ਅਮਰੀਕਾ ਰਾਸ਼ਟਰਪਤੀ ਚੋਣਾਂ: ਡੌਨਲਡ ਟਰੰਪ ਤੇ ਬਾਇਡਨ ਵਿਚਕਾਰ ਕੋਰੋਨਾਵਾਇਰਸ ਤੇ ਟੈਕਸ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਬਹਿਸ

ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 12 ਦਿਨ ਬਚੇ ਹਨ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਵਿਚਕਾਰ ਆਖ਼ਰੀ ਬਹਿਸ ਚੱਲ ਰਹੀ ਹੈ।

ਰਾਸ਼ਟਰਪਤੀ ਟਰੰਪ ਇਸ ਦੌਰਾਨ ਕੋਵਿਡ ਮਹਾਂਮਾਰੀ ਨਾਲ ਲੜਾਈ ਵਿੱਚ ਜਿੱਥੇ ਆਪਣੇ ਪ੍ਰਸ਼ਾਸਨ ਦੇ ਪੈਂਤੜੇ ਦਾ ਬਚਾਅ ਕਰ ਰਹੇ ਹਨ, ਉੱਥੇ ਹੀ ਬਾਇਡਨ ਇਸ ਵਿਸ਼ੇ 'ਤੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੋਹਾਂ ਜਣਿਆਂ ਦੀ ਪਹਿਲੀ ਬਹਿਸ ਤਾਂ ਬੋਲਾਂ-ਕਬੋਲਾਂ ਨਾਲ ਭਰੀ ਹੋਈ ਰਹੀ ਸੀ ਪਰ ਇਸ ਵਾਰ ਨਵੇਂ ਨਿਯਮ ਲਿਆਂਦੇ ਗਏ ਹਨ ਅਤੇ ਇੱਕ ਮਿਊਟ ਬਟਣ ਵੀ ਲਾਇਆ ਗਿਆ ਹੈ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਬਾਰੇ ਸਵਾਲ ਪੁੱਛੇ ਜਾਣ ਤੇ ਟਰੰਪ ਨੇ ਕਿਹਾ ਕਿ ਸਾਨੂੰ ਇਸ ਨਾਲ ਜਿਊਣਾ ਸਿਖਣਾ ਪਏਗਾ।

ਬਾਇਡਨ ਨੇ ਜਵਾਬ ਵਿੱਚ ਕਿਹਾ ਲੋਕ ਇਸ ਨਾਲ ਮਰਨ ਬਾਰੇ ਸਿੱਖ ਰਹੇ ਹਨ।

ਆਓ ਸੰਖੇਪ ਵਿੱਚ ਜਾਣਦੇ ਹਾ ਬਹਿਸ ਵਿੱਚ ਉੱਠੇ ਕੁਝ ਖ਼ਾਸ ਮੁੱਦਿਆਂ ਬਾਰੇ, ਕਿਸ ਨੇ ਕੀ ਕਿਹਾ-

ਟਰੰਪ ਦਾ ਬਾਇਡਨ ਦੀਆਂ ਈਮੇਲਜ਼ 'ਤੇ ਹਮਲਾ

ਕੌਮੀ ਸੁੱਰਖਿਆ ਬਾਰੇ ਬਹਿਸ ਨੇ ਇੱਕ ਦੂਜੇ ਉੱਪਰ ਵਿਦੇਸ਼ੀ ਪ੍ਰਭਾਵ ਬਾਰੇ ਬਹਿਸ ਵਿੱਚ ਬਦਲ ਗਈ। ਦੋਵਾਂ ਨੇ ਇੱਕ ਦੂਜੇ ਉੱਪਰ ਵਿਦੇਸ਼ਾਂ ਤੋਂ ਪ੍ਰਭਾਵਿਤ ਹੋਣ ਦੇ ਇਲਜ਼ਾਮ ਲਾਏ।

ਟਰੰਪ ਨੇ ਕਿਹਾ ਕਿ ਬਾਇਡਨ ਦੇ ਪਰਿਵਾਰ ਨੂੰ ਰੂਸ ਨੇ ਅਮੀਰ ਕੀਤਾ ਹੈ ਪਰ, "ਮੈਂ ਕਦੇ ਰੂਸ ਤੋਂ ਪੈਸੇ ਨਹੀਂ ਲਏ, ਮੈਨੂੰ ਰੂਸ ਤੋਂ ਕੋਈ ਪੈਸਾ ਨਹੀਂ ਮਿਲਦਾ"।

ਉਨ੍ਹਾਂ ਦਾਅਵਾ ਕੀਤਾ ਕਿ ਰੂਸ ਬਾਰੇ "ਮੈਥੋਂ ਵਧਕੇ ਸਖ਼ਤ ਕੋਈ ਵੀ ਨਹੀਂ ਰਿਹਾ"। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਾਟੋ ਦੇਸ਼ਾਂ ਨੂੰ ਰੂਸ ਤੋਂ ਰੱਖਿਆ ਵਿੱਚ ਵਧੇਰੇ ਪੈਸਾ ਲਾਉਣ ਲਈ ਮਨਾਇਆ।

ਟਰੰਪ ਨੇ ਬਾਇਡਨ ਨੂੰ ਕਿਹਾ, "ਉਹ ਤੁਹਾਨੂੰ ਬਹੁਤ ਪੈਸਾ ਦਿੰਦੇ ਸਨ ਅਤੇ ਸ਼ਾਇਦ ਹੁਣ ਵੀ ਦੇ ਰਹੇ ਹੋਣ।"

ਟਰੰਪ ਨੇ ਬਾਇਡਨ ਦੇ ਪੁੱਤਰ ਹੰਟਰ ਦੇ ਲੈਪਟੌਪ ਵਿੱਚੋਂ ਉਸ ਸਮੇਂ ਮਿਲੀਆਂ ਕਥਿਤ ਈਮੇਲਾਂ ਦਾ ਜ਼ਿਕਰ ਕੀਤਾ ਜਦੋਂ ਬਾਇਡਨ ਉਪ-ਰਾਸ਼ਟਰਪਤੀ ਸਨ। ਹੰਟਰ ਉਸ ਸਮੇਂ ਯੂਕਰੇਨ ਦੀ ਇੱਕ ਗੈਸ ਕੰਪਨੀ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਸ ਦੌਰਾਨ ਬਾਇਡਨ ਨੇ ਇੱਕ ਚੀਨੀ ਕਾਰੋਬਾਰੀ ਤੋਂ ਪੈਸੇ ਲਏ ਸਨ।

ਬਾਇਡਨ ਨੇ ਕਿਹਾ, "ਮੈਂ ਕਦੇ ਕਿਸੇ ਦੇਸ਼ ਤੋਂ ਇੱਕ ਪੈਨੀ ਨਹੀਂ ਲਈ।" ਉਨ੍ਹਾਂ ਨੇ ਕਿਹਾ ਕਿ ਟਰੰਪ ਨੂੰ ਵਿਦੇਸ਼ੀਆਂ ਨੇ ਅਮੀਰ ਕੀਤਾ ਹੈ ਜਿਨ੍ਹਾਂ ਵਿੱਚ ਚੀਨੀ ਵੀ ਸ਼ਾਮਲ ਹਨ।

ਬਾਇਡਨ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਟਰੰਪ ਦਾ ਚੀਨ ਵਿੱਚ ਬੈਂਕ ਖਾਤਾ ਹੈ ਅਤੇ ਉਨ੍ਹਾਂ ਨੇ ਅਮਰੀਕਾ ਨਾਲੋਂ ਜ਼ਿਆਦਾ ਟੈਕਸ ਚੀਨ ਵਿੱਚ ਭਰਿਆ ਹੈ।

ਕੋਰੋਨਾ ਵਾਇਰਸ ਬਾਰੇ ਵੱਖੋ-ਵੱਖ ਪੈਂਤੜੇ

ਕੋਰੋਨਾਵਾਇਰਸ ਬਾਰੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਵਿਰੋਧੀ ਜੋਅ ਬਾਇਡਨ ਦੇ ਪੈਂਤੜੇ ਬਿਲਕੁਲ ਵੱਖਰੇ ਨਜ਼ਰ ਆਉਂਦੇ ਹਨ।

ਜਿੱਥੇ ਬਾਇਡਨ ਨੇ ਕਿਹਾ ਕਿ ਟਰੰਪ ਕੋਲ ਵਾਇਰਸ ਨਾਲ ਲੜਾਈ ਦੀ ਕੋਈ ਯੋਜਨਾ ਨਹੀਂ ਹੈ ਤਾਂ ਟਰੰਪ ਦਾ ਜੁਆਬ ਸੀ ਕਿ ਬਾਇਡਨ ਦੀ ਵਿਓਂਤ ਵਾਇਰਸ ਤੋਂ ਡਰ ਕੇ "ਬੇਸਮੈਂਟ ਵਿੱਚ ਲੁਕਣ" ਦੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

'ਮੈਂ ਆਪਣੇ ਟੈਕਸ ਅਗਾਊਂ ਹੀ ਭਰ ਦਿੱਤੇ'

ਇੱਕ ਮੌਕੇ 'ਤੇ ਬਾਇਡਨ ਨੇ ਟਰੰਪ ਦੇ ਟੈਕਸਾਂ ਦਾ ਜ਼ਿਕਰ ਕਰ ਕੇ ਦੁਖਦੀ ਰਗ ਉੱਤੇ ਹੱਥ ਧਰ ਦਿੱਤਾ।

ਨਿਊਯਾਰਕ ਟਾਈਮਜ਼ ਦੀ ਰਿਪੋਰਟਿੰਗ ਨੇ ਉਜਾਗਰ ਕੀਤਾ ਸੀ ਕਿ ਪਿਛਲੇ ਸਮੇਂ ਦੌਰਾਨ ਪਏ ਵੱਡੇ ਘਾਟਿਆਂ ਕਾਰਨ ਪਿਛਲੇ ਦੋ ਸਾਲਾਂ ਤੋਂ ਰਾਸ਼ਟਰਪਤੀ ਟਰੰਪ ਨੇ ਕੋਈ ਟੈਕਸ ਨਹੀਂ ਭਰਿਆ ਹੈ, ਜਿਸ ਲਈ ਉਨ੍ਹਾਂ ਦੀ ਵਿਆਪਕ ਆਲੋਚਨਾ ਹੁੰਦੀ ਰਹੀ ਹੈ।

ਟੈਕਸ ਨਾ ਭਰਨ ਦੇ ਦਾਅਵੇ ਨੂੰ ਟਰੰਪ ਨੇ ਖਾਰਜ ਕੀਤਾ ਅਤੇ ਕਿਹਾ, "ਮੈਂ ਲੱਖਾਂ ਡਾਲਰਾਂ ਦੇ ਆਪਣੇ ਟੈਕਸ ਅਗਾਊਂ ਹੀ ਭਰ ਦਿੱਤੇ ਹਨ।

ਅਮਰੀਕਾ ਦੀ ਟੈਕਸ ਉਗਰਾਹੁਣ ਵਾਲੀ ਏਜੰਸੀ ਆਈਆਰਐੱਸ ਉੱਪਰ ਵਿਤਕਰੇ ਦਾ ਇਲਜ਼ਾਮ ਵੀ ਲਾਇਆ ਤੇ ਕਿਹਾ, "ਆਈਆਰਐੱਸ ਮੇਰੇ ਨਾਲ ਭਿਆਨਕ ਵਿਹਾਰ ਕਰਦੀ ਹੈ।"

ਡੇਮੋਕ੍ਰੇਟਸ ਦਾ ਕਹਿਣਾ ਹੈ ਕਿ ਟਰੰਪ ਦੇ ਲੇਖ-ਜੋਖੇ ਦੀ ਪੜਤਾਲ ਇਹ ਸਾਬਤ ਕਰ ਸਕਦੀ ਹੈ ਕਿ ਉਨ੍ਹਾਂ ਨੇ ਟੈਕਸ ਚੋਰੀ ਕੀਤੀ ਹੈ ਅਤੇ ਵਿਦੇਸ਼ਾਂ ਤੋਂ ਵੀ ਕਮਾਈ ਕੀਤੀ ਹੈ।

ਮਾਸਕ ਪਾਉਣਾ ਜਾਂ ਨਾ ਪਾਉਣਾ

ਮਾਸਕ ਪਾਉਣਾ ਜਾਂ ਨਾ ਪਾਉਣਾ ਅਮਰੀਕੀਆਂ ਦੀ ਸਿਆਸੀ ਗੁਟਬੰਦੀ ਦਾ ਇੱਕ ਚਿੰਨ੍ਹ ਬਣ ਗਿਆ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਦੀ ਧਾਰਣਾ ਇਸ ਬਾਰੇ ਪਿਛਲੇ ਮਹੀਨਿਆਂ ਦੌਰਾਨ ਬਹੁਤੀ ਨਹੀਂ ਬਦਲੀ ਹੈ।

ਉਨ੍ਹਾਂ ਦੇ ਹਮਾਇਤੀ ਰਾਸ਼ਟਰਪਤੀ ਨੂੰ ਅਮਰੀਕਾ ਉੱਪਰ ਜਿਸ ਹਿਸਾਬ ਨਾਲ ਪ੍ਰਭਾਵਿਤ ਕੀਤਾ ਹੈ ਉਸ ਲਈ ਜ਼ਿੰਮੇਵਾਰ ਨਹੀਂ ਮੰਨਦੇ ਅਤੇ ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਸੰਬੰਧੀਆਂ ਦੀ ਇਸ ਮਹਾਂਮਾਰੀ ਕਾਰਨ ਜਾਨ ਤੱਕ ਜਾ ਚੁੱਕੀ ਹੈ।

ਰਾਸ਼ਟਰਪਤੀ ਨੇ ਜਾਰੀ ਬਹਿਸ ਵਿੱਚ ਕਿਹਾ ਕਿ ਉਨ੍ਹਾਂ ਨੇ ਮਹਾਂਮਾਰੀ ਬਾਰੇ ਪੈਂਤੜੇ ਦੀ ਤਾਂ ਜ਼ਿੰਮੇਵਾਰੀ ਕਬੂਲੀ ਹੈ ਪਰ ਕੋਰੋਨਾਵਾਇਰਸ ਉਨ੍ਹਾਂ ਦਾ ਕਸੂਰ ਨਹੀਂ ਸੀ।

ਇਸੇ ਦੌਰਾਨ ਬਾਇਡਨ ਨੇ ਕਈ ਮੌਕਿਆਂ 'ਤੇ ਆਪਣਾ ਮਾਸਕ ਲਹਿਰਾ ਕੇ ਡੇਮੋਕ੍ਰੇਟਸ ਵੱਲੋਂ ਚੁੱਕਿਆ ਜਾਂਦਾ ਮਸਲਾ ਵੀ ਚੁੱਕਿਆ। ਮਾਸਕ ਲਹਿਰਾ ਕੇ ਉਨ੍ਹਾਂ ਨੇ ਦਰਸਾਇਆ ਕਿ ਮਾਸਕ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਵੱਡੀ ਭੁੱਲ ਕੀਤੀ ਹੈ ਅਤੇ ਉਨ੍ਹਾਂ ਨੇ ਪਹਿਲਾਂ-ਪਹਿਲ ਵਾਇਰਸ ਦੇ ਸੰਭਾਵੀ ਜਾਨਲੇਵਾ ਪ੍ਰਭਾਵ ਨੂੰ ਘਟਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ।

ਵੈਕਸੀਨ ਕਦੋਂ ਤਿਆਰ ਹੋਵੇਗੀ?

ਇਨ੍ਹਾਂ ਚੋਣਾਂ ਦੌਰਾਨ ਕਈ ਹਲਕਿਆਂ ਵਿੱਚ ਆਮ ਅਮਰੀਕੀ ਪਰਿਵਾਰਾਂ ਦੀ ਸਿਹਤ ਸਹੂਲਤਾਂ ਤੱਕ ਪਹੁੰਚ ਵੀ ਇੱਕ ਮੁੱਦਾ ਬਣਿਆ।

ਕੋਰੋਨਾਵਾਇਰਸ ਦੀ ਵੈਕਸੀਨ ਬਾਰੇ ਟਰੰਪ ਨੇ ਕਿਹਾ, "ਸਾਡੇ ਕੋਲ ਵੈਕਸੀਨ ਹੈ ਜੋ ਆ ਰਹੀ ਹੈ, ਇਹ ਤਿਆਰ ਹੈ। ਇਸ ਬਾਰੇ ਆਉਣ ਵਾਲੇ ਹਫ਼ਤਿਆਂ ਵਿੱਚ ਐਲਾਨ ਕਰ ਦਿੱਤਾ ਜਾਵੇਗਾ ਅਤੇ ਇਹ ਦੇ ਦਿੱਤੀ ਜਾਵੇਗੀ।"

ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਕਈ ਵੈਕਸੀਨ ਤਿਆਰ ਹੋ ਰਹੇ ਹਨ ਪਰ ਹਾਲੇ ਤੱਕ ਕਿਸੇ ਨੂੰ ਵੀ ਮਾਨਤਾ ਨਹੀਂ ਮਿਲੀ ਹੈ।

ਅਮਰੀਕਾ ਵਿੱਚ ਲਾਗ ਦੀਆਂ ਬਿਮਾਰੀਆਂ ਦੇ ਕੌਮੀ ਮਾਹਰ ਡਾ਼ ਫਾਊਚੀ ਕਹਿ ਚੁੱਕੇ ਹਨ, "ਨਵੰਬਰ ਜਾਂ ਦਸੰਬਰ ਵਿੱਚ ਹੀ ਪਤਾ ਲੱਗ ਸਕੇਗਾ ਕਿ ਕਿਹੜੀ ਵੈਕਸੀਨ ਸੁਰੱਖਿਅਤ ਅਤੇ ਕਾਰਗਰ ਉਮੀਦਵਾਰ ਹੈ।"

ਅਮਰੀਕੀ ਵਿੱਚ ਵੈਕਸੀਨ ਪ੍ਰੋਗਰਾਮ ਦੇ ਮੁਖੀ ਮੋਨਸੇਫ਼ ਸਲਾਉਈ ਨੇ ਖ਼ਬਰ ਅਦਾਰੇ ਐਕਸਿਸ ਨੂੰ 16 ਅਕਤੂਬਰ ਨੂੰ ਦਿੱਸਿਆ ਸੀ ਕਿ ਪਰਵਾਨਗੀ ਲਈ ਵੈਕਸੀਨਾਂ ਦੀਆਂ ਅਰਜੀਆਂ ਕੁਝ ਹਫ਼ਤਿਆਂ ਵਿੱਚ ਮਿਲਣ ਦੀ ਉਮੀਦ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਜੇ ਇਨ੍ਹਾਂ ਵਿੱਚੋਂ ਕਈ ਸਫ਼ਲ ਹੁੰਦੀ ਹੈ ਤਾਂ ਅਮਰੀਕਾ 2020 ਵਿੱਚ ਕੁਝ ਲੱਖ ਖ਼ੁਰਾਕਾਂ ਵਰਤਣ ਦੀ ਸਥਿਤੀ ਵਿੱਚ ਹੋਵੇਗਾ।

ਵੀਡੀਓ: ਪੰਜਾਬ ਸਰਕਾਰ ਨੇ ਖੇਤੀ ਬਿੱਲ ਪਾਸ ਕਰਨ ਵੇਲੇ ਕਿਹੜੀਆਂ ਗੱਲਾਂ ਦੀ ਅਣਦੇਖੀ ਕੀਤੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)