਰੋਗ੍ਰਾਮਿੰਗ ਕਾਨੂੰਨੀ ਹੈ। ਪਰ ਸਾਹਮਣੇ ਜੇਕਰ ਕੋਈ ਬਾਲਗ ਹੈ ਤਾਂ ਇਹ ਪ੍ਰਕਿਰਿਆ ਵਧੇਰੇ ਗੁੰਝਲਦਾਰ ਹੈ।
ਕੋਈ ਡੀਪ੍ਰੋਗ੍ਰਾਮਰ ਕਿਸੇ ਵਿਅਕਤੀ ਨੂੰ ਉਸ ਦੀ ਇੱਛਾ ਦੇ ਵਿਰੁੱਧ ਫੜਨ ਦੀ ਪ੍ਰਕਿਿਰਆ ਅਤੇ ਆਪਣੇ ਆਪ ਨੂੰ ਅਗਵਾ ਕੀਤੇ ਜਾਣ ਦੇ ਜ਼ੋਖਮ ਨੂੰ ਕਿਵੇਂ ਜਾਇਜ਼ ਠਹਿਰਾਇਆ ਹੈ?
ਉਹ ਕਹਿੰਦੇ ਹਨ, " ਖੈਰ ਜੋ ਮੈਂ ਵੇਖਿਆ, ਇਹ ਸਭ ਮੇਰੀ ਚੋਣ ਨਹੀਂ ਬਲਕਿ ਪਰਿਵਾਰ ਦੀ ਚੋਣ ਸੀ।"
" ਇਹ ਪਰਿਵਾਰ ਦਾ ਹੀ ਫ਼ੈਸਲਾ ਸੀ ਕਿ ਜਿਸ ਨੂੰ ਉਹ ਬਹੁਤ ਪਿਆਰ ਕਰਦੇ ਹਨ, ਉਸ ਨੂੰ ਬਚਾਉਣ ਲਈ ਉਹ ਇਸ ਆਖਰੀ ਵਿਕਲਪ ਨੂੰ ਅਪਣਾਉਂਦੇ ਹਨ। ਸ਼ਾਇਦ ਇਹ ਇਕ ਵਿਵਾਦਿਤ ਵਿਕਲਪ ਹੋ ਸਕਦਾ ਹੈ, ਕਿਉਂਕਿ ਕਿਸੇ ਨੂੰ ਉਸ ਦੀ ਰਜ਼ਾ ਦੇ ਬਗ਼ੈਰ ਫੜਣਾ ਸਹੀ ਨਹੀਂ ਹੈ। ਪਰ ਵਿਕਲਪ ਦਿੱਤੇ ਜਾਣ 'ਤੇ ਉਨ੍ਹਾਂ ਨੇ ਇਸ ਪ੍ਰਕਿਿਰਆ ਨੂੰ ਚੁਣਿਆ ਅਤੇ ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਸੀ।"
" ਕਈ ਵਾਰ ਇਹ ਜ਼ਿੰਦਗੀ ਜਾਂ ਮੌਤ ਹੋ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਮੇਰੇ ਸਾਹਮਣੇ ਇੱਕ ਅਜਿਹੀ ਸਥਿਤੀ ਆਈ ਸੀ, ਜਦੋਂ ਸਾਹਮਣੇ ਵਾਲਾ ਇਨਸੁਲਿਨ 'ਤੇ ਸੀ ਅਤੇ ਸਮੂਹ ਨੇ ਉਸ ਨੂੰ ਇਨਸੁਲਿਨ ਲੈਣ ਤੋਂ ਮਨਾ ਕੀਤਾ ਸੀ। ਇਸ ਲਈ ਅਜਿਹੇ ਮਾਮਲਿਆਂ 'ਚ ਦਖਲਅੰਦਾਜ਼ੀ ਬਹੁਤ ਜ਼ਰੂਰੀ ਸੀ।"
ਰੋਜ਼ ਨੇ 500 ਤੋਂ ਵੀ ਵੱਧ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ ਹੈ ਅਤੇ ਇਕ ਦਰਜਨ ਦੇ ਕਰੀਬ ਤਾਂ ਅਣਇੱਛਤ ਹੀ ਰਹੇ ਹਨ। ਉਨ੍ਹਾਂ ਦਾ ਆਖਰੀ ਅਤੇ ਸੰਭਾਵੀ ਤੌਰ 'ਤੇ ਸਭ ਤੋਂ ਬਦਨਾਮ ਮਾਮਲਾ 1991 ਦਾ ਜੇਸਨ ਸਕਾਟ ਸੀ।
ਇਹ ਵੀ ਪੜ੍ਹੋ
ਜੇਸਨ ਦੀ ਮਾਂ ਇਕ ਵਿਵਾਦਿਤ ਸਮੂਹ 'ਚ ਸ਼ਾਮਲ ਹੋ ਗਈ ਸੀ ਅਤੇ ਉਹ ਚਾਹੁੰਦੀ ਸੀ ਕਿ ਉਸ ਦੇ ਤਿੰਨ ਕਿਸ਼ੋਰ ਬੱਚੇ ਵੀ ਉਸ ਨਾਲ ਚੱਲਣ।
"ਉਹ (ਮਾਂ) ਬਹੁਤ ਉਦਾਸ, ਦੁੱਖੀ ਸੀ। ਉਸ ਦੇ ਇਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਇਆ ਸੀ, ਜਿਸ ਕਰਕੇ ਉਸ ਨੇ ਇਸ ਸਮੂਹ ਨੂੰ ਛੱਡ ਦਿੱਤਾ ਸੀ। ਉਹ ਗੱਲ ਤੋਂ ਜਾਣੂ ਸੀ ਕਿ ਜੇਸਨ ਤੋਂ ਸਮੂਹ 'ਚ ਇਕ ਔਰਤ ਨਾਲ ਵਿਆਹ ਕਰਵਾਉਣ ਦਾ ਵਾਅਦਾ ਲਿਆ ਗਿਆ ਸੀ।"
ਉਸ ਨੇ ਰੋਜ਼ ਨੂੰ ਇਸ ਕੰਮ ਲਈ ਰੱਖਿਆ। ਰੋਜ਼ ਛੋਟੇ ਦੋਵੇਂ ਬੱਚਿਆਂ ਨੂੰ ਸਮੂਹ ਤੋਂ ਵਾਪਸ ਲਿਆਉਣ 'ਚ ਕਾਮਯਾਬ ਰਿਹਾ ਪਰ ਸਭ ਤੋਂ ਵੱਡੇ ਮੁੰਡੇ, ਜੇਸਨ (18) ਨੇ ਸਮੂਹ ਤੋਂ ਮੂੰਹ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਸੁਰੱਖਿਆ ਬਲਾਂ ਵਿਰੁੱਧ ਲੜਾਈ ਕੀਤੀ ,ਜਿੰਨ੍ਹਾਂ ਨੂੰ ਕਿ ਉਸ ਦੀ ਮਾਂ ਨੇ ਕੰਮ 'ਤੇ ਰੱਖਿਆ ਸੀ ਅਤੇ ਬਾਅਦ 'ਚ ਉਸ ਨੂੰ ਜ਼ਬਰਦਸਤੀ ਇੱਕ ਸੁਰੱਖਿਅਤ ਘਰ 'ਚ ਲਿਜਾਇਆ ਗਿਆ ਸੀ।
ਉੱਥੇ ਰੋਜ਼ ਨੇ ਜੇਸਨ ਅਤੇ ਉਸ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਲਗਭਗ ਪੰਜ ਦਿਨਾਂ ਤੱਕ ਗੱਲਬਾਤ ਕੀਤੀ ਅਤੇ ਅੰਤ 'ਚ ਇੰਝ ਲੱਗਿਆ ਜਿਵੇਂ ਕਿ ਜੇਸਨ ਉਨ੍ਹਾਂ ਦੇ ਕੋਲ ਆਉਣ ਲਈ ਤਿਆਰ ਸੀ।"
ਪਰ ਇਹ ਦਖਲਅੰਦਾਜ਼ੀ ਅਸਫਲ ਰਹੀ ਸੀ। ਜੇਸਨ ਉੱਥੋਂ ਫਰਾਰ ਹੋ ਗਿਆ ਅਤੇ ਵਾਪਸ ਉਸ ਧਾਰਮਿਕ ਸਮੂਹ ਦਾ ਹਿੱਸਾ ਬਣ ਗਿਆ ਅਤੇ ਉਸ ਨੇ ਪੁਲਿਸ ਨੂੰ ਇਸ ਬਾਰੇ ਦੱਸਿਆ। ਜਿਸ ਤੋਂ ਬਾਅਦ ਰੋਜ਼ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਉਸ 'ਤੇ ਗੈਰਕਾਨੂੰਨੀ ਢੰਗ ਨਾਲ ਕੈਦ 'ਚ ਰੱਖਣ ਦੇ ਇਲਜ਼ਾਮ ਆਇਦ ਕੀਤੇ ਗਏ। ਭਾਵੇਂ ਕਿ ਉਹ ਬਾਅਦ 'ਚ ਬਰੀ ਹੋ ਗਿਆ ਸੀ ਪਰ ਇਹ ਸਿਲਸਿਲਾ ਇੱਥੇ ਹੀ ਨਹੀਂ ਥੰਮਿਆ ।
1995 'ਚ ਜੇਸਨ ਨੇ ਸਿਵਲ ਕੇਸ 'ਚ ਰੋਜ਼ ਦੇ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ। ਉਸ ਨੇ ਬਿਆਨ ਦਿੱਤਾ ਕਿ ਡੀਪ੍ਰੋਗ੍ਰਾਮਿੰਗ ਦੌਰਾਨ ਉਸ ਨਾਲ ਬਦਸਲੂਕੀ ਕੀਤੀ ਗਈ ਸੀ ਅਤੇ ਨਾਲ ਹੀ ਉਸ ਨੂੰ ਡਰਾਇਆ-ਧਮਕਾਇਆ ਵੀ ਗਿਆ ਸੀ। ਜੇਸਨ ਨੇ ਇਹ ਵੀ ਕਿਹਾ ਕਿ ਉਸ ਨੂੰ ਹਰ ਪਲ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ।
ਅਦਾਲਤ ਨੇ ਜੇਸਨ ਸਕਾਟ ਨੂੰ ਨਾਗਰਿਕ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਤੋਂ ਵਾਂਝਾ ਰੱਖਣ ਦੇ ਯਤਨਾਂ ਦੀ ਸਾਜਿਸ਼ ਘੜਣ ਲਈ ਰੋਜ਼ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਸ ਨੂੰ ਹਰਜਾਨੇ ਵੱਜੋਂ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਭੁਗਤਾਨ ਕਰਨਾ ਪਿਆ ਸੀ।
ਰੋਜ਼ ਦੱਸਦੇ ਹਨ. " ਮੈਂ ਦੀਵਾਲੀਆ ਐਲਾਨਿਆ ਗਿਆ ਅਤੇ ਇਹ ਮੇਰੇ ਲਈ ਬਹੁਤ ਹੀ ਮੁਸ਼ਕਲਾਂ ਭਰਪੂਰ ਸਮਾਂ ਸੀ।"
ਪਰ ਕੁਝ ਸਮਾਂ ਬਾਅਦ ਜੇਸਨ ਨੇ ਆਪਣੀ ਮਾਂ ਅਤੇ ਭਰਾਵਾਂ ਨਾਲ ਸੁਲਹਾ ਸਫਾਈ ਕਰ ਲਈ ਅਤੇ ਰੋਜ਼ ਨਾਲ ਵੀ ਮਾਮਲਾ ਨਿਪਟਾ ਲਿਆ। ਜਿਸ ਕਾਰਨ ਰੋਜ਼ ਨੂੰ ਹਰਜਾਨੇ ਦੇ 2 ਮਿਲੀਅਨ ਡਾਲਰ ਦੀ ਬਜਾਏ ਸਿਰਫ 5 ਹਜ਼ਾਰ ਡਾਲਰ ਹੀ ਦੇਣੇ ਪਏ ਸਨ।
ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਸੀ ਕਿ ਜੇਸਨ ਨੇ ਆਪਣੀ ਪਤਨੀ ਨੂੰ ਸਮੂਹ ਤੋਂ ਬਾਹਰ ਕੱਢਣ ਲਈ ਰੋਜ਼ ਤੋਂ ਮਦਦ ਦੀ ਗੁਹਾਰ ਲਗਾਈ ਸੀ।
" ਤੁਸੀਂ ਜਾਣਦੇ ਹੋ ਕਿ ਅਸਫਲ ਡੀਪ੍ਰੋਗ੍ਰਾਮਿੰਗ 'ਚ ਅਕਸਰ ਹੀ ਅਜਿਹਾ ਹੁੰਦਾ ਹੈ। ਵਿਅਕਤੀ ਨੂੰ ਕਾਫ਼ੀ ਜਾਣਕਾਰੀ ਹਾਸਲ ਹੁੰਦੀ ਹੈ ਪਰ ਉਹ ਤੁਰੰਤ ਉਸ 'ਤੇ ਕਾਰਵਾਈ ਕਰਨ ਦੇ ਯੋਗ ਨਹੀਂ ਹੁੰਦੇ ਹਨ, ਪਰ ਸ਼ਾਇਦ ਬਾਅਧ 'ਚ ਉਹ ਕਰ ਸਕਦੇ ਹਨ। ਜੇਸਨ ਨਾਲ ਹੋਈ ਗੱਲਬਾਤ ਦੌਰਾਨ ਉਸ ਨੇ ਕਈ ਅਜਿਹੇ ਕਾਰਨ ਦੱਸੇਸ ਨ, ਜਿੰਨ੍ਹਾਂ ਕਰਕੇ ਉਹ ਸਮੂਹ ਛੱਡ ਸਕਦਾ ਸੀ। ਜੇਸਨ ਮੰਨਦਾ ਵੀ ਸੀ ਕਿ ਸਮੂਹ ਛੱਡਣਾ ਉਸ ਦੇ ਹਿੱਤ 'ਚ ਸੀ।"
ਹਾਲਾਂਕਿ ਇਸ ਮਾਮਲੇ ਨੇ ਉਨ੍ਹਾਂ ਵੱਲੋਂ ਅਪਣਾਈਆਂ ਜਾਂਦੀਆਂ ਕੁਝ ਤਕਨੀਕਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ।
ਰੋਜ਼ ਕਹਿੰਦੇ ਹਨ, " ਹਾਲਾਤਾਂ ਦੀ ਪਰਵਾਹ ਕੀਤੇ ਬਿਨ੍ਹਾਂ ਮੈਂ ਇਕ ਫ਼ੈਸਲਾ ਕੀਤਾ ਕਿ ਭਵਿੱਖ 'ਚ ਮੈਂ ਕਦੇ ਵੀ ਕਿਸੇ ਬਾਲਗ ਦੀ ਉਸ ਦੀ ਮਰਜ਼ੀ ਤੋਂ ਬਿਨ੍ਹਾਂ ਡੀਪ੍ਰੋਗ੍ਰਾਮਿੰਗ ਨਹੀਂ ਕਰਾਂਗਾ।"
ਉਸ ਦੇ ਕੁਝ ਸਫਲ ਰਹੇ ਮਾਮਲਿਆਂ ਨੇ ਉਨ੍ਹਾਂ ਨੂੰ ਲੰਮੇ ਸਮੇਂ ਲਈ ਨਵੇਂ ਰਿਸ਼ਤੇ ਵੀ ਦਿੱਤੇ ਹਨ।
ਰੋਜ਼ ਦੱਸਦੇ ਹਨ, " ਕਈ ਲੋਕ ਮੇਰੇ ਨਾਲ ਸੰਪਰਕ 'ਚ ਰਹਿਣਗੇ। ਉਹ ਮੈਨੂੰ ਕ੍ਰਿਸਮਿਸ ਕਾਰਡ ਭੇਜਣਗੇ ਅਤੇ ਵਿਆਹਾ ਸਮਾਗਮਾਂ 'ਚ ਆਉਣ ਦਾ ਸੱਦਾ ਦੇਣਗੇ। ਮੈਂ ਸੱਚਮੁੱਚ ਇਸ ਦੀ ਪ੍ਰਸ਼ੰਸਾ ਕਰਦਾ ਹਾਂ। ਮੈਂ ਇਕ ਔਰਤ ਦੀ ਉਸ ਸਮੂਹ ਤੋਂ ਬਾਹਰ ਆਉਣ 'ਚ ਮਦਦ ਕੀਤੀ ਸੀ ਜੋ ਕਿ ਆਪਣੇ ਮੈਂਬਰਾਂ ਦੀ ਨਸਬੰਦੀ ਕਰਵਾ ਦਿੰਦਾ ਸੀ। ਫਿਰ ਜਦੋਂ ਉਸ ਔਰਤ ਦਾ ਪਹਿਲਾ ਬੱਚਾ ਪੈਦਾ ਹੋਇਆ ਤਾਂ ਉਸ ਨੇ ਮੈਨੂੰ ਉਸ ਦੀ ਤਸਵੀਰ ਭੇਜੀ ਸੀ।"
" ਕਈ ਆਪਣੀ ਜ਼ਿੰਦਗੀ 'ਚ ਮਸ਼ਰੂਫ਼ ਹੋ ਗਏ ਹਨ ਅਤੇ ਮੈਨੂੰ ਭੁੱਲ ਗਏ ਹਨ। ਮੈਨੂੰ ਲੱਗਦਾ ਹੈ ਕਿ ਇਹ ਬਿਲਕੁੱਲ ਸਹੀ ਹੈ, ਕਿਉਂਕਿ ਮੈਂ ਉਨ੍ਹਾਂ ਦੀਆਂ ਉਨ੍ਹਾਂ ਯਾਦਾਂ ਦਾ ਹਿੱਸਾ ਹਾਂ ਜਿਸ 'ਚ ਉਹ ਕਿਸੇ ਦੁਰਵਿਵਹਾਰ ਕਰਨ ਵਾਲੇ ਸਮੂਹ ਦਾ ਹਿੱਸਾ ਸਨ।
ਇਹ ਵੀ ਪੜ੍ਹੋ: