You’re viewing a text-only version of this website that uses less data. View the main version of the website including all images and videos.
ਫਰਾਂਸ 'ਚ ਹਜ਼ਰਤ ਮੁਹੰਮਦ ਦੇ ਕਾਰਟੂਨ ਦਿਖਾਉਣ ਵਾਲੇ ਅਧਿਆਪਕ ਦੀ ਹੱਤਿਆ ਤੋਂ ਬਾਅਦ ਇਸਲਾਮ ਬਾਰੇ ਛਿੜੀ ਇਹ ਬਹਿਸ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਫਰਾਂਸ ਇਨ੍ਹੀਂ ਦਿਨੀਂ ਗੰਭੀਰ ਮੰਥਨ ਵਿੱਚੋਂ ਲੰਘ ਰਿਹਾ ਹੈ। ਇਸਦਾ ਕਾਰਨ ਇੱਕ 18 ਸਾਲ ਦੇ ਚੇਚਨ ਮੂਲ ਦੇ ਇੱਕ ਮੁੰਡੇ ਦੀ ਬੇਰਹਿਮੀ ਹੈ ਜਿਸ ਨੇ 16 ਅਕਤੂਬਰ ਨੂੰ ਇੱਕ ਹਾਈ ਸਕੂਲ ਦੇ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ।
47 ਸਾਲਾ ਅਧਿਆਪਕ ਸੈਮੂਅਲ ਪੈੱਟੀ ਵਿਦਿਆਰਥੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸਿਖਾ ਰਹੇ ਸੀ ਅਤੇ ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਸ਼ਾਰਲੀ ਏਬਦੋ ਦੇ ਕਾਰਟੂਨ ਦਾ ਜ਼ਿਕਰ ਕੀਤਾ ਸੀ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸ ਨੂੰ "ਇਸਲਾਮਿਕ ਅੱਤਵਾਦੀ" ਹਮਲਾ ਕਿਹਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ "ਇਸਲਾਮੀ ਅੱਤਵਾਦ" ਖ਼ਿਲਾਫ਼ ਲੜਾਈ ਛੇੜ ਦਿੱਤੀ ਹੈ। ਦੇਸ਼ ਵਿੱਚ ਇਸ ਸਮੇਂ ਬਹੁਤ ਘੱਟ ਲੋਕ ਹੋਣਗੇ ਜੋ ਰਾਸ਼ਟਰਪਤੀ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹੋਣਗੇ।
ਇਹ ਵੀ ਪੜ੍ਹੋ
ਵਿਰੋਧੀ ਧਿਰ ਦੇ ਇੱਕ ਨੇਤਾ ਨੇ ਕਿਹਾ, "ਅਸੀਂ ਹੰਝੂ ਨਹੀਂ, ਹਥਿਆਰ ਚਾਹੁੰਦੇ ਹਾਂ"। ਫਿਲਹਾਲ ਦੇਸ਼ ਭਰ ਵਿੱਚ ਭਾਵਨਾਵਾਂ ਊਫ਼ਾਨ 'ਤੇ ਹਨ।
ਹਮਲੇ ਤੋਂ ਬਾਅਦ ਪੁਲਿਸ ਨੇ ਤਕਰੀਬਨ 40 ਥਾਵਾਂ 'ਤੇ ਛਾਪਾ ਮਾਰਿਆ ਅਤੇ 16 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਬਾਅਦ ਵਿੱਚ ਛੇ ਨੂੰ ਰਿਹਾ ਕਰ ਦਿੱਤਾ ਗਿਆ।
ਸਰਕਾਰ ਨੇ ਇੱਕ ਮਸਜਿਦ ਨੂੰ ਬੰਦ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਮਸਜਿਦ ਵਿਰੁੱਧ ਇਲਜ਼ਾਮ ਹਨ ਕਿ ਉਸ ਨੇ ਪੈਟੀ ਦੀ ਹੱਤਿਆ ਤੋਂ ਪਹਿਲਾਂ ਉੱਥੋਂ ਫੇਸਬੁੱਕ 'ਤੇ ਵੀਡੀਓ ਸਾਂਝਾ ਕੀਤਾ ਸੀ ਜਿਥੇ ਉਸ ਸਕੂਲ ਦਾ ਨਾਮ ਅਤੇ ਪਤਾ ਦੱਸਿਆ ਗਿਆ ਜਿਥੇ ਪੈਟੀ ਪੜ੍ਹਾ ਰਹੇ ਸਨ।
ਪੈਗੰਬਰ ਮੁਹੰਮਦ ਖਿਲਾਫ਼ ਬਿਆਨ ਅਤੇ ਉਨ੍ਹਾਂ ਦੀ ਤਸਵੀਰ ਨੂੰ ਦਿਖਾਉਣਾ ਮੁਸਲਮਾਨਾਂ ਲਈ ਧਾਰਮਿਕ ਤੌਰ 'ਤੇ ਸੰਵੇਦਨਸ਼ੀਲ ਮਾਮਲਾ ਹੈ ਕਿਉਂਕਿ ਇਸਲਾਮੀ ਪਰੰਪਰਾ ਸਪੱਸ਼ਟ ਤੌਰ 'ਤੇ ਮੁਹੰਮਦ ਅਤੇ ਅੱਲ੍ਹਾ (ਰੱਬ) ਦੇ ਚਿੱਤਰ ਦਿਖਾਉਣ ਤੋਂ ਮਨ੍ਹਾ ਕਰਦੀ ਹੈ।
ਇਹ ਮੁੱਦਾ ਫਰਾਂਸ ਵਿੱਚ, ਖ਼ਾਸਕਰ 2015 ਵਿੱਚ, ਉਸ ਵੇਲੇ ਚਰਚਾ ਵਿੱਚ ਆਇਆ ਜਦੋ ਵਿਅੰਗਾਤਮਕ ਰਸਾਲੇ 'ਸ਼ਾਰਲੀ ਏਬਦੋ' ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ, ਫਰਾਂਸ ਵਿੱਚ ਕਾਰਟੂਨ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ ਮੈਗਜ਼ੀਨ ਦੇ ਦਫ਼ਤਰ 'ਤੇ ਹਮਲਾ ਕਰਕੇ 12 ਲੋਕਾਂ ਦੀ ਹੱਤਿਆ ਕੀਤੀ ਗਈ।
ਧਰਮ ਨਿਰਪੱਖ ਪਛਾਣ 'ਤੇ ਸੱਟ
ਅਖੌਤੀ ਇਸਲਾਮਿਕ ਸਟੇਟ ਸਟਾਈਲ ਵਾਲੀ ਹੱਤਿਆ ਤੋਂ ਬਾਅਦ ਫਰਾਂਸ ਵਿੱਚ ਰਾਸ਼ਟਰੀ ਏਕਤਾ ਦਾ ਜ਼ੋਰਦਾਰ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ ਹੈ। ਪਰ ਵਿਸ਼ਲੇਸ਼ਕ ਕਹਿੰਦੇ ਹਨ ਕਿ ਇਸ ਕਤਲ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਧਰਮ ਨਿਰਪੱਖਤਾ ਅਤੇ ਬੋਲਣ ਦੀ ਆਜ਼ਾਦੀ ਦੇ ਮਾਮਲੇ ਵਿੱਚ ਸਾਲਾਂ ਤੋਂ ਦਬੀ ਹੋਈ ਅਸੰਤੁਸ਼ਟੀ ਸਾਹਮਣੇ ਆਈ ਹੈ।
ਸਰਕਾਰ ਦੀ ਸਖ਼ਤ ਧਰਮ ਨਿਰਪੱਖਤਾ ਫਰਾਂਸ ਦੀ ਕੌਮੀ ਪਛਾਣ ਦਾ ਕੇਂਦਰ ਹੈ। ਇਹ ਉਨ੍ਹੀਂ ਹੀ ਮਹੱਤਵਪੂਰਣ ਹੈ ਜਿਨ੍ਹਾਂ ਕਿ "ਆਜ਼ਾਦੀ, ਬਰਾਬਰੀ, ਭਾਈਚਾਰਾ" ਦੀਆਂ ਧਾਰਨਾਵਾਂ ਜੋ ਫ੍ਰਾਂਸੀਸੀ ਇਨਕਲਾਬ ਤੋਂ ਬਾਅਦ ਦੇਸ਼, ਸਮਾਜ ਅਤੇ ਇਸ ਦੇ ਸੰਵਿਧਾਨ ਦਾ ਅਧਾਰ ਰਹੀਆਂ ਹਨ।
ਫਰਾਂਸ ਵਿੱਚ ਜਨਤਕ ਥਾਵਾਂ, ਚਾਹੇ ਸਕੂਲ, ਹਸਪਤਾਲ ਜਾਂ ਦਫ਼ਤਰ ਹੋਣ, ਸਰਕਾਰੀ ਨੀਤੀ ਅਨੁਸਾਰ ਉਨ੍ਹਾਂ ਨੂੰ ਕਿਸੇ ਵੀ ਧਰਮ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਆਜ਼ਾਦ ਹੋਣਾ ਚਾਹੀਦਾ ਹੈ। ਫਰਾਂਸ ਨੀਤੀ ਦੇ ਤੌਰ 'ਤੇ ਮੰਨਦਾ ਹੈ ਕਿ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼, ਆਜ਼ਾਦੀ ਅਤੇ ਦੇਸ਼ ਦੀ ਏਕਤਾ ਵਿੱਚ ਇੱਕ ਰੁਕਾਵਟ ਹੈ।
ਦਰਅਸਲ, ਇਸ ਕਤਲ ਤੋਂ ਦੋ ਹਫ਼ਤੇ ਪਹਿਲਾਂ, ਭਾਵ 2 ਅਕਤੂਬਰ ਨੂੰ, ਰਾਸ਼ਟਰਪਤੀ ਮੈਕਰੋਂ ਨੇ ਆਪਣੇ ਭਾਸ਼ਣ ਵਿੱਚ 'ਇਸਲਾਮਿਕ ਕੱਟੜਵਾਦ ਦੇ ਵਿਰੁੱਧ ਲੜਾਈ' ਵਜੋਂ ਇੱਕ ਕਾਨੂੰਨ ਪ੍ਰਸਤਾਵਿਤ ਕੀਤਾ ਸੀ।
ਜੇ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਫਰਾਂਸ ਦੀਆਂ ਮਸਜਿਦਾਂ ਵਿੱਚ ਵਿਦੇਸ਼ੀ ਇਮਾਮ ਦੇ ਇਮਾਮਤ ਨਹੀਂ ਕਰ ਸਕਣਗੇ, ਅਤੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਇਸਲਾਮਿਕ ਸਿੱਖਿਆ ਨਹੀਂ ਦਿੱਤੀ ਜਾਏਗੀ।
ਦੱਖਣੀ ਫਰਾਂਸ ਵਿੱਚ ਇੱਕ ਹਾਈ ਸਕੂਲ ਦੇ ਅਧਿਆਪਕ ਮਾਰਟਿਨ ਜਿਬਲਾਟ ਨੂੰ ਇਸ ਬਿੱਲ ਦੇ ਕੁਝ ਪ੍ਰਬੰਧਾਂ 'ਤੇ ਸਖ਼ਤ ਇਤਰਾਜ਼ ਹੈ।
ਉਹ ਕਹਿੰਦੀ ਹੈ, "ਅੱਤਵਾਦ ਵਿਰੁੱਧ ਲੜਾਈ ਬਾਰੇ ਮੈਕਰੋਂ ਦੇ ਭਾਸ਼ਣ ਤੋਂ ਮੈਨੂੰ ਕਿਹੜੀ ਗੱਲ ਨੇ ਠੇਸ ਪਹੁੰਚਾਈ ਸੀ, ਇਹ ਸੀ ਕਿ ਘਰ ਦੇ ਅੰਦਰ ਧਾਰਮਿਕ ਸਿੱਖਿਆ 'ਤੇ ਪਾਬੰਦੀ ਲਗਾਈ ਗਈ ਸੀ। ਇਹ ਮੈਨੂੰ ਆਜ਼ਾਦੀ ਦੀ ਹੱਤਿਆ ਦਾ ਪ੍ਰਬੰਧ ਲੱਗਿਆ ਸੀ।"
"ਮੈਂ ਬਹੁਤ ਸਾਰੇ ਮਾਪਿਆਂ ਨੂੰ ਜਾਣਦੀ ਹਾਂ ਜੋ ਅਜਿਹਾ ਕਰਦੇ ਹਨ। ਉਨ੍ਹਾਂ ਦੇ ਘਰਾਂ 'ਤੇ ਸਿੱਖਿਆ ਅਫਸਰਾਂ ਦੇ ਬਾਕਾਇਦਾ ਦੌਰੇ ਹੁੰਦੇ ਹਨ ਤਾਂ ਜੋ ਉਹ ਜਾਣ ਸਕਣ ਕਿ ਉਹ ਆਪਣੇ ਬੱਚਿਆਂ ਨੂੰ ਘਰ ਕੀ ਪੜ੍ਹਾ ਰਹੇ ਹਨ।"
ਉਨ੍ਹਾਂ ਨੇ ਸਰਕਾਰ ਅਤੇ ਮੀਡੀਆ 'ਤੇ ਝੂਠ ਫੈਲਾਉਣ ਦਾ ਆਰੋਪ ਲਗਾਇਆ, "ਸਰਕਾਰ ਤੋਂ ਬਹੁਤ ਸਾਰੇ ਝੂਠ ਸੁੰਨਣ ਨੂੰ ਮਿਲਦੇ ਹਨ। ਮੈਂ ਪਹਿਲਾਂ ਹੀ ਫ੍ਰੈਂਚ ਦੇ ਮੁੱਖਧਾਰਾ ਦੇ ਸਮਾਚਾਰ ਚੈਨਲਾਂ ਨੂੰ ਵੇਖਣਾ ਬੰਦ ਕਰ ਦਿੱਤਾ ਹੈ, ਉਹ ਦਰਸ਼ਕਾਂ ਵਿੱਚ ਇਹ ਡਰ ਪੈਦਾ ਕਰਦੇ ਹਨ ਕਿ ਜੋ ਲੋਕਾਂ ਦਾ ਬ੍ਰੇਨਵਾਸ਼ (ਦਿਮਾਗੀ ਸਫਾਈ) ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।"
ਪਰ ਰਾਸ਼ਟਰਪਤੀ ਮੈਕਰੋਂ ਦੇ ਅਨੁਸਾਰ, ਉਨ੍ਹਾਂ ਦੇ ਕਾਨੂੰਨ ਦਾ ਉਦੇਸ਼ "ਫਰਾਂਸ ਵਿੱਚ ਇੱਕ ਅਜਿਹੇ ਇਸਲਾਮ ਨੂੰ ਉਤਸ਼ਾਹਤ ਕਰਨਾ ਹੈ ਜੋ ਆਤਮਗਿਆਨ ਦੇ ਅਨੁਕੂਲ ਹੋਵੇ।"
ਅਮਰੀਕਾ ਦੀ ਸੈਨ ਡਿਏਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ 'ਇਸਲਾਮ, ਅਥਾਰਟੇਰਿਏਨਿਜ਼ਮ ਅਤੇ ਅੰਡਰਡਿਵੇਲਪਮੇਂਟ' ਦੇ ਲੇਖਕ ਅਹਮੇਤ ਕੁਰੂ ਦਾ ਕਹਿਣਾ ਹੈ ਕਿ ਜ਼ਮੀਨੀ ਹਕੀਕਤ ਬਹੁਤ ਗੁੰਝਲਦਾਰ ਹੈ।
ਉਨ੍ਹਾਂ ਦੇ ਅਨੁਸਾਰ, "ਸੈਕੂਲਰ ਫਰਾਂਸ ਵਿੱਚ ਅਸਲ ਵਿੱਚ ਕੈਥੋਲਿਕਾਂ ਲਈ ਬਹੁਤ ਸਾਰੇ ਅਪਵਾਦ ਹਨ, ਸਰਕਾਰ ਨਿੱਜੀ ਕੈਥੋਲਿਕ ਸਕੂਲਾਂ ਨੂੰ ਲੋੜੀਂਦੇ ਜਨਤਕ ਫੰਡ ਮੁਹੱਈਆ ਕਰਵਾਉਂਦੀ ਹੈ, ਅਤੇ ਫਰਾਂਸ ਵਿੱਚ 11 ਸਰਕਾਰੀ ਛੁੱਟੀਆਂ ਵਿੱਚੋਂ ਛੇ ਕੈਥੋਲਿਕ ਦੇ ਮਹੱਤਵ ਵਾਲੇ ਦਿਨ ਹੁੰਦੇ ਹਨ। ਇੱਥੇ ਅਕਸਰ ਧਰਮ ਨਿਰਪੱਖਤਾ ਦਾ ਅਰਥ ਮੁਸਲਮਾਨ ਦੇ ਧਾਰਮਿਕ ਮੁੱਦਿਆਂ ਨੂੰ ਰੱਦ ਕਰਨਾ ਹੁੰਦਾ ਹੈ।"
ਪ੍ਰੋਫੈਸਰ ਕੁਰੂ ਦੇ ਅਨੁਸਾਰ, ਪਿਛਲੇ ਕੁਝ ਸਾਲਾਂ ਵਿੱਚ ਫਰਾਂਸ ਵਿੱਚ ਇੱਕ ਧਰਮ ਨਿਰਪੱਖਤਾ ਦੀ ਮੰਗ ਵੱਧੀ ਹੈ ਜਿਸ ਵਿੱਚ ਬਹੁਸਭਿਆਚਾਰਕਤਾ ਨੂੰ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ।
ਕੀ ਇਹ ਇੱਕ ਇਸਲਾਮਿਕ ਕੱਟੜਪੰਥੀ ਦਾ ਹਮਲਾ ਸੀ?
ਫਰਾਂਸ ਦੇ ਰਾਸ਼ਟਰਪਤੀ ਨੇ ਅਧਿਆਪਕ ਦੇ ਕਤਲ ਨੂੰ 'ਇਸਲਾਮਿਕ ਅੱਤਵਾਦ' ਦਾ ਨਾਮ ਦਿੱਤਾ ਗਿਆ ਹੈ ਜਿਸ ਨੂੰ ਤਾਬੀਸ਼ ਸਹੀ ਨਹੀਂ ਮੰਨਦੇ।
ਉਹ ਕਹਿੰਦੇ ਹਨ, "ਇਹ ਅਤੰਕ ਦੀ ਗੱਲ ਹੈ, ਅੱਤਵਾਦ ਦੀ ਨਹੀਂ, ਇਹ ਗੁੰਮਰਾਹਕੁੰਨ ਹੈ ਜੇ ਕਿਸੇ ਸਮੂਹ ਨੇ ਯੋਜਨਾਬੰਦੀ ਨਹੀਂ ਕੀਤੀ। ਕੁਝ ਤਰੀਕਿਆਂ ਨਾਲ, ਇਹ ਬਦਤਰ ਹੈ। ਇਹ ਦਰਸਾਉਂਦਾ ਹੈ ਕਿ ਅਚਾਨਕ ਕੋਈ ਵੀ ਵਿਅਕਤੀ ਜੋ ਧਾਰਮਿਕ ਕੱਟੜਤਾ ਅਤੇ ਗੁੱਸੇ ਨਾਲ ਪ੍ਰੇਰਿਤ ਹੈ, ਉਹ ਅਜਿਹੇ ਘਿਨਾਉਣੇ ਅਪਰਾਧ ਕਰ ਸਕਦਾ ਹੈ।"
ਤਾਬੀਸ਼ ਦਾ ਮੰਨਣਾ ਹੈ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਕਿਸੇ ਵੀ ਧਰਮ ਜਾਂ ਫਿਰਕੇ ਦੇ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਸਹੀ ਨਹੀਂ ਹੈ। ਉਹ ਕਹਿੰਦੇ ਹਨ, "ਮੁਸਲਮਾਨਾਂ ਨੂੰ ਬਲੀ ਦਾ ਬਕਰਾ ਬਣਾਉਣ ਪਿੱਛੇ ਰਾਜਨੀਤਿਕ ਲੀਡਰਸ਼ਿਪ ਦਾ ਉਦੇਸ਼ ਆਪਣੀਆਂ ਅਸਫ਼ਲਤਾਵਾਂ ਨੂੰ ਲੁਕਾਉਣਾ ਹੀ ਹੁੰਦਾ ਹੈ।"
ਪ੍ਰੋਫੈਸਰ ਅਹਮੇਤ ਕੁਰੂ ਦੇ ਅਨੁਸਾਰ, ਇਸਲਾਮ ਦੇ ਸਾਹਮਣੇ "ਸੰਕਟ" ਮੁਸਲਿਮ ਜਗਤ ਦੀਆਂ ਇਤਿਹਾਸਕ ਅਤੇ ਰਾਜਨੀਤਿਕ ਅਸਫਲਤਾਵਾਂ ਵਿੱਚ ਹੈ, ਨਾ ਕਿ ਸਿਰਫ਼ ਇਸਲਾਮ ਧਰਮ ਵਿੱਚ। "
ਉਹ ਕਹਿੰਦੇ ਹਨ, "ਬਹੁਤ ਸਾਰੇ ਮੁਸਲਮਾਨ ਦੇਸ਼ ਜਿਵੇਂ ਕਿ ਮਿਸਰ, ਈਰਾਨ ਅਤੇ ਸਾਊਦੀ ਅਰਬ ਵਿੱਚ ਲੰਬੇ ਸਮੇਂ ਤੋਂ ਤਾਨਾਸ਼ਾਹੀ ਸ਼ਾਸਨ ਅਤੇ ਪੁਰਾਣੀ ਪਿਛੜਾਪਨ ਹੈ। ਦੁਨੀਆਂ ਦੇ 49 ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਵਿੱਚੋਂ 32 ਵਿੱਚ, ਲੋਕਾਂ ਨੂੰ ਕੁਫ਼ਰ ਦੇ ਕਾਨੂੰਨ ਤਹਿਤ ਸਜ਼ਾ ਦਿੱਤੀ ਜਾਂਦੀ ਹੈ, ਛੇ ਦੇਸ਼ਾਂ ਵਿੱਚ ਕੁਫ਼ਰ ਦੀ ਮੌਤ ਦੀ ਸਜ਼ਾ ਹੈ।"
ਉਨ੍ਹਾਂ ਕਿਹਾ, "ਇਹ ਕਾਨੂੰਨ ਜੋ ਪ੍ਰਗਟਾਵੇ ਦੀ ਆਜ਼ਾਦੀ ਨੂੰ ਰੋਕਦੇ ਹਨ, ਇਸਲਾਮ ਦੇ ਕੱਟੜਪੰਥੀ ਅਨਸਰਾਂ ਅਤੇ ਤਾਨਾਸ਼ਾਹੀ ਹਾਕਮਾਂ ਦੇ ਹਿੱਤ ਵਿੱਚ ਹਨ, ਨਾ ਕਿ ਇਸਲਾਮ ਦੇ ਹਿੱਤ ਵਿੱਚ। ਇਹ ਅਸਲ ਵਿੱਚ ਕੁਰਾਨ ਦੀਆਂ ਉਨ੍ਹਾਂ ਆਈਤਾਂ (ਤੁਕਾਂ) ਦੀਆਂ ਉਲੰਘਣਾ ਹੈ ਜਿਸ ਵਿੱਚ ਮੁਸਲਮਾਨਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਵਿਰੁੱਧ ਜ਼ਬਰਦਸਤੀ ਜਾਂ ਬਦਲਾ ਨਾ ਲੈਣ ਦੀ ਅਪੀਲ ਕੀਤੀ ਗਈ ਹੈ।"
ਦੂਜੇ ਪਾਸੇ, ਇਸਲਾਮਫੋਬੀਆ (ਇਸਲਾਮ ਦਾ ਡਰ) ਅੱਜ ਫਰਾਂਸ ਅਤੇ ਯੂਰਪ ਵਿੱਚ ਵੀ ਇੱਕ ਹਕੀਕਤ ਹੈ। ਦੱਖਣੀ ਫਰਾਂਸ ਦੇ 'ਨੀਸ' ਸ਼ਹਿਰ ਦੇ ਨਜ਼ਦੀਕ ਇਟਲੀ ਦੇ ਬਾਹਰੀ ਹਿੱਸੇ ਵਿੱਚ ਸਥਿਤ 'ਮੋਂਤੋਂ' ਦੀ ਇੱਕ ਫ੍ਰੈਂਚ ਔਰਤ ਮਾਰਗਾਰਿਟਾ ਮਰੀਨਾਕੋਲਾ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਇਸਲਾਮ ਨਾਲ ਜੋੜਨਾ ਸਹੀ ਨਹੀਂ ਹੈ।
ਉਹ ਕਹਿੰਦੇ ਹਨ, "ਮੇਰਾ ਨਜ਼ਰਿਆ ਫਰਾਂਸ ਵਿੱਚ ਬਹੁਤ ਮਸ਼ਹੂਰ ਨਹੀਂ ਹੈ, ਬੇਸ਼ਕ ਫਰਾਂਸ ਵਿੱਚ ਜੋ ਕੁਝ ਵਾਪਰਿਆ ਹੈ, ਮੈਂ ਉਸ ਦੀ ਪੂਰੀ ਨਿੰਦਾ ਕਰਦੀ ਹਾਂ ਅਤੇ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹਿੰਸਾ ਦੀ ਵੀ ਨਿੰਦਾ ਕਰਦੀ ਹਾਂ।"
ਉਹ ਅੱਗੇ ਕਹਿੰਦੇ ਹਨ, "ਇੱਕ ਫ੍ਰੈਂਚ ਨਾਗਰਿਕ ਹੋਣ ਦੇ ਨਾਤੇ, ਮੈਂ ਬੋਲਣ ਦੀ ਆਜ਼ਾਦੀ ਦਾ ਪੂਰਨ ਤੌਰ 'ਤੇ ਸਮਰਥਨ ਕਰਦੀ ਹਾਂ, ਪਰ ਵਿਅੰਗਾਤਮਕ ਰਸਾਲੇ ਸ਼ਾਰਲੀ ਏਬਦੋ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ।"
ਕੁਝ ਫ੍ਰਾਂਸੀਸੀ ਮੁਸਲਮਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਧਾਰਮਿਕ ਮਾਨਤਾਵਾਂ ਕਾਰਨ ਨਸਲਵਾਦ ਅਤੇ ਵਿਤਕਰੇ ਦੇ ਨਿਸ਼ਾਨੇ 'ਤੇ ਨਿਰੰਤਰ ਰਹੇ ਹਨ ਅਤੇ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੇ ਲੰਬੇ ਸਮੇਂ ਤੋਂ ਦੇਸ਼ ਵਿੱਚ ਤਣਾਅ ਪੈਦਾ ਕੀਤਾ ਹੋਇਆ ਹੈ।
ਇਕ ਹਾਈ ਸਕੂਲ ਦੀ ਅਧਿਆਪਕ ਮਾਰਟੀਨ ਦਾ ਕਹਿਣਾ ਹੈ, "ਬੋਲਣ ਦੀ ਆਜ਼ਾਦੀ ਦਾ ਇਹ ਮਤਲਬ ਨਹੀਂ ਕਿ ਕਿਸੇ ਦੇ ਧਾਰਮਿਕ ਵਿਚਾਰਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਈ ਜਾਵੇ।"
ਇਹ ਵੀ ਪੜ੍ਹੋ
ਏਕੀਕਰਣ ਦਾ ਫ੍ਰੈਂਚ ਮਾਡਲ ਅਸਫਲ?
ਪੱਛਮੀ ਯੂਰਪ ਵਿੱਚ ਮੁਸਲਮਾਨਾਂ ਦੀ ਸਭ ਤੋਂ ਵੱਧ ਆਬਾਦੀ ਫਰਾਂਸ ਵਿੱਚ ਰਹਿੰਦੀ ਹੈ, ਜੋ ਦੇਸ਼ ਦੀ ਕੁਲ ਆਬਾਦੀ ਦਾ 10 ਪ੍ਰਤੀਸ਼ਤ ਹੈ। ਇਹ ਲੋਕ ਮੋਰੱਕੋ, ਅਲਜੀਰੀਆ, ਮਾਲੀ ਅਤੇ ਟਿਊਨੀਸ਼ੀਆ ਵਰਗੇ ਦੇਸ਼ਾਂ ਤੋਂ ਆ ਕੇ ਫਰਾਂਸ ਚਲੇ ਗਏ ਹਨ, ਜਿਥੇ 19ਵੀਂ ਅਤੇ 20ਵੀਂ ਸਦੀ ਵਿੱਚ ਫਰਾਂਸ ਨੇ ਰਾਜ ਕੀਤਾ ਸੀ।
ਉਨ੍ਹਾਂ ਦੀ ਪਹਿਲੀ ਪੀੜ੍ਹੀ ਨੂੰ ਨਸਲਵਾਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਪਰ ਸ਼ਾਇਦ ਬਾਅਦ ਦੀਆਂ ਪੀੜ੍ਹੀਆਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਅਤੇ ਆਪਣੀ ਵੱਖਰੀ ਪਛਾਣ ਬਣਾਈ ਰੱਖਣ ਲਈ ਸਿਸਟਮ ਨੂੰ ਚੁਣੌਤੀ ਦੇਣ ਲੱਗ ਪਏ।
ਧਰਮ ਨਿਰਪੱਖਤਾ ਦੀ ਨੀਤੀ ਦੇ ਤਹਿਤ ਇੱਕ ਫ੍ਰੈਂਚ ਮਾਡਲ ਪ੍ਰਫੁੱਲਤ ਹੋਇਆ ਜਿਸ ਵਿੱਚ ਘੱਟ ਗਿਣਤੀਆਂ ਦੀ ਆਬਾਦੀ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਪੂਰੀ ਤਰ੍ਹਾਂ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮਾਰਗਿਰੀਟਾ ਮਰੀਨਕੋਲਾ ਦੇ ਆਸ ਪਾਸ ਦੇ ਸ਼ਹਿਰਾਂ ਵਿੱਚ ਮਾਰਸੇ ਅਤੇ ਨੀਸ ਸ਼ਾਮਲ ਹਨ ਜੋ ਮੁਸਲਿਮ ਅਰਬਾਂ ਦੀ ਆਬਾਦੀ ਅਤੇ ਸਭਿਆਚਾਰ ਲਈ ਜਾਣੇ ਜਾਂਦੇ ਹਨ।
ਉਹ ਕਹਿੰਦੀ ਹੈ, "ਮੇਰੇ ਵਿਚਾਰ ਵਿੱਚ ਏਕੀਕਰਣ ਦਾ ਫ੍ਰੈਂਚ ਮਾਡਲ ਕੰਮ ਨਹੀਂ ਕਰ ਰਿਹਾ ਅਤੇ ਅਪਰਾਧੀ ਆਸਾਨੀ ਨਾਲ ਲੋਕਾਂ ਦਾ ਬ੍ਰੇਨਵਾਸ਼ ਕਰ ਰਹੇ ਹਨ ਜੋ ਇਸਲਾਮ ਦੇ ਬਹਾਨੇ ਇਸਤੇਮਾਲ ਕੀਤੇ ਜਾ ਰਹੇ ਹਨ।"
ਏਕੀਕਰਣ ਦੀ ਨੀਤੀ ਕੰਮ ਨਹੀਂ ਕਰ ਰਹੀ ਹੈ ਇਸ ਦੀ ਚਿੰਤਾ ਫ੍ਰੈਂਚ ਸਮਾਜ ਨੂੰ ਵੀ ਹੈ। 16 ਅਕਤੂਬਰ ਨੂੰ ਅਧਿਆਪਕ 'ਤੇ ਹਮਲਾ ਕਰਨ ਵਾਲੀ ਚੇਚਨ ਸ਼ਰਨਾਰਥੀ 18 ਸਾਲਾਂ ਦਾ ਸੀ। ਫਰਾਂਸ ਵਿੱਚ, ਇਸ ਉਮਰ ਦੇ ਲੋਕਾਂ ਦੀ ਆਪਣੀ ਪਛਾਣ ਬਾਰੇ ਕਈ ਸਵਾਲ ਹਨ, ਇਹ ਸਵਾਲ ਕਾਲੇ ਅਤੇ ਅਰਬ ਮੁਸਲਿਮ ਬੱਚਿਆਂ ਦੇ ਮਨਾਂ ਵਿੱਚ ਬਾਰ ਬਾਰ ਉੱਠਦੇ ਹਨ।
ਛੇ ਸਾਲ ਪਹਿਲਾਂ, ਨੀਸ ਸ਼ਹਿਰ ਦੇ ਨੇੜੇ, ਮੈਨੂੰ ਤਿੰਨ ਦਿਨਾਂ ਲਈ ਕਲਾਸ ਵਿੱਚ ਇੱਕ ਹਾਈ ਸਕੂਲ ਦੇ ਮੁੰਡਿਆਂ ਅਤੇ ਕੁੜੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ।
ਮੈਨੂੰ ਵਿਦਿਆਰਥੀਆਂ ਨਾਲ ਭਾਰਤ ਦੇ ਬਹੁਸਭਿਆਚਾਰਕ ਸਮਾਜ ਵਿੱਚ ਰਹਿਣ ਦੇ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਕਿਹਾ ਗਿਆ, ਮੈਨੂੰ ਅਹਿਸਾਸ ਹੋਇਆ ਕਿ ਬੱਚਿਆਂ ਦੇ ਮਨ ਵਿੱਚ ਬਹੁਤ ਸਾਰੇ ਪ੍ਰਸ਼ਨ ਸਨ ਅਤੇ ਉਹ ਜ਼ਿਆਦਾਤਰ ਆਪਣੀ ਵੱਖਰੀ ਪਛਾਣ ਨਾਲ ਸਬੰਧਤ ਸਨ।
ਸ਼ਾਇਦ ਸਕੂਲ ਅਧਿਕਾਰੀਆਂ ਨੇ ਇਸ ਨੂੰ ਮਹਿਸੂਸ ਕੀਤਾ ਅਤੇ ਮੇਰੇ ਤਜ਼ਰਬੇ ਤੋਂ ਕੁਝ ਬੱਚਿਆਂ ਨੂੰ ਦਿਸ਼ਾ ਮਿਲੇਗੀ, ਇਸ ਲਈ ਉਨ੍ਹਾਂ ਨੇ ਮੈਨੂੰ ਉਥੇ ਬੁਲਾਇਆ।
ਸਕੂਲ ਦੇ ਵਿਦਿਆਰਥੀ ਹਰ ਜਾਤੀ ਅਤੇ ਧਰਮ ਦੇ ਸਨ। ਅਰਬ ਮੂਲ ਦੇ ਕੁਝ ਮੁੰਡਿਆਂ ਨੇ ਮੈਨੂੰ ਦੱਸਿਆ ਕਿ ਉਹ ਭਾਰਤ ਨੂੰ ਪਸੰਦ ਕਰਦੇ ਹਨ ਕਿਉਂਕਿ ਸਾਰੇ ਧਰਮਾਂ ਨੂੰ ਉਥੇ ਬਰਾਬਰਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਵੇਖੀਆਂ ਸਨ ਅਤੇ ਖੁਸ਼ਹਾਲ ਬਹੁ-ਸਭਿਆਚਾਰਕ ਭਾਰਤ ਦੀ ਉਨ੍ਹਾਂ ਦੀ ਕਲਪਨਾ ਸ਼ਾਹਰੁਖ ਖਾਨ ਦੀਆਂ ਫਿਲਮਾਂ 'ਤੇ ਅਧਾਰਤ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਗੋਰੇ ਦੋਸਤ ਇਸਲਾਮ ਬਾਰੇ ਕੁਝ ਨਹੀਂ ਜਾਣਦੇ ਅਤੇ ਇਸਲਾਮ ਵਿਰੋਧੀ ਵਿਚਾਰਧਾਰਾ ਰੱਖਦੇ ਹਨ, ਅਕਸਰ ਇਸਲਾਮ ਵਿਰੋਧੀ ਗੱਲਾਂ ਕਰਦੇ ਹਨ।
ਅਜਿਹੇ ਮਾਹੌਲ ਵਿੱਚ, ਇਸਲਾਮ ਵਿਰੋਧੀ ਬਿਆਨ ਅਤੇ ਕੰਮ ਇਸਲਾਮੋਫੋਬੀਆ ਨੂੰ ਵਧਾਉਂਦੇ ਹਨ ਅਤੇ ਮੁਸਲਿਮ ਸਮਾਜ 'ਤੇ ਤੰਜ਼ ਅਤੇ ਤਾਣੇ ਮਾਰਨਾ ਸ਼ੁਰੂ ਕਰ ਦਿੰਦੇ ਹਨ।
ਸਮੱਸਿਆ ਪੂਰੇ ਪੱਛਮੀ ਯੂਰੋਪ 'ਚ ਹੈ
ਪ੍ਰੋਫੈਸਰ ਅਲੈਗਜ਼ੈਂਡਰ ਲੈਂਬਰਟ ਸਵਿਟਜ਼ਰਲੈਂਡ ਦੇ ਨਾਗਰਿਕ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਮਸਜਿਦਾਂ ਦੀ ਮੀਨਾਰਾਂ ਉਸਾਰੀ ਉੱਤੇ ਅਧਿਕਾਰਤ ਤੌਰ 'ਤੇ ਪਾਬੰਦੀ ਹੈ। ਸਰਕਾਰ ਨੇ ਇਹ ਪਾਬੰਦੀ ਜਨਤਾ ਨੂੰ ਪੁੱਛ ਕੇ ਲਗਾਈ ਹੈ।
ਮੁਸਲਮਾਨ ਤੁਲਨਾਤਮਕ ਰੂਪ ਵਿੱਚ ਸਾਡੇ ਦੇਸ਼ ਵਿੱਚ ਰਲ ਗਏ ਹਨ ਅਤੇ ਉਹਨਾਂ ਦਾ ਗੈਰ-ਮੁਸਲਮਾਨਾਂ ਨਾਲ ਕੋਈ ਤਣਾਅ ਨਹੀਂ ਹੈ, ਇੱਥੋਂ ਤਕ ਕਿ ਦੇਸੀ ਈਸਾਈ ਬਹੁਗਿਣਤੀ ਭਾਈਚਾਰਿਆਂ ਨਾਲ ਵੀ ਨਹੀਂ। ਇਸ ਤੋਂ ਇਲਾਵਾ, ਸਵਿਟਜ਼ਰਲੈਂਡ ਵਿੱਚ ਯਹੂਦੀ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਹੈ, ਜੋ ਬਦਕਿਸਮਤੀ ਨਾਲ ਫਰਾਂਸ ਵਿੱਚ ਮੁੜ ਉੱਭਰ ਰਿਹਾ ਹੈ"।
ਫਰਾਂਸ ਵਿੱਚ, ਦੇਸ਼ ਦੇ ਮੁਸਲਮਾਨਾਂ ਨੇ ਬੁਰਕੇ 'ਤੇ ਪਾਬੰਦੀ ਨੂੰ ਸਕਾਰਾਤਮਕ ਢੰਗ ਨਾਲ ਨਹੀਂ ਲਿਆ ਅਤੇ ਇਸ ਨੂੰ ਇਸਲਾਮ ਅਤੇ ਉਨ੍ਹਾਂ ਦੀ ਪਛਾਣ 'ਤੇ ਹਮਲਾ ਸਮਝਿਆ।
ਪ੍ਰੋਫੈਸਰ ਅਲੈਗਜ਼ੈਂਡਰ ਲੈਂਬਰਟ ਦਾ ਕਹਿਣਾ ਹੈ ਕਿ ਯੂਰਪ ਦੀ (ਗੋਰੀ ਨਸਲ) ਆਬਾਦੀ ਘੱਟ ਰਹੀ ਹੈ।
"ਯੂਰਪੀਅਨ ਆਬਾਦੀ ਸੁੰਗੜ ਰਹੀ ਹੈ। ਪੂਰਵ ਅਨੁਮਾਨਾਂ ਅਨੁਸਾਰ ਯੂਰਪ ਵਿੱਚ ਮੁਸਲਮਾਨਾਂ ਦੀ ਆਬਾਦੀ 2050 ਤੱਕ ਕਾਫ਼ੀ ਵੱਧ ਸਕਦੀ ਹੈ ਕਿਉਂਕਿ ਅਸਲ ਵਿੱਚ ਯੂਰਪੀਅਨ ਅਬਾਦੀ ਘੱਟ ਰਹੀ ਹੈ ਜਦੋਂਕਿ ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ।"
ਪ੍ਰੋਫੈਸਰ ਲੈਂਬਰਟ ਦਾ ਕਹਿਣਾ ਹੈ ਕਿ ਇਸ ਸੱਚਾਈ ਨੂੰ ਯੂਨੀਵਰਸਟੀਆਂ ਵਿੱਚ ਸਿਖਾਇਆ ਜਾਣਾ ਚਾਹੀਦਾ ਹੈ, ਇਹ ਯੂਰਪ ਵਿੱਚ ਰਹਿਣ ਵਾਲੇ ਲੋਕਾਂ ਲਈ ਅਸੁਰੱਖਿਆ ਅਤੇ ਚਿੰਤਾ ਦਾ ਮਾਹੌਲ ਪੈਦਾ ਕਰਦਾ ਹੈ, ਜਿਸਦਾ ਨਤੀਜਾ ਮੁਸਲਿਮ ਅਤੇ ਯੂਰਪੀਅਨ ਸਮਾਜ ਵਿੱਚ ਤਣਾਅ ਦਾ ਕਾਰਨ ਬਣਦਾ ਹੈ।
ਹੁਣ ਲੋਕ ਕਹਿ ਰਹੇ ਹਨ ਕਿ ਇਹ ਫਰਾਂਸ ਹੋਵੇ ਜਾਂ ਯੂਰਪ ਦਾ ਕੋਈ ਹੋਰ ਦੇਸ਼, ਹੁਣ ਸਮਾਂ ਆ ਗਿਆ ਹੈ ਕਿ ਮੁਸਲਿਮ ਆਬਾਦੀ ਨੂੰ ਦੇਸ਼ ਵਿੱਚ ਰਲਾਉਣ ਲਈ ਲਈ ਇੱਕ ਸਫਲ ਫਾਰਮੂਲਾ ਬਣਾਇਆ ਜਾਵੇ।
ਇਹ ਵੀ ਪੜ੍ਹੋ: