ਸੀਬੀਆਈ ਰੇੜਕਾ: ਮੋਦੀ ਦਾ ਰੱਖਿਆ ਸਲਾਹਕਾਰ ਅਜੀਤ ਡੋਵਾਲ ਵੀ ਲਪੇਟੇ 'ਚ ਆਇਆ

ਸੀਬੀਆਈ ਦੇ ਡੀਆਈਜੀ ਐਮ ਕੇ ਸਿਨਹਾ ਨੇ ਸੁਪਰੀਮ ਕੋਰਟ ਵਿੱਚ ਇੱਕ ਅਪੀਲ ਦਾਇਰ ਕਰਕੇ ਦਾਆਵਾ ਕੀਤਾ ਹੈ ਕਿ ਅਜੀਤ ਡੋਵਾਲ ਨੇ ਜਾਂਚ ਵਿੱਚ ਦਖ਼ਲ ਦਿੱਤਾ ਸੀ।

ਸੁਪਰੀਮ ਕੋਰਟ ਵਿਚ ਦਿੱਤੀ ਅਰਜੀ ਵਿਚ (ਅਰਜੀ ਪੜ੍ਹਨ ਲਈ ਇੱਥੇ ਕਲਿੱਕ ਕਰੋ) ਇਲਜ਼ਾਮ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਇਹ ਦਖ਼ਲਅੰਦਾਜ਼ੀ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਖਿਲਾਫ਼ ਹੋ ਰਹੀ ਜਾਂਚ ਵਿੱਚ ਦਿੱਤਾ।

ਸੁਪਰੀਮ ਕੋਰਟ ਇਸ ਮਾਮਲੇ ਦੀ ਭਲਕੇ 20 ਨਵੰਬਰ ਨੂੰ ਸੁਣਵਾਈ ਕਰੇਗਾ। ਸਿਨਹਾ ਮੁਤਾਬਕ ਡੋਵਾਲ ਨੇ ਉਨ੍ਹਾਂ ਨੂੰ ਅਸਥਾਨਾ ਦੇ ਘਰ ਦੀ ਤਲਾਸ਼ੀ ਲੈਣੋਂ ਰੋਕਿਆ ਸੀ।

ਸਿਨਹਾ ਸੀਬੀਆਈ ਅਫਸਰਾਂ ਦੀ ਉਸੇ ਟੀਮ ਦਾ ਹਿੱਸਾ ਸਨ ਜੋ ਅਸਥਾਨਾ ਖਿਲਾਫ ਜਾਂਚ ਕਰ ਰਹੇ ਸਨ। ਉਨ੍ਹਾਂ ਦੀ ਵੀ ਬਾਕੀ ਅਫਸਰਾਂ ਦੇ ਨਾਲ ਹੀ ਬਦਲੀ ਕਰ ਦਿੱਤੀ ਗਈ ਸੀ।

ਸਿਨਹਾ ਨੇ ਇਲਜ਼ਾਮ ਲਾਇਆ ਕਿ ਰਿਸ਼ਵਤਖੋਰੀ ਦੇ ਇਸ ਮਾਮਲੇ ਵਿੱਚ ਜੋ ਵਿਚੋਲੀਏ ਸ਼ਾਮਲ ਸਨ, ਉਹ ਡੋਵਾਲ ਦੇ ਕਰੀਬੀ ਸਨ।

ਮੰਤਰੀ ਤੋਂ ਕਰੋੜਾਂ ਦੀ ਰਿਸ਼ਵਤ ਦਾ ਐਲਾਨ

ਸਿਨਹਾ ਨੇ ਇਹ ਇਲਜ਼ਾਮ ਲਾਇਆ ਹੈ ਕਿ ਅਸਥਾਨਾ ਰਿਸ਼ਵਤ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੇ, ਸਨਾ ਸਤੀਸ਼ ਬਾਬੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕੋਲਾ ਅਤੇ ਖਾਣ ਰਾਜ ਮੰਤਰੀ ਹਰਿਭਾਈ ਪਾਰਥੀਭਾਈ ਚੌਧਰੀ ਨੂੰ ਸੰਬੰਧਿਤ ਮਾਮਲਿਆਂ ਵਿੱਚ ਕਥਿਤ ਮਦਦ ਲਈ ਕਰੋੜਾਂ ਰੁਪਏ ਦੀ ਰਿਸ਼ਵਤ ਦਿੱਤੀ ਸੀ।

ਇਹ ਵੀ ਪੜ੍ਹੋ:

ਅਪੀਲ ਵਿੱਚ ਕਿਹਾ ਗਿਆ ਹੈ ਕਿ ਰਾਅ ਦੇ ਅਧਿਕਾਰੀ ਸਾਮੰਤ ਗੋਇਲ ਨਾਲ ਜੁੜੇ ਵਾਰਤਾਲਾਪ ਨਾਲ ਛੇੜਖਾਨੀ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਸੀਬੀਆਈ ਦੇ ਮਾਮਲੇ ਦਾ ਪ੍ਰਬੰਧ ਕੀਤਾ ਸੀ ਅਤੇ ਉਸੇ ਰਾਤ ਅਸਥਾਨਾ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਸਾਰੀ ਟੀਮ ਹਟਾ ਲਈ ਗਈ

ਸਿਨਹਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਨਾ ਸਤੀਸ਼ ਬਾਬੂ, ਮੋਇਨ ਕੁਰੈਸ਼ੀ ਮਾਮਲੇ ਵਿੱਚ ਕੇਂਦਰੀ ਵਿਜੀਲੈਂਸ ਕਮਿਸ਼ਨਰ ਕੇ ਵੀ ਚੌਧਰੀ ਨੂੰ ਮਿਲੇ ਸਨ ਅਤੇ ਕੇਂਦਰੀ ਕਾਨੂੰਨ ਸਕੱਤਰ ਸੁਰੇਸ਼ ਚੰਦ ਨੂੰ 11 ਨਵੰਬਰ ਨੂੰ ਉਨ੍ਹਾਂ ਨਾਲ ਸਨਾ ਨੇ ਰਾਬਤਾ ਕੀਤਾ ਸੀ।

ਸਿਨਹਾ ਨੇ ਅਰਜੀ ਵਿੱਚ ਕਿਹਾ ਹੈ,"ਮਨੋਜ ਪ੍ਰਸਾਦ (ਅਸਥਾਨਾ ਖਿਲਾਫ਼ ਮਾਮਲੇ ਵਿੱਚ ਗ੍ਰਿਫ਼ਤਾਰ ਵਿਚੋਲੀਆ) ਮੁਤਾਬਕ, ਮਨੋਜ ਦੇ ਪਿਤਾ ਦਿਨੇਸ਼ਵਰ ਪ੍ਰਸਾਦ ਅਤੇ ਰਾਅ ਦੇ ਜੁਆਇੰਟ ਸਕੱਤਰ ਰਹੇ ਸੋਮੇਸ਼ ਦੇ ਮੌਜੂਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ ) ਨਾਲ ਨਜ਼ਦੀਕੀ ਸੰਬੰਧ ਹਨ।"

ਸਿਨਹਾ ਨੇ ਦਾਅਵਾ ਕੀਤਾ ਹੈ ਕਿ 15 ਅਕਤੂਬਰ ਨੂੰ ਅਸਥਾਨਾ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ, ਸੀਬੀਆਈ ਦੇ ਨਿਰਦੇਸ਼ਕ ਆਲੋਕ ਵਰਮਾ ਨੇ ਇਸਦੀ ਜਾਣਕਾਰੀ 17 ਅਕਤੂਬਰ ਨੂੰ ਡੋਭਾਲ ਨੂੰ ਦਿੱਤੀ ਸੀ।

ਅਰਜੀ ਵਿੱਚ ਕਿਹਾ ਗਿਆ ਹੈ, " ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਇਸੇ ਰਾਤ ਐਨਐਸਏ ਨੇ ਅਸਥਾਨਾ ਨੂੰ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਣ ਦੀ ਜਾਣਕਾਰੀ ਦਿੱਤੀ। ਇਹ ਵੀ ਪਤਾ ਲੱਗਿਆ ਹੈ ਕਿ ਰਕੇਸ਼ ਅਸਥਾਨਾ ਨੇ ਕਥਿਤ ਤੌਰ 'ਤੇ ਐਨਐਸਏ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ।"

ਸਿਨਹਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਸ ਮਾਮਲੇ ਵਿੱਚ ਜਾਂਚ ਕਰ ਰਹੇ ਅਫ਼ਸਰ ਏਕੇ ਅੱਬਾਸੀ ਨੇ ਅਸਥਾਨਾ ਦੇ ਮੋਬਾਈਲ ਜ਼ਬਤ ਕਰਨ ਅਤੇ ਤਲਾਸ਼ੀ ਪੂਰੀ ਕਰਨ ਦੀ ਇਜਾਜ਼ਤ ਦੇਣ ਦਾ ਵਾਅਦਾ ਕੀਤਾ, "ਸੀਬੀਆਈ ਦੇ ਨਿਰਦੇਸ਼ਕ ਨੇ ਤਤਕਾਲ ਇਜਾਜ਼ਤ ਨਹੀਂ ਦਿੱਤੀ ਅਤੇ ਕਿਹਾ ਕਿ ਐਨਐਸਏ ਨੇ ਹਾਲੇ ਮਨਜ਼ੂਰੀ ਨਹੀਂ ਦਿੱਤੀ ਹੈ।"

ਅਰਜੀ ਵਿੱਚ ਕਿਹਾ ਗਿਆ ਹੈ ਕਿ 22 ਅਕਤੂਬਰ ਨੂੰ ਸੀਬੀਆਈ ਨਿਰਦੇਸ਼ਕ ਤੋ ਲਿਖਤ ਮਨਜ਼ੂਰੀ ਮੰਗੀ ਗਈ ਪਰ ਇੱਕ ਵਾਰ ਫਿਰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਸੀਬੀਆਈ ਵਿਵਾਦ ਨਾਲ ਜੁੜੀਆਂ ਇਹ ਕਹਾਣੀਆਂ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)