ਕੋਰੋਨਾਵਾਇਰਸ: ਜਪਾਨ ਦੇ ਇਸ ਦੀਪ ਤੋਂ ਕੀ ਗ਼ਲਤੀ ਹੋਈ ਕਿ ਕੋਰੋਨਾਵਾਇਰਸ ਮੁੜ ਆਇਆ

    • ਲੇਖਕ, ਰੁਪਰਟ ਵਿੰਗਫੀਲਡ- ਹੇਇਸ
    • ਰੋਲ, ਬੀਬੀਸੀ ਨਿਊਜ਼ ਟੋਕੀਓ (ਜਪਾਨ)

ਜਪਾਨ ਦੇ ਹੋਕਾਇਡੂ ਨੇ ਫ਼ੈਲ ਰਹੀ ਕੋਰੋਨਾਵਾਇਰਸ ਬਿਮਾਰੀ ਨੂੰ ਕਾਬੂ ਕਰਨ ਲਈ ਮੁਸਤੈਦੀ ਨਾਲ ਕਾਰਵਾਈ ਕੀਤੀ ਅਤੇ ਕੁਝ ਦਿਨਾਂ ਵਿੱਚ ਲਾਗ ਦੇ ਨਵੇਂ ਕੇਸਾਂ ਵਿੱਚ ਕਮੀ ਆ ਗਈ।

ਉਸ ਤੋਂ ਬਾਅਦ ਜਿਵੇਂ ਹੋਕਾਇਡੂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਇੱਕ ਜੇਤੂ ਵਜੋਂ ਦੇਖਿਆ ਜਾਣ ਲੱਗਿਆ।

ਪਰ ਹੋਕਾਇਡੂ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ। ਇਹ ਜਪਾਨ ਦਾ ਪਹਿਲਾ ਸੂਬਾ ਬਣਿਆ ਸੀ, ਜਿੱਥੇ ਕੋਰੋਨਵਾਇਰਸ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ।

ਹੋਕਾਇਡੂ ਨੇ ਸਕੂਲ ਬੰਦ ਕਰ ਦਿੱਤੇ ਸਨ, ਵੱਡੇ ਇਕੱਠ ਕਰਨ ਤੋਂ ਲੋਕਾਂ ਨੂੰ ਵਰਜ ਦਿੱਤਾ ਗਿਆ ਸੀ ਤੇ ਜਿੰਨਾ ਹੋ ਸਕੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ।

ਸਰਕਾਰ ਨੇ ਮੁਸਤੈਦੀ ਨਾਲ ਲਾਗ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਵੱਖਰਿਆਂ ਕੀਤਾ।

ਇਹ ਨੀਤੀ ਬੜੀ ਕਾਰਗਰ ਸਾਬਤ ਹੋਈ ਅਤੇ ਮਾਰਚ ਦੇ ਮੱਧ ਤੱਕ ਆਉਂਦਿਆਂ-ਆਉਂਦਿਆਂ ਖੇਤਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ।

ਇਹ ਗਿਣਤੀ ਉੱਥੇ ਪਹੁੰਚ ਗਈ ਜਿੱਥੇ ਪਹਿਲਾ ਮਾਮਲਾ ਆਉਣ ਤੋਂ ਬਾਅਦ ਪਹਿਲੇ ਜਾਂ ਦੂਜੇ ਦਿਨ ਸੀ।

19 ਮਾਰਚ ਨੂੰ ਐਮਰਜੈਂਸੀ ਹਟਾ ਲਈ ਗਈ ਅਤੇ ਅਪ੍ਰੈਲ ਦੀ ਸ਼ੁਰੂਆਤ ਵਿੱਚ ਸਕੂਲ ਖੋਲ੍ਹ ਦਿੱਤੇ ਗਏ।

ਹੁਣ ਐਮਰਜੈਂਸੀ ਹਟਾਏ ਜਾਣ ਦੇ ਲਗਭਗ ਇੱਕ ਮਹੀਨੇ ਬਾਅਦ ਮੁੜ ਤੋਂ ਲਗਾਉਣੀ ਪੈ ਗਈ ਹੈ।

ਹੋਕਾਇਡੂ ਨੇ ਜਪਾਨ ਸਰਕਾਰ ਤੋਂ ਸੁਤੰਤਰ ਰਹਿੰਦਿਆਂ ਕੋਰੋਨਾਵਾਇਰਸ ਖ਼ਿਲਾਫ਼ ਕਾਰਵਾਈ ਕੀਤੀ।

ਜਪਾਨ ਨੇ ਟੋਕੀਓ, ਓਸਾਕਾ ਤੇ ਪੰਜ ਹੋਰ ਖੇਤਰਾਂ ਵਿੱਚ ਪਹਿਲੇ ਹਫ਼ਤੇ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਜਪਾਨ ਵਿੱਚ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਕਰੀਬ-ਕਰੀਬ ਸਫ਼ਲਤਾ ਦੀ ਕਹਾਣੀ

ਪਿਛਲੇ ਹਫ਼ਤੇ ਹੋਕਾਇਡੂ ਵਿੱਚ ਕੋਵਿਡ-19 ਦੇ 135 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਾਰ ਫਰਵਰੀ ਵਾਂਗ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਵਾਇਰਸ ਜਪਾਨ 'ਚ ਬਾਹਰੋਂ ਕਿਤੋਂ ਆਇਆ ਹੈ।

ਕੋਈ ਵੀ ਨਵਾਂ ਮਰੀਜ਼ ਵਿਦੇਸ਼ੀ ਨਹੀਂ ਹੈ ਨਾ ਹੀ ਇਨ੍ਹਾਂ ਵਿੱਚੋਂ ਪਿਛਲੇ ਮਹੀਨੇ ਦੌਰਾਨ ਜਪਾਨ ਤੋਂ ਬਾਹਰ ਜਾ ਕੇ ਆਇਆ ਹੈ।

ਇਸ ਤੋਂ ਸਾਨੂੰ ਹੋਕਾਇਡੂ ਵਿੱਚ ਬੀਮਾਰੀ ਦੇ ਫ਼ੈਲਾਅ ਬਾਰੇ ਕੀ ਸਬਕ ਮਿਲਦਾ ਹੈ?

ਪਹਿਲਾ, ਜੇ ਤੁਸੀਂ ਇਸ ਉੱਪਰ ਸ਼ੁਰੂ ਵਿੱਚ ਹੀ ਕਾਬੂ ਪਾ ਲਵੋ ਤਾਂ ਕਾਮਯਾਬੀ ਮਿਲ ਸਕਦੀ ਹੈ।

ਕਿੰਗਜ਼ ਕਾਲਜ ਲੰਡਨ ਦੇ ਪ੍ਰੋਫ਼ੈਸਰ ਕਿਨਜੀ ਸ਼ਿਬੂਆ ਮੁਤਾਬਕ, "ਗੁੱਛਿਆਂ (ਕਲਸਟਰਾਂ) ਨਾਲ, ਉਨ੍ਹਾਂ ਦੀ ਨਿਸ਼ਾਨਦੇਹੀ ਅਤੇ ਆਈਸੋਲੋਸ਼ਨ ਲਈ ਨਜਿੱਠਣਾ ਸੌਖਾ ਹੈ।"

"ਸਰਕਾਰ ਨੂੰ ਕਲੱਸਟਰਾਂ ਨੂੰ ਕਾਬੂ ਕਰਨ ਦੀ ਆਪਣੀ ਪਹੁੰਚ ਵਿੱਚ ਕਾਫੀ ਸਫ਼ਲ ਰਹੀ ਹੈ। ਉਸ ਸਮੇਂ ਜਪਾਨ ਵਿੱਚ ਬੀਮਾਰੀ ਦਾ ਸ਼ੁਰੂਆਤੀ ਪੜਾਅ ਸੀ। ਇਹ ਇੱਕ ਸਥਾਨਕ ਗੱਲ ਅਤੇ ਸਫ਼ਲਤਾ ਦੀ ਕਹਾਣੀ ਸੀ।"

ਇਸ ਦਿਸ਼ਾ ਵਿੱਚ ਹੋਕਾਇਡੂ ਵਿੱਚ ਦੱਖਣੀ ਕੋਰੀਆ ਦੇ ਸ਼ਹਿਰ ਡੈਗੂ ਨਾਲ ਕੁਝ ਸਮਾਨਤਾ ਹੈ।

ਉੱਥੇ ਇੱਕ ਧਾਰਮਿਕ ਫ਼ਿਰਕੇ ਵਿੱਚ ਵੱਡੇ ਪੱਧਰ ਤੇ ਬੀਮਾਰੀ ਫ਼ੈਲਣ ਦਾ ਪਤਾ ਲੱਗਿਆ। ਜਿਨ੍ਹਾਂ ਨੂੰ ਲਾਗ ਸੀ, ਉਨ੍ਹਾਂ ਨੂੰ ਆਈਸੋਲੇਟ ਕਰ ਲਿਆ ਗਿਆ ਅਤੇ ਬਿਮਾਰੀ ਨੂੰ ਕੁਚਲ ਦਿੱਤਾ ਗਿਆ।

ਹੋਕਾਇਡੂ ਦਾ ਦੂਜਾ ਸਬਕ ਕੁਝ ਉਨਾਂ ਵਧੀਆ ਨਹੀਂ ਹੈ।

ਜਦੋਂ ਡੈਗੂ ਵਿੱਚ ਬੀਮਾਰੀ ਫੁੱਟੀ ਤਾਂ ਦੱਖਣੀ ਕੋਰੀਆਂ ਦੀ ਸਰਕਾਰ ਨੇ ਮਹਾਂਮਾਰੀ ਦਾ ਕਿਨਾਰਾ ਫੜਨ ਲਈ ਵੱਡੇ ਪੱਧਰ ਤੇ ਲੋਕਾਂ ਦੇ ਟੈਸਟ ਕੀਤੇ, ਜਦਕਿ ਜਪਾਨ ਨੇ ਇਸ ਤੋਂ ਬਿਲਕੁਲ ਵੱਖਰਾ ਕੀਤਾ ਹੈ।

ਜਪਾਨ ਦੇਸ਼ ਵਿੱਚ ਕੋਵਿਡ-19 ਦਾ ਪਹਿਲਾ ਕੇਸ ਮਿਲਣ ਤੋਂ ਤਿੰਨ ਮਹੀਨਿਆਂ ਬਾਅਦ ਵੀ ਆਪਣੀ ਵਸੋਂ ਦੇ ਬਹੁਤ ਥੋੜ੍ਹੇ ਹਿੱਸੇ ਦੇ ਟੈਸਟ ਕਰ ਰਿਹਾ ਹੈ।

ਸ਼ੁਰੂ ਵਿੱਚ ਸਰਕਾਰ ਨੇ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਲੋਕਾਂ ਦੇ ਟੈਸਟ ਕਰਨਾ "ਸਾਧਨਾਂ ਦੀ ਬਰਬਾਦੀ ਹੈ"। ਹੁਣ ਸਰਕਾਰ ਨੇ ਆਪਣੀ ਸੁਰ ਕੁਝ ਬਦਲੀ ਹੈ ਅਤੇ ਉਹ ਕਹਿ ਰਹੀ ਹੈ ਕਿ ਟੈਸਟ ਹੋਰ ਕੀਤੇ ਜਾਣਗੇ। ਫਿਰ ਵੀ ਟੈਸਟਾਂ ਦੀ ਮੱਧਮ ਗਤੀ ਪਿੱਛੇ ਕਈ ਕਾਰਨ ਹਨ।

ਪਹਿਲਾ ਜਪਾਨ ਦੇ ਸਿਹਤ ਮੰਤਰੀ ਨੂੰ ਡਰ ਹੈ ਕਿ ਵੱਡੇ ਪੱਧਰ ਤੇ ਟੈਸਟ ਕਰਨ ਨਾਲ ਦੇਸ਼ ਦੇ ਹਸਪਤਾਲ ਪੌਜ਼ਿਟਿਵ ਆਉਣ ਵਾਲੇ ਪਰ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨਾਲ ਭਰ ਜਾਣਗੇ।

ਵੱਡੇ ਪੱਧਰ ਤੇ ਦੇਖਿਆ ਜਾਵੇ ਤਾਂ ਸਰਕਾਰ ਦੀ ਰਾਇ ਹੈ ਕਿ ਟੈਸਟ ਕਰਨਾ ਸੂਬਾਈ ਸਰਕਾਰਾਂ ਦੀ ਜਿੰਮੇਵਾਰੀ ਹੈ ਨਾ ਕਿ ਕੇਂਦਰੀ ਸਰਕਾਰ ਦੀ।

ਇਨ੍ਹਾਂ ਵਿੱਚੋਂ ਕੁਝ ਸਥਾਨਕ ਕੇਂਦਰਾਂ ਕੋਲ ਢੁਕਵੇਂ ਉਪਕਰਣ ਨਹੀਂ ਹਨ ਕਿ ਉਹ ਵੱਡੀ ਪੱਧਰ ਉੱਤੇ ਟੈਸਟਿੰਗ ਕਰ ਸਕਣ।

ਸਥਾਨਕ ਹਸਪਤਾਲ ਭਰੇ ਪਏ ਹਨ ਕਿ ਕਿਸੇ ਡਾਕਟਰ ਤੋਂ ਪਰਚੀ ਲਿਖਵਾਉਣਾ ਵੀ ਮਰੀਜ਼ਾਂ ਲਈ ਇੱਕ ਚੁਣੌਤੀ ਹੈ।

ਪ੍ਰੋਫ਼ੈਸਰ ਸ਼ਿਬੂਆ ਮੁਤਾਬਕ, ਇਨ੍ਹਾਂ ਕਾਰਨਾਂ ਕਰਕੇ ਹੀ ਜਪਾਨ ਨੂੰ ਹਾਲੇ ਤੱਕ ਕੋਈ ਸਪਸ਼ਟਤਾ ਨਹੀਂ ਹੈ ਕਿ ਉਸ ਦੀ ਵਸੋਂ ਵਿੱਚ ਵਾਇਰਸ ਕਿਵੇਂ ਫ਼ੈਲ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "ਉਹ ਬਿਮਾਰੀ ਦੇ ਧਮਾਕੇ ਦੇ ਵਿਚਕਾਰਲੇ ਪੜਾਅ ਉੱਤੇ ਹਨ। ਹੋਕਾਇਡੂ ਤੋਂ ਲੈਣ ਯੋਗ ਪ੍ਰਮੁੱਖ ਸਬਕ ਤਾਂ ਇਹ ਹੈ ਕਿ ਭਾਵੇਂ ਤੁਸੀਂ ਪਹਿਲੀ ਵਾਰ ਵਿੱਚ (ਬੀਮਾਰੀ) ਉੱਪਰ ਕਾਬੂ ਪਾਉਣ ਵਿੱਚ ਸਫ਼ਲ ਹੋ ਗਏ।"

"ਇਸ ਰੋਕ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣਾ ਮੁਸ਼ਕਲ ਹੈ। ਜਦ ਤੱਕ ਕਿ ਤੁਸੀਂ ਟੈਸਟ ਕਰਨ ਦੀ ਸਮਰੱਥਾ ਨਾ ਵਧਾਉਂਦੇ ਉਦੋਂ ਤੱਕ ਕਮਿਊਨਿਟੀ ਫ਼ੈਲਾਅ ਅਤੇ ਹਸਪਤਾਲਾਂ ਵਿੱਚ ਫੈਲਾਅ ਦੀ ਪਛਾਣ ਕਰਨਾ ਮੁਸ਼ਕਲ ਹੈ।"

ਬਿਖੜਾ ਅਤੇ ਲੰਬਾ ਰਾਹ

ਤੀਜਾ ਸਬਕ ਇਹ ਹੈ ਕਿ ਇਹ "ਨਵੀਂ ਸੱਚਾਈ" ਉਸ ਤੋਂ ਕਿਤੇ ਜ਼ਿਆਦਾ ਦੇਰ ਰਹਿਣ ਵਾਲੀ ਹੈ। ਜਿੰਨੀ ਕੁਝ ਲੋਕ ਉਮੀਦ ਕਰ ਰਹੇ ਹਨ।

ਹੋਕਾਇਡੂ ਨੂੰ ਲੋਕਾਂ ਉੱਪਰ ਬੰਦਿਸ਼ਾਂ ਮੁੜ ਤੋਂ ਲਾਉਣੀਆਂ ਪਈਆਂ ਹਨ। ਹਾਲਾਂਕਿ ਜਪਾਨ ਦਾ ਕੋਵਿਡ-19 ਲੌਕਡਾਊਨ ਦਾ ਰੂਪ ਦੂਜੇ ਮੁਲਕਾਂ ਨਾਲੋਂ ਬਹੁਤ ਛੋਟਾ ਹੈ।

ਬਹੁਤ ਸਾਰੇ ਲੋਕ ਹਾਲੇ ਵੀ ਦਫ਼ਤਰ ਆ ਰਹੇ ਹਨ। ਸਕੂਲ ਭਾਵੇਂ ਹੀ ਬੰਦ ਹੋਣ ਪਰ ਦੁਕਾਨਾਂ ਅਤੇ ਸ਼ਰਾਬਖਾਨੇ ਖੁੱਲ੍ਹੇ ਹਨ।

ਪ੍ਰੋਫ਼ੈਸਰ ਸ਼ਿਬੂਆ ਦਾ ਮੰਨਣਾ ਹੈ ਕਿ ਸਖ਼ਤ ਕਦਮਾਂ ਤੋ ਬਿਨਾਂ ਜਪਾਨ ਇਸ ਕਥਿਤ "ਦੂਜੀ ਲਹਿਰ" ਨੂੰ ਕਾਬੂ ਕਰ ਸਕੇਗਾ ਇਸ ਦੀ ਬਹੁਤ ਘੱਟ ਸੰਭਾਵਨਾ ਹੈ।

ਇਹ ਚੇਤਾਵਨੀ ਨਾ ਸਿਰਫ਼ ਹੋਕਾਇਡੂ ਬਾਰੇ ਹੈ ਸਗੋਂ ਸਮੁੱਚੇ ਜਪਾਨ ਬਾਰੇ ਹੈ।

ਉਨ੍ਹਾਂ ਮੁਤਾਬਕ ਮੁੱਖ ਸਬਕ ਇਹ ਹੈ, "ਜੇ ਤੁਸੀਂ ਲਾਗ਼ ਨੂੰ ਸਥਾਨਕ ਪੱਧਰ ਤੇ ਰੋਕਣ ਵਿੱਚ ਸਫ਼ਲ ਵੀ ਰਹਿੰਦੇ ਹੋ ਤਾਂ ਵੀ ਜਦੋਂ ਤੱਕ ਲੋਕ ਇਧਰ-ਉੱਧਰ ਜਾ ਰਹੇ ਹਨ, ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਤਾਂ ਲਾਗ਼ ਫ਼ੈਲ ਰਹੀ ਹੈ। ਵਾਇਰਸ ਮੁਕਤ ਸਥਿਤੀ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੈ।"

ਹੋਕਾਇਡੂ ਦੀ ਆਰਥਿਕਤਾ ਬਹੁਤ ਬੁਰੀ ਤਰ੍ਹਾਂ ਪ੍ਰਭਵਿਤ ਹੋ ਰਹੀ ਹੈ। ਇਹ ਦੀਪ ਸੈਰ-ਸਪਾਟੇ ਉੱਪਰ ਨਿਰਭਰ ਹੈ।

ਜਾਪਾਨ ਨੇ ਅਮਰੀਕਾ, ਯੂਰਪ ਅਤੇ ਬਹੁਤ ਸਾਰੇ ਏਸ਼ੀਆਈ ਮੁਲਕਾਂ ਤੋਂ ਸੈਲਾਨੀਆਂ ਦੇ ਅਉਣ 'ਤੇ ਰੋਕ ਲਾ ਰੱਖੀ ਹੈ।

ਇੱਕ ਦੋਸਤ ਜਿਸ ਦਾ ਚੀਟੋਸ ਵਿੱਚ ਇੱਕ ਬਾਰ ਹੈ ਅਤੇ ਇਸ ਵੇਲੇ ਬੰਦ ਕਰਵਾਇਆ ਗਿਆ ਹੈ, ਉਸ ਦੇ ਸਟਾਫ਼ ਨੂੰ ਕੱਢਣ ਲਈ ਕਿਹਾ ਗਿਆ।

ਹੋਰ ਉੱਤਰ ਵੱਲ ਆਸਾਹੀਕਾਵਾ ਵਿੱਚ ਨਾਓਕੀ ਟੁਮਰਾ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦਾ ਬਾਰ ਤਾਂ ਭਾਵੇਂ ਹਾਲੇ ਖੁੱਲ੍ਹਾ ਹੈ ਪਰ ਉੱਥੇ ਕੋਈ ਟਾਵਾਂ-ਟਾਵਾਂ ਗਾਹਕ ਹੀ ਆਉਂਦਾ ਹੈ।

ਉਹ ਕਹਿੰਦੇ ਹਨ, "ਚੀਨ ਅਤੇ ਪੂਰਬੀ ਏਸ਼ੀਆ ਤੋਂ ਬਹੁਤ ਸਾਰੇ ਸੈਲਾਨੀ ਆਉਂਦੇ ਹੁੰਦੇ ਸਨ। ਉਹ ਸਾਰੇ ਗਾਇਬ ਹੋ ਗਏ ਹਨ। ਸਾਨੂੰ ਸੜਕਾਂ 'ਤੇ ਹੁਣ ਕੋਈ ਵਿਦੇਸ਼ੀ ਬੋਲੀ ਸੁਣਨ ਨੂੰ ਨਹੀਂ ਮਿਲਦੀ, ਛੋਟੇ ਹੋਟਲ ਆਦਿ ਬੰਦ ਕਰਨੇ ਪਏ ਹਨ। ਸੈਰ-ਸਪਾਟਾ ਖੇਤਰ ਵਾਕਈ ਸੰਘਰਸ਼ ਕਰ ਰਿਹਾ ਹੈ।"

ਨਵੀਂ ਐਮਰਜੈਂਸੀ 6 ਮਈ ਨੂੰ ਮੁਕਣੀ ਹੈ।

ਇਹ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)