ਅੰਮ੍ਰਿਤਸਰ ਧਮਾਕਾ : ਪਤਾ ਨਹੀਂ ਸੀ ਕਿ ਪੁੱਤ ਦਾ ਪਹਿਲਾ ਸਤਿਸੰਗ ਆਖ਼ਰੀ ਹੋਵੇਗਾ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

''ਮੈਨੂੰ ਹਰ ਵਾਰ ਮੇਰਾ ਪੁੱਤਰ ਹੀ ਸਤਿਸੰਗ ਭਵਨ ਛੱਡਣ ਜਾਂਦਾ ਸੀ। ਉਹ ਪਹਿਲੀ ਵਾਰ ਸਮਾਗਮ ਵਿੱਚ ਸ਼ਾਮਲ ਹੋਇਆ ਸੀ ਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ।''

17 ਸਾਲਾ ਸੰਦੀਪ ਸਿੰਘ ਉਨ੍ਹਾਂ ਤਿੰਨ ਲੋਕਾਂ ਵਿੱਚ ਇੱਕ ਹੈ ਜਿਹੜੇ ਬੀਤੇ ਦਿਨੀਂ ਅਜਨਾਲਾ ਦੇ ਪਿੰਡ ਅਦਲੀਵਾਲ ਵਿਖੇ ਹੋਏ ਗ੍ਰੇਨੇਡ ਹਮਲੇ ਵਿੱਚ ਮਾਰੇ ਗਏ।

ਸੰਦੀਪ ਸਿੰਘ ਦੀ ਮਾਂ ਸਿਮਰਨਜੀਤ ਕੌਰ ਮੁਤਾਬਕ, ''ਮੇਰੀ ਸਿਹਤ ਠੀਕ ਨਹੀਂ ਰਹਿੰਦੀ ਸੀ ਮੈਂ ਸਤਿਸੰਗ ਭਵਨ ਜਾ ਕੇ ਹੀ ਠੀਕ ਹੋਈ। ਪਰ ਹੁਣ ਜਦੋਂ ਮੇਰੀ ਸਿਹਤ ਠੀਕ ਹੋਈ ਤਾਂ ਮੇਰਾ ਪੁੱਤਰ ਚਲਾ ਗਿਆ। ਉਸਦੇ ਜਾਣ ਨਾਲ ਮੇਰੀ ਤਾਂ ਜ਼ਿੰਦਗੀ ਹੀ ਖਤਮ ਹੋ ਗਈ।''

ਇਹ ਵੀ ਪੜ੍ਹੋ:

ਪਰਿਵਾਰ ਵੱਲੋਂ ਅੱਜ ਸੰਦੀਪ ਨੂੰ ਨਮ ਅੱਖਾਂ ਨਾਲ ਆਖ਼ਰੀ ਵਿਦਾਈ ਦਿੱਤੀ ਗਈ। ਸੰਦੀਪ ਸਿੰਘ ਨੌਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਪਹਿਲੀ ਵਾਰ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ।

ਸੰਦੀਪ ਦੇ ਮਾਮਾ ਵਰਿੰਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ''ਸੰਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਹਰ ਐਤਵਾਰ ਉਹ ਆਪਣੀ ਮਾਂ ਨੂੰ ਮੋਟਰਸਾਈਕਲ 'ਤੇ ਸਤਿਸੰਗ ਭਵਨ ਛੱਡਣ ਜਾਂਦਾ ਸੀ।''

"ਉਹ ਸਤਿਸੰਗ ਬਾਰੇ ਜਾਣਨ ਲਈ ਬਹੁਤ ਉਤਸੁਕ ਸੀ ਅਤੇ ਸਮਾਗਮ ਸੁਣਨਾ ਚਾਹੁੰਦਾ ਸੀ। ਐਤਵਾਰ ਨੂੰ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਵੀ ਉਸਦੇ ਨਾਲ ਸਤਿਸੰਗ ਸੁਣਨ ਜਾਣਾ ਚਾਹੁੰਦਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸਦਾ ਪਹਿਲਾ ਸਤਿਸੰਗ ਆਖ਼ਰੀ ਹੋਵੇਗਾ।''

ਸੰਦੀਪ ਦੇ ਨਾਨਾ ਹਰਿੰਦਰ ਸਿੰਘ ਕਹਿੰਦੇ ਹਨ,''ਉਸ ਨੇ ਪੜ੍ਹਾਈ ਵਿੱਚ ਗੋਲਡ ਮੈਡਲ ਜਿੱਤਿਆ ਸੀ ਅਤੇ ਉਸ ਨੂੰ 5000 ਰੁਪਏ ਦੀ ਨਕਦ ਰਾਸ਼ੀ ਵੀ ਇਨਾਮ ਵਜੋਂ ਮਿਲੀ ਸੀ। ਸੰਦੀਪ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਸੀ ਤੇ ਮੈਂ ਫ਼ੈਸਲਾ ਕੀਤਾ ਸੀ ਕਿ ਉਸਦੀ ਇਹ ਖੁਆਇਸ਼ ਪੂਰੀ ਕੀਤੀ ਜਾਵੇਗੀ। ਪਰ ਹੁਣ ਉਹ ਨਹੀਂ ਹੈ, ਹੁਣ ਮੈਂ ਕਿਸ ਨੂੰ ਵਿਦੇਸ਼ ਭੇਜਾਂਗਾ।''

ਇਹ ਵੀ ਪੜ੍ਹੋ:

ਸੰਦੀਪ ਦੇ ਪਿਤਾ ਅਮਰਜੀਤ ਸਿੰਘ ਦੀ ਰਾਜਾਸਾਂਸੀ 'ਚ ਕਰਿਆਨੇ ਦੀ ਦੁਕਾਨ ਹੈ। ਉਹ ਕਹਿੰਦੇ ਹਨ, ''ਮੇਰੀ ਪਤਨੀ ਨੂੰ ਸਤਿਸੰਗ ਵਿੱਚ ਜਾ ਕੇ ਬਹੁਤ ਸਕੂਨ ਮਿਲਦਾ ਸੀ ਜਿਸ ਕਾਰਨ ਮੇਰੇ ਦੋਹਾਂ ਪੁੱਤਰਾਂ ਸੰਦੀਪ ਅਤੇ ਮਹਿਕਦੀਪ ਵਿਚਾਲੇ ਦਿਲਚਸਪੀ ਪੈਦਾ ਹੋ ਗਈ। ਸੰਦੀਪ ਹੁਣ ਸਾਡੇ ਨਾਲ ਨਹੀਂ ਹੈ। ਪਰ ਮੈਂ ਚਾਹੁੰਦਾ ਹਾਂ ਕਿ ਭਵਿੱਖ ਲਈ ਸਰਕਾਰ ਸਖ਼ਤ ਕਦਮ ਚੁੱਕੇ।''

ਸੂਬੇ ਦੇ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੀ ਰਾਜਾਸਾਂਸੀ ਵਿਖੇ ਸੰਦੀਪ ਨੂੰ ਆਖ਼ਰੀ ਵਿਦਾਈ ਦੇਣ ਪਹੁੰਚੇ ਸਨ। ਉਨ੍ਹਾਂ ਨੇ ਲੋਕਾਂ ਨੂੰ ਆਪਸ ਵਿੱਚ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਲਿਆ ਹਾਲਾਤ ਦਾ ਜਾਇਜ਼ਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਹਾਲਾਤ ਦਾ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਇਆ ਹਮਲਾ ਅੱਤਵਾਦੀ ਕਾਰਵਾਈ ਹੈ ਜਿਸ ਨੂੰ 1978 ਵਿੱਚ ਹੋਏ ਨਿਰੰਕਾਰੀਆਂ ਅਤੇ ਸਿੱਖਾਂ ਵਿਚਕਾਰ ਟਕਰਾਅ ਨਾਲ ਜੋੜ ਕੇ ਨਾ ਦੇਖਿਆ ਜਾਵੇ।

ਉਨ੍ਹਾਂ ਦੱਸਿਆ ਕਿ ਹਮਲੇ ਦੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਅਤੇ ਫੌਰੈਂਸਿਕ ਟੀਮ ਪੁਲਿਸ ਦੀਆਂ ਲੀਡਜ਼ ਉੱਪਰ ਹੀ ਜਾਂਚ ਕਰ ਰਹੀਆਂ ਹਨ।

ਕੈਪਟਨ ਅਮਰਿੰਦਰ ਨੇ ਕਿਹਾ, "ਅਸੀਂ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਉਮੀਦ ਹੈ ਕਿ ਜਾਂਚ ਜਲਦੀ ਪੂਰੀ ਹੋ ਜਾਵੇਗੀ, ਪਰ ਤਦ ਤੱਕ ਕੁੱਝ ਵੀ ਕਹਿਣਾ ਮੁਸ਼ਕਲ ਹੈ।"

"ਕੁਝ ਨਹੀਂ ਪਤਾ ਹੁੰਦਾ ਇਹ ਲੋਕ ਕਿੱਧਰੋਂ ਆ ਜਾਣ ਪਰ ਸਾਨੂੰ ਸੁਚੇਤ ਰਹਿਣਾ ਪੈਂਦਾ ਹੈ ਤੇ ਸਾਡੀ ਪੁਲਿਸ ਪੂਰੀ ਤਰ੍ਹਾਂ ਸੁਚੇਤ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਬੰਦੇ ਦੀ ਜਾਂਚ ਕਰਨੀ ਤਾਂ ਸੰਭਵ ਨਹੀਂ ਸੀ ਪਰ ਨਾਕੇ ਲੱਗੇ ਹੋਏ ਸਨ ਤੇ ਪੁਲਿਸ ਆਪਣਾ ਕੰਮ ਕਰ ਰਹੀ ਸੀ।

ਇਸ ਮੌਕੇ ਮੁੱਖ ਮੰਤਰੀ ਨੇ ਹਮਲੇ ਵਿੱਚ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਮੁਆਵਜ਼ੇ ਦਾ ਐਲਾਨ ਕੀਤਾ। ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਹੀ ਉਨ੍ਹਾਂ ਨੇ ਪੰਜ ਲੱਖ ਦੇ ਮੁਆਵਜ਼ੇ ਅਤੇ ਨੌਕਰੀ ਦਾ ਐਲਾਨ ਕੀਤਾ ਹੋਇਆ ਹੈ।

ਪੰਜਾਬ ਸਰਕਾਰ ਨੇ ਹਮਲਾਵਰਾਂ ਦੀ ਇਤਲਾਹ ਦੇਣ ਵਾਲੇ ਨੂੰ 50 ਲੱਖ ਦੇ ਇਨਾਮ ਦਾ ਵੀ ਐਲਾਨ ਕੀਤਾ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)