ਪਾਕਿਸਤਾਨ: ਸਿਗਰਟ ਲੜਕੇ ਦੇ ਫੇਫੜੇ, ਪਰ ਲੜਕੀ ਦਾ ਚਰਿੱਤਰ ਖ਼ਰਾਬ ਕਰਦੀ ਹੈ - ਕਾਲਜ ਦੀ ਵਿਦਿਆਰਥਣ

    • ਲੇਖਕ, ਸ਼ੁਮਾਇਲਾ ਜਾਫ਼ਰੀ
    • ਰੋਲ, ਬੀਬੀਸੀ ਪੱਤਰਕਾਰ, ਲਾਹੌਰ ਤੋਂ

"ਔਰਤ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਨ੍ਹਾਂ ਮਰਦਾਂ ਨੇ ਔਰਤ 'ਤੇ ਤਸ਼ੱਦਦ ਕੀਤੇ ਹਨ, ਅਖੇ ਉਹੀ ਇਨ੍ਹਾਂ ਦੀ ਰਾਖੀ ਕਰ ਸਕਦੇ ਹਨ।"

ਇਹ ਕਹਿਣਾ ਹੈ ਲਾਹੌਰ ਦੀ ਇੱਕ ਵਿਦਿਆਰਥਣ ਰੁਮੈਸ਼ਾ ਮੁਬਸਰ ਦਾ ਜਿਸ ਨੇ #BBCShe ਤਹਿਤ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਗੱਲਬਾਤ ਕੀਤੀ।

ਕਾਲਜ ਦੀਆਂ ਕਈ ਹੋਰ ਵਿਦਿਆਰਥਣਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਰੁਮੈਸ਼ਾ ਨੇ ਕਿਹਾ, "ਮੇਰੀ ਮਾਂ ਨੇ ਦੱਸਿਆ ਕਿ ਤੇਰੇ ਜਨਮ ਸਮੇਂ ਤੇਰੇ ਪਿਤਾ ਇੰਨੇ ਖੁਸ਼ ਸਨ ਕਿ ਤੇਰੇ ਮਾਮਿਆਂ ਨੇ ਕਿਹਾ ਕਿ ਤੁਹਾਡੀ ਖੁਸ਼ੀ ਤੋਂ ਲੱਗ ਨਹੀਂ ਰਿਹਾ ਕਿ ਤੁਹਾਡੇ ਬੇਟੀ ਹੋਈ ਹੈ। ਮੈਨੂੰ ਮੇਰੇ ਅੱਬਾ ਨੇ ਬੜੇ ਲਾਡਾਂ ਨਾਲ ਪਾਲਿਆ।"

ਇਹ ਵੀ ਪੜ੍ਹੋ:

"ਸਮਾਜ ਨੇ ਅਜਿਹਾ ਕਿਉਂ ਬਣਾ ਦਿੱਤਾ ਹੈ ਕਿ ਲੋਕ ਧੀਆਂ ਦੇ ਜਨਮ 'ਤੇ ਖ਼ੁਸ਼ ਨਹੀਂ ਹੁੰਦੇ।"

"ਪਾਕਿਸਤਾਨ ਵਿੱਚ ਤਿੰਨ ਤੋਂ ਚਾਰ ਔਰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਜ਼ਿਆਦਾਤਰ ਇਸ ਦੀ ਸ਼ਿਕਾਇਤ ਨਹੀਂ ਕਰਦੀਆਂ। ਪਹਿਲਾਂ ਤਾਂ ਸਾਨੂੰ ਪਤਾ ਨਹੀਂ ਹੈ ਕਿ ਹਰਾਸਮੈਂਟ ਕੀ ਹੈ। ਅਸੀਂ ਸੋਚਦੇ ਹਾਂ ਕਿ ਜਦੋਂ ਤੱਕ ਫਿਜ਼ੀਕਲ ਹਰਾਸਮੈਂਟ ਨਹੀਂ ਹੁੰਦੀ ਤਦ ਤੱਕ ਹਰਾਸਮੈਂਟ ਹੋਈ ਹੀ ਨਹੀਂ। ਦੇਖਣਾ ਤੇ ਕੋਈ ਗੱਲ ਹੀ ਨਹੀਂ ਨਾ।"

ਫਿਰ ਰੁਮੈਸ਼ਾ ਮੁਬਸਰ ਨੇ ਆਪਣੇ ਬਚਪਨ ਦਾ ਤਜ਼ਰਬਾ ਦੱਸਿਆ, "ਮੈਂ ਨੌਂ ਸਾਲਾਂ ਦੀ ਸੀ। ਮੇਰੇ ਰਿਸ਼ਤੇਦਾਰ ਨੇ ਮੈਨੂੰ ਹਰਾਸ ਕੀਤਾ। ਅੱਲ੍ਹਾ ਦਾ ਸ਼ੁਕਰ ਹੈ, ਮੈਂ ਰੇਪ ਤੋਂ ਬਚ ਗਈ।"

"ਮੈਂ ਨੱਸ ਕੇ ਆਪਣੀ ਅੰਮੀ ਨੂੰ ਦੱਸਿਆ, ਮਾਮੂ ਨੇ ਮੈਨੂੰ ਟੱਚ ਕੀਤਾ ਹੈ ਮੈਨੂੰ ਨਹੀਂ ਅੱਛਾ ਲੱਗ ਰਿਹਾ। ਉਨ੍ਹਾਂ ਮੈਨੂੰ ਕਿਹਾ, ਚੁੱਪ ਕਰ ਜਾ ਤੇਰਾ ਪਿਓ ਉਹਨੂੰ ਕਤਲ ਕਰ ਦੇਵੇਗਾ।"

"ਉਦੋਂ ਮੈਂ ਡਰ ਗਈ ਤੇ ਚੁੱਪ ਕਰ ਗਈ, ਹੁਣ ਮੈਂ ਸਮਝ ਰਹੀ ਹਾਂ ਪਰ ਕੁਝ ਨਹੀਂ ਕਰ ਸਕਦੀ।"

"ਮੈਂ ਉਸ ਬੰਦੇ ਲਈ ਚਾਹਵਾਂ ਬਣਾਉਂਦੀ ਹਾਂ, ਬਿਸਕੁਟ ਦਿੰਦੀ ਹਾਂ। ਮੈਂ ਜਾਣਦੀ ਹਾਂ ਮੈਨੂੰ ਕਿੰਨੀ ਤਕਲੀਫ ਹੁੰਦੀ ਹੈ। ਉਸ ਦੀਆਂ ਅਸੀਸਾਂ ਸੁਣ ਕੇ ਮੈਂ ਕੰਬ ਉਠਦੀ ਹਾਂ ਤੇ ਮੇਰਾ ਦਿਲ ਕਹਿੰਦਾ ਹੈ ਕਿ ਤੂੰ ਕੌਣ ਹੁੰਨੈਂ ਇਹੋ-ਜਿਹੀਆਂ ਗੱਲਾਂ ਕਰਨ ਵਾਲਾ, ਤੈਨੂੰ ਉਸ ਵੇਲੇ ਸ਼ਰਮ ਨਹੀਂ ਆਈ।"

ਉਨ੍ਹਾਂ ਨੇ ਮੁੱਦਾ ਚੁੱਕਿਆ ਕਿ ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਬਾਡੀ ਪਾਬੰਦੀ ਲਾ ਦਿੰਦੀ ਹੈ ਇਸ ਕਾਰਨ ਪਾਕਿਸਤਾਨ ਵਿੱਚ ਸੈਕਸ਼ੂਅਲ ਹਰਾਸਮੈਂਟ ਬਾਰੇ ਪ੍ਰੋਗਰਾਮ ਨਹੀਂ ਬਣ ਰਹੇ।

"ਮੀਡੀਆ ਨੇ ਹਾਲੇ ਇਸ ਬਾਰੇ ਕੰਮ ਕਰਨਾ ਸ਼ੁਰੂ ਕੀਤਾ ਹੈ ਪਰ ਪਾਕਿਸਤਾਨ ਦੀ ਮੀਡੀਆ ਰੈਗੂਲੇਟਰੀ ਬਾਡੀ ਇਸ ਨੂੰ ਕੰਮ ਨਹੀਂ ਕਰਨ ਦੇ ਰਹੀ।"

ਟੋਭਾ ਟੇਕ ਸਿੰਘ ਦੀ ਲਾਮਿਆ ਰੱਬ ਨਵਾਜ਼ ਨੇ ਕਿਹਾ, "ਔਰਤਾਂ ਦੇ ਮਸਲਿਆਂ ਬਾਰੇ ਗੱਲ ਸਿਰਫ ਅੰਗਰੇਜ਼ੀ ਜਾਂ ਉਰਦੂ ਵਿੱਚ ਹੀ ਨਹੀਂ ਹੋਣੀ ਚਾਹੀਦੀ, ਸਗੋਂ ਹਰ ਔਰਤ ਦਾ ਇਸ ਜਾਣਕਾਰੀ 'ਤੇ ਹੱਕ ਹੈ ਭਾਵੇਂ ਉਸਨੂੰ ਉਰਦੂ ਅੰਗਰੇਜ਼ੀ ਨਾ ਹੀ ਆਉਂਦੀ ਹੋਵੇ। ਪੰਜਾਬੀ ਵਿੱਚ ਇਹ ਪ੍ਰੋਗਰਾਮ ਕਰਕੇ ਬੀਬੀਸੀ ਵਧੀਆ ਕੰਮ ਕਰ ਰਿਹਾ ਹੈ।"

"ਪਿਛਲੇ ਦਿਨੀਂ ਕਾਲਜ ਵਿੱਚ ਬ੍ਰੈਸਟ ਕੈਂਸਰ ਬਾਰੇ ਸੈਮੀਨਾਰ ਹੋਇਆ। ਸਾਡੇ ਟੀਚਰਾਂ ਨੇ ਸਾਨੂੰ ਜਮਾਤਾਂ 'ਚੋਂ ਇੰਝ ਕੱਢਿਆ ਜਿਵੇਂ ਅਸੀਂ ਉਸ ਸੈਮੀਨਾਰ 'ਚ ਜਾ ਕੇ ਕੋਈ ਗੁਨਾਹ ਕਰ ਰਹੀਆਂ ਹੋਈਏ। ਸਾਰੇ ਕਾਲਜ ਵਿੱਚ ਬੈਨਰ ਲੱਗੇ ਨੇ, ਹਾਲੇ ਵੀ ਤੁਹਾਨੂੰ ਸ਼ਰਮ ਆਂਦੀ ਹੈ।"

ਫਿਰ ਉੱਥੇ ਜਿਹੜਾ ਆ ਰਿਹਾ ਉਹ ਅੰਗਰੇਜ਼ੀ 'ਚ ਬੋਲ ਰਿਹੈ। ਨਾ ਉਹ ਪੰਜਾਬੀ 'ਚ ਬੋਲ ਰਿਹਾ ਨਾ ਉਰਦੂ ਵਿੱਚ ਬੋਲ ਰਿਹਾ। ਉੱਥੇ ਬੈਠੀ ਕਾਲਜ ਦੀ ਇੱਕ ਕਰਮਚਾਰਨ ਨੂੰ ਦੇਖ ਕੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਇਸ ਦਾ ਕੀ ਕਸੂਰ ਹੈ?"

"ਇਸ ਦੇ ਆਸਪਾਸ ਇੰਨਾ ਕੁਝ ਹੋ ਰਿਹਾ ਹੈ, ਇਸ ਸਭ ਦੀ ਜਾਣਕਾਰੀ ਇਸ ਨੂੰ ਮਿਲਣੀ ਚਾਹੀਦੀ ਹੈ।"

ਚੰਗਾ ਕੰਮ ਵੀ ਗੁਨਾਹ ਵਾਂਗ ਕੀਤਾ ਜਾਂਦਾ ਹੈ

ਲਾਮਿਆ ਨੇ ਬੁਲਾਰਿਆਂ ਦੇ ਅੰਗਰੇਜ਼ੀ ਬੋਲਣ ਦੀ ਵਜ੍ਹਾ ਵੀ ਦੱਸੀ, "ਲੋਕ ਅੰਗਰੇਜ਼ੀ ਵਿੱਚ ਇਸ ਲਈ ਗੱਲ ਕਰ ਰਹੇ ਸਨ ਕਿ ਸ਼ਾਇਦ ਉਨ੍ਹਾਂ ਨੂੰ ਬ੍ਰੈਸਟ ਬੋਲਣ ਵਿੱਚ ਉਨੀ ਸ਼ਰਮ ਨਾ ਆਵੇ ਜਿੰਨੀ ਛਾਤੀ ਬੋਲਣ ਵਿੱਚ ਆਵੇ।"

"ਤੁਹਾਨੂੰ ਆਪਣੀ ਜ਼ਬਾਨ ਨਾਲ ਵੀ ਸ਼ਰਮ ਹੈ। ਤੁਸੀਂ ਚੰਗਾ ਕੰਮ ਵੀ ਇੰਝ ਗੁਨਾਹ ਸਮਝ ਕੇ ਲੁਕ-ਲੁਕ ਕੇ ਕਰ ਰਹੇ ਹੋ।"

"ਅੰਤ ਵਿੱਚ ਉਨ੍ਹਾਂ ਇਸ ਗੱਲ ਦੀ ਸਹੁੰ ਚੁਕਾਈ ਕਿ ਮੈਂ ਇੱਕ ਮਾਂ ਹਾਂ, ਬੇਟੀ ਹਾਂ, ਪਤਨੀ ਹਾਂ ਇਸ ਲਈ ਇੰਨੇ ਸਾਰੇ ਮਰਦ ਜੋ ਮੇਰੇ 'ਤੇ ਨਿਰਭਰ ਹਨ ਉਨ੍ਹਾਂ ਦਾ ਖ਼ਿਆਲ ਰੱਖਣ ਲਈ ਮੈਨੂੰ ਆਪਣਾ ਖ਼ਿਆਲ ਰੱਖ ਲੈਣਾ ਚਾਹੀਦਾ ਹੈ।"

"ਉਨ੍ਹਾਂ ਇਹ ਕਿਉਂ ਨਾ ਕਿਹਾ ਕਿ ਮੈਂ ਇੱਕ ਔਰਤ ਹਾਂ ਤੇ ਇਸ ਲਈ ਮੈਨੂੰ ਆਪਣਾ ਖ਼ਿਆਲ ਰੱਖਣ ਦਾ ਹੱਕ ਹੈ?"

ਲਾਮਿਆ ਨੇ ਕੁੜੀਆਂ ਤੇ ਮੁੰਡਿਆਂ ਦੇ ਹੋਸਟਲ ਦੇ ਸਮੇਂ ਵਿਚਲੇ ਅੰਤਰ ਦਾ ਮਸਲਾ ਵੀ ਚੁੱਕਿਆ।

ਇਹ ਵੀ ਪੜ੍ਹੋ:

ਲਾਮਿਆ ਨੇ ਕੁੜੀ ਤੇ ਮੁੰਡੇ ਵਿੱਚ ਵਿਤਕਰੇ ਦੀ ਇੱਕ ਮਿਸਾਲ ਹੋਰ ਆਪਣੇ ਘਰੋਂ ਦਿੰਦਿਆਂ ਕਿਹਾ, "ਜਦੋਂ ਮੇਰੇ ਭਰਾ ਨੇ ਸਿਗਰਟ ਪੀਣੀ ਸ਼ੁਰੂ ਕੀਤੀ ਤਾਂ ਉਸਨੂੰ ਬੜੇ ਪਿਆਰ ਨਾਲ ਸਮਝਾਇਆ, ਤੂੰ ਜਵਾਨ-ਜਹਾਨ ਹੈਂ ਸਿਗਰਟ ਪੀਏਂਗਾ ਸਿਹਤ ਖ਼ਰਾਬ ਹੋ ਜਾਵੇਗੀ। ਅਸੀਂ ਤੇਰੇ ਬਿਨਾਂ ਕੀ ਕਰਾਂਗੇ। ਇਹ ਕਹਿ ਕੇ ਉਨ੍ਹਾਂ ਨੇ ਉਸਦੀ ਸਿਗਰਟ ਛੁਡਾ ਦਿੱਤੀ ਜਿਸਦੀ ਮੈਨੂੰ ਉਮੀਦ ਨਹੀਂ ਹੈ।"

ਸਿਗਰਟ ਦੇ ਵੀ ਨੁਕਸਾਨ ਵੱਖੋ-ਵੱਖ ਹਨ

"ਮੇਰੀ ਮਾਂ ਨੂੰ ਪਤਾ ਨਹੀਂ ਕੀ ਹੋਇਆ, ਮੈਨੂੰ ਕਹਿੰਦੀ ਐਹ ਕੁਰਾਨ ਹੈ, ਇਸਦੀ ਸਹੁੰ ਖਾ ਕੇ ਦੱਸ ਤੂੰ ਸਿਗਰਟ ਤਾਂ ਨਹੀਂ ਪੀਂਦੀ। ਮਤਲਬ ਸਿਗਰਟ ਪੀਣਾ ਲੜਕੇ ਦੇ ਫੇਫੜੇ ਖ਼ਰਾਬ ਕਰਦੈ ਲੇਕਿਨ ਲੜਕੀ ਦਾ ਕਰੈਕਟਰ ਖ਼ਰਾਬ ਕਰਦਾ ਹੈ।"

"ਮੀਡੀਆ ਗੈਰ-ਬਰਾਬਰੀ ਨੂੰ ਸਿਰਫ ਉੱਥੇ ਚੁੱਕਦਾ ਹੈ ਜਿੱਥੇ ਉਸਦਾ ਆਪਣਾ ਕੋਈ ਇੰਟਰਸਟ ਹੈ। ਸਿਰਫ਼ ਇਸ਼ਤਿਹਾਰ ਵਜੋਂ। ਉਂਝ ਕਿਸੇ ਨੂੰ ਇਸ ਮਸਲੇ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ।"

"ਉਹ ਸਿਰਫ ਇਸ ਲਈ ਅਜਿਹੇ ਇਸ਼ਤਿਹਾਰ ਬਣਾਉਂਦੇ ਹਨ ਕਿਉਂਕਿ ਅੱਜ-ਕੱਲ੍ਹ ਫੈਮਨਿਜ਼ਮ ਵਿਕਦਾ ਹੈ। ਜੇ ਅਸੀਂ ਅਜਿਹੇ ਇਸ਼ਤਿਹਾਰ ਬਣਾਵਾਂਗੇ ਤਾਂ ਸਾਡਾ ਡਰਾਮਾ ਚੱਲੇਗਾ।"

"ਕਾਲਜ ਦੀ ਇੱਕ ਹੋਰ ਵਿਦਿਆਰਥਣ ਅਨੂ ਜ਼ਫਰ ਨੇ ਕਿਹਾ ਕਿ ਫੈਮਿਨਿਜ਼ਮ ਨੂੰ ਬੜਾ ਹਲਕਾ ਲਿਆ ਜਾ ਰਿਹਾ ਹੈ। ਹਰਾਸਮੈਂਟ ਦੀ ਖ਼ਬਰ ਕੁਝ ਦਿਨਾਂ ਬਾਅਦ ਇੱਧਰ-ਉੱਧਰ ਇਲਜ਼ਾਮ ਲਾ ਕੇ ਬੰਦ ਕਰ ਦਿੱਤਾ ਜਾਂਦਾ ਹੈ।"

"ਮੀਡੀਆ ਨੇ ਸਮਾਜ ਦਾ ਸੱਤਿਆਨਾਸ ਕਰ ਦਿੱਤਾ ਹੈ। ਔਰਤ ਨੂੰ ਸਿਰਫ ਇੱਕ ਕਮਜ਼ੋਰ ਵਜੋਂ ਦਿਖਾਇਆ ਜਾਂਦਾ ਹੈ ਜਿਸ ਨੇ ਜਵਾਬ ਨਹੀਂ ਦੇਣਾ। ਅਜਿਹਾ ਕਿਉਂ?"

"ਜੇ ਤੁਸੀਂ ਔਰਤਾਂ ਵਿੱਚ ਹਿੰਮਤ-ਜਜ਼ਬਾ ਦਿਖਾਓਗੇ ਤਾਂ ਉਹ ਵੀ ਕੁਝ ਕਰੇਗੀ। ਮੀਡੀਆ ਨੂੰ ਔਰਤ ਨੂੰ ਨਾਜ਼ੁਕ ਨਹੀਂ ਦਿਖਾਉਣਾ ਚਾਹੀਦਾ।"

‘ਔਰਤ ਨੂੰ ਇਨਸਾਨ ਦਾ ਦਰਜਾ ਹੀ ਨਹੀਂ’

ਲੌਂਗੋਕੀ ਪਿੰਡ ਤੋਂ ਮੋਇਬਾ ਅਹਿਮਦ ਮੁਤਾਬਕ, "ਔਰਤ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਉਸਦਾ ਆਪਣਾ ਘਰ ਹੀ ਨਹੀਂ ਹੈ। ਜਨਮ ਸਮੇਂ ਮਾਪੇ ਕਹਿੰਦੇ ਹਨ ਕਿ ਤੂੰ ਪਰਾਈ ਹੈਂ। ਅਗਲੇ ਘਰ ਵਾਲੇ ਕਹਿੰਦੇ ਹਨ ਕਿ ਤੂੰ ਜੋ ਕੁਝ ਕਰਨਾ ਸੀ ਆਪਣੇ ਮਾਪਿਆਂ ਦੇ ਘਰ ਕਰ।"

"ਇੰਝ ਕਿਉਂ ਹੈ ਕਿ ਔਰਤ ਨੂੰ ਇਨਸਾਨ ਦਾ ਦਰਜਾ ਹੀ ਨਹੀਂ ਦਿੱਤਾ ਜਾਂਦਾ। ਮਰਦ ਘਰ ਲੈ ਕੇ ਪੈਦਾ ਹੁੰਦਾ ਹੈ ਤੇ ਔਰਤ ਸਾਰੀ ਉਮਰ ਬੇਘਰ ਹੀ ਰਹਿੰਦੀ ਹੈ।"

"ਔਰਤ ਦੀ ਸੈਕਸ਼ੂਐਲਿਟੀ, ਪੀਰੀਅਡਜ਼ ਅਤੇ ਇਹ ਕਿ ਨਿੱਕੀ-ਨਿੱਕੀ ਗੱਲ ਨਾਲ ਔਰਤ ਦੇ ਕਿਰਦਾਰ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਇਹ ਸਾਰੇ ਮਸਲੇ ਮੀਡੀਆ ਨੂੰ ਚੁੱਕਣੇ ਚਾਹੀਦੇ ਹਨ।"

"ਸਮਾਜ ਦੇ ਦਿਮਾਗ ਵਿੱਚੋਂ ਗੰਦਗੀ ਕੱਢਣ ਦੀ ਜਿੰਮੇਵਾਰੀ ਮੀਡੀਆ ਨੂੰ ਲੈਣੀ ਚਾਹੀਦੀ ਹੈ।"

"ਦੂਸਰਾ ਡਰਾਮਿਆਂ ਆਦਿ ਵਿੱਚ ਔਰਤ ਨੂੰ ਹੀ ਬੇਅਕਲ ਦਿਖਾਇਆ ਜਾਂਦਾ ਹੈ ਅਤੇ ਮਰਦ ਨੂੰ ਅਕਲਮੰਦ। ਅਜਿਹਾ ਨਹੀਂ ਹੋਣਾ ਚਾਹੀਦਾ।"

ਜ਼ਾਹਿਰਾ ਫਾਤਿਮਾ ਨੇ ਔਰਤ ਦੇ ਲਿਬਾਸ ਬਾਰੇ ਕਿਹਾ, "ਲੜਕੀ ਦੇ ਲਿਬਾਸ ਦੀ ਹੀ ਗੱਲ ਕਿਉਂ ਕੀਤੀ ਜਾਂਦੀ ਹੈ। ਇਸ ਨੇ ਦੁਪੱਟਾ ਕਿਊਂ ਨਹੀਂ ਲਿਆ? ਇੰਨੀ ਕੁ ਗੱਲ ਨਾਲ ਕਰੈਕਟਰ ਖ਼ਰਾਬ ਕਰ ਦਿੰਦੇ ਹਨ ਕਿ ਇਹ ਕੁੜੀ ਨਹੀਂ ਸਹੀ।"

"ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸ਼ਰਮ ਅੱਖਾਂ ਨਾਲ ਹੁੰਦੀ ਹੈ ਦੁਪੱਟੇ ਨਾਲ ਨਹੀਂ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)