ਅੰਮ੍ਰਿਤਸਰ ਧਮਾਕਾ - ਨਿਰੰਕਾਰੀ ਭਵਨ 'ਤੇ ਹੋਏ ਹਮਲੇ ਬਾਰੇ 5 ਗੱਲਾਂ ਜੋ ਹੁਣ ਤੱਕ ਪਤਾ ਹਨ

18 ਨਵੰਬਰ ਨੂੰ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਉੱਤੇ ਹੋਏ ਗ੍ਰੇਨੇਡ ਹਮਲੇ ਮਗਰੋਂ ਪੰਜਾਬ ਭਰ ਵਿੱਚ ਪੁਲਿਸ ਅਲਰਟ 'ਤੇ ਹੈ। ਇਸ ਘਟਨਾ ਦੇ ਸਬੰਧ ਵਿੱਚ ਹੁਣ ਤੱਕ ਦੀਆਂ 5 ਗੱਲਾਂ।

  • ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਭਵਨ 'ਤੇ ਗ੍ਰੇਨੇਡ ਹਮਲਾ ਹੋਇਆ। ਪੁਲਿਸ ਨੇ ਇਸ ਹਮਲੇ ਵਿੱਚ 3 ਲੋਕਾਂ ਦੀ ਮੌਤ ਅਤੇ 19 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।
  • ਜਿਸ ਨਿਰੰਕਾਰੀ ਭਵਨ ਵਿਚ ਧਮਾਕਾ ਹੋਇਆ ਹੈ, ਉਹ ਅੰਮ੍ਰਿਤਸਰ ਰਾਜਾਸਾਂਸੀ ਸੜਕ ਉੱਤੇ ਅੰਮ੍ਰਿਤਸਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਪੈਂਦਾ ਹੈ।
  • ਮੌਕੇ 'ਤੇ ਮੌਜੂਦ ਚਸ਼ਮਦੀਦ ਦੱਸਦੇ ਹਨ ਕਿ ਅਚਾਨਕ ਦੋ ਲੋਕ ਮੋਟਰਸਾਈਕਲ 'ਤੇ ਆਏ। ਉਨ੍ਹਾਂ ਵਿੱਚੋਂ ਇੱਕ ਸੰਗਤ ਦੇ ਨਾਲ ਹੀ ਅੰਦਰ ਚਲਾ ਗਿਆ ਤੇ ਦੂਜੇ ਨੇ ਬੰਦੂਕ ਦੀ ਨੋਕ 'ਤੇ ਅੰਦਰ ਦੀ ਜਾਣਕਾਰੀ ਪੁੱਛੀ।
  • ਹਮਲੇ ਦੀ ਜਾਂਚ ਲਈ ਐਨਆਈਏ ਦੀ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਦੀ ਜਾਂਚ ਵਿੱਚ ਮਦਦ ਕੀਤੀ ਜਾ ਰਹੀ ਹੈ।
  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਲੀਵਾਲ ਗ੍ਰਨੇਡ ਹਮਲੇ ਦੀ ਸੂਹ ਦੇਣ ਵਾਲੇ ਲਈ 50 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 181 'ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਇਹ ਵੀ ਪੜ੍ਹੋ:

ਸੋਸ਼ਲ ਮੀਡੀਆ 'ਤੇ ਸਿਆਸਤਦਾਨਾਂ ਦੇ ਬਿਆਨ

ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸੂਬੇ ਵਿੱਚ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਦੀ ਅਪੀਲ ਕੀਤੀ ਸੀ। ਕੈਪਟਨ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਉੱਧਰ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਖਤਰੇ ਵਿੱਚ ਹੈ।

ਉਨ੍ਹਾਂ ਕਿਹਾ ਪਹਿਲਾਂ ਮਕਸੂਦਾ ਥਾਣੇ 'ਚ ਧਮਾਕਾ ਹੋਇਆ, ਫਿਰ ਆਰਮੀ ਚੀਫ਼ ਨੇ ਅਲਰਟ ਜਾਰੀ ਕੀਤਾ ਅਤੇ ਹੁਣ ਅੰਮ੍ਰਿਤਸਰ 'ਚ ਧਮਾਕਾ ਹੋ ਗਿਆ।

ਹਮਲੇ 'ਤੇ ਹੋ ਰਹੀ ਸਿਆਸਤ ਵਿਚਾਲੇ ਆਪ ਆਗੂ ਐਚ ਐਸਲ ਫੂਲਕਾ ਦਾ ਇੱਕ ਬਿਆਨ ਆਇਆ ਜਿਸ ਵਿੱਚ ਉਹ ਕਹਿ ਰਹੇ ਸਨ ਕਿ ਹੋ ਸਕਦਾ ਹੈ ਆਪਣੇ ਬਿਆਨ ਨੂੰ ਸਹੀ ਸਾਬਤ ਕਰਨ ਲਈ ਫੌਜ ਮੁਖੀ ਬਿਪਨ ਰਾਵਤ ਨੇ ਇਹ ਹਮਲਾ ਕਰਵਾਇਆ ਹੋਵੇ।

ਹਾਲਾਂਕਿ ਉਨ੍ਹਾਂ ਦੇ ਇਸ ਬਿਆਨ ਦੀ ਕਾਫ਼ੀ ਨਿੰਦਾ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਮਾਫ਼ੀ ਵੀ ਮੰਗੀ।

ਉਨ੍ਹਾਂ ਲਿਖਿਆ, ''ਸਾਲ 2017 ਵਿੱਚ ਹੋਏ ਮੌੜ ਮੰਡੀ ਬਲਾਸਟ ਦੀ ਤਰ੍ਹਾਂ ਬਿਨਾਂ ਨਿਰਪੱਖ ਜਾਂਚ ਦੇ ਸਿੱਟੇ 'ਤੇ ਨਹੀਂ ਪਹੁੰਚਿਆ ਜਾ ਸਕਦਾ। ਹਾਲਾਂਕਿ ਮੇਰੇ ਵਰਗਾ ਖਾਲਿਸਤਾਨ ਵਿਰੋਧੀ ਵੀ ਇਹੀ ਸੋਚਦਾ ਹੈ। ਮੈਨੂੰ ਫੌਜ ਮੁਖੀ ਬਾਰੇ ਦਿੱਤੇ ਆਪਣੇ ਬਿਆਨ 'ਤੇ ਦੁਖ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)