ਅਸਥਾਨਾ ਸੀਬੀਆਈ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਿਗ - 5 ਅਹਿਮ ਖਬਰਾਂ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸੀਬੀਆਈ ਦੇ ਦੋ ਉੱਚ ਅਧਿਕਾਰੀਆਂ ਵਿਚਾਲੇ ਚੱਲ ਰਹੇ ਟਕਰਾਅ ਦੇ ਮਾਮਲੇ ਵਿੱਚ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਿਗ ਕਰ ਦਿੱਤਾ ਗਿਆ ਹੈ।

ਸੀਬੀਆਈ ਵੱਲੋਂ ਜਾਰੀ ਨਿਰਦੇਸ਼ ਵਿੱਚ ਕਿਹਾ ਗਿਆ ਹੈ, "ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਤੁਰੰਤ ਪ੍ਰਭਾਵ ਦੇ ਨਾਲ ਨਿਗਰਾਨੀ ਸਬੰਧੀ ਸਾਰੀਆਂ ਜ਼ਿੰਮੇਵਾਰੀਆਂ ਵਾਪਸ ਲਈਆਂ ਜਾਂਦੀਆਂ ਹਨ।"

ਸੀਬੀਆਈ ਵਿੱਚ ਨੰਬਰ 2 ਦੇ ਅਫ਼ਸਰ ਅਸਥਾਨਾ ਇੱਕ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਸਨ ਜੋ ਕਿ ਕਈ ਉੱਚ-ਪੱਧਰੀ ਮਾਮਲਿਆਂ ਦੀ ਜਾਂਚ ਕਰ ਰਹੀ ਸੀ।

ਇਹ ਵੀ ਪੜ੍ਹੋ:

ਇਸ ਵਿੱਚ ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲਾ, ਵਿਜੇ ਮਾਲਿਆ ਕੇਸ, ਕੋਲਾ-ਘੁਟਾਲੇ ਸਬੰਧੀ ਮਾਮਲੇ, ਰੌਬਰਟ ਵਾਡਰਾ ਮਾਮਲਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਜੁੜਿਆ ਜ਼ਮੀਨ ਵੰਡ ਦਾ ਮਾਮਲਾ ਸ਼ਾਮਲ ਸਨ।

ਇਤਿਹਾਸ ਦੀਆਂ ਕਿਤਾਬਾ ਲਈ ਬਣੀ ਕਮੇਟੀ 'ਚੋਂ ਪਿੱਛੇ ਹਟੀ ਸ਼੍ਰੋਮਣੀ ਕਮੇਟੀ

ਦਿ ਟ੍ਰਿਬਿਊਨ ਮੁਤਾਬਕ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਗਲਤੀਆਂ ਅਤੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਵਿੱਚ ਬਣੀ ਕਮੇਟੀ ਵਿੱਚੋਂ ਸ਼੍ਰੋਮਣੀ ਕਮੇਟੀ ਨੇ ਆਪਣੇ ਨੁਮਾਇੰਦੇ ਹਟਾ ਦਿੱਤੇ ਹਨ।

ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਕਦੇ ਵੀ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ ਅਤੇ ਗਲਤੀਆਂ ਤੇ ਇਤਿਹਾਸ ਨਾਲ ਛੇੜਛਾੜ ਵਾਲੇ ਉਹ ਪਾਠ ਫਾਈਨਲ ਕਰ ਦਿੱਤੇ ਗਏ।

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਲਈ ਬਣੀ 6 ਮੈਂਬਰੀ ਕਮੇਟੀ ਵਿੱਚ ਐਸਜੀਪੀਸੀ ਦੀ ਨੁਮਾਇੰਦਗੀ ਡਾ. ਇੰਦਰਜੀਤ ਸਿੰਘ ਅਤੇ ਡਾ. ਬੀਐਸ ਢਿੱਲੋਂ ਕਰ ਰਹੇ ਸਨ।

ਲਾਪਤਾ ਪੈਰਾਗਲਾਈਡਰ ਦੀ ਲਾਸ਼ ਮਿਲੀ

ਹਿੰਦੁਸਤਾਨ ਟਾਈਮਜ਼ ਅਨੁਸਾਰ ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਧੌਲਧਰ ਪਹਾੜੀਆਂ ਵਿੱਚ ਲਾਸ਼ ਮਿਲੀ ਹੈ। 53 ਸਾਲ ਕੋਕ ਚੁੰਕ ਨਾ ਸੋਮਵਾਰ ਤੋਂ ਲਾਪਤਾ ਸਨ।

ਬੈਜਨਾਥ ਉਪ-ਡਿਵੀਜ਼ਨਲ ਮੈਜਿਸਟਰੇਟ ਵਿਕਾਸ ਸ਼ੁਕਲਾ ਨੇ ਕਿਹਾ, "ਉਸ ਨੂੰ ਸਿੰਗਾਪੁਰ ਦੀ ਇੱਕ ਆਜ਼ਾਦ ਫਲਾਇਰ ਦੇ ਰੂਪ ਵਿੱਚ ਰਜਿਸਟਰ ਕੀਤਾ ਸੀ ਅਤੇ ਸੋਮਵਾਰ ਨੂੰ ਬੀਰਬਿਲਿੰਗ ਤੋਂ ਨਿਕਲਣ ਤੋਂ ਬਾਅਦ ਲਾਪਤਾ ਹੋ ਗਿਆ ਸੀ।"

ਉਹ ਸ਼ਾਇਦ ਤੇਜ਼ ਹਵਾਵਾਂ ਕਾਰਨ ਕਾਬੂ ਗਵਾ ਬੈਠਾ ਅਤੇ ਪਹਾੜ ਦੇ ਦੂਜੇ ਪਾਸੇ ਡਿੱਗ ਗਿਆ।

ਓਂਟਾਰੀਓ ਚੋਣਾਂ ਵਿਚ ਪੰਜਾਬੀ ਪਛੜੇ

ਪੰਜਾਬੀ ਟ੍ਰਿਬਿਊਨ ਮੁਤਾਬਕ ਓਂਟਾਰੀਓ ਸੂਬੇ ਵਿੱਚ ਮਿਉਂਸਿਪਲ ਚੋਣਾਂ ਦੇ ਨਤੀਜੇ ਆ ਗਏ ਹਨ। ਟੋਰਾਂਟੋ ਵਿੱਚ ਸਿਰਫ਼ 4 ਪੰਜਾਬੀਆਂ ਨੂੰ ਸਫ਼ਲਤਾ ਮਿਲੀ ਹੈ। ਟੋਰਾਂਟੋ ਵਿੱਚ ਪਿਛਲੇ ਮੇਅਰ ਜੌਹਨ ਟੋਰੀ ਦੁਬਾਰਾ ਜਿੱਤ ਗਏ ਹਨ।

ਬਰੈਂਪਟਨ ਦੇ ਵਾਰਡ 9-10 ਵਿਚ ਸਭ ਤੋਂ ਦਿਲਚਸਪ ਸਮਝੇ ਜਾਣ ਵਾਲੇ ਮੁਕਾਬਲੇ ਵਿਚ ਖੇਤਰੀ ਕੌਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਵਿੱਕੀ ਢਿੱਲੋਂ (ਸਾਬਕਾ ਕੌਂਸਲਰ) ਨੂੰ 9092 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਦਿੱਤਾ।

ਇਹ ਵੀ ਪੜ੍ਹੋ:

ਇਸੇ ਵਾਰਡ ਵਿਚ ਸਾਬਕਾ ਸਕੂਲ ਟਰੱਸਟੀ ਹਰਕੀਰਤ ਸਿੰਘ ਕੌਂਸਲਰ ਚੁਣੇ ਗਏ ਹਨ, ਉਨ੍ਹਾਂ 42.87 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ। ਇਸੇ ਵਾਰਡ ਵਿਚ ਬਲਬੀਰ ਸੋਹੀ ਨੇ ਸਕੂਲ ਟਰੱਸਟੀ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਪੱਤਰਕਾਰ ਸੱਤਪਾਲ ਜੌਹਲ ਸਣੇ 11 ਜਣਿਆਂ ਨੂੰ ਮਾਤ ਦਿੱਤੀ। ਮਿਸੀਸਾਗਾ ਵਿਚ ਸਾਬਕਾ ਮੰਤਰੀ ਦੀਪਿਕਾ ਦਮਰਲਾ ਤੇ ਓਕਵਿਲ ਤੋਂ ਜਸਵਿੰਦਰ ਸੰਧੂ ਕੌਂਸਲਰ ਜਿੱਤੇ ਹਨ।

ਖਾਸ਼ੋਜੀ ਮਾਮਾਲੇ ਵਿੱਚ ਸ਼ੱਕੀਆਂ ਦਾ ਵੀਜ਼ਾ ਰੱਦ ਕਰੇਗਾ ਅਮਰੀਕਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਦਾ ਕਤਲ ਹੁਣ ਤੱਕ ਦਾ ਸਭ ਤੋਂ ਮਾੜਾ ਗੁਪਤ ਰੱਖਿਆ ਗਿਆ ਮਾਮਲਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜਿਸ ਨੇ ਵੀ ਇਸ ਦੀ ਯੋਜਨਾ ਬਣਾਈ ਹੈ ਉਹ 'ਵੱਡੇ ਖਤਰੇ ਵਿੱਚ ਹੈ'।

ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਉਸ ਤੋਂ ਕੁਝ ਦੇਰ ਬਾਅਦ ਕਿਹਾ ਕਿ 'ਅਮਰੀਕਾ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਵੇਗਾ ਅਤੇ 21 ਸ਼ੱਕੀਆਂ ਦਾ ਵੀਜ਼ਾ ਰੱਦ ਕਰੇਗਾ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)