ਪੜ੍ਹਾਈ ਲਈ ਕਿਹੜੇ ਦੇਸ ਹਨ ਸਭ ਤੋਂ ਵਧੀਆ

    • ਲੇਖਕ, ਸ਼ੌਨ ਕੌਫਲੈਨ
    • ਰੋਲ, ਬੀਬੀਸੀ ਪੱਤਰਕਾਰ

ਯੁਨੀਵਰਸਿਟੀ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਲਈ ਲੰਡਨ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ। QS ਡਾਟਾ ਸਮੀਖਿਅਕਾਂ ਵੱਲੋਂ ਦਿੱਤੇ ਡਾਟਾ ਵਿੱਚ ਪਹਿਲਾਂ ਮੌਨਟ੍ਰੀਐਲ ਅਤੇ ਪੈਰਿਸ ਪਹਿਲੇ ਨੰਬਰ 'ਤੇ ਸਨ।

ਰੇਟਿੰਗ ਇਨ੍ਹਾਂ ਤਰਜ਼ਾਂ 'ਤੇ ਆਧਾਰਿਤ ਹੈ - ਸ਼ਹਿਰ ਵਿੱਚ ਕਿੰਨੀਆਂ ਵਧੀਆਂ ਯੂਨੀਵਰਸਿਟੀਆਂ ਹਨ, ਨੌਕਰੀਆਂ ਦਾ ਬਾਜ਼ਾਰ ਕਿਹੋ ਜਿਹਾ ਹੈ, ਕਿੰਨੇ ਵੱਖ ਵੱਖ ਭਾਈਚਾਰੇ ਵੱਸਦੇ ਹਨ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਕੀ ਹੈ।

ਵਿਦਿਆਰਥੀਆਂ ਲਈ ਜੋ ਇੱਕ ਕਮੀ ਹੈ ਉਹ ਹੈ ਮਹਿੰਗਾਈ।

ਕਲਾ ਅਤੇ ਵਿਰਸੇ ਦਾ ਸ਼ਹਿਰ

ਲੰਡਨ ਵਿੱਚ ਕਈ ਵਰਲਡ ਕਲਾਸ ਸੰਸਥਾਵਾਂ ਹਨ ਜਿਵੇਂ ਕਿ ਇਮਪੀਰੀਅਲ ਕਾਲਜ, ਯੁਨੀਵਰਸਿਟੀ ਕਾਲਜ ਲੰਡਨ, ਦਿ ਲੰਡਨ ਸਕੂਲ ਆਫ ਇਕੋਨੌਮਿਕਸ ਅਤੇ ਕਿੰਗਜ਼ ਕਾਲਜ।

ਮਿਊਜ਼ਿਅਮ, ਸਿਨੇਮਾਘਰ, ਰੰਗਮੰਚ ਅਤੇ ਹੋਟਲ ਵੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ।

ਅਦਾਰਿਆਂ ਨਾਲ ਜੁੜ ਕੇ ਨੌਕਰੀ ਲੱਭਣ ਲਈ ਵੀ ਇਹ ਇੱਕ ਵਧੀਆ ਥਾਂ ਮੰਨੀ ਜਾਂਦੀ ਹੈ।

ਕੌਮਾਂਤਰੀ ਸ਼ਹਿਰ ਹੋਣ ਲਈ ਲੰਡਨ ਨੂੰ ਸਭ ਤੋਂ ਵੱਧ ਨੰਬਰ ਮਿਲੇ।

ਇੱਥੇ ਵੱਖ ਵੱਖ ਭਾਈਚਾਰੇ ਹਨ, ਇਸਲਈ ਵਿਦੇਸ਼ੀ ਵਿਦਿਆਰਥੀ ਇਕੱਲਾ ਮਹਿਸੂਸ ਨਹੀਂ ਕਰਦੇ।

ਪਰ ਜਦੋਂ ਖਰਚੇ ਦੀ ਗੱਲ ਆਉਂਦੀ ਹੈ ਤਾਂ ਲੰਡਨ ਵਿਦਿਆਰਥੀਆਂ ਨੂੰ ਬਹੁਤ ਮਹਿੰਗਾ ਪੈਂਦਾ ਹੈ।

ਟੋਕੀਓ ਦੀ ਖਿੱਚ ਕਿਉਂ?

ਦੂਜੇ ਨੰਬਰ 'ਤੇ ਟੋਕੀਓ ਸ਼ਹਿਰ ਆਉਂਦਾ ਹੈ। ਟੋਕੀਓ ਵੱਧ ਸੁਰੱਖਿਆ, ਘੱਟ ਪ੍ਰਦੂਸ਼ਣ ਅਤੇ ਜੀਵਨ ਦੀ ਗੁਣਵੱਤਾ ਦੇ ਮਾਮਲੇ ਵਿੱਚ ਅੱਗੇ ਹੈ।

ਇਸ ਮਾਮਲੇ ਵਿੱਚ ਕੈਨੇਡਾ ਦਾ ਟੋਰੌਂਟੋ ਟੋਕੀਓ ਅਤੇ ਐਮਸਟਰਡੈਮ ਤੋਂ ਵੀ ਅੱਗੇ ਹੈ।

ਆਸਟਰੇਲੀਆ ਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੀ ਹੋੜ ਵਿੱਚ ਲੱਗਿਆ ਹੈ।

ਟੌਪ 30 ਦੀ ਲਿਸਟ ਵਿੱਚ ਮੈਲਬੌਰਨ ਤੀਜੇ ਨੰਬਰ 'ਤੇ ਹੈ ਅਤੇ ਸਿਡਨੀ ਨੌਂਵੇ।

ਦੋਵੇਂ ਸ਼ਹਿਰਾਂ ਵਿੱਚ ਬੱਚਿਆਂ ਨੂੰ ਖੁੱਲਾ ਮਾਹੌਲ ਮਿਲਦਾ ਹੈ ਖਾਸ ਕਰ ਕੇ ਕੈਨੇਡੀਅਨ ਅਤੇ ਨਿਊਜ਼ੀਲੈਂਡ ਦੀਆਂ ਸੰਸਥਾਵਾਂ ਵਿੱਚ।

ਐਡਿਨਬਰਗ ਸਕੌਟਲੈਂਡ ਦਾ ਸਭ ਤੋਂ ਵਧੀਆ ਯੁਨੀਵਰਸਿਟੀਜ਼ ਦਾ ਸ਼ਹਿਰ ਹੈ। ਸੂਚੀ ਵਿੱਚ ਇਹ 16ਵੇਂ ਨੰਬਰ 'ਤੇ ਆਉਂਦਾ ਹੈ।

ਸ਼ਹਿਰ ਜੋ ਖੁੱਲੇ ਦਿਲ ਨਾਲ ਸੁਆਗਤ ਕਰਦੇ ਹਨ

ਟੌਪ 10 ਸ਼ਹਿਰਾਂ ਵਿੱਚ ਅਮਰੀਕਾ ਦਾ ਕੋਈ ਸ਼ਹਿਰ ਨਹੀਂ ਹੈ।

ਟੌਪ 30 ਵਿੱਚ ਬੌਸਟਨ ਅਤੇ ਨਿਊ ਯੌਰਕ ਹਨ।

ਕਈ ਸਾਲਾਂ ਤੋਂ ਟੌਪ 'ਤੇ ਰਿਹਾ ਪੈਰਿਸ ਇਸ ਸਾਲ ਪੰਜਵੇਂ ਨੰਬਰ 'ਤੇ ਹੈ।

ਸਭ ਤੋਂ ਸਸਤੇ ਸ਼ਹਿਰਾਂ ਵਿੱਚ ਹੰਗਰੀ ਦਾ ਬੁਡਾਪੈਸਟ ਟੌਪ 'ਤੇ ਹੈ, ਦੂਜੇ ਨੰਬਰ 'ਤੇ ਮਲੇਸ਼ੀਆ ਦਾ ਕੁਆਲਾ ਲਾਮਪੁਰ ਹੈ।

67000 ਅਪਲਾਈ ਕਰਨ ਵਾਲੇ ਵਿਦਿਆਰਥੀਆਂ 'ਤੇ ਆਧਾਰਿਤ ਇੰਟਰਨੈਸ਼ਨਲ ਸਟੂ਼ਡੈਂਟ ਸਰਵੇਅ ਮੁਤਾਬਕ ਬਰੈਗਜ਼ਿਟ ਤੋਂ ਬਾਅਦ ਯੁਰਪੀਅਨ ਯੂਨੀਅਨ ਦੇ 39 ਫੀਸਦ ਵਿਦਿਆਰਥੀਆਂ ਦੀ ਯੂਕੇ ਵਿੱਚ ਪੜ੍ਹਣ ਲਈ ਦਿਲਚਸਪੀ ਘਟੀ ਹੈ।

ਉਨ੍ਹਾਂ ਨੂੰ ਡਰ ਹੈ ਕਿ ਬਰੈਗਜ਼ਿਟ ਤੋਂ ਬਾਅਦ ਯੂਕੇ ਦੀਆਂ ਯੁਨੀਵਰਸਿਟੀਆਂ ਹੋਰ ਵੀ ਮਹਿੰਗੀਆਂ ਹੋ ਜਾਣਗੀਆਂ ਅਤੇ ਯੁਰਪੀਅਨ ਯੂਨੀਅਨ ਤੋਂ ਆ ਰਹੇ ਵਿਦਿਆਰਥੀਆਂ ਦਾ ਖੁੱਲੇ ਦਿਲ ਨਾਲ ਸੁਆਗਤ ਨਹੀਂ ਕੀਤਾ ਜਾਵੇਗਾ।

ਸਟੂਡੈਂਟ ਵੀਜ਼ਾ

ਲੰਡਨ ਦੇ ਟੌਪ 'ਤੇ ਆਉਣ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਅਤੇ ਵੀਜ਼ਾ ਦੀ ਮੰਜ਼ੂਰੀ ਵੱਲ ਯੂਕੇ ਦੇ ਰੁੱਖ ਨੂੰ ਲੈ ਕੇ ਵੀ ਬਹਿਸ ਛਿੜ ਸਕਦੀ ਹੈ।

ਹਾਈਅਰ ਐਜੂਕੇਸ਼ਨ ਪਾਲਿਸੀ ਇਨਸਟੀਟਿਊਟ ਵੱਲੋਂ ਕੀਤੀ ਗਈ ਇੱਕ ਸਟਡੀ ਮੁਤਾਬਕ ਯੂਕੇ ਦੀ ਅਰਥਵਿਵਸਥਾ ਨੂੰ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਹਰ ਸਾਲ 20 ਬਿਲੀਅਨ ਪਾਉਂਡਸ ਦਾ ਯੋਗਦਾਨ ਹੈ।

ਇਸ ਤੋਂ ਬਾਅਦ ਵਿਦੇਸ਼ੀ ਵਿਦਿਆਰਥੀਆਂ ਦੇ ਆਉਣ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।

2018 ਵਿੱਚ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਸ਼ਹਿਰ

  • ਲੰਡਨ
  • ਟੋਕੀਓ
  • ਮੈਲਬੌਰਨ
  • ਮੌਨਟ੍ਰੀਐਲ
  • ਪੈਰਿਸ
  • ਮਿਊਨਿਕ
  • ਬਰਲਿਨ
  • ਜ਼ਿਊਰਿਕ
  • ਸਿਡਨੀ
  • ਸਿਓਲ
  • ਵਿਐਨਾ
  • ਹੌਂਗ ਕੌਂਗ
  • ਟੋਰੌਂਟੋ
  • ਬੌਸਟਨ
  • ਸਿੰਗਾਪੁਰ
  • ਐਡਿਨਬਰਗ
  • ਵੈਨਕੁਵਰ
  • ਨਿਊ ਯੌਰਕ
  • ਕਯੋਟੋ-ਓਸਾਕਾ-ਕੋਬ
  • ਟਾਇਪੇ
  • ਬ੍ਰਿਸਬੇਨ
  • ਕੈਨਬਰਾ
  • ਔਕਲੈਂਡ
  • ਬੁਐਨੋਸਾਇਰਸ
  • ਮੈਨਚੈਸਟਰ
  • ਬੀਜਿੰਗ
  • ਐਮਸਟਰਡੈਮ
  • ਮੌਸਕੋ
  • ਸ਼ਾਨਘਾਈ
  • ਪਰਾਗ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)