You’re viewing a text-only version of this website that uses less data. View the main version of the website including all images and videos.
ਬ੍ਰਾਹਮਣਵਾਦ 'ਤੇ ਟਵਿੱਟਰ ਦੇ ਸੀਈਓ ਪੋਸਟਰ ਨਾਲ ਛਿੜੀ ਸੋਸ਼ਲ ਜੰਗ
- ਲੇਖਕ, ਸਿੰਧੂਵਾਸਿਨੀ
- ਰੋਲ, ਬੀਬੀਸੀ ਪੱਤਰਕਾਰ
#SmashBrahmanicalPatriarchy ਜਾਣੀ ਬ੍ਰਾਹਮਣਵਾਦੀ ਪਿਤਾਪੁਰਖੀ ਨੂੰ ਖ਼ਤਮ ਕਰੋ।
ਭਾਰਤ ਵਿੱਚ ਬ੍ਰਾਹਮਣਵਾਦ ਅਤੇ ਪਿਤਰਸੱਤਾ ਦੋ ਅਜਿਹੇ ਸ਼ਬਦ ਹਨ, ਜੋ ਜਿੱਥੇ ਵੀ ਆ ਜਾਣ ਵਿਵਾਦ ਹੋਣਾ ਲਾਜ਼ਮੀ ਹੈ।
ਇਸ ਵਾਰ ਵੀ ਅਜਿਹਾ ਹੀ ਹੋਇਆ। ਟਵਿੱਟਰ ਦੇ ਸੀਈਓ ਜੈਕ ਡੌਰਸੀ ਨੇ ਆਪਣੇ ਹੱਥਾਂ ਵਿੱਚ ਇੱਕ ਪੋਸਟਰ ਫੜ ਕੇ ਤਸਵੀਰ ਖਿਚਵਾਈ ਤਾਂ ਹੰਗਾਮਾ ਹੋ ਗਿਆ।
ਟਵਿੱਟਰ ਦੇ ਸੀਈਓ ਜੈਕ ਡੌਰਸੀ ਨੇ ਭਾਰਤ ਫੇਰੀ ਦੌਰਾਨ ਕੁਝ ਭਾਰਤੀ ਔਰਤਾਂ ਨਾਲ ਬੈਠਕ ਕੀਤੀ ਅਤੇ ਉਸ ਤੋਂ ਬਾਅਦ ਇੱਕ ਗਰੁੱਪ ਦੀ ਫੋਟੋ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ-
ਤਸਵੀਰ ਸਾਹਮਣੇ ਆਉਣ ਮਗਰੋਂ Brahminical Patriarchy ਸ਼ਬਦ ਦੀ ਵਰਤੋਂ ਬਾਰੇ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਇਸ ਨੂੰ 'ਬ੍ਰਾਹਮਣਾਂ ਖ਼ਿਲਾਫ਼' ਹਮਲਾ ਕਰਾਰ ਦਿੱਤਾ ਅਤੇ ਇਸ ਨੂੰ 'ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ' ਦੱਸਿਆ।
ਇਸ ਮਗਰੋਂ #Brahmins ਅਤੇ #BrahminicalPatriarchy ਦੇ ਹੈਸ਼ਟੈਗ ਨਾਲ ਹਜ਼ਾਰਾਂ ਟਵੀਟ ਕੀਤੇ ਗਏ। ਜਿਸ ਤੋਂ ਬਾਅਦ ਟਵਿੱਟਰ ਨੂੰ ਆਪਣੇ ਅਧਿਕਾਰਤ ਅਕਾਊਂਟ ਤੋਂ ਟਵੀਟ ਰਾਹੀਂ ਸਫਾਈ ਦੇਣੀ ਪਈ।
ਟਵਿੱਟਰ ਇੰਡੀਆ ਨੇ ਲਿਖਿਆ-
"ਅਸੀਂ ਹਾਲ ਹੀ ਵਿੱਚ ਭਾਰਤ ਦੀਆਂ ਕੁਝ ਮਹਿਲਾ ਪੱਤਰਕਾਰਾਂ ਅਤੇ ਕਾਰਕੁਨਾਂ ਨਾਲ ਬੰਦ ਕਮਰੇ ਵਿੱਚ ਗੱਲਬਾਤ ਕੀਤੀ ਤਾਂ ਜੋ ਟਵਿੱਟਰ ਉੱਪਰ ਉਨ੍ਹਾਂ ਦੇ ਤਜ਼ਰਬਿਆਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ।
ਚਰਚਾ ਵਿੱਚ ਹਿੱਸਾ ਲੈਣ ਵਾਲੀ ਇੱਕ ਦਲਿਤ ਕਾਰਕੁਨ ਨੇ ਇਹ ਪੋਸਟਰ ਜੈਕ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਸੀ।"
ਟਵਿੱਟਰ ਇੰਡੀਆ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ-
"ਇਹ ਟਵਿੱਟਰ ਜਾਂ ਸਾਡੇ ਸੀਈਓ ਦਾ ਬਿਆਨ ਨਹੀਂ ਸਗੋਂ ਸਾਡੀ ਕੰਪਨੀ ਦੀਆਂ ਉਨ੍ਹਾਂ ਕੋਸ਼ਿਸ਼ਾਂ ਦੀ ਸੱਚੀ ਝਲਕ ਹੈ, ਜਿਨ੍ਹਾਂ ਰਾਹੀਂ ਅਸੀਂ ਪੂਰੀ ਦੁਨੀਆਂ ਵਿੱਚ ਟਵਿੱਟਰ ਵਰਗੇ ਸਮੂਹ ਜਨਤਕ ਪਲੇਟਫਾਰਮਾਂ ਤੇ ਹੋਣ ਵਾਲੀ ਗੱਲਬਾਤ ਦੇ ਹਰ ਪੱਖ ਨੂੰ ਦੇਖਣ, ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।"
ਇਸ ਮਗਰੋਂ ਟਵਿੱਟਰ ਦੀ ਲੀਗਲ ਹੈਡ ਵਿਜਿਆ ਗੜੇ ਨੇ ਵੀ ਮੁਆਫ਼ੀ ਮੰਗੀ।
"ਮੈਨੂੰ ਇਸ ਗੱਲ ਦਾ ਬੜਾ ਅਫ਼ਸੋਸ ਹੈ। ਇਹ ਸਾਡੇ ਵਿਚਾਰਾਂ ਨੂੰ ਨਹੀਂ ਦਰਸਾਉਂਦਾ ਹੈ। ਅਸੀਂ ਉਸ ਤੋਹਫ਼ੇ ਨਾਲ ਇੱਕ ਨਿੱਜੀ ਤਸਵੀਰ ਖਿੱਚੀ ਸੀ, ਜੋ ਸਾਨੂੰ ਦਿੱਤਾ ਗਿਆ ਸੀ। ਸਾਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਸੀ। ਟਵਿੱਟਰ ਸਾਰੇ ਲੋਕਾਂ ਲਈ ਇੱਕ ਨਿਰਪੱਖ ਮੰਚ ਬਣਨ ਦੀ ਕੋਸ਼ਿਸ਼ ਕਰਦਾ ਹੈ ਅਤੇ ਅਸੀਂ ਇਸ ਮਾਮਲੇ ਵਿੱਚ ਨਾਕਾਮ ਰਹੇ ਹਾਂ। ਸਾਨੂੰ ਆਪਣੇ ਭਾਰਤੀ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ।"
ਇਸ ਸਭ ਦੇ ਬਾਵਜੂਦ ਰੌਲਾ ਅਜੇ ਵੀ ਜਾਰੀ ਅਤੇ ਇਸ ਮੁੱਦੇ 'ਤੇ ਲਗਾਤਾਰ ਬਹਿਸ ਜਾਰੀ ਹੈ।
ਅਜਿਹੇ ਵਿੱਚ ਸਵਾਲ ਇਹ ਹੈ ਕਿ 'ਬ੍ਰਾਹਮਣਵਾਦੀ ਪਿਤਰਸੱਤਾ' ਅਸਲ ਵਿੱਚ ਹੈ ਕੀ? ਕੀ ਵਾਕਈ ਬ੍ਰਾਹਮਣਾਂ ਖ਼ਿਲਾਫ਼ ਨਫ਼ਰਤ ਵਾਲੀ ਭਾਵਨਾ ਜਾਂ ਸਜ਼ਿਸ਼ ਹੈ?
ਨਾਰੀਵਾਦੀ ਸਾਹਿਤ ਅਤੇ ਲੇਖਾਂ ਵਿੱਚ 'ਬ੍ਰਾਹਮਣਵਾਦੀ ਪਿਤਰਸੱਤਾ' ਸ਼ਬਦ ਦੀ ਵਰਤੋਂ ਇਹ ਸਮਝਾਉਣ ਲਈ ਕੀਤੀ ਜਾਂਦੀ ਹੈ ਕਿ ਸਮਾਜ ਵਿੱਚ ਔਰਤਾਂ ਦੀ ਸਥਿਤੀ ਅਤੇ ਵਰਣ-ਵੰਡ ਇੱਕ ਦੂਸਰੇ ਨਾਲ ਜੁੜੇ ਹੋਏ ਹਨ।
ਇਸ ਗੱਲ ਨੂੰ ਸਾਬਤ ਕਰਨ ਲਈ ਦਲਿਤ ਅਤੇ ਨਾਰੀਵਾਦੀ ਕਾਰਕੁਨ ਕਈ ਮਿਸਾਲਾਂ ਦਿੰਦੇ ਹਨ ਕਿ ਕਿਵੇਂ ਔਰਤ ਦੀ ਆਜ਼ਾਦ ਹਸਤੀ ਨੂੰ ਧਰਮ ਅਤੇ ਧਰਮ ਦੇ ਵਿਆਖਿਆਕਾਰ ਬ੍ਰਾਹਮਣ ਸਵੀਕਾਰ ਨਹੀਂ ਕਰਦੇ। ਉਹ ਸ਼ਾਸ਼ਤਰਾਂ ਵਿੱਚੋਂ ਹਵਾਲੇ ਦਿੰਦੇ ਹਨ ਕਿ ਲੜਕੀ ਨੂੰ ਪਹਿਲਾਂ ਪਿਤਾ, ਫਿਰ ਪਤੀ ਅਤੇ ਬਾਅਦ ਵਿੱਚ ਪੁੱਤਰਾਂ ਦੇ ਅਧੀਨ ਰਹਿਣਾ ਚਾਹੀਦਾ ਹੈ।
ਮੋਟੇ ਹਿਸਾਬ ਨਾਲ ਇਹੀ ਬ੍ਰਾਹਮਣਵਾਦੀ ਪਿਤਰਸੱਤਾ ਹੈ।
ਪ੍ਰਸਿੱਧ ਨਾਰੀਵਾਦੀ ਲੇਖਿਕਾ ਉਮਾ ਚੱਕਰਵਰਤੀ ਨੇ ਆਪਣੇ ਲੇਖ 'Conceptualizing Brahmanical Patriarchy in India' ਵਿੱਚ ਉੱਚੀਆਂ ਜਾਤਾਂ ਵਿਚਲੀਆਂ ਸਾਰੀਆਂ ਮਨੌਤਾਂ ਅਤੇ ਪ੍ਰੰਪਰਾਵਾਂ ਰਾਹੀਂ ਔਰਤਾਂ ਅਤੇ ਉਨ੍ਹਾਂ ਦੀ ਸੈਕਸ਼ੂਐਲਿਟੀ ਉੱਪਰ ਕਾਬੂ ਰੱਖਣ ਦੀ ਰਵਾਇਤ ਨੂੰ ਬ੍ਰਾਹਮਣਵਾਦੀ ਪਿਤਰਸੱਤਾ ਦੱਸਿਆ ਹੈ।
ਇਹ ਵੀ ਪੜ੍ਹੋ-
ਦਲਿਤ ਚਿੰਤਕ ਅਤੇ ਲੇਖਕ ਕਾਂਚਾ ਇਲੈਈਆ ਦਾ ਨਜ਼ਰੀਆ
'ਬ੍ਰਾਹਮਣਵਾਦੀ ਪਿਤਰਸੱਤਾ' ਨੂੰ ਸਮਝਣ ਲਈ ਪਹਿਲਾਂ 'ਪਿਤਰਸੱਤਾ' ਨੂੰ ਸਮਝਣਾ ਜ਼ਰੂਰੀ ਹੈ।
ਪਿਤਰਸੱਤਾ ਇੱਕ ਸਮਾਜਿਕ ਪ੍ਰਣਾਲੀ ਹੈ, ਜਿਸ ਦੇ ਤਹਿਤ ਜੀਵਨ ਦੇ ਹਰੇਕ ਪਹਿਲੂ ਵਿੱਚ ਮਰਦਾਂ ਦਾ ਦਬਦਬਾ ਰਹਿੰਦਾ ਹੈ। ਫਿਰ ਭਾਵੇਂ ਖ਼ਾਨਦਾਨ ਦਾ ਨਾਂ ਉਨ੍ਹਾਂ ਦੇ ਨਾਮ ਉੱਪਰ ਚਲਾਉਣਾ ਹੋਵੇ ਜਾਂ ਜਨਤਕ ਜੀਵਨ ਵਿੱਚ ਉਨ੍ਹਾਂ ਦੀ ਹਕੂਮਤ ਹੋਵੇ। ਭਾਵੇਂ ਪਿਤਰਸੱਤਾ ਸਾਰੀ ਦੁਨੀਆਂ ਉੱਤੇ ਪ੍ਰਭਾਵ ਪਾਉਂਦਾ ਹੈ ਪਰ ਬ੍ਰਾਹਮਣੀ ਪਿਤਰਸੱਤਾ ਭਾਰਤੀ ਸਮਾਜ ਦੀ ਦੇਣ ਹੈ।
ਬ੍ਰਾਹਮਣਵਾਦ ਅਤੇ ਬ੍ਰਾਹਮਣਵਾਦੀ ਪਿਤਰਸੱਤਾ ਨੂੰ ਸਮਝਣ ਲਈ ਸਾਨੂੰ ਭਾਰਤ ਦੇ ਇਤਿਹਾਸ ਵਿੱਚ ਝਾਤ ਮਾਰਨੀ ਪਵੇਗੀ। ਵੈਦਿਕ ਕਾਲ ਤੋਂ ਬਾਅਦ ਜਦੋਂ ਹਿੰਦੂ ਧਰਮ ਵਿੱਚ ਕੱਟੜਤਾ ਆਈ ਤਾਂ ਔਰਤਾਂ ਅਤੇ ਸ਼ੂਦਰਾਂ (ਅਖੌਤੀ ਨੀਵੀਂ ਜਾਤ) ਦਾ ਦਰਜਾ ਦਿੱਤਾ ਗਿਆ।
ਔਰਤਾਂ ਅਤੇ ਸ਼ੂਦਰਾਂ ਨਾਲ ਲਗਭਗ ਇੱਕੋ ਜਿਹਾ ਸਲੂਕ ਕੀਤਾ ਜਾਣ ਲੱਗਾ। ਉਨ੍ਹਾਂ ਨੂੰ 'ਅਛੂਤ' ਅਤੇ ਨੀਵਾਂ ਮੰਨਿਆ ਜਾਣ ਲੱਗਾ, ਜਿਸ ਦਾ ਜ਼ਿਕਰ ਮਨੂਸਮ੍ਰਤੀ ਵਰਗੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿੱਚ ਕੀਤਾ ਗਿਆ ਹੈ।
ਇਹ ਧਾਰਨਾਵਾਂ ਬਣਾਉਣ ਵਾਲੇ ਉਹ ਆਦਮੀ ਸਨ ਜਿਨ੍ਹਾਂ ਦਾ ਸੰਬੰਧ ਸ਼ਕਤੀਸ਼ਾਲੀ ਬ੍ਰਾਹਮਣ ਭਾਈਚਾਰੇ ਨਾਲ ਸੀ। ਇੱਥੋਂ ਹੀ 'ਬ੍ਰਾਹਮਣਵਾਦੀ ਪਿਤਰਸੱਤਾ' ਦੀ ਸ਼ੁਰੂਆਤ ਹੋਈ।
ਬ੍ਰਾਹਮਣ ਪਰਿਵਾਰਾਂ ਵਿੱਚ ਔਰਤਾਂ ਦੀ ਸਥਿਤੀ ਦਲਿਤ ਪਰਿਵਾਰਾਂ ਦੀਆਂ ਔਰਤਾਂ ਨਾਲੋਂ ਬਿਹਤਰ ਨਹੀਂ ਕਹੀ ਜਾ ਸਕਦੀ।
ਅੱਜ ਵੀ ਪਿੰਡਾਂ ਵਿੱਚ, ਬ੍ਰਾਹਮਣ ਅਤੇ ਅਖੌਤੀ ਨੀਵੀਂ ਜਾਤ ਦੀਆਂ ਔਰਤਾਂ ਨੂੰ ਦੁਬਾਰਾ ਵਿਆਹ ਕਰਾਉਣ, ਪਤੀ ਤੋਂ ਤਲਾਕ ਲੈਣ ਅਤੇ ਬਾਹਰ ਜਾ ਕੇ ਕੰਮ ਕਰਨ ਦੀ ਇਜ਼ਾਜ਼ਤ ਨਹੀਂ ਹੈ।
ਔਰਤਾਂ ਦੀ ਸੈਕਸੂਐਲਿਟੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਬ੍ਰਾਹਮਣ ਅਤੇ ਉੱਚ ਜਾਤ ਦੇ ਸਮਾਜ ਵਿੱਚ ਵੀ ਬਹੁਤ ਜ਼ਿਆਦਾ ਹੈ।
ਹਾਲਾਂਕਿ ਅਜਿਹਾ ਵੀ ਨਹੀਂ ਕਿਹਾ ਜਾ ਸਕਦਾ ਕਿ ਦਲਿਤਾਂ 'ਚ ਪਿਤਰਸੱਤਾ ਹੈ ਹੀ ਨਹੀਂ ਪਰ ਉਹ ਕਹਿੰਦੇ ਹਨ ਕਿ 'ਦਲਿਤ-ਬਹੁਜਨ ਪਿਤਰਸੱਤਾ' ਅਤੇ 'ਬ੍ਰਾਹਮਣਵਾਦੀ ਪਿਤਰਸੱਤਾ' 'ਚ ਫਰਕ ਹੈ।
'ਦਲਿਤ-ਬਹੁਜਨ ਪਿਤਰਸੱਤਾ' ਵਿੱਚ ਔਰਤਾਂ ਨੂੰ ਦੂਜੇ ਦਰਜੇ ਦਾ ਇਨਸਾਨ ਹੀ ਮੰਨਿਆ ਜਾਂਦਾ ਹੈ ਪਰ ਇਹ ਬ੍ਰਾਹਮਣਵਾਦੀ ਪਿਤਰਸੱਤਾ ਦੇ ਮੁਕਾਬਲੇ ਥੋੜ੍ਹੀ ਲੋਕਤਾਂਤਰਿਕ ਹੈ।
ਉੱਥੇ ਹੀ, ਬ੍ਰਾਹਮਣਵਾਦੀ ਪਿਤਰਸੱਤਾ ਔਰਤਾਂ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦੀ ਹੈ, ਫੇਰ ਚਾਹੇ ਇਹ ਕੰਟਰੋਲ ਉਨ੍ਹਾਂ ਦੇ ਵਿਚਾਰਾਂ 'ਤੇ ਹੋਵੇ ਜਾਂ ਸਰੀਰ 'ਤੇ।
ਜੇਕਰ ਇੱਕ ਦਲਿਤ ਔਰਤ ਪਤੀ ਦੇ ਹੱਥੋਂ ਕੁੱਟ ਖਾਂਦੀ ਹੈ ਤਾਂ ਘੱਟੋ-ਘੱਟ ਚੀਕ-ਚੀਕ ਦੇ ਲੋਕਾਂ ਦੀ ਭੀੜ ਇਕੱਠਾ ਕਰ ਸਕਦੀ ਹੈ ਪਰ ਇੱਕ ਬ੍ਰਾਹਮਣ ਔਰਤ ਕੁੱਟ ਖਾਣ ਤੋਂ ਬਾਅਦ ਵੀ ਚੁੱਪਚਾਪ ਕਮਰੇ ਅੰਦਰ ਰੋਂਦੀ ਰਹਿੰਦੀ ਹੈ ਕਿਉਂਕਿ ਉਸ ਦੇ ਬਾਹਰ ਜਾ ਕੇ ਰੋਣ ਅਤੇ ਚੀਕਣ ਨਾਲ ਪਰਿਵਾਰ ਦੀ ਅਖੌਤੀ ਇੱਜ਼ਤ ਦਾ ਸਵਾਲ ਹੈ।
'ਇਹ ਬ੍ਰਾਹਮਣ ਦਾ ਨਹੀਂ, ਵਿਚਾਰਾਂ ਦਾ ਵਿਰੋਧ ਹੈ'
ਔਰਤ ਅਧਿਕਾਰ ਕਾਰਕੁਨ ਅਤੇ ਕਮਿਊਨਿਸਟ ਪਾਰਟੀ ਦੀ ਮੈਂਬਰ ਕਵਿਤਾ ਕ੍ਰਿਸ਼ਨਣ (CPI-ML) ਕਹਿੰਦੀ ਹੈ ਕਿ 'ਬ੍ਰਾਹਮਣਵਾਦੀ ਪਿਤਰਸੱਤਾ' ਇੱਕ ਵਿਚਾਰਧਾਰਾ ਹੈ ਅਤੇ ਇਸ ਦੇ ਵਿਰੋਧ ਦਾ ਮਤਲਬ ਬ੍ਰਾਹਮਣ ਭਾਈਚਾਰੇ ਦਾ ਵਿਰੋਧ ਨਹੀਂ ਹੈ।
ਕਵਿਤਾ ਕਹਿੰਦੀ ਹੈ, "ਅਜਿਹਾ ਨਹੀਂ ਹੈ ਕਿ ਬ੍ਰਾਹਮਣਵਾਦੀ ਪਿਤਰਸੱਤਾ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਸਿਰਫ਼ ਬ੍ਰਹਮਣ ਭਾਈਚਾਰੇ ਵਿੱਚ ਮੌਜੂਦ ਹੈ। ਇਹ ਦੂਜੀ ਜਾਤੀਆਂ ਅਤੇ ਦਲਿਤਾਂ 'ਚ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਮਾਨਸਿਕਤਾ ਦੂਜੀ ਜਾਤੀਆਂ ਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ ਤੁਹਾਡੇ ਤੋਂ ਹੇਠਾਂ ਤੋਂ ਕੋਈ ਹੈ, ਤੁਸੀਂ ਉਸ ਦਾ ਸ਼ੋਸ਼ਣ ਕਰ ਸਕਦੇ ਹੋ।"
ਕਵਿਤਾ ਮੁਤਾਬਕ ਅਸੀਂ ਸ਼ੁਰੂਆਤ ਇਸ ਸਵਾਲ ਤੋਂ ਕਰਨਾ ਚਾਹੀਦੀ ਹੈ ਕਿ ਜਦੋਂ ਕੋਈ ਖ਼ੁਦ ਨੂੰ ਮਾਣ ਨਾਲ ਬ੍ਰਾਹਮਣ ਦੱਸਦਾ ਹੈ ਤਾਂ ਉਸ ਦਾ ਮਤਲਬ ਕੀ ਹੁੰਦਾ ਹੈ।
ਕਵਿਤਾ ਕਹਿੰਦੀ ਹੈ, "ਬ੍ਰਾਹਮਣ ਇੱਕ ਭਾਰਾ ਜਿਹਾ ਸ਼ਬਦ ਹੈ ਅਤੇ ਇਸ 'ਚ ਇਤਿਬਾਸ ਦਾ ਇੱਕ ਬੋਝ ਹੈ। ਬ੍ਰਾਹਮਣ ਜਾਤੀ ਦਾ ਪਿਛਲੇ ਕਈ ਸਾਲਾਂ ਤੋਂ ਸਮਾਜ 'ਤੇ ਇੱਕ ਦਬਦਬਾ ਰਿਹਾ ਹੈ ਅਤੇ ਇਸ ਦਬਦਬੇ ਦੇ ਸ਼ਿੰਕਜੇ 'ਚ ਔਰਤਾਂ ਵੀ ਰਹੀਆਂ ਹਨ।"
ਕਵਿਤਾ ਕਹਿੰਦੀ ਹੈ, "ਹੁਣ ਤੁਸੀਂ ਇਹ ਪੁੱਛ ਸਕਦੇ ਹਨ ਕਿ ਜੇਕਰ ਕੋਈ ਮਾਣ ਨਾਲ ਦਲਿਤ ਹੋਣ ਦੀ ਗੱਲ ਕਹਿ ਸਕਦਾ ਹੈ ਤਾਂ ਮਾਣ ਨਾਲ ਬ੍ਰਾਹਮਣ ਹੋਣ ਦੀ ਕਿਉਂ ਨਹੀਂ। ਇਹ ਦੋਵੇਂ ਗੱਲਾਂ ਇਕੋ ਜਿਹੀਆਂ ਇਸ ਲਈ ਨਹੀਂ ਹਨ ਕਿਉਂਕਿ ਦਲਿਤ ਦੀ ਪਛਾਣ ਪਹਿਲਾਂ ਤੋਂ ਹੀ ਦਬਾਈ ਜਾਂਦੀ ਰਹੀ ਹੈ ਜਦਕਿ ਬ੍ਰਾਹਮਣਾਂ ਦੇ ਨਾਲ ਅਜਿਹਾ ਨਹੀਂ ਹੈ।"
ਕਵਿਤਾ ਕ੍ਰਿਸ਼ਨਣ ਦਾ ਮੰਨਣਾ ਹੈ ਤਿ ਅਸੀਂ ਇਹ ਸਵੀਕਾਰ ਕਰਨਾ ਹੋਵੇਗਾ ਕਿ ਬ੍ਰਾਹਮਣਵਾਦੀ ਪਿਤਰਸੱਤਾ ਸਮਾਜ 'ਚ ਮੌਜੂਦ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ, "ਪਿਤਰਸੱਤਾ ਦੁਨੀਆਂ ਦੇ ਕਰੀਬ ਹਰੇਕ ਕੋਨੇ ਵਿੱਚ ਮੌਜੂਦ ਹੈ ਪਰ ਉਸ ਦੇ ਕਾਰਨ ਵੱਖ-ਵੱਖ ਹੈ। ਭਾਰਤ 'ਚ ਸਥਾਪਿਤ ਪਿਤਰਸੱਤਾ ਦੀ ਇੱਕ ਵੱਡਾ ਕਾਰਨ ਬ੍ਰਾਹਮਣਵਾਦ ਹੈ।"
ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਸਾਰੇ ਲੋਕ ਬ੍ਰਾਹਮਣਵਾਦੀ ਪਿਤਰਸੱਤਾ ਦੀ ਧਾਰਨਾ ਅਤੇ ਉਸ ਦੀ ਮੌਦੂਦਗੀ 'ਤੇ ਸਹਿਮਤ ਹਨ।
'ਮੁੱਠੀ ਭਰ ਲੋਕਾਂ ਦੀ ਸਾਜ਼ਿਸ਼'
ਆਰਐਸਐਸ ਦੇ ਵਿਚਾਰਕ ਅਤੇ ਭਾਜਪਾ ਸੰਸਦ ਮੈਂਬਰ ਪ੍ਰੋ. ਰਾਕੇਸ਼ ਸਿਨਹਾ ਬ੍ਰਾਹਮਣਵਾਦੀ ਪਿਤਰਸੱਤਾ ਨੂੰ 'ਯੂਰਪੀ ਸੰਸਕ੍ਰਿਤੀ ਦੇ ਪ੍ਰਭਾਵਿਤ' ਭਾਈਚਾਰੇ ਦੀ ਸਾਜ਼ਿਸ਼ ਦੱਸਦੇ ਹਨ।
ਉਹ ਕਹਿੰਦੇ ਹਨ, "ਭਾਰਤੀ ਸਮਾਜ ਹਮੇਸ਼ਾ ਤੋਂ ਪ੍ਰਗਤੀਸ਼ੀਲ ਰਿਹਾ ਹੈ। ਅਸੀਂ ਸਭ ਨੂੰ ਨਾਲ ਲੈ ਕੇ ਤੁਰਨ ਅਤੇ ਸਾਰਿਆਂ ਦਾ ਸਨਮਾਨ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਇੱਕ ਪਾਸੇ ਅਸੀਂ ਬਿਨਾਂ ਜਾਤ-ਪਾਤ ਦੇ ਸਮਾਜ ਦਾ ਸੁਪਨਾ ਦੇਖ ਰਹੇ ਹਾਂ ਅਤੇ ਦੂਜੇ ਪਾਸੇ ਇਹ ਲੋਕ ਇੱਕ ਜਾਤੀ ਵਿਸ਼ੇਸ਼ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਕੇ ਸਮਾਜ ਨੂੰ ਵੰਡਣ ਦਾ ਕੰਮ ਕਰ ਰਹੇ ਹਨ।"
ਰਾਕੇਸ਼ ਸਿਨਹਾ ਦਾ ਮੰਨਣਾ ਹੈ ਕਿ ਟਵਿੱਟਰ ਦੇ ਸੀਈਓ ਦਾ ਇਸ ਪੋਸਟਰ ਦੇ ਨਾਲ ਤਸਵੀਰ ਖਿਚਵਾਉਣਾ, ਉਨ੍ਹਾਂ ਦੀ ਕੰਪਨੀ ਦੀ ਭਾਰਤੀਆਂ ਪ੍ਰਤੀ ਨਾਕਾਰਾਤਮਕ ਰਵੱਈਆ ਦਿਖਾਉਂਦਾ ਹੈ।
ਉਨ੍ਹਾਂ ਨੇ ਕਿਹਾ, "ਹਰ ਸਮਾਜ ਵਿੱਚ ਕੁਝ ਨਾ ਕੁਝ ਕਮੀਆਂ ਹੁੰਦੀਆਂ ਹਨ। ਭਾਰਤੀ ਸਮਾਜ ਖ਼ੁਦ ਹੀ ਆਪਣੀ ਕਮੀਆਂ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੁੱਠੀ ਭਰ ਦੇ ਲੋਕ ਇੱਕ ਜਾਤੀ ਵਿਸ਼ੇਸ਼ ਨੂੰ ਨਕਾਰਾਤਮਕ ਦਾ ਵਿਸ਼ੇਸ਼ਣ ਬਣਾ ਕੇ ਸਮਾਜ ਨੂੰ ਹੋਰ ਤੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"
ਕੀ ਕਹਿੰਦੀ ਹੈ ਪੋਸਟਰ ਡਿਜ਼ਾਈਨ ਕਰਨ ਵਾਲੀ ਔਰਤ
ਇਸ ਪੋਸਟਰ ਨੂੰ ਡਿਜ਼ਾਈਨ ਕਰਨ ਵਾਲੀ ਕਲਾਕਾਰ ਅਤੇ ਦਿਲਤ ਅਧਿਕਾਰਾਂ ਲਈ ਕੰਮ ਕਰਨ ਵਾਲੀ ਤੇਨਮੌਲੀ ਸੁੰਦਰਰਾਜਨ ਨੇ ਬੀਬੀਸੀ ਨੂੰ ਕਿਹਾ, "ਇਹ ਪੋਸਟਰ ਪਿਛਲੇ ਦੋ ਸਾਲ ਤੋਂ ਸੋਸ਼ਲ ਮੀਡੀਆ ਹੈ ਪਰ ਇਸ 'ਤੇ ਹੰਗਾਮਾ ਉਦੋਂ ਹੋਇਆ ਜਦੋਂ ਟਵਿੱਟਰ ਦੇ ਸੀਈਓ ਇਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਖੜ੍ਹੇ ਹੋ ਗਏ। ਇਸ ਦਾ ਵਿਰੋਧ ਕਰਨਵਾਲੇ ਸ਼ਾਇਦ ਡਰੇ ਹੋਏ ਹਨ ਕਿ ਸੱਚਾਈ ਗਲੋਬਲ ਪੱਧਰ 'ਤੇ ਪਹੁੰਚ ਗਈ ਹੈ।
ਉੱਥੇ ਹੀ, ਜੈਕ ਡੌਰਸੀ ਨੂੰ ਇਹ ਪੋਸਟਰ ਦੇਣ ਵਾਲੀ ਸੰਘਪਾਲੀ ਅਰੁਣਾ ਦਾ ਕਹਿਣਾ ਹੈ ਕਿ ਉਹ ਖ਼ੁਦ ਇੱਕ ਦਲਿਤ ਹੈ ਅਤੇ ਉਨ੍ਹਾਂ ਨੂੰ ਦਲਿਤਾਂ ਨਾਲ ਹੋਣ ਵਾਲੇ ਵਿਤਕਰੇ ਦਾ ਅੰਦਾਜ਼ਾ ਚੰਗੀ ਤਰ੍ਹਾਂ ਹੈ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: