You’re viewing a text-only version of this website that uses less data. View the main version of the website including all images and videos.
ਆਖ਼ਰੀ ਸਮੇਂ ਲੋਕਾਂ ਨੂੰ ਉਨ੍ਹਾਂ ਦੀ ਪਸੰਦੀਦਾ ਥਾਂ ‘ਤੇ ਲਿਜਾਣ ਵਾਲਾ ਡਰਾਈਵਰ
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਪੱਤਰਕਾਰ
ਕੀਜ਼ ਵੇਲਦਬੋਰ ਅਕਸਰ ਲੋਕਾਂ ਨੂੰ ਸਮੁੰਦਰੀ ਕੰਢੇ, ਮਿਊਜ਼ੀਅਮ, ਚਿੜਿਆਘਰ, ਖੇਡ ਦੇ ਮੈਦਾਨ, ਏਕਵੇਰਿਅਮ, ਚਰਚ ਅਤੇ ਖ਼ੇਤਾਂ ਦੀ ਸੈਰ ਕਰਵਾਉਂਦੇ ਰਹਿੰਦੇ ਹਨ ਪਰ ਨੀਦਰਲੈਂਡ ਦੇ ਰਹਿਣ ਵਾਲੇ 60 ਸਾਲ ਦੇ ਕੀਜ਼ ਕੋਈ ਟੂਰਿਸਟ ਗਾਈਡ ਨਹੀਂ ਹਨ।
ਉਨ੍ਹਾਂ ਨੂੰ ਲੋਕਾਂ ਨੂੰ ਇਸ ਤਰ੍ਹਾਂ ਘੁਮਾਉਂਦਿਆਂ ਇੱਕ ਦਹਾਕਾ ਹੋ ਗਿਆ ਹੈ।
ਇਹ ਵੀ ਪੜ੍ਹੋ:
ਕੀਜ਼ ਮਰਨ ਕੰਢੇ ਪਏ (ਅਸਲ 'ਚ ਗੰਭੀਰ ਹਾਲਤ) ਲੋਕ ਜੋ ਬਿਨਾਂ ਕਿਸੇ ਮਦਦ ਦੇ ਕਿਤੇ ਜਾ ਨਹੀਂ ਸਕਦੇ ਜਾਂ ਫ਼ਿਰ ਆਪਣੇ ਘਰੋਂ ਨਹੀਂ ਨਿਕਲ ਸਕਦੇ, ਉਨ੍ਹਾਂ ਨੂੰ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਪਸੰਦੀਦਾ ਥਾਂ ਦਿਖਾਉਣ ਲੈ ਜਾਂਦੇ ਹਨ।
ਕੀਜ਼ ਨੇ ਬੀਬੀਸੀ ਨਾਲ ਇਸ ਤਰ੍ਹਾਂ ਦੇ ਆਪਣੇ ਕੁਝ ਸ਼ਾਨਦਾਰ ਸਫ਼ਰ ਦਾ ਤਜਰਬਾ ਸਾਂਝਾ ਕੀਤਾ ਹੈ।
ਵੈਟਿਕਨ ਦੀ ਯਾਤਰਾ
ਵੇਲਦਬੋਰ ਦੱਸਦੇ ਹਨ ਕਿ ਉਨ੍ਹਾਂ ਦੀ ਪਿਛਲੀ ਯਾਦਗਾਰ ਯਾਤਰਾ ਸਮੇਂ ਨੂੰ ਮਾਤ ਦੇ ਕੇ ਰੋਮ ਪਹੁੰਚਣ ਦੀ ਸੀ।
ਸਾਲ 2013 ਵਿੱਚ ਮੰਜੇ ਉੱਤੇ ਪਈ 60 ਸਾਲ ਦੀ ਉਮਰ ਹੰਢਾ ਚੁੱਕੀ ਇੱਕ ਔਰਤ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੋਪ ਨੂੰ ਮਿਲਣਾ ਚਾਹੁੰਦੀ ਹੈ।
ਕੀਜ਼ ਨੇ ਵੈੱਬਸਾਈਟ ਤੋਂ ਇਹ ਜਾਣਕਾਰੀ ਹਾਸਲ ਕੀਤੀ ਕਿ ਪੋਪ ਕਦੋਂ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਅਭਿਵਾਦਨ ਸਵੀਕਾਰ ਕਰਨ ਬਾਹਰ ਆਉਂਦੇ ਹਨ। ਉਨ੍ਹਾਂ ਨੂੰ ਜਦੋਂ ਕੁਝ ਉਮੀਦ ਦਿਖੀ ਤਾਂ ਉਹ ਰੌਟੇਰਡਮ ਤੋਂ 1600 ਕਿਲੋਮੀਟਰ ਦੂਰ ਉਸ ਔਰਤ ਨੂੰ ਲੈ ਕੇ ਵੈਟਿਕਨ ਗਏ।
"ਮੈਂ ਉਨ੍ਹਾਂ ਨੂੰ ਸਟ੍ਰੇਚਰ ਉੱਤੇ ਸਭ ਤੋਂ ਸਾਹਮਣੇ ਵਾਲੀ ਕਤਾਰ ਵਿੱਚ ਜਾ ਕੇ ਰੱਖਿਆ ਸੀ। ਉੱਥੇ ਕੁਝ ਲੋਕ ਵ੍ਹੀਲਚੇਅਰ ਉੱਤੇ ਵੀ ਪੋਪ ਦੀ ਉਡੀਕ ਕਰ ਰਹੇ ਸਨ ਪਰ ਉਹ ਇਕੱਲੀ ਅਜਿਹੀ ਸੀ ਜੋ ਸਟ੍ਰੇਚਰ ਉੱਤੇ ਪਈ ਹੋਈ ਸੀ।''
ਵੇਲਦਬੋਰ ਨੂੰ ਲੱਗਿਆ ਸੀ ਕਿ ਇਸ ਨਾਲ ਪੋਪ ਦਾ ਧਿਆਨ ਉਨ੍ਹਾਂ ਵੱਲ ਤੁਰੰਤ ਜਾਵੇਗਾ। ਪੋਪ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਹੱਥ ਫੜ ਕੇ ਗੱਲਬਾਤ ਵੀ ਕੀਤੀ।
ਵੇਲਦਬੋਰ ਦੱਸਦੇ ਹਨ, "ਪੋਪ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਅਰਦਾਸ ਕੀਤੀ। ਉਨ੍ਹਾਂ ਨੇ ਜ਼ਿੰਦਗੀ ਤੋਂ ਬਾਅਦ ਦੇ ਸਫ਼ਰ ਲਈ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।''
ਉਸ ਪਲ ਨੇ ਉਸ ਔਰਤ ਨੂੰ ਬਹੁਤ ਰਾਹਤ ਦਿੱਤੀ ਅਤੇ ਉਹ ਦੋਵੇਂ ਇਸ ਤੋਂ ਤੁਰੰਤ ਬਾਅਦ ਪਰਤ ਆਏ। ਪੋਪ ਨੂੰ ਮਿਲ ਕੇ ਵਾਪਸ ਆਉਣ ਦੇ ਕੁਝ ਦਿਨਾਂ ਬਾਅਦ ਹੀ ਉਸ ਔਰਤ ਦੀ ਮੌਤ ਹੋ ਗਈ।
ਸਮੰਦਰ ਅਤੇ ਜਾਨਵਰਾਂ ਨੂੰ ਅਲਵਿਦਾ ਕਹਿਣ ਵਾਲੇ ਲੋਕ
ਵੇਲਦਬੋਰ ਨੇ ਲੋਕਾਂ ਦੇ ਕੁਝ ਅਜੀਬ ਤਰ੍ਹਾਂ ਦੀਆਂ ਗੁਜ਼ਾਰਿਸ਼ਾਂ ਵੀ ਪੂਰੀਆਂ ਕੀਤੀਆਂ ਹਨ। ਉਹ ਇੱਕ ਮਰੀਜ਼ ਨੂੰ ਘੋੜਿਆਂ ਦੇ ਤਬੇਲੇ ਵਿੱਚ ਵੀ ਲੈ ਗਏ ਸਨ ਤਾਂ ਜੋ ਉਹ ਆਪਣੇ ਪਸੰਦੀਦਾ ਜਾਨਵਰ ਨੂੰ ਗੱਡ ਬਾਏ ਕਹਿ ਸਕੇ।
ਅਜਿਹੇ ਕਈ ਮਰੀਜ਼ ਸਨ ਜੋ ਆਪਣੇ ਪਾਲਤੂ ਜਾਨਵਰਾਂ ਨੂੰ ਅਲਵਿਦਾ ਕਰਨਾ ਚਾਹੁੰਦੇ ਸਨ।
ਅਜਿਹੇ ਲੋਕਾਂ ਦੇ ਵਿਚਾਲੇ ਆਪਣੇ ਘਰ ਅਤੇ ਗੁਆਂਢ ਨੂੰ ਜਾ ਕੇ ਦੇਖਣ ਦੀ ਵੀ ਇੱਛਾ ਬਹੁਤ ਆਮ ਹੈ। ਸਪੋਰਟਸ, ਅਜਾਇਬ ਘਰ, ਚਿੜਿਆਘਰ ਅਤੇ ਏਕਵੇਰਿਅਮ ਦੇਖਣ ਦੀ ਵੀ ਇੱਛਾ ਅਕਸਰ ਅਜਿਹੇ ਲੋਕ ਕਰਦੇ ਹਨ।
ਇੱਕ ਮੌਕੇ ਉੱਤੇ ਤਾਂ ਵੇਲਦਬੋਰ ਧੀਰਜ ਰੱਖਦੇ ਹੋਏ ਇੱਕ ਮਰੀਜਡ ਨੂੰ ਅਜਿਹੀ ਹੀ ਮੱਛੀ ਫੜਨ ਦੀ ਕੋਸ਼ਿਸ਼ ਕਰਦੇ ਹੋਏ ਦੇਖਦੇ ਰਹੇ ਸਨ। ਪਰ ਸਮੰਦਰ ਨੂੰ ਲੈ ਕੇ ਕਈ ਲੋਕਾਂ ਦੀ ਲਲਕ ਵੇਲਦਬੋਰ ਦੇ ਲਈ ਇੱਕ ਰਹੱਸ ਦੀ ਤਰ੍ਹਾਂ ਹੈ।
ਥੋੜ੍ਹਾ ਬਿਹਤਰ ਹਾਲਤ ਵਾਲੇ ਮਰੀਜ਼ਾਂ ਨੂੰ ਵੀ ਉਨ੍ਹਾਂ ਨੇ ਸਮੰਦਰ ਵਿੱਚ ਛੋਟੀ ਕਸ਼ਤੀਆਂ ਦੀ ਯਾਤਰਾ ਕਰਵਾਈ ਹੈ।
ਵੇਲਦਬੋਰ ਪੈਰਾ ਮੈਡੀਕਲ ਸੇਵਾਵਾਂ ਵਿੱਚ ਰਹੇ ਹਨ ਅਤੇ ਐਂਬੁਲੈਂਸ ਡਰਾਈਵਰ ਦੇ ਤੌਰ 'ਤੇ ਵੀ ਉਨ੍ਹਾਂ ਨੇ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਈ ਸਾਲਾਂ ਤੱਕ ਮੌਤ ਨੂੰ ਨੇੜਿਓਂ ਦੇਖਿਆ ਹੈ।
ਵੇਲਦਬੋਰ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਇਹ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਉਨ੍ਹਾਂ ਨੇ ਜਿਹੜੇ ਲੋਕਾਂ ਦੀ ਮਦਦ ਕੀਤੀ ਹੈ ਉਨ੍ਹਾਂ ਵਿੱਚੋਂ ਬਹੁਤੇ 70 ਤੋਂ ਲੈ ਕੇ 90 ਸਾਲ ਦੀ ਉਮਰ ਵਾਲੇ ਰਹੇ ਹਨ ਪਰ ਉਹ ਦੱਸਦੇ ਹਨ ਕਿ ਕਦੇ-ਕਦੇ ਨੌਜਵਾਨ ਮਰੀਜ਼ਾਂ ਨਾਲ ਵੀ ਉਨ੍ਹਾਂ ਦਾ ਸਾਹਮਣਾ ਹੁੰਦਾ ਹੈ ਉਦੋਂ ਉਨ੍ਹਾਂ ਨੂੰ ਮੁਸ਼ਕਲ ਹੁੰਦੀ ਹੈ।
ਦਿਲ ਤੋੜਨ ਵਾਲੀਆਂ ਯਾਦਾਂ
ਉਹ ਕਹਿੰਦੇ ਹਨ, ''ਬਜ਼ੁਰਗਾਂ ਦੇ ਮਰਨ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ ਪਰ ਜਦੋਂ ਤੁਸੀਂ ਕਦੇ ਨੌਜਵਾਨਾਂ ਨੂੰ ਮਰਦੇ ਦੇਖਦੇ ਹੋ ਤਾਂ ਤੁਹਾਡਾ ਦਿਲ ਟੁੱਟ ਜਾਂਦੈ ਹੈ।''
ਸਾਲ 2009 ਵਿੱਚ ਉਨ੍ਹਾਂ ਨੇ ਇੱਕ ਹਤਾਸ਼ ਨੌਜਵਾਨ ਨੂੰ ਕਾਲ ਕੀਤੀ ਸੀ। ਉਹ ਚਾਹੁੰਦਾ ਸੀ ਕਿ ਵੇਲਦਬੋਰ ਉਨ੍ਹਾਂ ਦੀ ਗਰਲਫਰੈਂਡ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਘਰ ਲੈ ਜਾਵੇ।
ਉਨ੍ਹਾਂ ਦੀ ਗਰਲਫਰੈਂਡ ਨੂੰ ਕੈਂਸਰ ਸੀ ਅਤੇ ਉਹ ਲਗਭਗ ਮੌਤ ਦੇ ਨੇੜੇ ਪਹੁੰਚ ਚੁੱਕੀ ਸੀ। ਉਹ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲੈ ਜਾਣਾ ਚਾਹੁੰਦੇ ਸਨ ਅਤੇ ਆਪਣਾ ਨਵਾਂ ਫ਼ਲੈਟ ਦਿਖਾਉਣਾ ਚਾਹੁੰਦੇ ਸਨ, ਜਿਸ ਨੂੰ ਉਨ੍ਹਾਂ ਨੇ ਕਦੇ ਨਹੀਂ ਦੇਖਿਆ ਸੀ।
ਡਾਕਟਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵੇਲਦਬੋਰ ਉਨ੍ਹਾਂ ਦੀ ਗਰਲਫਰੈਂਡ ਨੂੰ ਉਨ੍ਹਾਂ ਦੇ ਘਰ ਲੈ ਗਏ।
ਉਹ ਦੱਸਦੇ ਹਨ, ''ਮੈਂ ਕੁਝ ਘੰਟਿਆਂ ਦੇ ਲ਼ਈ ਉਨ੍ਹਾਂ ਨੂੰ ਉਨ੍ਹਾਂ ਦੀ ਗਰਲਫਰੈਂਡ ਦੇ ਨਾਲ ਛੱਡ ਦਿੱਤਾ ਸੀ। ਹਸਪਤਾਲ ਵਾਪਸ ਲਿਆਉਣ ਦੇ ਕੁਝ ਹੀ ਘੰਟਿਆਂ ਅੰਦਰ ਉਨ੍ਹਾਂ ਦੀ ਮੌਤ ਹੋ ਗਈ।''
ਮੌਤ ਦਾ ਸਾਹਮਣਾ
ਵੇਲਦਬੋਰ ਨੇ ਆਪਣੇ ਕੰਮ ਦੌਰਾਨ ਮੌਤ ਨੂੰ ਨੇੜਿਓਂ ਦੇਖਿਆ ਸੀ। ਉਨ੍ਹਾਂ ਦੇ ਦਿਮਾਗ ਵਿੱਚ ਇਸ ਲਈ ਇੱਕ ਆਈਡੀਆ ਆਇਆ। ਉਨ੍ਹਾਂ ਨੂੰ ਲੱਗਿਆ ਕੀ ਉਹ ਇਸ ਨੂੰ ਬਦਲ ਤਾਂ ਨਹੀਂ ਸਕਦੇ ਪਰ ਉਹ ਇਸ ਨੂੰ ਬਿਹਤਰ ਤਜਰਬੇ ਵਿੱਚ ਜ਼ਰੂਰ ਤਬਦੀਲ ਕਰ ਸਕਦੇ ਹਨ।
ਉਹ ਕਹਿੰਦੇ ਹਨ, ''ਜਦੋਂ ਇੱਕ ਵਾਰ ਤੁਹਾਡਾ ਨਜ਼ਰੀਆ ਸਾਫ਼ ਹੋ ਜਾਂਦਾ ਹੈ ਤਾਂ ਫ਼ਿਰ ਤੁਹਾਨੂੰ ਚੀਜ਼ਾਂ ਬਿਹਤਰ ਢੰਗ ਨਾਲ ਕਰਨ 'ਚ ਮਦਦ ਮਿਲਦੀ ਹੈ। ਅਸੀਂ ਮੌਤ ਨੂੰ ਆਉਣ ਤੋਂ ਰੋਕ ਨਹੀਂ ਸਕਦੇ, ਕਦੇ-ਕਦੇ ਇਸ ਨੂੰ ਜਾਣ ਦੇਣਾ ਚਾਹੀਦਾ ਹੈ।''
ਕੋਰੋਨਾ ਮਹਾਂਮਾਰੀ 'ਚ ਪਾਬੰਦੀਆਂ ਦੇ ਦੌਰਾਨ ਵੀ ਉਹ ਲੋਕਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਵਿੱਚ ਲੱਗੇ ਹੋਏ ਸਨ।
ਸ਼ੁਰੂਆਤ ਕਿਵੇਂ ਹੋਈ?
ਕੀਜ਼ ਵੇਲਦਬੋਰ ਨੇ ਕਦੇ ਵੀ ਆਪਣੀ ਜ਼ਿੰਦਗੀ ਨੂੰ ਲੈ ਕੇ ਕੁਝ ਇਸ ਤਰ੍ਹਾਂ ਦਾ ਨਹੀਂ ਸੋਚਿਆ ਸੀ। 2006 ਵਿੱਚ ਹੋਈ ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।
ਉਹ ਚੇਤੇ ਕਰਦੇ ਹਨ, ''ਉਸ ਵੇਲੇ ਮੈਂ ਇੱਕ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ ਅਤੇ ਇੱਕ ਗੰਭੀਰ ਰੂਪ ਤੋਂ ਬਿਮਾਰ ਮਰੀਜ਼ ਨੂੰ ਇੱਕ ਤੋਂ ਦੂਜੇ ਹਸਪਤਾਲ ਲਿਜਾਣ 'ਚ ਲੱਗਿਆ ਹੋਇਆ ਸੀ। ਉਹ ਸਟ੍ਰੇਚਰ ਉੱਤੇ ਸੀ। ਜ਼ਿਆਦਾ ਤੋਂ ਜ਼ਿਆਦਾ ਉਸ ਦੀ ਤਿੰਨ ਮਹੀਨੇ ਤੱਕ ਜਿਉਣ ਦੀ ਉਮੀਦ ਸੀ।''
ਇਸ ਦੌਰਾਨ ਉਨ੍ਹਾਂ ਨੇ ਉਸ ਮਰੀਜ਼ ਨੂੰ ਪੁੱਛਿਆ ਕਿ ਕਿਹੜੀ ਜਗ੍ਹਾਂ ਉਹ ਸਭ ਤੋਂ ਵੱਧ ਯਾਦ ਕਰਦੇ ਹਨ। ਉਸ ਮਰੀਜ਼ ਨੇ ਦੱਸਿਆ ਕਿ ਉਹ ਸਮੰਦਰ ਅਤੇ ਜਹਾਜ਼ ਦੇਖਣਾ ਚਾਹੁੰਦਾ ਹੈ।
ਵੇਲਦਬੋਰ ਨੇ ਰੌਟੇਰਡਮ ਬੰਦਰਗਾਹ ਉੱਤੇ ਕਾਲ ਕਰ ਕੇ ਪੁੱਛਿਆ ਕੀ ਕੀ ਉਹ ਕਿਸੇ ਮਰੀਜ਼ ਨੂੰ ਲਿਆ ਸਕਦੇ ਹਨ।
ਉਹ ਯਾਦ ਕਰਦੇ ਹਨ, ''ਮੈਂ ਆਪਣੀ ਛੁੱਟੀ ਵਾਲੇ ਦਿਨ ਦੋ ਸਾਥੀਆਂ ਨੂੰ ਇਸ ਕੰਮ 'ਚ ਮਦਦ ਦੇ ਲਈ ਪੁੱਛਿਆ। ਮੈਂ ਉਨ੍ਹਾਂ ਨੂੰ ਬੰਦਰਗਾਹ 'ਤੇ ਲੈ ਗਿਆ ਅਤੇ ਨੇੜਿਓਂ ਸਮੰਦਰ ਦੀਆਂ ਲਹਿਰਾਂ ਦਿਖਾਈਆਂ।''
ਉਨ੍ਹਾਂ ਨੇ ਉਸ ਵਕਤ ਇੱਕ ਮਰਦੇ ਹੋਏ ਇਨਸਾਨ ਦੇ ਮੂਡ ਵਿੱਚ ਜ਼ਬਰਦਸਤ ਬਦਲਾਅ ਹੁੰਦੇ ਦੇਖਿਆ।
ਵੇਲਦਬੋਰ ਦੱਸਦੇ ਹਨ, ''ਅਚਾਨਕ ਮਰੀਜ਼ ਦਾ ਚਿਹਰਾ ਚਮਕ ਉੱਠਿਆ। ਉਹ ਮੁਸਕੁਰਾਉਣ ਲੱਗੇ ਅਤੇ ਉਨ੍ਹਾਂ ਵਿੱਚ ਭਰਪੂਰ ਊਰਜਾ ਆ ਗਈ।''
ਇਸ ਤੋਂ ਪ੍ਰਭਾਵਿਤ ਹੋ ਕੇ ਵੇਲਦਬੋਰ ਨੇ ਸਟ੍ਰੇਚਰ ਨੂੰ ਇੱਕ ਕਿਸ਼ਤੀ (ਬੋਟ) 'ਚ ਪਾ ਦਿੱਤਾ ਜਾਂ ਜੋ ਮਰੀਜ਼ ਬੰਦਰਗਾਹ ਤੋਂ ਆਉਂਦੇ-ਜਾਂਦੇ ਜਹਾਜ਼ਾਂ ਨੂੰ ਦੇਖ ਸਕੇ।
ਉਹ ਦੱਸਦੇ ਹਨ, ''ਇਹ ਦੇਖ ਕੇ ਉਹ ਮਰੀਜ਼ ਰੋਮਾਂਚ ਨਾਲ ਭਰ ਗਿਆ ਅਤੇ ਭਾਵੁਕ ਹੋ ਗੁਆ। ਉਸ ਨੇ ਕਿਹਾ ਕਿ ਤੁਸੀਂ ਅਜਨਬੀ ਹੋ ਕੇ ਵੀ ਇਹ ਮੇਰੇ ਲਈ ਕੀਤਾ।''
ਉਹ ਇੱਕ ਗੰਭੀਰ ਰੂਪ ਤੋਂ ਬਿਮਾਰੀ ਕੈਂਸਰ ਦਾ ਮਰੀਜ਼ ਸੀ। ਉਹ ਉਸ ਅਵਸਥਾ ਵਿੱਚ ਪਹੁੰਚ ਚੁੱਕਿਆ ਸੀ ਜਦੋਂ ਉਹ ਤੁਰ-ਫ਼ਿਰ ਵੀ ਨਹੀਂ ਸਕਦਾ ਸੀ। ਉਹ ਆਪਣੀ ਜ਼ਿੰਦਗੀ ਨੂੰ ਪਿਆਰ ਕਰਦਾ ਸੀ।
ਹਸਪਤਾਲ ਵਾਪਸ ਲਿਆਉਣ ਤੋਂ ਬਾਅਦ ਉਹ ਜ਼ਿਆਦਾ ਖ਼ੁਸ਼ ਸੀ। ਅਪ੍ਰੈਲ, 2007 ਵਿੱਚ ਉਸ ਦੀ ਮੌਤ ਹੋ ਗਈ ਸੀ। ਡਾਕਟਰਾਂ ਦੇ ਤਿੰਨ ਮਹੀਨੇ ਜ਼ਿੰਦਾ ਰਹਿਣ ਦੇ ਅੰਦਾਜ਼ੇ ਤੋਂ ਉਹ ਵੱਧ ਦਿਨਾਂ ਤੱਕ ਜ਼ਿੰਦਾ ਰਹੇ।
''ਇਸ ਤਜਰਬੇ ਨੇ ਮੈਨੂੰ ਸੋਚਣ ਉੱਤੇ ਮਜਬੂਰ ਕਰ ਦਿੱਤਾ। ਮੈਂ ਆਪਣੀ ਪਤਨੀ ਨਾਲ ਮਿਲ ਕੇ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਮੁੰਹਿਮ ਸ਼ੁਰੂ ਕੀਤੀ।''
ਇਸ ਦੇ ਨਾਲ ਹੀ ਸਟਾਚਿੰਗ ਐਂਬੁਲੈਂਸ ਵੇਂਸ-ਐਂਬੁਲੈਂਸ ਵਿਸ਼ ਫਾਊਂਡੇਸ਼ਨ ਦੀ ਸ਼ੁਰੂਆਤ ਹੋਈ।
ਮੁਫ਼ਤ ਸੇਵਾ
ਦੋ ਸਾਲਾਂ ਤੱਕ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੇ ਪੈਰਾ ਮੈਡੀਕਲ ਦੇ ਕੰਮ ਨੂੰ ਜਾਰੀ ਰੱਖਦੇ ਹੋਏ ਇਹ ਕਰਦੇ ਰਹੇ ਪਰ ਵੱਧਦੀ ਹੋਈ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣੀ ਨੌਕਰੀ ਛੱਡਣੀ ਪਈ। ਉਨ੍ਹਾਂ ਨੇ ਪੂਰੀ ਤਰ੍ਹਾਂ ਇਹੀ ਕੰਮ ਸ਼ੁਰੂ ਕਰ ਦਿੱਤਾ।
ਉਹ ਦੱਸਦੇ ਹਨ, ''ਸਾਡੀ ਫਾਊਂਡੇਸ਼ਨ ਨੇ ਕਰੀਬ 15,000 ਲੋਕਾਂ ਦੀ ਆਖ਼ਰੀ ਵਾਰ ਉਨ੍ਹਾਂ ਦੇ ਪਸੰਦੀਦਾ ਥਾਂਵਾਂ ਉੱਤੇ ਜਾਣ ਦੀ ਖਾਹਿਸ਼ ਪੂਰੀ ਕੀਤੀ ਹੈ। ਮੈਂ ਖ਼ੁਦ ਲਗਭਗ ਦੋ ਹਜ਼ਾਰ ਲੋਕਾਂ ਨੂੰ ਡਰਾਈਵ ਉੱਤੇ ਲੈ ਕੇ ਗਿਆ ਹਾਂ।''
''ਕਈ ਵਾਰ ਮੈਂ ਉਨ੍ਹਾਂ ਦੇ ਚਿਹਰਿਆਂ ਉੱਤੇ ਅਥਾਹ ਖ਼ੁਸ਼ੀ ਦੇਖੀ ਹੈ। ਇਸੇ ਨੇ ਮੈਨੂੰ ਵਾਰ-ਵਾਰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਹੈ।''
ਕੀਜ਼ ਦੀ ਫਾਊਂਡੇਸ਼ਨ ਕੋਲ 7 ਐਂਬੁਲੈਂਸ ਹਨ ਅਤੇ ਉਨ੍ਹਾਂ ਨੇ 14 ਦੇਸ਼ਾਂ ਵਿੱਚ ਅਜਿਹੀ ਹੀ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਹੈ। ਇਹ ਕਾਰੋਬਾਰ ਨਹੀਂ ਹੈ। ਮਰੀਜ਼ਾਂ ਤੋਂ ਇਸ ਸੇਵਾ ਬਦਲੇ ਕੋਈ ਪੈਸਾ ਨਹੀਂ ਲਿਆ ਜਾਂਦਾ।
ਵੇਲਦਬੋਰ ਦੱਸਦੇ ਹਨ, ''ਸਾਨੂੰ ਸਰਕਾਰ ਤੋਂ ਵੀ ਕੋਈ ਪੈਸਾ ਨਹੀਂ ਮਿਲਦਾ, ਹਾਂ ਪਰ ਸਾਨੂੰ ਡੋਨੇਸ਼ਨ ਜ਼ਰੂਰ ਮਿਲਦੀ ਹੈ।''
ਗੱਲ ਕਰਨੀ ਔਖੀ
ਮਰੀਜ਼ ਤੋਂ ਇਲਾਵਾ ਦੋ ਹੋਰ ਮਰੀਜ਼ ਵੀ ਐਂਬੁਲੈਂਸ ਵਿੱਚ ਜਾਂਦੇ ਹਨ ਪਰ ਉਨ੍ਹਾਂ ਵਿਚਾਲੇ ਸ਼ਾਇਦ ਹੀ ਕੋਈ ਗੱਲ਼ਬਾਤ ਹੁੰਦੀ ਹੈ।
''ਜ਼ਿਆਦਾਤਰ ਲੋਕ ਮੌਤ ਦੇ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦੇ। ਔਰਤਾਂ ਅਕਸਰ ਆਫਣੇ ਪਤੀ ਨਾਲ ਇਸ ਬਾਰੇ ਗੱਲ਼ ਕਰਦੀਆਂ ਹਨ ਪਰ ਮਰਦ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਨ ਤੋਂ ਬਚਦੇ ਹਨ।''
ਉਹ ਕਹਿੰਦੇ ਹਨ ਕਿ ਸ਼ਾਇਦ ਹੀ ਕਦੇ ਮੈਂ ਉਨ੍ਹਾਂ ਨੂੰ ਆਪਸ ਵਿੱਚ ਗਲ ਕਰਨ ਨੂੰ ਲੈ ਕੇ ਹੱਲਾਸ਼ੇਰੀ ਦਿੰਦਾ ਹਾਂ।
''ਕਦੇ-ਕਦੇ ਮੈਂ ਉਨ੍ਹਾਂ ਦੇ ਨਾਲ ਬੈਠਦਾ ਹਾਂ ਅਤੇ ਗੱਲਬਾਤ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਇਕੱਲਾ ਛੱਡ ਦਿੰਦਾ ਹਾਂ। ਜਦੋਂ ਮੈਂ ਪਰਤਦਾ ਹਾਂ ਤਾਂ ਅਕਸਰ ਉਨ੍ਹਾਂ ਨੂੰ ਰੋਂਦੇ ਹੋਏ ਦੇਖਦਾ ਹਾਂ।''
''ਆਪਣੇ ਜੀਵਨ ਸਾਥੀ ਨੂੰ ਤਸੱਲੀ ਦੇਣ ਸੌਖਾ ਨਹੀਂ ਹੁੰਦਾ ਪਰ ਇਹ ਕਾਫ਼ੀ ਜ਼ਰੂਰੀ ਹੈ।''
ਉਹ ਦੱਸਦੇ ਹਨ ਕਿ ਲੋਕਾਂ ਦਾ ਮੌਤ ਨੂੰ ਲੈ ਕੇ ਵੱਖੋ-ਵੱਖਰਾ ਰੁਖ ਹੁੰਦਾ ਹੈ।
''ਕੁਝ ਲੋਕ ਮੌਕ ਨੂੰ ਸਵੀਕਾਰ ਲੈਂਦੇ ਹਨ। ਕੁਝ ਜਲਦੀ ਹਾਰ ਨਹੀਂ ਮੰਨਣਾ ਚਾਹੁੰਦੇ। ਆਖ਼ਰੀ ਵਕਤ 'ਚ ਵੀ ਉਹ ਇਸ ਉਮੀਦ 'ਚ ਰਹਿੰਦੇ ਹਨ ਕਿ ਉਹ ਲੜ ਸਕਦੇ ਹਨ।''
ਵੇਲਦਬੋਰ ਕਹਿੰਦੇ ਹਨ ਕਿ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਖਰੀ ਸਮੇਂ ਵਿੱਚ ਆਪਣੇ ਕੀਤੇ 'ਤੇ ਪਛਤਾਵਾ ਕਰਦੇ ਹਨ। ਜ਼ਿਆਦਾਤਰ ਲੋਕ ਆਪਣੇ ਅਤੀਤ ਨੂੰ ਖ਼ੁਸ਼ੀ-ਖ਼ੁਸ਼ੀ ਚੇਤੇ ਕਰਦੇ ਹਨ।
ਵੇਲਦਬੋਰ ਤੋਂ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਦਾ ਆਖ਼ਰੀ ਵਕਤ ਆਵੇਗਾ ਤਾਂ ਉਹ ਕੀ ਦੇਖਣਾ ਪਸੰਦ ਕਰਨਗੇ।
ਉਹ ਕਹਿੰਦੇ ਹਨ, ''ਇਸ ਬਾਰੇ ਹੁਣੇ ਦੱਸਣਾ ਔਖਾ ਹੈ। ਆਖ਼ਰੀ ਵੇਲੇ ਹੀ ਇਸ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ। ਪਰ ਸ਼ਾਇਦ ਮੈਂ ਮਰਦੇ ਸਮੇਂ ਇਹ ਚਾਹਾਂਗਾ ਕਿ ਮੇਰੇ ਬੱਚੇ ਮੇਰੇ ਆਲੇ-ਦੁਆਲੇ ਹੋਣ।''
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਦੇਖੋ: