ਕੋਰੋਨਾਵਾਇਰਸ: ਉਹ ਬੰਦਾ ਜਿਸ ਨੂੰ 'ਕਦੇ ਵੀ ਕੋਰੋਨਾ ਨਹੀਂ ਹੋ ਸਕਦਾ'

    • ਲੇਖਕ, ਰੈਡੇਚਿਓਨ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ

54 ਸਾਲਾ ਅਮਰੀਕੀ ਲੇਖਕ ਜੌਨ ਹੋਲਿਸ ਨੂੰ ਲੱਗਿਆ ਕਿ ਉਹ ਕੋਵਿਡ-19 ਦੀ ਲਪੇਟ ਵਿੱਚ ਆ ਗਏ ਹਨ।

ਕਿਉਂਕਿ ਉਨ੍ਹਾਂ ਦਾ ਇੱਕ ਮਿੱਤਰ ਉਨ੍ਹਾਂ ਦੇ ਘਰ ਆ ਕੇ ਰਿਹਾ ਸੀ, ਜਿਸ ਨੂੰ ਕੋਵਿਡ ਦੀ ਲਾਗ ਗਈ ਸੀ ਅਤੇ ਅਪ੍ਰੈਲ 2020 ਵਿੱਚ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ ਸੀ।

ਜੌਨ ਹੋਲਿਸ ਕਹਿੰਦੇ ਹਨ, "ਇਹ ਦੋ ਹਫ਼ਤੇ ਸਨ ਜਦੋਂ ਮੈਂ ਬਹੁਤ ਡਰਿਆ ਹੋਇਆ ਸੀ। ਮੈਂ ਦੋ ਹਫ਼ਤਿਆਂ ਤੋਂ ਬਿਮਾਰੀ ਦਾ ਹਮਲਾ ਹੋਣ ਦੇ ਖਦਸ਼ੇ ਵਿੱਚ ਰਿਹਾ, ਪਰ ਅਜਿਹਾ ਕਦੇ ਨਹੀਂ ਹੋਇਆ।"

ਹੋਲਿਸ ਨੇ ਸੋਚਿਆ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਹ ਬਿਮਾਰੀ ਨਹੀਂ ਹੋਈ।

ਇਹ ਵੀ ਪੜ੍ਹੋ-

ਪਰ ਜੁਲਾਈ 2020 ਵਿੱਚ ਸਹਿਜ ਸੁਭਾਅ ਹੋਲਿਸ ਨੇ ਅਮਰੀਕਾ ਵਿੱਚ ਜਾਰਜ ਮੇਸਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਲਾਂਸ ਲਿਓਟਾ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦਾ ਜ਼ਿਕਰ ਕੀਤਾ, ਹੋਲਿਸ ਉੱਥੇ ਸੰਚਾਰ ਕਾਰਜਾਂ ਸਬੰਧੀ ਕੰਮ ਕਰਦੇ ਹਨ।

ਲਿਓਟਾ ਜੋ ਕੋਰੋਨਾਵਾਇਰਸ ਨਾਲ ਲੜਨ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ, ਉਨ੍ਹਾਂ ਨੇ ਹੋਲਿਸ ਨੂੰ ਯੂਨੀਵਰਸਿਟੀ ਵਿੱਚ ਵਿਕਸਤ ਕੀਤੇ ਜਾ ਰਹੇ ਵਾਇਰਸ ਦੇ ਵਿਗਿਆਨਕ ਅਧਿਐਨ ਵਿੱਚ ਵਾਲੰਟੀਅਰ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਇਸ ਤਰ੍ਹਾਂ ਹੋਲਿਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਨਾ ਸਿਰਫ਼ ਕੋਵਿਡ -19 ਦੀ ਲਾਗ ਲੱਗੀ ਸੀ, ਬਲਕਿ ਉਨ੍ਹਾਂ ਦੇ ਸਰੀਰ ਵਿੱਚ ਸੁਪਰ ਐਂਟੀਬਾਡੀਜ਼ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਸਥਾਈ ਰੂਪ ਨਾਲ ਇਸ ਰੋਗ ਲਈ ਪ੍ਰਤੀਰੋਧਕ ਸਮਰੱਥਾ ਬਣਾ ਦਿੱਤੀ ਹੈ।

ਯਾਨਿ ਕਿ ਵਾਇਰਸ ਉਨ੍ਹਾਂ ਦੇ ਸਰੀਰ ਵਿੱਚ ਦਾਖਲ ਹੋ ਗਏ, ਪਰ ਉਹ ਹੋਲਿਸ ਦੇ ਸੈੱਲਾਂ ਨੂੰ ਸੰਕਰਮਿਤ ਨਹੀਂ ਕਰ ਸਕੇ ਅਤੇ ਉਹ ਬਿਮਾਰ ਨਹੀਂ ਹੋਏ।

ਹੋਲਿਸ ਨੇ ਕਿਹਾ, "ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਸਾਧਾਰਨ ਤਜਰਬਾ ਰਿਹਾ ਹੈ।"

'ਸੋਨੇ ਦੀ ਖਾਣ'

ਲਿਓਟਾ ਦੱਸਦੇ ਹਨ, "ਅਸੀਂ ਵੱਖੋ-ਵੱਖ ਸਮੇਂ ਹੋਲਿਸ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਅਤੇ ਹੁਣ ਵਾਇਰਸ ਉੱਤੇ ਹਮਲਾ ਕਰਨ ਦੇ ਵੱਖੋ-ਵੱਖਰੇ ਤਰੀਕਿਆਂ ਦਾ ਅਧਿਐਨ ਕਰਨ ਲਈ ਇਹ ਸਾਡੇ ਲਈ ਸੋਨੇ ਦੀ ਖਾਣ ਵਾਂਗ ਹਨ।''

ਜ਼ਿਆਦਾਤਰ ਲੋਕਾਂ ਵਿੱਚ ਵਾਇਰਸ ਨਾਲ ਲੜਨ ਲਈ ਬਣੇ ਐਂਟੀਬਾਡੀਜ਼ ਕੋਰੋਨਾਵਾਇਰਸ ਸਪਿਕੂਲਸ ਵਿੱਚ ਪ੍ਰੋਟੀਨ 'ਤੇ ਹਮਲਾ ਕਰਦੇ ਹਨ।

ਸਪਿਕੂਲਸ: ਸਾਰਸ-ਕੋਵ-2 ਦੀ ਸਤਹਿ 'ਤੇ ਸਪਾਇਕੀ ਫਾਰਮੇਸ਼ਨ ਹੁੰਦੀ ਹੈ ਜੋ ਮਨੁੱਖੀ ਸੈੱਲਾਂ ਨੂੰ ਸੰਕਰਮਿਤ ਕਰਨ ਵਿੱਚ ਸਹਾਇਤਾ ਕਰਦੀ ਹੈ।

ਲਿਓਟਾ ਕਹਿੰਦੇ ਹਨ, "ਮਰੀਜ਼ਾਂ ਦੇ ਐਂਟੀਬਾਡੀਜ਼ ਸਪਿਕੂਲਸ ਨਾਲ ਚਿਪਕ ਜਾਂਦੇ ਹਨ ਅਤੇ ਵਾਇਰਸ ਸੈੱਲਾਂ ਨਾਲ ਨਹੀਂ ਚਿਪਕਦੇ ਹਨ ਅਤੇ ਉਨ੍ਹਾਂ ਨੂੰ ਸੰਕਰਮਿਤ ਨਹੀਂ ਕਰ ਸਕਦੇ।"

ਸਮੱਸਿਆ ਇਹ ਹੈ ਕਿ ਜਦੋਂ ਕੋਈ ਵਿਅਕਤੀ ਪਹਿਲੀ ਵਾਰ ਵਾਇਰਸ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਨ੍ਹਾਂ ਦੇ ਸਰੀਰ ਨੂੰ ਇਹ ਵਿਸ਼ੇਸ਼ ਐਂਟੀਬਾਡੀਜ਼ ਪੈਦਾ ਕਰਨ ਵਿੱਚ ਸਮਾਂ ਲੱਗਦਾ ਹੈ,।

ਪਰ ਹੋਲਿਸ ਦੇ ਐਂਟੀਬਾਡੀਜ਼ ਵੱਖਰੇ ਹਨ, ਉਹ ਵਾਇਰਸ ਦੇ ਵੱਖ-ਵੱਖ ਹਿੱਸਿਆਂ 'ਤੇ ਹਮਲਾ ਕਰਦੇ ਹਨ ਅਤੇ ਇਸ ਨੂੰ ਜਲਦੀ ਮਾਰ ਦਿੰਦੇ ਹਨ।

ਉਹ ਇੰਨੇ ਸ਼ਕਤੀਸ਼ਾਲੀ ਹਨ ਕਿ ਹੋਲਿਸ ਵਿੱਚ ਕੋਰੋਨਾਵਾਇਰਸ ਦੇ ਨਵੇਂ ਰੂਪ ਤੋਂ ਵੀ ਪ੍ਰਤੀਰੋਧਕ ਸਮਰੱਥਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਲਿਓਟਾ ਦਾਅਵਾ ਕਰਦੇ ਹਨ, "ਉਹ ਆਪਣੇ ਐਂਟੀਬਾਡੀਜ਼ ਨੂੰ ਇੱਕ ਹਜ਼ਾਰ ਗੁਣਾ ਪਤਲਾ ਕਰ ਸਕਦੇ ਹਨ ਅਤੇ 99% ਐੱਲ ਵਾਇਰਸ ਨੂੰ ਖ਼ਤਮ ਕਰਨਾ ਜਾਰੀ ਰੱਖ ਸਕਦੇ ਹਨ।"

ਵਿਗਿਆਨੀ ਹੋਲਿਸ ਅਤੇ ਉਨ੍ਹਾਂ ਵਰਗੇ ਕੁਝ ਹੋਰ ਮਰੀਜ਼ਾਂ ਤੋਂ ਪ੍ਰਾਪਤ ਇਨ੍ਹਾਂ ਸੁਪਰ ਐਂਟੀਬਾਡੀਜ਼ ਦਾ ਅਧਿਐਨ ਕਰ ਰਹੇ ਹਨ ਤਾਂ ਜੋ ਬਿਮਾਰੀ ਦੇ ਵਿਰੁੱਧ ਵੈਕਸੀਨ ਨੂੰ ਬਿਹਤਰ ਬਣਾਉਣ ਦੇ ਤਰੀਕੇ ਸਿੱਖ ਸਕਣ।

ਹੋਲਿਸ ਕਹਿੰਦੇ ਹਨ, "ਮੈਂ ਜਾਣਦਾ ਹਾਂ ਕਿ ਮੈਂ ਇਕੱਲਾ ਅਜਿਹਾ ਵਿਅਕਤੀ ਨਹੀਂ ਹਾਂ ਜਿਸ ਕੋਲ ਇਸ ਕਿਸਮ ਦੀਆਂ ਐਂਟੀਬਾਡੀਜ਼ ਹਨ, ਮੈਂ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਹਾਂ ਜਿਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਹੈ।"

ਜਾਂਚ ਵਿੱਚ ਨਸਲੀ ਪੱਖਪਾਤ

ਹਾਲਾਂਕਿ, ਇਸ ਕਿਸਮਾਂ ਦੀਆਂ ਖੋਜਾਂ ਕਈ ਵਾਰ ਵਿਗਿਆਨਕ ਖੋਜਾਂ ਵਿੱਚ ਨਸਲੀ ਪੱਖਪਾਤ ਕਰਕੇ ਨਹੀਂ ਹੁੰਦੀਆਂ ਕਿਉਂਕਿ ਇਹ ਜ਼ਿਆਦਾਤਰ ਗੋਰੇ ਮਰੀਜ਼ਾਂ ਨਾਲ ਹੀ ਕੀਤੀਆਂ ਜਾਂਦੀਆਂ ਹਨ।

ਕਾਲੇ ਵਿਅਕਤੀਆਂ ਦੀ ਅਧਿਐਨ ਵਿੱਚ ਸ਼ਮੂਲੀਅਤ ਅਕਸਰ ਉਨ੍ਹਾਂ ਦੀ ਸਮਾਜ ਵਿੱਚ ਪ੍ਰਤੀਨਿਧਤਾ ਨਾਲੋਂ ਬਹੁਤ ਘੱਟ ਹੁੰਦੀ ਹੈ।

ਜੌਨ ਹੌਪਕਿਨਜ਼ ਯੂਨੀਵਰਸਿਟੀ ਦੇ ਬਾਇਓਐਥਿਕਸ ਇੰਸਟੀਚਿਊਟ ਦੇ ਪ੍ਰੋਫੈਸਰ ਜੈੱਫ ਕਾਹਨ ਨੇ ਦੱਸਿਆ, "ਸ਼ੋਸ਼ਣ (ਕਾਲੇ ਮਰੀਜ਼ਾਂ) ਦਾ ਇੱਕ ਲੰਬਾ ਇਤਿਹਾਸ ਹੈ ਜੋ ਅਫ਼ਰੀਕੀ-ਅਮਰੀਕੀ ਭਾਈਚਾਰੇ ਨੂੰ ਬੇਭਰੋਸਗੀ ਵਾਲਾ ਬਣਾਉਂਦਾ ਹੈ।"

ਉਹ ਮੰਨਦੇ ਹਨ "ਇਹ ਸਮਝ ਆਉਂਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਅਵਿਸ਼ਵਾਸ ਹੈ।"

ਅਫ਼ਰੀਕੀ ਅਮਰੀਕੀਆਂ ਨਾਲ ਜੁੜੇ ਸਭ ਤੋਂ ਪ੍ਰਸਿੱਧ ਪ੍ਰਯੋਗਾਂ ਵਿੱਚੋਂ ਇੱਕ ਹੈ ਟਸਕੀਗੀ ਸਿਫਲਿਸ ਅਧਿਐਨ, 40 ਸਾਲਾਂ ਤੋਂ ਵੱਧ ਸਮੇਂ ਵਿੱਚ ਯੂਐੱਸ ਸਰਕਾਰ ਵੱਲੋਂ ਫੰਡ ਪ੍ਰਦਾਨ ਕੀਤੇ ਗਏ ਵਿਗਿਆਨੀਆਂ ਨੇ ਬਿਮਾਰੀ ਲਈ ਦਵਾਈਆਂ ਦਿੱਤੇ ਬਿਨਾਂ ਅਲਬਾਮਾ ਵਿੱਚ ਕਾਲੇ ਵਿਅਕਤੀਆਂ ਦਾ ਸਿਫਲਿਸ ਅਧਿਐਨ ਕੀਤਾ।

ਉਨ੍ਹਾਂ ਨੇ ਕਿਹਾ, "ਸਾਲਾਂ ਤੋਂ ਅਧਿਐਨ ਦੇ ਵਿਕਾਸ ਦੌਰਾਨ ਐਂਟੀਬਾਇਓਟਿਕ ਵਿਆਪਕ ਤੌਰ 'ਤੇ ਉਪਲੱਬਧ ਇਲਾਜ ਬਣ ਗਿਆ ਹੈ, ਪਰ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਦਿੱਤੀ ਗਈ।"

ਕਾਹਨ ਨੇ ਕਿਹਾ, ''ਜਾਂਚਕਰਤਾਵਾਂ ਨੇ ਝੂਠ ਬੋਲਿਆ ਸੀ ਕਿ ਉਨ੍ਹਾਂ ਨਾਲ ਕੀ ਕੀਤਾ ਗਿਆ ਸੀ ਅਤੇ ਜਾਂਚ ਦੇ ਨਾਂ 'ਤੇ ਇਲਾਜ ਤੋਂ ਇਨਕਾਰ ਕਰ ਦਿੱਤਾ ਗਿਆ ਸੀ।''

"ਜਦੋਂ ਟਸਕੀਗੀ ਅਧਿਐਨ ਸਾਹਮਣੇ ਆਇਆ ਤਾਂ ਮਨੁੱਖ ਨੂੰ ਸ਼ਾਮਲ ਕਰਨ ਵਾਲੀ ਖੋਜ ਲਈ ਨਿਯਮ ਅਤੇ ਰੈਗੂਲੇਸ਼ਨ ਸਥਾਪਿਤ ਕੀਤੇ ਗਏ, ਜੋ 1970ਵਿਆਂ ਤੋਂ ਲਾਗੂ ਹਨ।"

ਇਹ ਇਤਿਹਾਸ ਇਸ ਦਾ ਇੱਕ ਕਾਰਨ ਹੈ ਕਿ ਆਬਾਦੀ ਦਾ ਇੱਕ ਹਿੱਸਾ, ਜੋ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਅਕਸਰ ਅਧਿਐਨ ਵਿੱਚ ਹਿੱਸਾ ਲੈਣ ਜਾਂ ਟੀਕਾ ਲਗਵਾਉਣ ਤੋਂ ਝਿਜਕਦਾ ਹੈ।

ਕਾਹਨ ਕਹਿੰਦੇ ਹਨ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਭ ਤੋਂ ਪ੍ਰਭਾਵਿਤ ਭਾਈਚਾਰਿਆਂ ਨੂੰ ਉਨ੍ਹਾਂ ਕਾਢਾਂ ਦਾ ਲਾਭ ਮਿਲੇ ਜੋ ਵਿਕਸਤ ਹੋ ਰਹੀਆਂ ਹਨ ਅਤੇ ਇਸ ਲਈ, ਇਸ ਆਬਾਦੀ ਨੂੰ ਵੀ ਅਧਿਐਨ ਦਾ ਹਿੱਸਾ ਹੋਣਾ ਚਾਹੀਦਾ ਹੈ।"

ਹੋਲਿਸ ਨੇ ਦਲੀਲ ਦਿੱਤੀ, ''ਸਾਨੂੰ ਉਨ੍ਹਾਂ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਟਸਕੀਗੀ ਅਧਿਐਨ ਦੇ ਪੀੜਤ ਹਨ, ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਇੱਕ ਪ੍ਰਕਿਰਿਆ ਸ਼ੁਰੂ ਕਰਦੇ ਹਾਂ ਕਿ ਫਿਰ ਤੋਂ ਅਜਿਹਾ ਨਾ ਹੋਵੇ ਅਤੇ ਜਾਨਾਂ ਬਚਾਉਣ ਲਈ ਵੀ, ਖ਼ਾਸਕਰ ਅਫ਼ਰੀਕੀ-ਅਮਰੀਕੀ ਭਾਈਚਾਰੇ ਵਿੱਚ ਜੋ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।"

''ਆਪਣੇ ਆਪ ਇੱਕ ਦੂਜੇ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਲੋਕਾਂ ਦੀ ਰੱਖਿਆ ਕਰਨਾ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਸਾਡਾ ਫਰਜ਼ ਬਣਦਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)