You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਪੰਜਾਬ ਦੇ ਏਸੀਪੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ, WHO ਨੇ ਦਿੱਤੀ ਚੇਤਾਵਨੀ ਕਿ ਅਫਰੀਕਾ ਹੋ ਸਕਦਾ ਹੈ ਵਾਇਰਸ ਦਾ ਅਗਲਾ ਕੇਂਦਰ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਤੱਕ 21 ਲੱਖ ਤੋਂ ਵੱਧ ਕੇਸ ਆ ਚੁੱਕੇ ਹਨ ਅਤੇ ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 1.5 ਲੱਖ ਦੇ ਅੰਕੜੇ ਵੱਲ ਵੱਧ ਰਹੀ ਹੈ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਨਾਲ ਜੁੜੀ ਦੇਸ, ਦੁਨੀਆਂ ਅਤੇ ਪੰਜਾਬ ਦੀ ਹਰ ਅਪਡੇਟ ਲਈ 18 ਅਪ੍ਰੈਲ ਦੇ ਲਾਈਵ ਪੇਜ 'ਤੇ ਆਓ। ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਤਾਜ਼ਾ ਅਪਡੇਟ ਲੈ ਸਕਦੇ ਹੋ।

  2. ਅਸੀਂ ਅੱਜ ਦੇ ਲਈ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਤਾਜ਼ਾ ਅਪਡੇਟ ਲੈ ਕੇ ਸਵੇਰੇ ਫਿਰ ਆਵਾਂਗੇ।

  3. ਕੀ AC ਚਲਾਉਣਾ ਖ਼ਤਰਨਾਕ ਹੈ?

    ਪਿਛਲੇ ਦੋ-ਤਿੰਨ ਦਿਨਾਂ ਤੋਂ, ਗਰਮੀ ਅਚਾਨਕ ਵਧੀ ਹੈ ਅਤੇ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਜ਼ਰੂਰਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।

    ਪਰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਇਸ ਦਾਅਵੇ ਨਾਲ ਸਾਂਝੇ ਕੀਤੇ ਜਾ ਰਹੇ ਹਨ ਕਿ ਏਸੀ ਤੋਂ ਕੋਰੋਨਾਵਾਇਰਸ ਦੀ ਲਾਗ ਫੈਲਣ ਦਾ ਜੋਖ਼ਮ ਵੱਧ ਜਾਂਦਾ ਹੈ।

    ਇਨ੍ਹਾਂ ਮੈਸੇਜਾਂ ਨਾਲ ਲੋਕਾਂ ਦੇ ਮਨਾਂ ਵਿੱਚ ਏਸੀ ਬਾਰੇ ਅਸ਼ੰਕਾ ਪੈਦਾ ਹੋ ਗਈ ਹੈ। ਪਰ ਕੀ ਸੱਚਮੁੱਚ ਅਜਿਹਾ ਹੈ?

    ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  4. 81 ਨਿੱਜੀ ਪ੍ਰਯੋਗਸ਼ਾਲਾਵਾਂ ਵਿੱਚ ਟੈਸਟ ਕਰਨ ਦੀ ਮਿਲੀ ਮਨਜ਼ੂਰੀ

    ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਦੇਸ ਵਿੱਚ ਕੋਵਿਡ -19 ਦੀ ਪਰਖ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਇਸ ਨੇ ਟੈਸਟ ਕਰਨ ਲਈ 81 ਨਿੱਜੀ ਲੈਬਜ਼ ਨੂੰ ਪ੍ਰਵਾਨਗੀ ਦਿੱਤੀ ਹੈ।

  5. ਅਫਰੀਕਾ ਹੋ ਸਕਦਾ ਹੈ ਕੋਰੋਨਾਵਾਇਰਸ ਦਾ ਅਗਲਾ ਕੇਂਦਰ - WHO

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਅਫਰੀਕਾ ਕੋਰੋਨਾਵਾਇਰਸ ਦਾ ਅਗਲਾ ਕੇਂਦਰ ਹੋ ਸਕਦਾ ਹੈ।

    ਯੂਐੱਨ ਦੇ ਅਧਿਕਾਰੀਆਂ ਨੇ ਕਿਹਾ ਕਿ ਮਹਾਂਮਾਰੀ ਕਾਰਨ 3 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ।

    ਪਿਛਲੇ ਹਫਤੇ ਵਿੱਚ ਅਫਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।

    ਕਰੀਬ 1000 ਲੋਕਾਂ ਦੀ ਮੌਤ ਹੋਈ ਹੈ ਅਤੇ 19000 ਮਾਮਲੇ ਸਾਹਮਣੇ ਆਏ ਹਨ।

  6. ਕੋਰੋਨਾਵਾਇਰਸ: ਟਰੰਪ ਨੇ ਪੇਸ਼ ਕੀਤੀ ਲੌਕਡਾਊਨ ਹਟਾਉਣ ਦੀ ਯੋਜਨਾ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ ਵਿੱਚ ਲੌਕਡਾਊਨ ਹਟਾ ਕੇ, ਸਧਾਰਣ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਤਿੰਨ-ਪੜਾਅ ਦੀ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ।

    ਟਰੰਪ ਨੇ "ਓਪਨਿੰਗ ਅਪ ਅਮੇਰਿਕਾ ਅਗੇਨ" ਯੋਜਨਾ ਦੇ ਤਹਿਤ ਸਕੂਲ ਅਤੇ ਦਫ਼ਤਰ ਦੁਬਾਰਾ ਖੋਲ੍ਹਣ ਲਈ ਤਿੰਨ ਪੜਾਅ ਵਾਲੀ ਯੋਜਨਾ ਤਿਆਰ ਕੀਤੀ ਹੈ।

    ਉਨ੍ਹਾਂ ਨੇ ਸਾਰੇ ਸੂਬਿਆਂ ਵਿੱਚ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

    ਯੋਜਨਾ ਦੇ ਅਨੁਸਾਰ, ਸਾਰੇ ਪੜਾਅ ਘੱਟੋ-ਘੱਟ 14 ਦਿਨਾਂ ਲਈ ਲਾਗੂ ਰਹਿਣਗੇ।

    ਟਰੰਪ ਨੇ ਕਿਹਾ ਕਿ ਆਰਥਿਕਤਾ ਨੂੰ ਲੰਬੇ ਸਮੇਂ ਲਈ ਬੰਦ ਰੱਖਣਾ ਕੋਰੋਨਾ ਸੰਕਟ ਨਾਲ ਨਜਿੱਠਣ ਦਾ ਢੁੱਕਵਾਂ ਤਰੀਕਾ ਨਹੀਂ ਹੈ। ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਅਮਰੀਕਾ ਦੇ ਲੋਕ ਹੋਏ ਹਨ, ਜਿੱਥੇ 32 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਇੱਥੇ 6.5 ਲੱਖ ਤੋਂ ਵੱਧ ਲੋਕ ਇਸ ਬਿਮਾਰੀ ਨਾਲ ਪੀੜਤ ਹਨ।

  7. ਜਰਮਨੀ: ਸਥਿਤੀ ਕੰਟਰੋਲ 'ਚ ਹੈ, ਸਿਹਤ ਮੰਤਰੀ ਨੇ ਕੀਤਾ ਦਾਅਵਾ

    ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਦੇਸ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਕਾਬੂ ਵਿੱਚ ਹੈ ਅਤੇ ਲਾਗ ਦੇ ਮਾਮਲੇ ਘੱਟ ਰਹੇ ਹਨ।

    ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮਹਾਂਮਾਰੀ ਅੱਜ ਦੀ ਤਾਰੀਖ਼ ਵਿੱਚ ਕਾਬੂ ਕਰਨ ਯੋਗ ਹੋ ਚੁੱਕੀ ਹੈ। ਜਰਮਨੀ ਵਿੱਚ ਲਾਗ ਦਾ ਦਰ 0.7 ਪਹੁੰਚ ਗਿਆ ਹੈ, ਜਿਸਦਾ ਮਤਲਬ ਹੈ ਕਿ ਹਰੇਕ ਪੀੜਤ ਵਿਅਕਤੀ ਇੱਕ ਤੋਂ ਵੀ ਘੱਟ ਵਿਅਕਤੀ ਨੂੰ ਲਾਗ ਲਾ ਰਿਹਾ ਹੈ।

    ਹਾਲਾਂਕਿ, ਮੌਤਾਂ ਅਤੇ ਸਿਹਤ ਕਰਮਚਾਰੀਆਂ ਵਿੱਚ ਲਾਗ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ। ਜਰਮਨੀ ਵਿੱਚ, ਲਗਭਗ 138,000 ਲੋਕ ਪੌਜ਼ਿਟਿਵ ਪਾਏ ਗਏ ਹਨ ਤੇ 3,868 ਲੋਕਾਂ ਦੀ ਮੌਤ ਹੋ ਗਈ ਹੈ।

  8. ਸਿਲਾਈ ਮਸ਼ੀਨ ਨੂੰ ਹਥਿਆਰ ਬਣਾ ਕੇ ਕੋਰੋਨਾ ਨਾਲ ਲੜਦੀ ਮੋਗਾ ਦੀ ਬੇਬੇ

    ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਤੁਹਾਡੇ ਕੰਮ ਆ ਸਕਦਾ ਹੈ।

    ਇਹ 98 ਸਾਲਾ ਬੇਬੇ ਮਾਸਕ ਬਣਾ ਕੇ ਲੋਕਾਂ ਨੂੰ ਮੁਫ਼ਤ ਵੰਡ ਰਹੀ ਹੈ।

  9. ਮਾਨਸਾ ਦੇ ਐੱਸਐੱਸਪੀ ਨੇ ਫਰੰਟਲਾਈਨ ਵਰਕਰਾਂ ਨੂੰ ਪਰਿਵਾਰਾਂ ਸਣੇ ਸਨਮਾਨਿਆ

    ਬੀਬੀਸੀ ਲਈ ਸੁਰਿੰਦਰ ਮਾਨ ਦੀ ਰਿਪੋਰਟ: ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਕੋਰੋਨਾਵਾਇਰਸ ਦੇ ਫਰੰਟਲਾਈਨ ਵਰਕਰਾਂ ਨਾਲ ਮੁਲਾਕਾਤ ਕਰਕੇ ਸਨਮਾਨਿਆ।

    ਉਨ੍ਹਾਂ ਨੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਸੈਨੀਟੇਸ਼ਨ ਟੀਮ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸਨਮਾਨ ਵਜੋਂ ਫੁੱਲ ਮਾਲਾ ਪਾਈਆਂ।

    ਇਸ ਦੇ ਨਾਲ ਹੀ ਤੋਹਫੇ ਵਜੋਂ ਫਲ ਵੀ ਦਿੱਤੇ।

    ਐੱਸਐੱਸਪੀ ਡਾ. ਨਰਿੰਦਰ ਭਾਰਗਵ ਮੁਤਾਬਕ, “ਡਾਕਟਰ, ਮੈਡੀਕਲ ਸਟਾਫ਼ ਅਤੇ ਸੈਨੇਟਾਈਜ਼ ਕਰਨ ਵਾਲਾ ਸਟਾਫ਼ ਹੀ ਅਸਲ ਹੀਰੋ ਹੈ ਕਿਉਂਕਿ ਉਹ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਮੋਹਰੀ ਹੋ ਕੇ ਕੰਮ ਕਰ ਰਹੇ ਹਨ।”

  10. ਕੇਰਲਾ: ਸਿਰਫ਼ ਇੱਕ ਨਵਾਂ ਕੋਰੋਨਾਵਾਇਰਸ ਦਾ ਮਾਮਲਾ ਆਇਆ ਸਾਹਮਣੇ

    ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸੂਬੇ ਵਿੱਚ ਕੋਰੋਨਾਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਲਾਗ ਦਾ ਸਿਰਫ਼ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ 10 ਗੰਭੀਰ ਮਾਮਲਿਆਂ ਦਾ ਪਤਾ ਲਾਇਆ ਗਿਆ ਹੈ।

  11. ਸਪੇਨ: ਮੌਤਾਂ ਦੀ ਗਿਣਤੀ 20 ਹਜ਼ਾਰ ਦੇ ਨੇੜੇ ਪਹੁੰਚੀ

    ਸਪੇਨ ਵਿੱਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨਾਲ 551 ਲੋਕਾਂ ਦੀ ਮੌਤ ਹੋ ਗਈ। ਵੀਰਵਾਰ ਨੂੰ ਇਹ ਗਿਣਤੀ 585 ਸੀ।

    ਦੇਸ ਵਿੱਚ ਹੋਈਆਂ ਮੌਤਾਂ ਦੀ ਕੁੱਲ ਸੰਖਿਆ 19,478 ਹੋ ਗਈ ਹੈ। ਮ੍ਰਿਤਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਸਪੇਨ, ਅਮਰੀਕਾ ਅਤੇ ਇਟਲੀ ਤੋਂ ਬਾਅਦ ਤੀਜੇ ਨੰਬਰ 'ਤੇ ਹੈ।

    ਪੀੜਤ ਲੋਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਸਪੇਨ ਦੂਜੇ ਨੰਬਰ ‘ਤੇ ਹੈ। ਸਪੇਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮਲੇ ਵਧ ਕੇ 1.88 ਲੱਖ ਹੋ ਗਏ ਹਨ।

  12. ਬ੍ਰਿਟੇਨ: ਮੌਤਾਂ ਦੀ ਗਿਣਤੀ 15,000 ਦੇ ਕੋਲ ਪਹੁੰਚੀ

    ਯੂਕੇ ਵਿੱਚ, ਪਿਛਲੇ 24 ਘੰਟਿਆਂ ਵਿੱਚ 847 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਤੋਂ ਬਾਅਦ ਕੋਰੋਨਾਵਾਇਰਸ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14,576 ਹੋ ਗਈ ਹੈ।

  13. ਕੋਵਿਡ-19: ਲੁਧਿਆਣੇ ਦੇ ਕੋਰੋਨਾ ਪੌਜ਼ਿਟਿਵ ਏਸੀਪੀ ਦਾ ਹੋਵੇਗਾ ਪਲਾਜ਼ਮਾ ਥੈਰੇਪੀ ਨਾਲ ਇਲਾਜ

    ਕੋਰੋਨਾਵਾਇਰਸ ਨਾਲ ਪੀੜਤ ਲੁਧਿਆਣਾ ਦੇ ਏਸੀਪੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਜਾਵੇਗਾ।

    ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਹ ਇਲਾਜ ਕੀਤਾ ਜਾਵੇਗਾ।

    ਪੀੜਤ ਦੇ ਪਰਿਵਾਰ ਦੀ ਅਨੁਮਤੀ ਮਗਰੋਂ, ਸੂਬੇ ਦਾ ਸਿਹਤ ਵਿਭਾਗ ਪਲਾਜ਼ਮਾ ਦੇਣ ਵਾਲੇ ਲੋਕਾਂ ਦੀ ਭਾਲ ਵਿੱਚ ਜੁੱਟ ਗਿਆ ਹੈ। ਸੂਬਾ ਸਰਕਾਰ ਦੇ ਸਿਹਤ ਸਲਾਹਕਾਰ, ਡਾ. ਕੇ ਕੇ ਤਲਵਾਰ ਦੀ ਨਿਗਰਾਨੀ ਵਿੱਚ ਇਹ ਇਲਾਜ ਨੇਪੜੇ ਚੜਾਇਆ ਜਾਵੇਗਾ।

    ਇਸ ਥੈਰੇਪੀ ਦੀ ਵਰਤੋਂ ਦੇਸ ਭਰ ਵਿੱਚ ਕਈ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਰਹੀ ਹੈ। ਇਸ ਥੈਰੇਪੀ ਬਾਰੇ ਵਿਸਥਾਰ ਵਿੱਚ ਜਾਣਨ ਲਈ ਕੱਲਿਕ ਕਰੋ।

  14. ਫਿਲੀਪੀਨਜ਼: 'ਜੇ ਲੌਕਡਾਊਨ ਤੋੜਿਆ ਗਿਆ ਤਾਂ ਮਾਰਸ਼ਲ ਕਾਨੂੰਨ ਲਾਗੂ ਹੋਵੇਗਾ'

    ਫਿਲੀਪੀਨਜ਼ ਦੇ ਰਾਸ਼ਟਰਪਤੀ ਰੌਡਰਿਗੋ ਡੂਟਰਟੇ ਨੇ ਰਾਜਧਾਨੀ ਮਨੀਲਾ ਵਿੱਚ ਲੌਕਡਾਊਨ ਦੌਰਾਨ ਸੜਕਾਂ 'ਤੇ ਵੱਧ ਰਹੇ ਟ੍ਰੈਫਿਕ' 'ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਜੇ ਲੋਕ ਨਾ ਸੁਧਰੇ ਤਾਂ ਮਾਰਸ਼ਲ ਕਾਨੂੰਨ ਲਾਗੂ ਕੀਤਾ ਜਾਵੇਗਾ।

    ਡੂਟਰਟੇ ਨੇ ਟੀਵੀ 'ਤੇ ਕਿਹਾ, "ਮੈਂ ਤੁਹਾਨੂੰ ਥੋੜਾ ਜਿਹਾ ਅਨੁਸ਼ਾਸਨ ਰੱਖਣ ਲਈ ਕਹਿ ਰਿਹਾ ਹਾਂ।"

    "ਜੇ ਅਜਿਹਾ ਨਹੀਂ ਹੁੰਦਾ ਤਾਂ ਸਥਿਤੀ ਫ਼ੌਜ ਅਤੇ ਪੁਲਿਸ ਦੇ ਹੱਥਾਂ 'ਚ ਚਲੀ ਜਾਵੇਗੀ। ਹੁਣ ਤੁਸੀਂ ਆਪ ਹੀ ਚੁਣ ਲਓ।”

    ਨਿਊਜ਼ ਏਜੰਸੀ ਏ ਪੀ ਦੇ ਅਨੁਸਾਰ, ਇੱਥੇ ਇੱਕ ਮਹੀਨੇ ਤੋਂ ਲੌਕਡਾਊਨ ਹੈ ਤੇ ਇਸ ਦੌਰਾਨ ਪੁਲਿਸ ਨੇ ਹੁਣ ਤੱਕ 1 ਲੱਖ 20 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

    ਫਿਲਪੀਨਜ਼ ਵਿੱਚ ਹੁਣ ਤੱਕ ਕੋਰੋਨਾਵਾਇਰਸ ਲਾਗ ਦੇ 5,660 ਮਾਮਲੇ ਆਏ ਹਨ ਤੇ 362 ਲੋਕਾਂ ਦੀ ਮੌਤ ਹੋ ਚੁੱਕੀ ਹੈ।

  15. ਕਰਫਿਊ ਦੌਰਾਨ ਬੱਚਿਆਂ ਦੇ ਪਹਿਲੇ ਜਨਮਦਿਨ 'ਤੇ ਮਾਨਸਾ ਪੁਲਿਸ ਵੱਲੋਂ ਭੇਜੇ ਜਾ ਰਹੇ ਹਨ ਕੇਕ

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ: ਕਰਫਿਊ ਦੌਰਾਨ, ਮਾਨਸਾ ਜ਼ਿਲ੍ਹੇ ਵਿੱਚ ਜਿਨ੍ਹਾਂ ਵੀ ਬੱਚਿਆਂ ਦਾ ਪਹਿਲਾ ਜਨਮਦਿਨ ਹੈ, ਉਨ੍ਹਾਂ ਨੂੰ ਪੁਲਿਸ ਪ੍ਰਸਾਸ਼ਨ ਵੱਲੋਂ ਕੇਕ ਭੇਜੇ ਜਾ ਰਹੇ ਹਨ।

    ਇਸੇ ਲੜੀ ਤਹਿਤ ਮਾਨਸਾ ਵਾਸੀ ਸ਼੍ਰੀ ਰਾਤੇਸ਼ ਗਰਗ ਦੀ ਬੱਚੀ ਮਾਇਰਾ ਗਰਗ ਦੇ ਪਹਿਲੇ ਜਨਮ ਦਿਨ ਮੌਕੇ ਕੇਕ ਉਨ੍ਹਾਂ ਦੇ ਘਰ ਪਹੁੰਚਾ ਕੇ ਜਨਮਦਿਨ ਮਨਾਉਣ ਦਾ ਨਿਵੇਕਲਾ ਉਪਰਾਲਾ ਕੀਤਾ।

    ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਕਿਸੇ ਵੀ ਮਾਂ-ਬਾਪ ਲਈ ਬੱਚੇ ਦਾ ਪਹਿਲਾ ਜਨਮਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ ਕਰਫ਼ਿਊ ਦੌਰਾਨ ਇਨ੍ਹਾਂ ਬੱਚਿਆਂ ਦੇ ਜਨਮਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਪੁਲਿਸ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।

  16. ਚੀਨ ਨੇ ਮ੍ਰਿਤਕਾਂ ਦੀ ਗਿਣਤੀ ਨੂੰ ਲੁਕਾਉਣ ਤੋਂ ਕੀਤਾ ਇਨਕਾਰ

    ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਕੁਝ ਘੰਟਿਆਂ ਬਾਅਦ, ਚੀਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਅਸਲ ਗਿਣਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ।

    ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਸੱਚ ਕਦੇ ਵੀ ਲੁਕਾਇਆ ਨਹੀਂ ਗਿਆ ਅਤੇ ਅਸੀਂ ਕਦੇ ਵੀ ਇਸ ਦੀ ਅਨੁਮਤੀ ਨਹੀਂ ਦੇਵਾਂਗੇ।"

    ਸ਼ੁੱਕਰਵਾਰ ਨੂੰ, ਚੀਨ ਨੇ ਮ੍ਰਿਤਕਾਂ ਦੀ ਗਿਣਤੀ ਵਿੱਚ ਲਗਭਗ 50% ਵਾਧਾ ਕੀਤਾ।

    ਵੂਹਾਨ ਵਿੱਚ ਜਿੱਥੋਂ ਲਾਗ ਦੀ ਸ਼ੁਰੂਆਤ ਹੋਈ ਹੈ, ਉੱਥੇ ਮਰਨ ਵਾਲਿਆਂ ਦੀ ਗਿਣਤੀ ਵਿੱਚ 1290 ਲੋਕਾਂ ਨੂੰ ਜੋੜਿਆ ਗਿਆ। ਇਸ ਤੋਂ ਬਾਅਦ ਚੀਨ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,869 ਹੋ ਗਈ।

    ਚੀਨ ਦੇ ਅਧਿਕਾਰਤ ਅੰਕੜਿਆਂ 'ਤੇ ਪਹਿਲਾਂ ਹੀ ਪ੍ਰਸ਼ਨ ਚੁੱਕੇ ਜਾ ਰਹੇ ਹਨ।

  17. ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ 1007 ਮਾਮਲੇ, 23 ਮੌਤਾਂ

    ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਸ ਵਿੱਚ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਸਥਿਤੀ ਕੰਟਰੋਲ ਵਿੱਚ ਹੈ।

    ਇਸ ਵਿੱਚ ਭਾਰਤੀ ਡਾਕ ਦੀ ਭੂਮਿਕਾ ਮਹੱਤਵਪੂਰਣ ਹੈ ਕਿਉਂਕਿ ਭਾਰਤੀ ਡਾਕ ਸੇਵਾ ਨੇ ਹਸਪਤਾਲਾਂ ਵਿੱਚ 100 ਟਨ ਤੋਂ ਵੀ ਜ਼ਿਆਦਾ ਦਵਾਈਆਂ ਅਤੇ ਡਾਕਟਰੀ ਉਪਕਰਣ ਪ੍ਰਦਾਨ ਕੀਤੇ ਹਨ।

    ਹੁਣ ਤੱਕ ਦੇਸ ਵਿੱਚ ਕੋਰੋਨਾਵਾਇਰਸ ਦੇ ਕੁਲ 13,387 ਪੌਜ਼ਿਟਿਵ ਕੇਸ ਸਾਹਮਣੇ ਆਏ ਹਨ ਅਤੇ 1749 ਲੋਕ ਇਲਾਜ ਮਗਰੋਂ ਠੀਕ ਹੋ ਗਏ ਹਨ।

    ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਪਹਿਲਾਂ ਕੋਰੋਨਾਵਾਇਰਸ ਦੇ ਮਾਮਲੇ ਤਿੰਨ ਦਿਨਾਂ ਵਿੱਚ ਦੁੱਗਣੇ ਹੋ ਰਹੇ ਸਨ। ਪਰ ਹੁਣ ਇਹ 6.2 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1007 ਨਵੇਂ ਕੇਸ ਸਾਹਮਣੇ ਆਏ ਹਨ।

  18. ਪੰਜਾਬ ਵਿੱਚ ਨਸ਼ਾ ਛਡਾਉਣ ਲਈ ਰਜਿਸਟਰ ਕਰਨ ਵਾਲਿਆਂ ਦਾ ਅੰਕੜਾ ਵਧਿਆ

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਸੂਬੇ ਵਿੱਚ 33000 ਨਸ਼ੇ ਦੇ ਆਦੀਆਂ ਨੇ ਨਸ਼ਾ ਛਡਾਉਣ ਲਈ ਰਜਿਸਟਰ ਕੀਤਾ ਹੈ।

    ਸਿੱਧੂ ਨੇ ਕਿਹਾ ਹੈ ਕਿ ਆਸ ਹੈ ਕਿ ਗਿਣਤੀ 1 ਮਈ ਤੱਕ 1 ਲੱਖ ਤੱਕ ਪਹੁੰਚ ਸਕਦੀ ਹੈ।

    ਪੰਜਾਬ ਭਰ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਦਾ ਮਤਲਬ ਹੈ ਕਿ ਕੋਨੇ ਕੋਨੇ ਵਿੱਚ ਪੁਲਿਸ ਤੈਨਾਤ ਹੈ।

    ਨਸ਼ਾ ਨਾ ਮਿਲਣ ਕਾਰਨ ਨਸ਼ਾ ਛਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ।

    ਪੰਜਾਬ ਵਿੱਚ ਕੀ ਹਨ ਹਾਲਾਤ ਇੱਥੇ ਪੜ੍ਹੋ

  19. ਚੀਨ: 1992 ਤੋਂ ਬਾਅਦ, ਵਿਕਾਸ ਦਰ ਵਿੱਚ ਆਈ ਸਭ ਤੋਂ ਵੱਡੀ ਗਿਰਾਵਟ

    ਸਾਲ 2020 ਦੀ ਪਹਿਲੇ ਤਿਮਾਹੀ ਵਿੱਚ ਚੀਨ ਦੀ ਜੀਡੀਪੀ ਵਿੱਚ 6.8% ਦਾ ਘਾਟਾ ਹੋਇਆ।

    ਇਹ ਗਿਰਾਵਟ 2019 ਦੀ ਪਹਿਲੀ ਤਿਮਾਹੀ ਦੀ ਤੁਲਨਾ ਵਿੱਚ ਹੈ। ਪਰ ਜੇ ਅਸੀਂ ਇਸ ਦੀ ਪਿਛਲੇ ਤਿਮਾਹੀ ਨਾਲ ਤੁਲਨਾ ਕਰੀਏ, ਤਾਂ ਚੀਨੀ ਆਰਥਿਕਤਾ ਵਿੱਚ ਇਹ ਗਿਰਾਵਟ ਹੋਰ ਵੀ ਜ਼ਿਆਦਾ ਹੈ। ਪਿਛਲੀ ਤਿਮਾਹੀ ਦੇ ਮੁਕਾਬਲੇ ਇਹ ਗਿਰਾਵਟ 9.8% ਹੈ।

    1992 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਚੀਨ ਦੀ ਅਰਥਵਿਵਸਥਾ ਵਿੱਚ ਤਿਮਾਹੀ ਅੰਕੜਿਆਂ ਮੁਤਾਬਕ ਇੰਨੀ ਗਿਰਾਵਟ ਆਈ। ਇਸ ਦਾ ਕਾਰਨ ਕੋਰੋਨਾਵਾਇਰਸ ਦੇ ਚਲਦਿਆਂ ਕਈ ਵਪਾਰ ਤੇ ਫੈਕਟਰੀਆਂ ਬੰਦ ਹੋਣਾ ਹੈ।

    ਸ਼ੰਘਾਈ ਸਥਿਤ ਬੀਬੀਸੀ ਪੱਤਰਕਾਰ ਰੋਬਿਨ ਬ੍ਰਾਂਟ ਦੇ ਅਨੁਸਾਰ, ਚੀਨ ਦੁਨੀਆਂ ਦਾ ਪਹਿਲਾ ਦੇਸ ਹੈ ਜਿਸਨੇ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਆਰਥਿਕਤਾ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਅਧਿਕਾਰਤ ਤੌਰ 'ਤੇ ਅੰਕੜੇ ਜਾਰੀ ਕੀਤੇ।

  20. ਕੋਰੋਨਾਵਾਇਰਸ ਦੇ ਲੜਾਕਿਆਂ ਲਈ ਯੂਕੇ ਵਿੱਚ ਗੂੰਜੀਆਂ ਤਾੜੀਆਂ

    ਬ੍ਰਿਟੇਨ ਸਟੈਂਡਰਡ ਟਾਈਮਜ਼ ਅਨੁਸਾਰ ਲਗਾਤਾਰ ਚੌਥੇ ਹਫ਼ਤੇ ਵੀਰਵਾਰ ਨੂੰ ਸ਼ਾਮ 8 ਵਜੇ ਦੇਸ ਭਰ ਵਿੱਚ ਲੋਕਾਂ ਨੇ ਤਾੜੀਆਂ ਮਾਰ ਕੇ ਸਿਹਤਕਰਮੀਆਂ ਦਾ ਸਨਮਾਨ ਕੀਤਾ ਅਤੇ ਹੌਂਸਲਾ ਵਧਾਇਆ।

    ਲੋਕ ਆਪਣੇ ਘਰਾਂ ਦੇ ਦਰਵਾਜਿਆਂ, ਬਾਲਕਨੀਆਂ ਅਤੇ ਬਗੀਚਿਆਂ ਵਿੱਚ ਇਕੱਠੇ ਹੋਏ ਅਤੇ ਕੋਰੋਨਾ ਸੰਕਟ ਨਾਲ ਲੜ ਰਹੇ ਸਿਹਤ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਲਈ ਤਾੜੀਆਂ ਮਾਰੀਆਂ।