You’re viewing a text-only version of this website that uses less data. View the main version of the website including all images and videos.
ਸੀਬੀਆਈ ਦਾ ਘਰ ਬੇਪਰਦ ਕਰਨ ਵਾਲੇ ਪੰਜ ਜਣੇ ਕੌਣ ਹਨ
ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ( ਸੀਬੀਆਈ ) ਭਾਰਤ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸਭ ਤੋਂ ਮੂਹਰਲੀ ਪੜਤਾਲੀਆ ਏਜੰਸੀ ਹੈ। ਹੁਣ ਤੱਕ ਜਨ ਮਾਨਸ ਵਿੱਚ ਸੀਬੀਆਈ ਦਾ ਜਿਸ ਕਾ ਰਾਜ ਉਸੀ ਕਾ ਪੂਤ ਵਾਲੀ ਦਿੱਖ ਰਹੀ ਹੈ।
ਸੀਬੀਆਈ ਜਿਸ ਦੀ ਸਰਕਾਰ ਹੁੰਦੀ ਹੈ, ਉਸੇ ਦਾ ਸਿਆਸੀ ਹਥਿਆਰ ਬਣ ਜਾਂਦੀ ਹੈ।
ਸੁਪਰੀਮ ਕੋਰਟ ਵੀ ਸੀਬੀਆਈ ਨੂੰ ֹ'ਤੋਤਾ' ਕਹਿ ਕੇ ਇਸ ਦੇ 'ਯੈਸ ਮੈਨ' ਭਾਵ 'ਜੀਅ ਹਜੂਰੀਏ' ਵਾਲੀ ਦਿੱਖ ਉੱਪਰ ਮੁਹਰ ਲਾ ਚੁੱਕਿਆ ਹੈ।
ਪਰ ਫਿਲਹਾਲ ਸੀਬੀਆਈ ਆਪਣੀ ਸਿਆਸੀ ਹਥਿਆਰਾ ਵਾਲੀ ਦਿੱਖ ਕਰਕੇ ਨਹੀਂ ਸਗੋਂ ਘਰੇਲੂ ਕਲੇਸ਼ ਕਰਕੇ ਵਿਵਾਦਾਂ ਵਿੱਚ ਹੈ।
ਇਹ ਵੀ ਪੜ੍ਹੋ
ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਅਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦਾ ਅੰਦਰੂਨੀ ਵਿਵਾਦ ਇੰਨਾਂ ਡੂੰਘਾ ਹੋ ਗਿਆ ਹੈ ਕਿ ਕੇਂਦਰ ਸਰਕਾਰ ਵੀ ਦੁਚਿੱਤੀ ਵਿੱਚ ਪੈ ਗਈ ਹੈ।
ਸੀਬੀਆਈ ਦੇ ਆਪਣੇ ਹੀ ਘਰ ਵਿੱਚ ਤਲਾਸ਼ੀ ਅਭਿਆਨ ਚੱਲ ਰਿਹਾ ਹੈ ਅਤੇ ਸੋਮਵਾਰ ਨੂੰ ਡੀਸੀਪੀ ਦੇਵਿੰਦਰ ਕੁਮਾਰ ਨੂੰ ਕਾਗਜ਼ਾਤ ਵਿੱਚ ਹੇਰਾਫੇਰੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ। ਇਹ ਹੇਰਫੇਰ ਸੀਬੀਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਦੇ ਰਿਸ਼ਵਤ ਲੈਣ ਦੇ ਇਲਜ਼ਾਮਾਂ ਨਾਲ ਜੁੜਿਆ ਹੋਇਆ ਹੈ।
ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਐਤਵਾਰ ਸ਼ਾਮੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲੋਕ ਵਰਮਾ ਨਾਲ ਮੁਲਾਕਾਤ ਕਰਕੇ ਪੂਰੇ ਮਾਮਲੇ ਬਾਰੇ ਗੱਲਬਾਤ ਕੀਤੀ ਅਤੇ ਫਿਰ ਉਸੇ ਸ਼ਾਮ ਰਾਅ ਮੁਖੀ ਅਨਿਲ ਧਸਮਾਨਾ ਨਾਲ ਵੀ ਵੱਖਰੇ ਤੌਰ 'ਤੇ ਕਥਿਤ ਮੁਲਾਕਾਤ ਕੀਤੀ।
ਅਸਥਾਨਾ ਰਿਸ਼ਵਤ ਮਾਮਲੇ ਵਿੱਚ ਰਾਅ ਦੇ ਵਿਸ਼ੇਸ਼ ਸਕੱਤਰ ਸਾਮੰਤ ਗੋਇਲ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਉਹ ਇਸ ਕੇਸ ਵਿੱਚ ਮੁਲਜ਼ਮ ਨਹੀਂ ਹਨ।
ਮਾਮਲਾ ਕੀ ਹੈ
ਰਾਕੇਸ਼ ਅਸਥਾਨਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਸੀ। ਇਹ ਟੀਮ ਮੋਇਨ ਕੁਰੈਸ਼ੀ ਕੇਸ ਦੀ ਪੜਤਾਲ ਕਰ ਰਹੀ ਸੀ।
ਦੇਵਿੰਦਰ ਕੁਮਾਰ ਇਸੇ ਐਸਆਈਟੀ ਵਿੱਚ ਇੱਕ ਜਾਂਚ ਅਧਿਕਾਰੀ ਸਨ। ਦੇਵਿੰਦਰ ਕੁਮਾਰ ਨੂੰ ਸੋਮਵਾਰ ਦੁਪਹਿਰ ਬਾਅਦ ਦੋ ਵਜੇ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੀਬੀਆਈ ਭਵਨ ਵਿੱਚ ਦੇਵਿੰਦਰ ਕੁਮਾਰ ਦੇ ਦਫ਼ਤਰ ਦੀ ਤਲਾਸ਼ੀ ਲਈ ਗਈ।
ਸੀਬੀਆਈ ਨੇ ਮੰਗਲਵਾਰ ਨੂੰ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਸ ਵਿੱਚ ਦੇਵਿੰਦਰ ਕੁਮਾਰ ਦੂਸਰੇ ਨੰਬਰ ਦੇ ਮੁਲਜ਼ਮ ਹਨ ਅਤੇ ਅਸਥਾਨਾ ਪਹਿਲੇ ਨੰਬਰ ਦੇ। ਸੀਬੀਆਈ ਦੇ ਸੂਤਰਾਂ ਦੇ ਹਵਾਲੇ ਨਾਲ ਭਾਰਤੀ ਮੀਡੀਆ ਜੋ ਖ਼ਬਰ ਛਾਪ ਰਿਹਾ ਹੈ ਉਸ ਦੇ ਮੁਤਾਬਕ ਦੇਵਿੰਦਰ ਕੁਮਾਰ ਨੂੰ ਜਾਂਚ ਨਾਲ ਜੁੜੇ ਰਿਕਾਰਡ ਵਿੱਚ ਹੇਰਾਫੇਰੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
ਕੁਮਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਨਾ ਸਤੀਸ਼ ਬਾਬੂ ਦਾ ਇੱਕ ਕਾਲਪਨਿਕ ਬਿਆਨ ਪੇਸ਼ ਕੀਤਾ। ਇਸ ਬਿਆਨ ਦਾ ਮੰਤਵ ਸੀਬੀਆਈ ਦੇ ਨਿਰਦੇਸ਼ਕ ਆਲੋਕ ਵਰਮਾ ਉੱਪਰ ਰਾਕੇਸ਼ ਅਸਥਾਨਾ ਦੇ ਇਲਜ਼ਾਮਾਂ ਨੂੰ ਮਜ਼ਬੂਤੀ ਦੇਣਾ ਸੀ।
ਐਫਆਈਆਰ ਮੁਤਾਬਕ ਸਨਾ ਮੋਇਨ ਕੁਰੈਸ਼ੀ ਕੇਸ ਵਿੱਚ ਇੱਕ ਗਵਾਹ ਹਨ ਅਤੇ ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਅਸਥਾਨਾ ਨੇ ਸੀਬੀਆਈ ਦੀ ਐਸਆਈਟੀ ਜਾਂਚ ਤੋਂ ਲਾਂਭੇ ਕਰਨ ਲਈ ਰਿਸ਼ਵਤ ਲਈ।
ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦੱਸਿਆ ਹੈ ਕਿ ਸਨਾ ਦਾ ਕਾਲਪਨਿਕ ਬਿਆਨ ਸੀਆਰਪੀਸੀ ਦੇ ਸੈਕਸ਼ਨ 161 ਅਧੀਨ ਦਰਜ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਬਿਆਨ ਦਿੱਲੀ ਵਿੱਚ 26 ਸਤੰਬਰ ਨੂੰ ਰਿਕਾਰਡ ਕੀਤਾ ਗਿਆ।
ਸਵਾਲ ਕੀ ਉਠਦੇ ਹਨ
ਹਾਲਾਂਕਿ ਸੀਬੀਆਈ ਦੇ ਜਾਂਚ ਅਧਿਕਾਰੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਸਨਾ 26 ਸਤੰਬਰ ਨੂੰ ਦਿੱਲੀ ਵਿੱਚ ਮੌਜੂਦ ਹੀ ਨਹੀਂ ਸਨ। ਸਗੋਂ ਹੈਦਰਾਬਾਦ ਵਿੱਚ ਸਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਇਸ ਜਾਂਚ ਵਿੱਚ ਪਹਿਲੀ ਅਕਤੂਬਰ ਨੂੰ ਸ਼ਾਮਲ ਹੋਏ ਸਨ।
ਸੀਬੀਆਈ ਸਨਾ ਦੇ ਜਿਸ ਬਿਆਨ ਨੂੰ ਫਰਜ਼ੀ ਦੱਸ ਰਹੀ ਹੈ ਉਸ ਵਿੱਚ ਐਸਆਈਟੀ ਨੂੰ ਕਿਹਾ ਗਿਆ ਹੈ ਕਿ ਤੇਲੁਗੂ ਦੇਸਮ ਪਾਰਟੀ ਦੇ ਸੰਸਦ ਮੈਂਬਰ ਸੀਐਮ ਰਮੇਸ਼ ਅਤੇ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨਾਲ ਗੱਲਬਾਤ ਕਰਨ ਤੋਂ ਬਾਅਦ ਕੇਸ ਬੰਦ ਕਰ ਦਿੱਤਾ ਗਿਆ।
ਸੀਬੀਆਈ ਦੇ ਬੁਲਾਰੇ ਅਖਿਲੇਸ਼ ਦਿਆਲ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਸੈਕਸ਼ਨ 161 ਤਹਿਤ ਮੋਈਨ ਕੁਰੈਸ਼ੀ ਕੇਸ ਦੇ ਇੱਕ ਗਵਾਹ ਸਤੀਸ਼ ਸਨਾ ਬਾਬੂ ਦਾ ਜਿਹੜਾ ਬਿਆਨ ਘੜਿਆ ਗਿਆ ਹੈ, ਉਸ ਬਾਰੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਿੱਚ 26 ਸਤੰਬਰ ਨੂੰ ਰਿਕਾਰਡ ਕੀਤਾ ਗਿਆ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਉਸ ਦਿਨ ਸਨਾ ਸਤੀਸ਼ ਬਾਬੂ ਦਿੱਲੀ ਵਿੱਚ ਮੌਜੂਦ ਹੀ ਨਹੀਂ ਸਨ। ਉਸ ਦਿਨ ਉਹ ਹੈਦਰਾਬਾਦ ਵਿੱਚ ਸਨ। ਸਨਾ ਜਾਂਚ ਵਿੱਚ ਪਹਿਲੀ ਅਕਤੂਬਰ ਨੂੰ ਸ਼ਾਮਲ ਹੋਏ ਹਨ।"
ਇਸ ਕਾਲਪਨਿਕ ਬਿਆਨ ਦੀ ਪੜਤਾਲ ਬਾਰੇ ਜਾਂਚ ਅਧਿਕਾਰੀ ਵਜੋਂ ਦੇਵਿੰਦਰ ਕੁਮਾਰ ਦੇ ਦਸਤਖ਼ਤ ਹਨ। ਦਰਜ ਬਿਆਨ ਸਵਾਲ-ਜੁਆੂਬ ਦੇ ਰੂਪ ਵਿੱਚ ਹੈ। ਸਨਾ ਸਤੀਸ਼ ਬਾਬੂ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਹੈ, "ਜਦੋਂ ਤੁਸੀਂ ਇਹ ਕਿਹਾ ਹੈ ਕਿ ਤੁਹਾਡੇ ਖਿਲਾਫ ਜਾਂਚ ਪੂਰੀ ਹੋ ਚੁੱਕੀ ਹੈ ਫੇਰ ਵੀ ਸੀਬੀਆਈ ਨੇ ਪੁੱਛਗਿੱਛ ਲਈ ਕਿਉਂ ਸੱਦਿਆ?"
ਇਸ ਸਵਾਲ ਦੇ ਜੁਆਬ ਵਿੱਚ ਸਨਾ ਨੇ ਕਿਹਾ ਹੈ, "ਜੂਨ 2018 ਵਿੱਚ ਮੈਂ ਆਪਣੇ ਦੋਸਤ ਟੀਡੀਪੀ ਦੇ ਰਾਜ ਸਭਾ ਮੈਂਬਰ ਸੀਐਮ ਰਮੇਸ਼ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਸੰਬੰਧਿਤ ਨਿਰਦੇਸ਼ਕ ਨਾਲ ਗੱਲ਼ ਕਰਨਗੇ।
ਮੈਂ ਸੀਐਮ ਰਮੇਸ਼ ਨਾਲ ਲਗਾਤਾਰ ਮਿਲਦਾ ਰਿਹਾ। ਇੱਕ ਦਿਨ ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੇ ਇਸ ਕੇਸ ਬਾਰੇ ਨਿਰਦੇਸ਼ਕ ਨਾਲ ਗੱਲ ਕੀਤੀ ਹੈ। ਰਮੇਸ਼ ਨੇ ਇਹ ਵੀ ਕਿਹਾ ਕਿ ਸੀਬੀਆਈ ਉਨ੍ਹਾਂ ਨੂੰ ਦੁਬਾਰਾ ਪੁੱਛਗਿੱਛ ਲਈ ਨਹੀਂ ਬੁਲਾਵੇਗੀ। ਜੂਨ ਤੋਂ ਬਾਅਦ ਸੀਬੀਆਈ ਨੇ ਮੈਨੂੰ ਨਹੀਂ ਬੁਲਾਇਆ। ਅਜਿਹੇ ਵਿੱਚ ਮੈਨੂੰ ਇਸ ਬਾਰੇ ਭਰੋਸਾ ਸੀ ਕਿ ਮੇਰੇ ਖਿਲਾਫ ਜਾਂਚ ਪੂਰੀ ਹੋ ਗਈ ਹੈ।"
ਇਸ ਬਾਰੇ ਇੰਡੀਅਨ ਐਕਸਪ੍ਰੈਸ ਤੋਂ ਸੀਐਮ ਰਮੇਸ਼ ਨੇ ਕਿਹਾ ਹੈ, "ਹੁਣ ਤੱਕ ਦੇ ਜੀਵਨ ਵਿੱਚ ਸੀਬੀਆਈ ਦੇ ਇੱਕ ਸਿਪਾਹੀ ਨਾਲ ਵੀ ਮੇਰੀ ਮੁਲਾਕਾਤ ਨਹੀਂ ਹੋਈ। ਸਾਰੀਆਂ ਗੱਲਾਂ ਮਨਘੜਤ ਹਨ ਅਤੇ ਮੇਰੀ ਦਿੱਖ ਖਰਾਬ ਕਰਨ ਦਾ ਸਾਜਿਸ਼ ਹੈ। ਅਜਿਹਾ ਸਾਰਾ ਕੁਝ ਉਸ ਸਮੇਂ ਹੋ ਰਿਹਾ ਹੈ ਜਦੋਂ ਸਾਡੀ ਪਾਰਟੀ ਐਨਡੀਏ ਦਾ ਹਿੱਸਾ ਨਹੀਂ ਹੈ। ਹੁਣ ਤਾਂ ਸੀਬੀਆਈ ਦਾ ਵੀ ਕਹਿਣਾ ਹੈ ਕਿ ਸਨਾ ਸਤੀਸ਼ ਬਾਬੂ ਦਾ ਬਿਆਨ ਮਨਘੜਤ ਹੈ।"
19 ਅਕਤੂਬਰ ਨੂੰ ਅਸਥਾਨਾ ਨੇ ਸੀਵੀਸੀ ਨੂੰ ਇੱਕ ਚਿੱਠੀ ਲਿਖੀ। ਜਿਸ ਵਿੱਚ ਉਨ੍ਹਾਂ ਨੇ ਇਲਜ਼ਾਮ ਲਾਇਆ ਹੈ, "ਸਨਾ ਨੇ ਰਮੇਸ਼ ਨਾਲ ਰਾਬਤਾ ਕੀਤਾ ਅਤੇ ਰਮੇਸ਼ ਨੇ ਆਲੋਕ ਵਰਮਾ ਨਾਲ ਮੁਲਾਕਾਤ ਕੀਤੀ। ਸਨਾ ਨੂੰ ਸੀਬੀਆਈ ਵੱਲੋਂ ਯਕੀਨ ਦੁਆਇਆ ਗਿਆ ਕਿ ਉਨ੍ਹਾਂ ਨੂੰ ਮੁੜ ਨਹੀਂ ਸੱਦਿਆ ਜਾਵੇਗਾ।"
ਰਿਸ਼ਵਤ
ਅਸਥਾਨਾ ਦੀ ਇਹ ਚਿੱਠੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਐਫਆਈਆਰ ਵਿੱਚ ਦੁਬਈ ਦੇ ਕਾਰੋਬਾਰੀ ਮਨੋਜ ਪ੍ਰਸਾਦ ਦਾ ਨਾਮ ਆਇਆ ਹੈ। ਮਨੋਜ ਉੱਪਰ ਇਲਜ਼ਾਮ ਹਨ ਕਿ ਉਹ ਸਨਾ ਨਾਲ ਅਸਥਾਨਾ ਲਈ ਰਿਸ਼ਵਤ ਇਕੱਠੀ ਕਰ ਰਹੇ ਸਨ। ਮਨੋਜ ਨੇ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਮਨੋਜ 25 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਹਨ।
ਇਹ ਵੀ ਪੜ੍ਹੋ
ਅਸਥਾਨਾ ਅਤੇ ਕੁਮਾਰ ਤੋਂ ਇਲਾਵਾ ਸੀਬੀਆਈ ਦੀ ਐਫਆਈਆਰ ਸੰਖਿਆ 13ਏ/2018 ਵਿੱਚ ਮਨੋਜ ਪ੍ਰਸਾਦ ਅਤੇ ਸੋਮੇਸ਼ਵਰ ਪ੍ਰਸਾਦ ਦਾ ਨਾਮ ਵੀ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ। ਐਫਆਈਆਰ ਵਿੱਚ ਦਸੰਬਰ 2017 ਤੋਂ ਅਕਤੂਬਰ 2018 ਦਰਮਿਆਨ ਰਿਸ਼ਵਤ ਲੈਣ ਦੀ ਗੱਲ ਕਹੀ ਗਈ ਹੈ।
ਸਨਾ ਦੇ ਬਿਆਨ ਮੁਤਾਬਕ ਰਿਸ਼ਵਤ ਪੰਜ ਵਾਰ ਤੋਂ ਵਧੇਰੇ ਵਾਰੀ ਦਿੱਤੀ ਗਈ।
ਸੀਬੀਆਈ ਜਾਂਚ ਤੋਂ ਪਤਾ ਲਗਦਾ ਹੈ ਕਿ ਸਨਾ ਖਿਲਾਫ਼ ਅਕਤੂਬਰ ਅਤੇ ਨਵੰਬਰ 2017 ਵਿੱਚ ਚਾਰ ਵਾਰ ਸੰਮਨ ਭੇਜੇ ਗਏ। ਇਲਜ਼ਾਮ ਹੈ ਕਿ੍ ਪੰਜ ਕਰੋੜ ਵਿੱਚੋਂ 2.5 ਕਰੋੜ ਦੀ ਰਿਸ਼ਵਤ ਮਿਲਣ ਮਗਰੋਂ ਸੰਮਨ ਬੰਦ ਹੋ ਗਏ।
ਬਾਅਦ ਵਿੱਚ ਸਨਾ ਖਿਲਾਫ ਲੁਕਆਊਟ ਨੋਟਿਸ ਜਾਰੀ ਕਰਕੇ ਦੇਸ ਤੋਂ ਬਾਹਰ ਜਾਣ 'ਤੇ ਰੋਕ ਲਾ ਦਿੱਤੀ ਗਈ।
ਸੀਬੀਆ ਦੀ ਘਰੇਲੂ ਲੜਾਈ ਵਿੱਚ ਇਹ ਦੋ ਅਫਸਰ ਕੌਣ ਹਨ
ਆਲੋਕ ਵਰਮਾ ਸੀਬੀਆਈ ਮੁਖੀ ਹਨ ਅਤੇ ਰਾਕੇਸ਼ ਦੂਸਰੇ ਨੰਬਰ ਦੇ ਅਧਿਕਾਰੀ ਹਨ। ਇਸ ਸਪਸ਼ਟ ਮਾਮਲੇ ਨੂੰ ਛੱਡ ਦੇਈਏ ਤਾਂ ਦੋਹਾਂ ਵਿਚਕਾਰ ਪਹਿਲਾਂ ਕਦੇ ਕੋਈ ਵੱਡਾ ਵਿਵਾਦ ਨਹੀਂ ਹੋਇਆ।
ਵਰਮਾ ਆਪਣੇ ਬੈਚ ਦੇ ਸਭ ਤੋਂ ਛੋਟੀ ਉਮਰ ਦੇ ਆਈਪੀਐਸ ਅਫਸਰ ਸਨ। ਉਹ ਇਸ ਅਹੁਦੇ ਤੋਂ ਪਹਿਲਾਂ ਕਈ ਜਿਮੇਂਵਾਰ ਅਹੁਦਿਆਂ 'ਤੇ ਰਹੇ ਹਨ।
ਰਾਕੇਸ਼ ਅਸਥਾਨਾ ਗੁਜਰਾਤ ਕਾਰਡਰ ਦੇ 1984 ਬੈਚ ਦੇ ਅਫ਼ਸਰ ਹਨ। ਉਨ੍ਹਾਂ ਨੇ ਕਈ ਅਹਿਮ ਕੇਸਾਂ ਦੀ ਜਾਂਚ ਕੀਤੀ ਹੈ। ਜਿਸ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਘੋਟਾਲਾ ਵੀ ਸ਼ਾਮਲ ਹੈ। ਗੋਧਰਾ ਰੇਲ ਹਾਦਸੇ ਦੀ ਜਾਂਚ ਵੀ ਉਨ੍ਹਾਂ ਕੀਤੀ ਸੀ
ਸਨਾ ਸਤੀਸ਼ ਬਾਬੂ
ਉਨ੍ਹਾਂ ਦੇ ਟੀਡੀਪੀ, ਕਾਂਗਰਸ ਅਤੇ ਵਾਈਐਸਆਰ ਦੇ ਆਗੂਆਂ ਨਾਲ ਵਧੀਆ ਸੰਬੰਧ ਰਹੇ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਦਾ ਨਾਮ 2015 ਦੀ ਈਡੀ ਜਾਂਚ ਵਿੱਚ ਸਾਹਮਣੇ ਆਇਆ ਸੀ। 2017 ਵਿੱਚ ਉਨ੍ਹਾਂ ਨੇ ਮੋਇਨ ਕੁਰੈਸ਼ੀ ਵੱਲੋਂ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।
ਮੋਇਨ ਕੁਰੈਸ਼ੀ ਕੌਣ ਹਨ
ਸੀਬੀਆਈ ਦੇ ਦੋਹਾਂ ਨਿਰਦੇਸ਼ਕਾਂ ਵਿੱਚ ਟਕਰਾਅ ਦਾ ਕਾਰਨ ਇਹੀ ਹਨ।
ਮੋਇਨ ਨੇ ਸਾਲ 1993 ਵਿੱਚ ਆਪਣਾ ਵਪਾਰ ਯੂਪੀ ਵਿੱਚੋਂ ਇੱਕ ਬੁੱਚੜਖਾਨੇ ਤੋਂ ਸ਼ੁਰੂ ਕੀਤਾ ਸੀ।
ਆਉਂਦੇ ਸਮਿਆਂ ਵਿੱਚ ਉਹ ਭਾਰਤ ਦੇ ਸਭ ਤੋਂ ਵੱਡੇ ਮਾਸ ਵਪਾਰੀ ਬਣ ਗਏ। ਉਨ੍ਹਾਂ ਦੀਆਂ 25 ਵੱਖ-ਵੱਖ ਮੀਟ ਕੰਪਨੀਆਂ ਹਨ।
2014 ਵਿੱਚ ਮੋਦੀ ਨੇ ਕਾਂਗਰਸ ਸਰਕਾਰ ਉੱਪਰ ਇਲਜ਼ਾਮ ਲਾਇਆ ਸੀ ਕਿ ਉਹ ਕੁਰੈਸ਼ੀ ਖਿਲਾਫ ਜਾਂਚ ਨਹੀਂ ਕਰ ਪਾ ਰਹੀ।
ਕੁਰੈਸ਼ੀ ਉੱਪਰ ਆਮਦਨ ਕਰ ਜਮਾਂ ਨਾ ਕਰਾਉਣ ਦਾ ਇਲਜ਼ਾਮ ਹੈ। ਈਡੀ ਵੀ ਉਨ੍ਹਾਂ ਖਿਲਾਫ ਜਾਂਚ ਕਰ ਰਹੀ ਹੈ।
ਇਹ ਵੀਡੀਓ ਵੀ ਜ਼ਰੂਰ ਦੇਖੋ