You’re viewing a text-only version of this website that uses less data. View the main version of the website including all images and videos.
ਹਰਿਆਣਾ 'ਚ ਚਪੜਾਸੀ ਦੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਰਹੇ ਹਨ ਐੱਮਏ-ਪੀਐੱਚਡੀ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਹਰਿਆਣਾ ਵਿੱਚ ਸਰਕਾਰੀ ਨੌਕਰੀ ਹਾਸਲ ਕਰਨਾ ਸ਼ਾਇਦ ਕਿਸੇ ਓਲਪਿੰਕ ਮੈਡਲ ਨੂੰ ਜਿੱਤਣ ਤੋਂ ਸੌਖਾ ਨਹੀਂ ਹੈ।
ਹਰਿਆਣਾ ਸਰਕਾਰ ਵੱਲੋਂ ਦਰਜਾ ਚਾਰ ਮੁਲਾਜ਼ਮਾਂ ਦੀ ਭਰਤੀ ਤਹਿਤ ਚਪੜਾਸੀ, ਮਾਲੀ ਅਤੇ ਬੇਲਦਾਰ ਦੀਆਂ 18 ਹਜ਼ਾਰ ਅਸਾਮੀਆਂ ਕੱਢੀਆਂ ਹਨ ਜਿਸਦੇ ਲਈ 18 ਲੱਖ ਲੋਕਾਂ ਨੇ ਅਰਜ਼ੀ ਦਾਖ਼ਲ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪੋਸਟਾਂ ਲਈ ਜਿਨ੍ਹਾਂ ਲੋਕਾਂ ਨੇ ਅਰਜ਼ੀਆਂ ਭਰੀਆਂ ਹਨ ਉਹ ਉੱਚ ਸਿੱਖਿਆ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿੱਚ ਐਮਏ ਅਤੇ ਪੀਐਚਡੀ ਪੱਧਰ ਤੱਕ ਦੇ ਲੋਕ ਹਨ।
ਹਾਲਾਂਕਿ ਇਨ੍ਹਾਂ ਪੋਸਟਾਂ ਲਈ ਸਰਕਾਰੀ ਨੇ ਦਸਵੀਂ ਅਤੇ 12ਵੀਂ ਤੱਕ ਦੀ ਸਿੱਖਿਅਕ ਯੋਗਤਾ ਤੈਅ ਕੀਤੀ ਹੈ।
ਇਹ ਵੀ ਪੜ੍ਹੋ:
24 ਸਾਲਾ ਪੁਸ਼ਪਾ ਸੈਣੀ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਪੁਲੀਟੀਕਲ ਸਾਇੰਸ ਵਿੱਚ ਮਾਸਟਰ ਡਿਗਰੀ ਕੀਤੀ ਹੈ।
ਉਹ ਹਰਿਆਣਾ ਪੁਲਿਸ ਵਿੱਚ ਸਬ-ਇੰਸਪੈਕਟਰ ਦਾ ਪੇਪਰ ਦੇਣ ਲਈ ਰੋਜ਼ਾਨਾ ਲਾਇਬਰੈਰੀ ਵਿੱਚ 8 ਘੰਟੇ ਤਿਆਰੀ ਕਰਦੀ ਹੈ।
ਰੋਹਤਕ ਦੀ ਰਹਿਣ ਵਾਲੀ ਪੁਸ਼ਪਾ ਦਾ ਕਹਿਣਾ ਹੈ, "ਮੇਰੇ 'ਤੇ ਮਾਪਿਆਂ ਦਾ ਦਬਾਅ ਹੈ ਕਿ ਮੈਂ ਚੰਗੀ ਨੌਕਰੀ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਵਾਂ। ਮੇਰੇ ਮਾਪਿਆਂ ਨੇ ਮੇਰੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਛੱਡੀ।''
ਪੁਸ਼ਪਾ ਦੀਆਂ ਤਿੰਨ ਭੈਣਾ ਹਨ ਅਤੇ ਇੱਕ ਭਰਾ। ਪੁਸ਼ਪਾ ਪਰਿਵਾਰ ਵਿੱਚੋਂ ਸਭ ਤੋਂ ਛੋਟੀ ਹੈ।
ਪੁਸ਼ਪਾ ਦਾ ਕਹਿਣਾ ਹੈ, ''ਇਹ ਮਾਅਨੇ ਨਹੀਂ ਰੱਖਦਾ ਕਿ ਨੌਕਰੀ ਕਲਾਸ-1 ਦੀ ਹੈ ਜਾਂ ਫੇਰ ਕਲਾਸ-4 ਦੀ। ਮਾਅਨੇ ਇਹ ਰੱਖਦਾ ਹੈ ਕਿ ਕੁਝ ਨਾ ਹੋਣ ਤੋਂ ਕੁਝ ਵੀ ਹੋਣਾ ਚੰਗਾ ਹੈ।''
ਪੁਸ਼ਪਾ ਅੱਗੇ ਕਹਿੰਦੀ ਕਿ ਪ੍ਰਾਈਵੇਟ ਸੈਕਟਰ ਵਿੱਚ ਨੌਜਵਾਨਾਂ ਲਈ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੈ। ਸਰਕਾਰੀ ਨੌਕਰੀਆਂ ਦੀ ਘਾਟ ਹੈ ਇਸ ਕਾਰਨ ਮੇਰੇ ਵਰਗੇ ਲੋਕ ਕਿਸੇ ਵੀ ਨੌਕਰੀ ਲਈ ਅਪਲਾਈ ਕਰ ਦਿੰਦੇ ਹਨ।
ਪੁਸ਼ਪਾ ਨੇ 2018 ਵਿੱਚ ਐਮ ਏ ਕੀਤੀ ਹੈ। ਸ਼ਨੀਵਾਰ ਨੂੰ ਅੰਬਾਲਾ ਵਿਖੇ ਉਸ ਨੇ ਗਰੁੱਪ ਡੀ ਲਈ ਪੇਪਰ ਦਿੱਤਾ।
ਜੀਂਦ ਜ਼ਿਲ੍ਹੇ ਦੀ ਰਹਿਣ ਵਾਲੀ ਰੀਨਾ ਦੇਵੀ ਦੀ ਉਮਰ 36 ਸਾਲ ਹੈ। ਉਸ ਨੇ ਹਿੰਦੀ ਵਿੱਚ ਮਾਸਟਰ ਡਿਗਰੀ ਕੀਤੀ ਹੈ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਤੋਂ ਕੰਪਿਊਟਰ ਵਿੱਚ ਪੀਜੀ ਡਿਪਲੋਮਾ ਵੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲਾਸ-4 ਦੀ ਦੌੜ 'ਚ ਹੋਣਾ ਮੇਰੀ ਮਜਬੂਰੀ ਹੈ ਨਾ ਕਿ ਪਸੰਦ।
ਰੀਨਾ ਨੇ ਕਿਹਾ, ''16 ਨਵੰਬਰ ਨੂੰ ਮੈਂ ਯੂਨੀਵਰਸਿਟੀ ਵਿੱਚ ਪੀਐਚਡੀ ਲਈ ਐਂਟਰਸ ਟੈਸਟ ਦਿੱਤਾ ਅਤੇ 17 ਨਵੰਬਰ ਨੂੰ ਮੈਂ ਚੰਡੀਗੜ੍ਹ 'ਚ ਕਲਾਸ-4 ਲਈ ਪੇਪਰ ਦਿੱਤਾ।''
ਰੀਨਾ ਦਾ ਕਹਿਣਾ ਹੈ ਕਿ ਉੱਚ ਸਿੱਖਿਆ ਹਾਸਲ ਕਰਨ ਨਾਲ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਸਗੋਂ ਸਿਆਸੀ ਕਨੈਕਸ਼ਨ ਕਾਰਨ ਪੱਕੀ ਨੌਕਰੀ ਮਿਲਦੀ ਹੈ।
''ਸਰਕਾਰੀ ਨੌਕਰੀ ਦੀ ਉਮੀਦ ਵਿੱਚ ਮੈਂ ਕਲਾਸ-1 ਤੋਂ ਲੈ ਕੇ ਕਲਾਸ-4 ਤੱਕ 50 ਨੌਕਰੀਆਂ ਲਈ ਅਰਜ਼ੀ ਦਾਖ਼ਲ ਕਰ ਚੁੱਕੀ ਹਾਂ ਪਰ ਪੰਜ ਸਾਲਾਂ ਤੋਂ ਨਾਕਾਮਯਾਬ ਹੋ ਰਹੀ ਹਾਂ।''
ਰੀਨਾ ਨੇ 2017 ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ:
ਫਤਿਆਬਾਦ ਦੀ 29 ਸਾਲ ਦੀ ਰਾਜਬਾਲਾ ਨੇ 2013 ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ।
ਉਹ ਕਹਿੰਦੀ ਹੈ, "ਇਹ ਸੋਚ ਕੇ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਇਕ ਪੋਸਟ ਲਈ 100 ਅਰਜ਼ੀਆਂ ਅਤੇ ਇਸ ਡੀ ਕਲਾਸ ਦੀ ਪੋਸਟ ਲਈ ਮੇਰੀ ਡਿਗਰੀ ਵੀ ਕੋਈ ਗਾਰੰਟੀ ਨਹੀਂ ਦਿੰਦੀ।"
ਰਾਜਬਾਲਾ ਦਾ ਕਹਿਣਾ ਹੈ ਕਿ ਕਲਰਕ ਤੋਂ ਲੈ ਕੇ ਚਪੜਾਸੀ ਤੱਕ ਦੇ ਪੇਪਰਾਂ 'ਚ ਬੈਠਾਂਗੀ ਜਦੋਂ ਤੱਕ ਮੈਨੂੰ ਨੌਕਰੀ ਨਹੀਂ ਮਿਲ ਜਾਂਦੀ।
ਪਾਣੀਪਤ ਵਿਖੇ ਆਪਣੇ ਵਰਗੇ ਹੋਰਨਾਂ ਉਮੀਦਵਾਰਾਂ ਦੀ ਦੁਰਦਸ਼ਾ ਬਿਆਨ ਕਰਦਿਆਂ ਉਸ ਨੇ ਕਿਹਾ ਕਿ ਸਾਰੀਆਂ ਬੱਸਾਂ, ਰੇਲਗੱਡੀਆਂ ਪੇਪਰਾਂ ਦੇ ਦਿਨਾਂ ਵਿੱਚ ਭਰੀਆਂ ਰਹਿੰਦੀਆਂ ਅਤੇ ਮਹਿੰਗੇ ਹੋਣ ਤੋਂ ਇਲਾਵਾ ਯਾਤਰਾ ਮੁਸ਼ਕਲਾਂ ਭਰੀ ਹੁੰਦੀ ਹੈ।
ਉਸ ਦਾ ਕਹਿਣਾ ਹੈ, "ਸਰਕਾਰ ਵੱਲੋਂ ਫਾਰਮ ਲਈ ਫੀਸ ਲੈਣਾ ਠੀਕ ਨਹੀਂ ਤੇ ਪ੍ਰੀਖਿਆ ਸੈਂਟਰ ਜ਼ਿਲ੍ਹੇ ਤੋਂ 200 ਕਿਲੋਮੀਟਰ ਦੂਰ ਰੱਖ ਦੇਣਾ ਵੀ ਪਰੇਸ਼ਾਨੀ ਦੇਣ ਵਾਲਾ ਹੁੰਦਾ ਹੈ।"
ਇਹ ਵੀ ਪੜ੍ਹੋ:
ਇਸ ਦਾ ਹੱਲ
ਨਵੀਂ ਦਿੱਲੀ ਦੇ ਸੋਸ਼ਲ ਸਾਇੰਸ ਇੰਸਚੀਟਿਊਟ ਦੇ ਪ੍ਰੋ. ਰਣਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਪੂਰੇ ਦੇਸ ਲਈ ਚਿੰਤਾਜਨਕ ਵਰਤਾਰਾ ਤਾਂ ਸੀ ਹੀ ਪਰ ਖੇਤੀਬਾੜੀ ਦੇ ਸੰਕਟ ਕਰਕੇ ਇਹ ਪਰੇਸ਼ਨਾੀ ਹੋਰ ਵੀ ਵੱਧ ਗਈ ਹੈ।
ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋ. ਸਿੰਘ ਦਾ ਕਹਿਣਾ ਹੈ, "ਪੇਂਡੂ ਇਲਾਕਿਆਂ ਦੇ ਨੌਜਵਾਨ ਖੇਤੀ ਵਿੱਚ ਨਹੀਂ ਪੈਣਾ ਚਾਹੁੰਦੇ ਅਤੇ ਡਿਗਰੀਆਂ ਹਾਸਿਲ ਕਰਨ ਤੋਂ ਬਾਅਦ ਨੌਕਰੀਆਂ ਕਰਨਾ ਚਾਹੁੰਦੇ ਹਨ।"
"ਇਹ ਚਿੰਤਾਜਨਕ ਰੁਝਾਨ ਹੈ, ਜਿੱਥੇ ਖੇਤੀਬਾੜੀ ਖੇਤਰ ਨੂੰ ਲਾਹੇਵੰਦ ਧੰਦਾ ਬਣਾਉਣਾ ਪਵੇਗਾ ਅਤੇ ਸਵੈ-ਰੁਜ਼ਗਾਰ ਨੂੰ ਵਧਾਵਾ ਦੇਣਾ ਪਵੇਗਾ।"
ਸਮਾਜਕ ਕਾਰਕੁਨ ਕਾਮਰੇਡ ਇੰਤਰਜੀਤ ਸਿੰਘ ਮੁਤਾਬਕ ਪੜ੍ਹੇ-ਲਿਖੇ ਨੌਜਵਾਨਾਂ ਦਾ ਦਰਜਾ ਚਾਰ ਨੌਕਰੀਆਂ ਲਈ ਪ੍ਰੀਖਿਆ ਦੇਣ ਲਈ ਇੱਧਰ-ਉਧਰ ਭੱਜਣਾ ਸਮਾਜ ਦੀ ਇੱਕ ਕੌੜੀ ਸੱਚਾਈ ਹੈ।
ਉਨ੍ਹਾਂ ਕਿਹਾ, "ਇਸ ਤੋਂ ਪਹਿਲਾਂ ਕਿ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦਾ ਗੁੱਸਾ ਭਿਆਨਕ ਰੂਪ ਅਖ਼ਤਿਆਰ ਕਰ ਲਵੇ, ਵੇਲਾ ਆ ਗਿਆ ਹੈ ਕਿ ਨੀਤੀਆਂ ਵਿੱਚ ਬਦਲਾਅ ਕੀਤਾ ਜਾਵੇ।"
2014-15 ਦੀਆਂ (31 ਮਾਰਚ) ਮੌਜੂਦਾ ਕੀਮਤਾਂ ਮੁਤਾਬਕ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ 1485 ਰੁਪਏ ਹੈ। (ਸਰੋਤ ਸਟੈਟਿਸਟਿਕ ਅਤੇ ਪ੍ਰੋਗਰਾਮ ਇੰਪਲੀਮੈਂਟੇਸ਼ਨ, ਭਾਰਤ ਸਰਕਾਰ)
ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਦਰ 28 ਫੀਸਦ ਹੈ।