ਐਮਾ ਕੋਰੋਨੇਲ ਏਸਪੂਰੋ : ਡਰੱਗ ਮਾਫੀਆ ਅਲ ਚੈਪੋ ਦੀ ਪਤਨੀ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ

    • ਲੇਖਕ, ਤਾਰਾ ਮੈਕੇਲਵੀ
    • ਰੋਲ, ਬੀਬੀਸੀ ਨਿਊਜ਼

ਐਮਾ ਕੋਰੋਨੇਲ ਏਸਪੂਰੋ ਨੂੰ ਅਮਰੀਕਾ ਦੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।

ਵੈਨੇਸਾ ਬਿਸਸ਼ਿਓਟਰ ਦੀ ਰਿਪੋਰਟ ਮੁਤਾਬਕ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ ਸੀ ਅਤੇ ਨਵੰਬਰ 2021 ਵਿੱਚ ਉਸ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜੋ ਬਾਅਦ ਵਿੱਚ ਘਟਾ ਦਿੱਤੀ ਗਈ।

ਫੈਡਰਲ ਬਿਊਰੋ ਆਫ ਪ੍ਰਿਜ਼ਨਜ਼ ਨੇ ਉਸ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ।

ਐਮਾ ਦੀ ਜ਼ਿਦਗੀ ਬਾਰੇ ਬੀਬੀਸੀ ਨੇ ਸਾਲ 2021 ਵਿੱਚ ਜਾਣਕਾਰੀ ਸਾਂਝੀ ਕੀਤੀ ਸੀ। ਅਸੀਂ ਇਸੇ ਨੂੰ ਹੂ-ਬ-ਹੂ ਤੁਹਾਡੇ ਨਾਲ ਮੁੜ ਸਾਂਝੀ ਕਰ ਰਹੇ ਹਾਂ।

ਐਮਾ ਕੋਰੋਨੇਲ ਏਸਪੂਰੋ ਨਿਊਯਾਰਕ 'ਚ ਪੂਰੀ ਐਸ਼ੋ-ਅਰਾਮ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਸੀ। ਉਸ ਨੂੰ ਇਹ ਸੁੱਖ ਡਰੱਗ ਸਰਗਨਾ ਖਵਾਕਿਨ ਗੁਜ਼ਮੈਨ ਲੋਏਰਾ ਉਰਫ਼ ਅਲ ਚੈਪੋ ਨਾਲ ਵਿਆਹ ਕਰਨ ਤੋਂ ਬਾਅਦ ਹਾਸਲ ਹੋਏ ਸਨ। ਫਿਰ ਉਹ ਗ੍ਰਿਫ਼ਤਾਰ ਹੋ ਗਈ ਅਤੇ ਉਸ ਨੂੰ ਵਰਜੀਨਿਆ ਦੀ ਇਕ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ।

ਆਖਰ ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਗਿਰੋਹਾਂ ਦੀ ਇਸ ਰਾਣੀ ਦਾ ਕੀ ਹਸ਼ਰ ਹੋਇਆ?

ਵਰਜੀਨਿਆ ਦੇ ਅਲੈਂਗਜ਼ੇਂਡਰੀਆ ਸ਼ਹਿਰ 'ਚ ਵਿਲੀਅਮ ਟ੍ਰਸਡੇਲ ਅਡਲਟ ਡਿਟੇਂਸ਼ਨ ਦੀਆਂ ਜੇਲ੍ਹਾਂ ਦੀਆਂ ਖਿੜਕੀਆਂ ਵਿਚਾਲੇ ਇਕ ਲਾਲ ਇੱਟ ਜਿੰਨ੍ਹੀ ਜਗ੍ਹਾ ਛੱਡੀ ਗਈ ਹੈ।

ਇਸੇ ਜੇਲ੍ਹ 'ਚ ਏਕਾਂਤ ਕਾਰਾਵਾਸ ਦੇ ਲਈ ਵਰਤੋਂ 'ਚ ਲਿਆਂਦੀ ਜਾਣ ਵਾਲੀ ਛੋਟੀ ਕੋਠੜੀ'ਚ ਐਮਾ ਕੋਰੋਨੇਲ ਏਸਪੂਰੋ ਨੂੰ ਨਜ਼ਰਬੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ

ਉਸ ਦੀ ਵਕੀਲ ਮੈਰੀਅਲ ਕੋਲੋਨ ਮੀਰੋ ਨੇ ਦੱਸਿਆ ਕਿ ਇਸ ਸੈੱਲ 'ਚ ਆਪਣਾ ਸਮਾਂ ਬਿਤਾਉਣ ਲਈ ਐਮਾ 'ਰੋਮਾਂਟਿਕ' ਨਾਵਲ ਪੜ੍ਹਦੀ ਸੀ।

ਜੇਲ੍ਹ 'ਚ ਐਮਾ ਦੀ ਜ਼ਿੰਦਗੀ ਅਤੇ ਹਾਲਾਤ ਉਸ ਦੀ ਪਿਛਲੀ ਜ਼ਿੰਦਗੀ ਤੋਂ ਬਿਲਕੁੱਲ ਉਲਟ ਸਨ।

ਕੁਝ ਮਹੀਨੇ ਪਹਿਲਾਂ ਉਹ ਕੱਪੜੇ ਦਾ ਇਕ ਬ੍ਰਾਂਡ 'ਅਲ ਚੈਪੋ ਗੁਜ਼ਮੈਨ' ਸ਼ੂਰੂ ਕਰਨ ਵਾਲੀ ਸੀ। ਦਰਅਸਲ ਇਸ ਜੋੜੇ ਨੂੰ ਮੈਕਸੀਕੋ 'ਚ ਸਟਾਇਲ ਆਈਕਨ ਮੰਨਿਆਂ ਜਾਂਦਾ ਰਿਹਾ ਹੈ।

ਉਨ੍ਹਾਂ ਦੀ ਧੀ ਨੇ ਵੀ ਆਪਣੇ ਪਿਤਾ ਦੇ ਨਾਂਅ ਦੀ ਵਰਤੋਂ ਕਰਦਿਆਂ ਫੈਸ਼ਨ ਇੰਡਸਟਰੀ 'ਚ ਸ਼ੁਰੂਆਤ ਕੀਤੀ ਹੈ।

ਸਾਲ 2019 'ਚ ਜਦੋਂ ਐਮਾ ਦੇ ਪਤੀ ਗੂਜ਼ਮੈਨ 'ਤੇ ਨਿਊਯਾਰਕ ਦੀ ਅਦਾਲਤ 'ਚ ਮੁਕੱਦਮਾ ਚੱਲ ਰਿਹਾ ਸੀ, ਉਸ ਸਮੇਂ ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।

ਐਮਾ ਨੇ ਉਸ ਸਮੇਂ ਗਹਿਣੇ ਅਤੇ ਇੱਕ ਮਹਿੰਗੀ ਘੜੀ ਪਾਈ ਹੋਈ ਸੀ।

ਇਸ ਸਾਲ ਦੇ ਸ਼ੁਰੂ 'ਚ 31 ਸਾਲਾ ਐਮਾ ਨੂੰ ਵਰਜੀਨੀਆ ਦੇ ਡਲਾਸ ਕੌਮਾਂਤਰੀ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ।

ਉਸ 'ਤੇ ਬਦਨਾਮ ਸਿਨਾਲੋਆ ਕਾਰਟੈਲ ਚਲਾਉਣ 'ਚ ਆਪਣੇ ਡਰੱਗ ਮਾਫੀਆ ਪਤੀ ਦੀ ਮਦਦ ਕਰਨ ਦੇ ਇਲਜ਼ਾਮ ਸਨ।

64 ਸਾਲਾ ਗੂਜ਼ਮੈਨ ਇਸ ਸਮੇਂ ਕੋਲੋਰਾਡੋ ਸੁਪਰਮੈਕਸ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਐਫ਼ਬੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨੇਲ ਨੇ ਕੋਕੀਨ ਡਿਸਟ੍ਰੀਬਿਊਸ਼ਨ ਦੀ ਸਾਜਿਸ਼ ਰਚੀ ਸੀ ਅਤੇ ਸਾਲ 2015 'ਚ ਮੈਕਸੀਕੋ ਦੀ ਜੇਲ੍ਹ ਤੋਂ ਆਪਣੇ ਪਤੀ ਦੇ ਭੱਜਣ ਦੀ ਯੋਜਨਾ 'ਚ ਮਦਦ ਕੀਤੀ ਸੀ।

ਐਮਾ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਇੱਕ ਧੋਖੇਬਾਜ਼ ਪਤੀ, ਪਤੀ ਦੀ ਦੂਜੀ ਪ੍ਰੇਮੀਕਾ ਅਤੇ ਇਕ ਅਪਰਾਧਕ ਸੰਗਠਨ ਦੇ ਆਲੇ-ਦੁਆਲੇ ਘੁੰਮਦੀ ਹੈ।

ਹਾਲਾਂਕਿ ਐਮਾ ਦੀ ਕਹਾਣੀ ਤੋਂ ਡਰੱਗ ਕਾਰਟੈਲ ਦੀ ਰੱਹਸਮਈ ਦੁਨੀਆ ਅਤੇ ਇਸ 'ਚ ਰਹਿਣ ਵਾਲੀਆਂ ਔਰਤਾਂ ਬਾਰੇ ਕਾਫ਼ੀ ਕੁਝ ਪਤਾ ਚੱਲਦਾ ਹੈ।

ਜੇਕਰ ਉਸ 'ਤੇ ਲੱਗੇ ਇਲਜ਼ਾਮ ਸਿੱਧ ਹੁੰਦੇ ਹਨ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਡਰੱਗ ਤਸਕਰੀ ਦੀ ਦੁਨੀਆ 'ਤੇ ਬਾਜ਼ ਅੱਖ ਰੱਖਣ ਵਾਲੇ ਵਿਸ਼ਲੇਸ਼ਕਾਂ ਨੇ ਐਮਾ ਦੇ ਦੋਸ਼ੀ ਜਾਂ ਨਿਰਦੋਸ਼ ਹੋਣ ਦੀ ਸਥਿਤੀ ਨੂੰ ਪਰਾਂ ਰੱਖਦਿਆਂ ਕਿਹਾ ਹੈ ਕਿ ਐਮਾ ਨੇ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਸੀ। ਉਹ ਇੱਕ ਜਨਤਕ ਹਸਤੀ ਅਤੇ ਇੱਕ ਕਾਰੋਬਾਰੀ ਸੀ।

ਜਦੋਂ ਉਸ ਦਾ ਪਤੀ ਗੂਜ਼ਮੈਨ ਨਸ਼ਿਆਂ ਦੀ ਤਸਕਰੀ ਦਾ ਧੰਦਾ ਕਰਦਾ ਸੀ ਤਾਂ ਉਸ ਸਮੇਂ ਉਸ ਤੱਕ ਕੌਣ ਪਹੁੰਚ ਸਕਦਾ ਹੈ ਜਾਂ ਕੌਣ ਉਸ ਨਾਲ ਮਿਲ ਸਕਦਾ ਹੈ, ਇਹ ਸਭ ਐਮਾ ਹੀ ਤੈਅ ਕਰਦੀ ਸੀ।

ਸੈਨ ਡਿਏਗੋ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੀ ਵਿਦਵਾਨ ਸੇਸੀਲੀਆ ਫ਼ਾਰਫ਼ਨ ਮੈਂਡੇਜ਼ ਦਾ ਕਹਿਣਾ ਹੈ, "ਰਵਾਇਤੀ ਤੌਰ 'ਤੇ ਨਸ਼ਾ ਤਸਕਰਾਂ ਦੀਆਂ ਪਤਨੀਆਂ ਨੂੰ ਬਹੁਤ ਹੀ 'ਕਾਮ ਭਾਵਨਾ' ਵਾਲੀਆਂ ਔਰਤਾਂ ਵੱਜੋਂ ਵੇਖਿਆ ਜਾਂਦਾ ਹੈ। ਪਰ ਕੋਰੋਨੇਲ ਕੁਝ ਵੱਖਰੀ ਸੀ। ਉਸ ਨੇ ਸਾਬਤ ਕੀਤਾ ਕਿ ਔਰਤਾਂ ਵੀ ਆਪਣੇ ਹੱਥ 'ਚ ਤਾਕਤ ਰੱਖ ਸਕਦੀਆਂ ਹਨ।"

ਪਰ ਇੱਕ ਡਰੱਗ ਕਾਰਟੇਲ 'ਚ ਸੱਤਾ ਹਾਸਲ ਕਰਨ ਦੇ ਆਪਣੇ ਜ਼ੋਖਮ ਵੀ ਹਨ।

ਅਮਰੀਕਾ ਦੇ ਡਰੱਗ ਇਨਫੋਰਸਮੈਂਟ ਪ੍ਰਸ਼ਾਸਨ ਦੇ ਇਕ ਸਾਬਕਾ ਵਿਸ਼ੇਸ਼ ਏਜੰਟ ਡੈਰੇਕ ਮਾਲਟਜ਼ ਦਾ ਕਹਿਣਾ ਹੈ, " ਜੇਕਰ ਤੁਸੀ ਇਸ ਧੰਦੇ 'ਚ ਹੋ ਤਾਂ ਆਖਰਕਾਰ ਜਾਂ ਤਾਂ ਤੁਸੀਂ ਫੜ੍ਹੇ ਜਾਵੋਗੇ ਜਾਂ ਫਿਰ ਮਾਰੇ ਜਾਵੋਗੇ।"

ਆਪਣੀ ਫੈਸ਼ਨ ਕੰਪਨੀ ਖੋਲ੍ਹਣ ਦੀ ਯੋਜਨਾ ਦੇ ਨਾਲ ਐਮਾ ਆਪਣੇ ਆਪ ਨੂੰ ਬਹਾਦੁਰ ਸਾਬਤ ਕਰਦਿਆਂ ਅੱਗੇ ਵੱਧ ਰਹੀ ਸੀ। ਪਰ ਉਸ 'ਤੇ ਜਾਂਚ ਦਾ ਸ਼ਿੰਕਜਾ ਕੱਸਦਾ ਜਾ ਰਿਹਾ ਸੀ।

ਅਗਵਾ ਅਤੇ ਕਤਲ

ਕੋਰੋਨੇਲ ਆਪਣੇ ਪਤੀ ਦੇ ਮੁੱਕਦਮੇ ਦੀ ਸੁਣਵਾਈ ਮੌਕੇ ਬਰੁਕਲਿਨ ਦੀ ਫੈਡਰਲ ਜ਼ਿਲ੍ਹਾ ਅਦਾਲਤ 'ਚ ਆਈਸਬਰਗ ਲੇਟਿਸ ਖਾ ਰਹੀ ਸੀ।

ਉਸ ਦੀ ਵਕੀਲ ਮੀਰੋ ਦਾ ਕਹਿਣਾ ਹੈ, " ਉਹ ਇੱਕ ਵੱਡੀ ਸਖ਼ਸੀਅਤ ਹੈ। ਮੈਂ ਜਿਸ ਐਮਾ ਨੂੰ ਜਾਣਦੀ ਹਾਂ, ਉਹ ਪੂਰੀ ਤਰ੍ਹਾਂ ਨਾਲ ਊਰਜਾ ਨਾਲ ਭਰੀ ਹੋਈ ਹੈ ਅਤੇ ਉਹ ਹਮੇਸ਼ਾਂ ਹੀ ਮੁਸਕਰਾਉਂਦੀ ਰਹਿੰਦੀ ਹੈ।"

ਐਮਾ ਦੇ ਕੋਲ ਅਮਰੀਕਾ ਅਤੇ ਮੈਕਸੀਕੋ ਦੋਵਾਂ ਦੇਸ਼ਾਂ ਦੀ ਹੀ ਨਾਗਰਿਕਤਾ ਹੈ। ਉਹ 17 ਸਾਲ ਦੀ ਉਮਰ 'ਚ ਗੂਜ਼ਮੈਨ ਨਾਲ ਮਿਲੀ ਸੀ ਅਤੇ ਫਿਰ ਜਲਦੀ ਹੀ ਉਹ ਵਿਆਹ ਦੇ ਬੰਧਨ 'ਚ ਬੱਝ ਗਏ ਸਨ।

ਉਨ੍ਹਾਂ ਦੇ ਦੋ ਬੱਚੇ ਵੀ ਹਨ- ਮਾਰੀਆ ਖ਼ਵਾਕੀਨਾ ਅਤੇ ਏਮਲੀ। ਆਪਣੇ ਪਤੀ ਦੇ ਮੁਕੱਮਦੇ ਦੀ ਸੁਣਵਾਈ ਦੌਰਾਨ ਉਹ ਰੋਜ਼ਾਨਾ ਅਦਾਲਤ ਆਉਂਦੀ ਸੀ।

ਮੈਕਸੀਕੋ 'ਚ ਰਹਿ ਕੇ ਡਰੱਗ ਸਮੂਹ 'ਤੇ ਅਧਿਐਨ ਕਰਨ ਵਾਲੀ ਪੈਰਿਸ ਦੀ ਸੁਰੱਖਿਆ ਵਿਸ਼ਲੇਸ਼ਕ ਰੋਮੇਨ ਲੀ ਕੂਰ ਗ੍ਰੈਂਡਮਾਈਸਨ ਐਮਾ ਨੂੰ 'ਇਕ ਸਿਨਾਲੋਆ ਅਪਸਰਾ' ਦਾ ਨਾਂਅ ਦਿੰਦੀ ਹੈ।

ਲਾਲ ਲਿਪਸਟਿਕ , ਹੀਰਿਆਂ ਦੇ ਗਹਿਣੇ ਅਤੇ ਤੰਗ ਜੀਨਸ ਪਾਉਣ ਵਾਲੀ ਕੋਰੋਨੇਲ ਬਿਊਕੋਨਾ ਦੀ ਤਸਵੀਰ ਪੇਸ਼ ਕਰਦੀ ਸੀ।

ਮੈਕਸੀਕੋ 'ਚ ਬਿਊਕੋਨਾ ਸ਼ਬਦ ਡਰੱਗ ਕਾਰੋਬਾਰੀ ਦੀ ਪ੍ਰੇਮਿਕਾ ਦੇ ਲਈ ਵਰਤਿਆ ਜਾਂਦਾ ਹੈ।

ਜਾਰਜ ਮੇਸਨ ਯੂਨੀਵਰਸਿਟੀ ਦੀ ਗੁਆਡਾਲੁਪੇ ਕੋਰੇ ਕਬੇਰਾ ਨੇ ਮੈਕਸੀਕੋ ਦੇ ਸਿਨਾਲੋਆ 'ਚ ਸੋਧ ਕਾਰਜ ਕੀਤਾ ਹੈ। ਇਹ ਉਹੀ ਜਗ੍ਹਾ ਹੈ ਜਿੱਥੋਂ ਗੁਜ਼ਮੈਨ ਦੇ ਨਸ਼ਾ ਤਸਕਰੀ ਦੇ ਕੰਮਾਂ ਨੂੰ ਚਲਾਇਆ ਜਾਂਦਾ ਸੀ।

ਬਿਊਕੋਨਾ ਸ਼ਬਦ ਦੀ ਵਿਆਖਿਆ ਕਰਦਿਆਂ ਉਹ ਕਹਿੰਦੀ ਹੈ, " ਉਹ ਬਹੁਤ ਹੀ ਮਹਿੰਗੇ ਕੱਪੜੇ ਪਾਉਂਦੀ ਹੈ ਅਤੇ ਲੂਈ ਵਿਤਾਨ ਦਾ ਪਰਸ ਰੱਖਦੀ ਹੈ। ਉਸ ਕੋਲ ਹਰ ਚੀਜ਼ ਬੇਲੋੜੀ ਹੈ ਅਤੇ ਕੋਰੋਨੇਲ ਤਸਵੀਰ ਨੂੰ ਬਹੁਤ ਹੀ ਬਾਖੂਬੀ ਪੇਸ਼ ਕਰਦੀ ਸੀ। ਇੱਥੋਂ ਤੱਕ ਕਿ ਪਲਾਸਟਿਕ ਸਰਜਰੀ ਵੀ, ਕਿਉਂਕਿ ਤੁਹਾਡਾ ਦਿਖਾਵਾ ਹੀ ਸਭ ਕੁਝ ਹੈ।"

ਕੋਰੇ ਕਬੇਰਾ ਦੇ ਅਨੁਸਾਰ ਉਸ ਦੀ ਸਭ ਤੋਂ ਦਿਲ ਖਿੱਚਵੀਂ ਵਿਸ਼ੇਸ਼ਤਾ ਉਸ ਦਾ ਪਿੱਛੇ ਦਾ ਹਿਸਾ ਹੈ।

ਉਸ ਦੀ ਮਨਮੋਹਣੀ ਦਿੱਖ ਅਲ ਚੈਪੋ ਦੇ ਕਾਰਟਲ ਦੇ ਕੰਮ ਦੀ ਹਨੇਰੀ ਹਕੀਕਤ ਨਾਲੋਂ ਬਿਲਕੁੱਲ ਉਲਟ ਸੀ।

ਗੂਜ਼ਮੈਨ ਨੇ ਗੈਰ ਕਾਨੂੰਨੀ ਡਰੱਗ ਮਾਰਕਿਟ 'ਤੇ ਆਪਣਾ ਕੰਟਰੋਲ ਕਾਇਮ ਰੱਖਣ ਲਈ ਹਿੰਸਾ ਦਾ ਵੀ ਸਹਾਰਾ ਲਿਆ ਸੀ। ਨਤੀਜੇ ਵੱਜੋਂ ਉਹ ਅਤੇ ਉਸ ਦਾ ਪਰਿਵਾਰ ਅਮੀਰ ਹੁੰਦਾ ਚਲਾ ਗਿਆ।

2006 ਤੋਂ ਲੈ ਕੇ ਹੁਣ ਤੱਕ ਮੈਕਸੀਕੋ 'ਚ 3 ਲੱਖ ਤੋਂ ਵੀ ਵੱਧ ਮਾਰੇ ਗਏ ਹਨ। ਇਸੇ ਸਾਲ ਹੀ ਮੈਕਸੀਕੋ ਸਰਕਾਰ ਨੇ ਕਾਰਟਲਸ ਨੂੰ ਖ਼ਤਮ ਕਰਨ ਲਈ ਮੁਹਿੰਮ ਵਿੱਢੀ ਸੀ।

ਡਰੱਗ ਨਾਲ ਜੁੜੀ ਹਿੰਸਾ ਦੇ ਪੀੜ੍ਹਤਾਂ 'ਚ ਗੂਜ਼ਮੈਨ ਦੇ ਦੁਸ਼ਮਣਾਂ ਦੇ ਨਾਲ-ਨਾਲ ਉਸ ਦੇ ਆਪਣੇ ਕਰੀਬੀ ਲੋਕ ਵੀ ਸ਼ਾਮਲ ਹਨ। ਉਸ ਦੀ ਇਕ ਪ੍ਰੇਮਿਕਾ ਦੀ ਲਾਸ਼ ਇਕ ਕਾਰ ਦੀ ਡਿੱਗੀ 'ਚੋਂ ਬਰਾਮਦ ਹੋਈ ਸੀ। ਇਹ ਕਤਲ ਕਥਿਤ ਤੌਰ 'ਤੇ ਉਨ੍ਹਾਂ ਦੇ ਵਿਰੋਧੀ ਧੜੇ ਵੱਲੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ

ਵਫ਼ਾਦਾਰੀ ਦੀ ਕੀਮਤ

ਲੰਮੇ ਸਮੇਂ ਤੱਕ ਗੂਜ਼ਮੈਨ ਦੀ ਪ੍ਰੇਮਿਕਾ ਰਹਿ ਚੁੱਕੀ ਲੁਸੇਰੋ ਗੁਆਦਾਲੂਪੇ ਸਨਚੇਜ਼ ਲੋਪੇਜ਼ ਨੇ ਅਦਾਲਤ 'ਚ ਗੂਜ਼ਮੈਨ ਦੇ ਖ਼ਿਲਾਫ਼ ਗਵਾਹੀ ਦਿੱਤੀ ਸੀ।

ਉਸ ਨੂੰ ਜੂਨ 2017 'ਚ ਡਰੱਗ ਨਾਲ ਜੁੜੇ ਇਲਜ਼ਾਮਾਂ ਹੇਠ ਅਮਰੀਕਾ-ਮੈਕਸੀਕੋ ਸਰਹੱਦ ਤੋਂ ਹਿਰਾਸਤ 'ਚ ਲਿਆ ਗਿਆ ਸੀ।

ਲੁਸੇਰੋ ਵੱਲੋਂ ਆਪਣਾ ਇਕਬਾਲ-ਏ-ਜ਼ੁਰਮ ਕਰਨ ਤੋਂ ਬਾਅਦ, ਉਸ ਨੂੰ ਦੱਸਿਆ ਗਿਆ ਸੀ ਕਿ ਉਸ ਨੂੰ 10 ਸਾਲ ਦੀ ਸਜ਼ਾ ਹੋਵੇਗੀ।

ਦੋ ਬੱਚਿਆਂ ਦੀ ਮਾਂ ਲੁਸੇਰੋ ਨੇ ਇਕ ਸਮਝੌਤੇ ਦੇ ਤਹਿਤ ਜਾਂਚ ਦੌਰਾਨ ਵਕੀਲਾਂ ਦੀ ਮਦਦ ਕੀਤੀ ਸੀ।

ਕੈਦੀਆਂ ਦੀ ਨੀਲੀ ਵਰਦੀ 'ਚ ਸਨਚੇਜ਼ ਨੇ ਅਦਾਲਤ 'ਚ ਪੇਸ਼ ਹੋ ਕੇ ਗੂਜ਼ਮੈਨ ਨਾਲ ਆਪਣੇ ਪ੍ਰੇਮ ਸੰਬੰਧਾਂ ਅਤੇ ਕਾਰਟੇਲ ਲੀਡਰ ਦੇ ਤੌਰ 'ਤੇ ਗੂਜ਼ਮੈਨ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਸੀ।

ਉਸ ਸਮੇਂ ਉਹ ਬਹੁਤ ਘਬਰਾਈ ਹੋਈ ਸੀ ਅਤੇ ਵਾਰ-ਵਾਰ ਆਪਣੀਆਂ ਅੱਖਾਂ ਝਪਕ ਰਹੀ ਸੀ। ਉਸ ਤੋਂ ਕੁਝ ਦੂਰੀ 'ਤੇ ਬੈਠਾ ਗੂਜ਼ਮੈਨ ਬਹੁਤ ਹੀ ਪ੍ਰੇਸ਼ਾਨ ਵਿਖਾਈ ਦੇ ਰਿਹਾ ਸੀ ਅਤੇ ਵਾਰ-ਵਾਰ ਘੜੀ ਵੇਖ ਰਿਹਾ ਸੀ।

ਕੋਰੋਨੇਲ ਦੂਜੀ ਕਤਾਰ 'ਚ ਬੈਠੀ ਸੀ। ਉਹ ਆਪਣੇ ਲੰਮੇ ਵਾਲਾਂ 'ਚ ਉਂਗਲੀਆਂ ਫੇਰ ਰਹੀ ਸੀ। ਉਸ ਦਿਨ ਉਸ ਨੇ ਅਤੇ ਉਸ ਦੇ ਪਤੀ ਨੇ ਇਕ ਸਮਾਨ ਮਖਮਲੀ ਜੈਕਟ ਪਾਈ ਹੋਈ ਸੀ।

ਗੂਜ਼ਮੈਨ ਦੇ ਵਕੀਲ ਵਿਲੀਅਮ ਨੇ ਕਿਹਾ ਕਿ ਇਕੋ ਜਿਹੀ ਜੈਕੇਟ ਉਨ੍ਹਾਂ ਦੇ ਰਿਸ਼ਤੇ ਦੀ ਤਾਕਤ ਨੂੰ ਬਿਆਨ ਕਰਦੀ ਹੈ। ਸਨਚੇਜ਼ ਦੀ ਗਵਾਹੀ ਵਾਲੇ ਦਿਨ ਕੋਰੋਨੇਲਾ ਆਪਣੇ ਪਤੀ ਨਾਲ ਦੀ ਜੈਕੇਟ ਪਾ ਕੇ ਸਨਚੇਜ਼ ਨੂੰ ਸੁਨੇਹਾ ਦੇਣਾ ਚਾਹੁੰਦੀ ਸੀ।

ਵਿਲੀਅਮ ਅਨੁਸਾਰ ਉਹ ਇਹ ਦੱਸਣਾ ਚਾਹੁੰਦੀ ਸੀ ਕਿ " ਤੂੰ ਦਫ਼ਾ ਹੋ, ਗੂਜ਼ਮੈਨ ਸਿਰਫ ਤਾਂ ਸਿਰਫ ਮੇਰਾ ਹੈ।"

ਅਦਾਲਤ 'ਚ ਗਵਾਹੀ ਦੇਣ ਤੋਂ ਬਾਅਦ ਸਨਚੇਜ਼ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਕੋਰੋਨੇਲਾ ਨਿਊਯਾਰਕ 'ਚ ਇਕ ਰਾਤ ਦੇ ਭੋਜ ਲਈ ਰਵਾਨਾ ਹੋ ਗਈ ਸੀ।

ਪਰ ਜਲਦੀ ਹੀ ਇੰਨ੍ਹਾਂ ਦੋਵਾਂ ਔਰਤਾਂ ਦੀ ਸਥਿਤੀ ਬਦਲ ਗਈ। ਸਨਚੇਜ਼ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਹੁਣ ਉਹ ਆਜ਼ਾਦ ਹੈ। ਦੂਜੇ ਪਾਸੇ ਕੋਰੋਨੇਲ ਸਲਾਖਾਂ ਦੇ ਪਿੱਛੇ ਹੈ ਅਤੇ ਉਸ ਨੂੰ ਜ਼ਮਾਨਤ ਵੀ ਨਹੀਂ ਮਿਲ ਰਹੀ ਹੈ।

ਮੁਕੱਦਮੇ ਦੌਰਾਨ ਉਸ ਨੇ ਜਿਸ ਤਰ੍ਹਾਂ ਨਾਲ ਆਪਣੀ ਜੀਵਨ ਸ਼ੈਲੀ ਦਾ ਮੁਜ਼ਾਹਰਾ ਕੀਤਾ, ਉਹ ਕਿਸੇ ਨੂੰ ਵੀ ਪਸੰਦ ਨਹੀਂ ਆਇਆ ਸੀ। ਜਿਸ ਤਰ੍ਹਾਂ ਨਾਲ ਉਸ ਨੇ ਆਪਣੇ ਪਤੀ ਪ੍ਰਤੀ ਵਫ਼ਾਦਾਰੀ ਵਿਖਾਈ, ਉਸ ਤੋਂ ਵੀ ਬਹੁਤ ਸਾਰੇ ਲੋਕ ਨਿਰਾਸ਼ ਹੋਏ ਸਨ।

ਸੁਰੱਖਿਆ ਵਿਸ਼ਲੇਸ਼ਕ ਗ੍ਰੈਂਡਮੇਸਨ ਦੇ ਅਨੁਸਾਰ ' ਉਸ ਨੂੰ ਇਕ ਮੂਰਖ ਦੀ ਤਰ੍ਹਾਂ ਵੇਖਿਆ ਗਿਆ ਹੈ'।

ਹਾਲਾਂਕਿ ਸਨਚੇਜ਼ ਨੇ ਅਜਿਹਾ ਕੁਝ ਨਹੀਂ ਸੋਚਿਆ ਸੀ।

ਜਦੋਂ ਸਨਚੇਜ਼ ਦੇ ਵਕੀਲ ਹੇਦਰ ਸ਼ੇਨਰ ਨੇ ਉਸ ਨੂੰ ਕੋਰੋਨੇਲਾ ਦੇ ਜੇਲ੍ਹ ਜਾਣ ਬਾਰੇ ਦੱਸਿਆ ਤਾਂ ਸ਼ਨਚੇਜ਼ ਨੇ ਕੋਈ ਖੁਸ਼ੀ ਦਾ ਪ੍ਰਗਟਾਵਾ ਨਹੀਂ ਕੀਤਾ। ਬਲਕਿ ਉਹ ਦੁੱਖੀ ਹੋਈ ਸੀ, ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਇਕ ਹੋਰ ਮਾਂ ਨੂੰ ਆਪਣੇ ਬੱਚਿਆਂ ਤੋਂ ਦੂਰ ਹੋਣਾ ਪਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)