ਕੋਰੋਨਾਵਾਇਰਸ: ਪੰਜਾਬ ਕੋਲ PPE ਕਿੱਟਾਂ ਦੀ ਗਿਣਤੀ ਕਿੰਨੀ ਤੇ ਡਾਕਟਰਾਂ ਦਾ ਕੀ ਹਾਲ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਬਣੇ ਕੰਟਰੋਲ ਰੂਮ ਦੇ ਹੈੱਡ ਰਾਹੁਲ ਤਿਵਾੜੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੀਪੀਈ ਕਿੱਟਾਂ ਦੀ ਜ਼ਰੂਰਤ ਲੱਖਾਂ ਵਿੱਚ ਹੈ ਪਰ ਇਹ ਹਜ਼ਾਰਾਂ ਵਿੱਚ ਹੀ ਉਪਲਬਧ ਹਨ।

ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਇਨ੍ਹਾਂ ਕਿੱਟਾਂ ਦਾ ਉਤਪਾਦਨ ਭਾਰਤ ਵਿਚ ਨਹੀਂ ਹੁੰਦਾ ਸੀ ਤੇ ਇਹ ਵਿਦੇਸ਼ਾਂ ਤੋਂ ਮੰਗਵਾਈਆਂ ਜਾਂਦੀਆਂ ਸਨ। ਹੁਣ ਇਸ ਦੀ ਸਾਰੀ ਦੁਨੀਆਂ ਵਿੱਚ ਮੰਗ ਹੈ ਜਿਸ ਕਾਰਨ ਘਾਟ ਪੈਦਾ ਹੋਈ ਹੈ।

ਰਾਹੁਲ ਤਿਵਾੜੀ ਨੇ ਕਿਹਾ ਕਿ ਪੰਜਾਬ ਇਸ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਪਰ ਇਹ ਗੱਲ ਨਹੀਂ ਹੈ ਕਿ ਸਾਡੇ ਕੋਲ ਕਿੱਟਾਂ ਨਹੀਂ ਹਨ। ਜਿਸ ਗਿਣਤੀ 'ਚ PPE ਕਿੱਟਾਂ ਦੀ ਜ਼ਰੂਰਤ ਹੈ, ਉਸ ਤਾਦਾਦ 'ਚ ਨਹੀਂ ਹਨ ਅਤੇ ਸਿਰਫ਼ ਪੰਜਾਬ ਦਾ ਹੀ ਨਹੀਂ ਇਹ ਸਾਰੇ ਭਾਰਤ, ਸਗੋਂ ਹੋਰ ਦੇਸ਼ਾਂ ਦਾ ਵੀ ਹਾਲ ਹੈ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਸੂਬੇ ਕੋਲ ਇਸ ਵਕਤ 16,000 ਪੀਪੀਈ ਕਿੱਟਾਂ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਹੋਰ ਵੀ ਕਿੱਟਾਂ ਲੈਣ ਦੀ ਕੋਸ਼ਿਸ਼ 'ਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਪੁਲਿਸ ਵਾਲਿਆਂ ਨੂੰ ਵੀ ਇਹ ਕਿੱਟਾਂ ਦਿੱਤੀਆਂ ਜਾਣਗੀਆਂ ਜਿਹੜੇ ਕੋਵਿਡ-19 ਦੀ ਲੜਾਈ ਲੜ ਰਹੇ ਹਨ। ਹਾਲਾਂਕਿ ਪਹਿਲ ਸਿਹਤ ਕਰਮੀਆਂ ਨੂੰ ਕਿੱਟਾਂ ਦੇਣ ਦੀ ਹੋਏਗੀ।

ਡਾਕਟਰ ਕੀ ਕਹਿੰਦੇ

ਪੀਜੀਆਈ ਚੰਡੀਗੜ੍ਹ ਦੇ ਡਾਕਟਰ ਅਰੁਣ ਬੰਸਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਚਿੰਤਾ ਅੱਜ ਜਾਂ ਕੱਲ ਦੀ ਨਹੀਂ ਹੈ ਪਰ ਸਮੱਸਿਆ ਕਿਸੇ ਵੀ ਵਕਤ ਹੋ ਸਕਦੀ ਹੈ।

ਉਨ੍ਹਾਂ ਮੁਤਾਬਕ, "ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਆਉਣ ਵਾਲੇ ਦਿਨਾਂ ਤੇ ਹਫ਼ਤਿਆਂ ਦੌਰਾਨ ਕਿੰਨੇ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣਗੇ। ਸਾਡੇ ਕੋਲ ਅੱਜ ਤਾਂ ਪੂਰੀਆਂ ਕਿੱਟਾਂ ਹਨ ਪਰ ਸਾਡੇ ਕੋਲ ਸਟਾਕ ਕੁਝ ਹੀ ਦਿਨ ਵਾਸਤੇ ਹੈ। ਇਸ ਕਰਕੇ ਅਸੀਂ ਸਰਕਾਰ ਤੇ ਪ੍ਰਾਈਵੇਟ ਅਦਾਰਿਆਂ ਤੋਂ ਹੀ ਮਦਦ ਦੀ ਅਪੀਲ ਕਰ ਰਹੇ ਹਾਂ।''

ਉਨ੍ਹਾਂ ਨੇ ਕਿਹਾ ਕਿ ਕਈ ਪ੍ਰਾਈਵੇਟ ਲੋਕਾਂ ਨੇ ਸਾਡਾ ਮਦਦ ਵੀ ਕੀਤੀ ਹੈ ਤੇ ਹੈਜ਼ਮਤ ਸੂਟ, ਚਸ਼ਮੇ ਤੇ ਦਸਤਾਨੇ ਵਰਗੇ ਜ਼ਰੂਰੀ ਸਮਾਨ ਪਹੁੰਚਾਏ ਵੀ ਹਨ।

ਉਨ੍ਹਾਂ ਨੇ ਅੱਗੇ ਕਿਹਾ, ''ਕਈ ਡਾਕਟਰ, ਨਰਸ ਤੇ ਹੋਰ ਸਟਾਫ਼ ਵੱਲੋਂ ਇਹ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਪੀਪੀਈ ਕਿੱਟਾਂ ਨਹੀਂ ਦਿੱਤੀਆਂ ਜਾ ਰਹੀਆਂ, ਪਰ ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਦੀ ਜ਼ਰੂਰਤ ਸਾਰਿਆਂ ਨੂੰ ਨਹੀਂ ਹੈ। ਜਿਵੇਂ ਸੁਰੱਖਿਆ ਕਰਮੀਆਂ ਤੇ ਹੋਰ ਕਰਮੀਆਂ ਨੂੰ ਇਸ ਦੀ ਲੋੜ ਨਹੀਂ ਹੈ।”

“ਕੁੱਲ ਮਿਲਾ ਕੇ ਕੇਵਲ ਉਨ੍ਹਾਂ ਨੂੰ ਇਸ ਦੀ ਲੋੜ ਹੈ ਜਿਹੜੇ ਇਸ ਵਾਇਰਸ ਨਾਲ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆ ਰਹੇ ਹਨ। ਭਾਵੇਂ ਉਹ ਉਨ੍ਹਾਂ ਦੇ ਨੇੜੇ ਆ ਰਹੇ ਹਨ ਜਾਂ ਏਰੋਸੋਲ (ਹਵਾ ਦੇ ਰਾਹੀਂ) ਸੰਪਰਕ ਵਿਚ ਆ ਰਹੇ ਹਨ।''

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਕੀ ਹੈਜ਼ਮਤ ਸੂਟ ਅੰਤਰਰਾਸ਼ਟਰੀ ਪੱਧਰ ਦੇ ਹਨ?

ਡਾ. ਬੰਸਲ ਨੇ ਕਿਹਾ ਕਿ ਉਹ ਸੂਟ ਉਸੇ ਪੱਧਰ ਦੇ ਹਨ। ਜਿਹੜੇ ਲੋਕ ਘਟੀਆ ਕਿੱਟਾਂ ਸਟਾਫ਼ ਵਾਸਤੇ ਦੇਣ ਲਈ ਲੈ ਕੇ ਆਏ ਸੀ ਉਨ੍ਹਾਂ ਨੂੰ ਅਸੀਂ ਵਾਪਸ ਕਰ ਰਹੇ ਹਾਂ। ਇੱਕ ਕਿੱਟ 1000 ਤੋਂ 4000 ਦੀ ਕੀਮਤ ਦੀ ਹੈ ਅਤੇ ਉਸ ਦੀ ਕੀਮਤ ਉਸ ਦੀ ਕੁਆਲਿਟੀ 'ਤੇ ਨਿਰਭਰ ਕਰਦੀ ਹੈ।

ਦੂਜੇ ਪਾਸੇ ਪੰਜਾਬ ਦੇ ਕੋਰੋਨਾਵਾਇਰਸ ਨਾਲ ਨਜਿੱਠਣ ਬਾਰੇ ਬਣਾਈ ਗਈ ਕਮੇਟੀ ਦੇ ਬੁਲਾਰੇ ਡਾਕਟਰ ਰਜੇਸ਼ ਭਾਸਕਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਸਾਫ਼ ਕੀਤਾ ਕਿ ਇਹ ਕਿੱਟਾਂ ਸਿਰਫ਼ ਆਈਸੋਲੋਸ਼ਨ ਵਾਰਡਾਂ ਦੇ ਡਾਕਟਰ ਅਤੇ ਨਰਸਾਂ ਵਾਸਤੇ ਹਨ, ਨਾ ਕਿ ਸਾਰਿਆਂ ਵਾਸਤੇ।

ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਕੈਬਨਿਟ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਿਹਤ ਕਾਮਿਆਂ ਲਈ ਕਾਫ਼ੀ ਪੀਪੀਈ ਕਿੱਟਾਂ ਹਨ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰੇਕ ਸਰਕਾਰੀ ਹਸਪਤਾਲ ਵਿੱਚ 1000 ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਡਾਕਟਰਾਂ ਦੀ ਸਥਿਤੀ

ਚੰਡੀਗੜ੍ਹ ਦੇ ਨੇੜਲੇ ਪਿੰਡ ਨਵਾਂ ਗਾਓਂ ਦੇ 65 ਸਾਲਾ ਵਸਨੀਕ ਦੀ ਜਦੋਂ ਇੱਥੋਂ ਜੇ ਸਭ ਤੋਂ ਵੱਡੇ ਹਸਪਤਾਲ ਪੀਜੀਆਈ ਵਿਚ 31 ਮਾਰਚ ਨੂੰ ਮੌਤ ਹੋਈ ਤਾਂ ਉਹ ਇਸ ਖੇਤਰ - ਚੰਡੀਗੜ੍ਹ ਤੇ ਦੋਵੇਂ ਗੁਆਂਢੀ ਜ਼ਿਲ੍ਹੇ ਮੋਹਾਲੀ ਤੇ ਪੰਚਕੂਲਾ - ਦੇ ਕਿਸੇ ਵਾਸੀ ਦੀ ਕੋਰੋਨਾਵਾਇਰਸ ਤੋਂ ਹੋਣ ਵਾਲੀ ਪਹਿਲੀ ਮੌਤ ਸੀ।

ਪਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਜਦੋਂ ਇਸ ਵਿਅਕਤੀ ਦੇ ਕੋਰੋਨਾਵਾਇਰਸ ਪੌਜ਼ੀਟਿਵ ਹੋਣ ਦਾ ਨਤੀਜਾ ਆਇਆ ਸੀ ਤਾਂ ਇੱਥੋਂ ਦੇ ਡਾਕਟਰਾਂ ਅਤੇ ਬਾਕੀ ਮੈਡੀਕਲ ਸਟਾਫ਼ 'ਚ ਡਰ ਫੈਲ ਗਿਆ ਸੀ ।

30 ਤੋਂ ਵੱਧ ਡਾਕਟਰਾਂ, ਨਰਸਾਂ ਤੇ ਬਾਕੀ ਮੈਡੀਕਲ ਸਟਾਫ਼ ਨੂੰ ਕੁਆਰੰਟੀਨ ਕੀਤਾ ਗਿਆ ਸੀ। ਇਹ ਵਿਅਕਤੀ ਸਾਰੇ ਸਟਾਫ਼ ਨਾਲ ਇਸ ਕਰ ਕੇ ਸੰਪਰਕ ਵਿਚ ਆਇਆ ਸੀ ਕਿਉਂਕਿ ਉਸ ਨੂੰ ਅਲੱਗ ਕਰਨ ਤੋਂ ਪਹਿਲਾਂ ਉਹ ਮੈਡੀਕਲ ਐਮਰਜੈਂਸੀ ਵਿਚ ਕਈ ਦਿਨ ਦਾਖਲ ਰਿਹਾ ਸੀ।

ਡਾਕਟਰਾਂ ਮੁਤਾਬਕ ਬਾਹਰੀ ਮੈਡੀਕਲ ਸਟਾਫ਼ ਦਾ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਨਾਲ ਸੰਪਰਕ ਵਿਚ ਆਉਣ ਦਾ ਇਹ ਇਕੱਲਾ ਮਾਮਲਾ ਨਹੀਂ ਸੀ। ਪੰਚਕੁਲਾ ਵਿੱਚ ਇੱਕ ਨਰਸ ਪੌਜ਼ੀਟਿਵ ਪਾਈ ਗਈ। ਚੰਡੀਗੜ੍ਹ ਦੇ ਸੈਕਟਰ 43 ਵਿਚ ਰਹਿਣ ਵਾਲਾ ਇੱਕ ਡਾਕਟਰ ਵੀ ਪੌਜ਼ੀਟਿਵ ਪਾਇਆ ਗਿਆ।

ਇੰਨਾਂ ਹੀ ਨਹੀਂ ਪੰਜਾਬ ਤੋਂ ਕਈ ਥਾਂਵਾਂ ’ਤੇ ਹਸਪਤਾਲਾਂ ਨੂੰ ਬੰਦ ਕਰਨ ਦੀਆ ਖ਼ਬਰਾਂ ਵੀ ਆਉਣ ਲੱਗ ਪਈਆਂ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਬਿਆਨ ਜਾਰੀ ਕੀਤਾ ਗਿਆ: "ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਮੰਡਲ ਨੇ ਅਜਿਹੇ ਹਸਪਤਾਲਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।"

ਇਸ ਨੂੰ ਬੁਜ਼ਦਿਲੀ ਵਾਲੀ ਕਾਰਵਾਈ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ ਵਿੱਚ ਉਹ ਲੁੱਕ ਕੇ ਨਹੀਂ ਬਚ ਸਕਦੇ।

ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੇ ਕੁਆਰੰਟੀਨ ਕਰਨ ਬਾਰੇ ਡਾਕਟਰ ਅਰੁਣ ਬੰਸਲ ਨੇ ਕਿਹਾ ਕਿ ਇਹੋ ਜਿਹੇ ਮਾਮਲੇ ਆਉਣ ਤੋਂ ਬਾਅਦ ਸਟਾਫ਼ ਦਾ ਹੌਸਲਾ ਡਿੱਗਣਾ ਸੁਭਾਵਕ ਹੈ। "ਡਰ ਵੀ ਲਗਦਾ ਹੈ ਪਰ ਉਹ ਸਾਰੇ ਡਟੋ ਹੋਏ ਹਨ।"

ਉਨ੍ਹਾਂ ਨੇ ਅੱਗੇ ਕਿਹਾ ਕਿ "ਸਾਰਿਆਂ ਨੂੰ ਪੀਜੀਆਈ 'ਚ ਹੀ ਕੁਆਰੰਟੀਨ ਕੀਤਾ ਗਿਆ ਤੇ ਵਧੀਆ ਤਰੀਕੇ ਨਾਲ ਰੱਖਿਆ ਗਿਆ। ਇਸ ਤੋਂ ਬਾਅਦ ਸਾਰਿਆਂ ਦਾ ਮਨੋਬਲ ਵਾਪਸ ਠੀਕ ਹੋ ਗਿਆ ਹੈ।"

ਉਨ੍ਹਾਂ ਨੇ ਕਿਹਾ ਕਿ ਅਸੀਂ ਲਗਾਤਾਰ ਇੱਕ ਦੂਜੇ ਦੇ ਹੌਂਸਲੇ ਵਧਾਉਣ ਵਾਸਤੇ ਕਦਮ ਚੁੱਕਦੇ ਰਹਿੰਦੇ ਹਾਂ। ਇਸ ਨੂੰ ਲੈ ਕੇ ਲਗਾਤਾਰ ਟ੍ਰੇਨਿੰਗ ਕੋਰਸ ਕਰਵਾਏ ਜਾ ਰਹੇ ਹਨ ਕਿ ਕਿਵੇਂ ਆਪਣੇ ਆਪ ਨੂੰ ਇਹੋ ਜਿਹੇ ਮਾਹੌਲ ਵਿਚ ਠੀਕ ਰੱਖਣਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)