'ਕੀ ਮਾਹਵਾਰੀ ਦੌਰਾਨ ਔਰਤਾਂ ਸਮ੍ਰਿਤੀ ਲਈ ਸਿਰਫ ਇੱਕ ਸੈਨੇਟਰੀ ਪੈਡ ਹਨ?'

''ਹਰ ਕਿਸੇ ਨੂੰ ਪੂਜਾ ਕਰਨ ਦਾ ਹੱਕ ਹੈ, ਪਰ ਕਿਸੇ ਧਾਰਮਿਕ ਚੀਜ਼ ਨੂੰ ਤਬਾਹ ਕਰਨ ਦਾ ਨਹੀਂ।''

ਇਹ ਸ਼ਬਦ ਕੈਬਨਿਟ ਮੰਤਰੀ ਮਮ੍ਰਿਤੀ ਇਰਾਨੀ ਨੇ ਉਦੋਂ ਬੋਲੇ ਜਦ ਉਨ੍ਹਾਂ ਨੂੰ ਮੁੰਬਈ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਬਰੀਮਲਾ ਮੁੱਦੇ 'ਤੇ ਸਵਾਲ ਪੁੱਛਿਆ ਗਿਆ।

ਉਨ੍ਹਾਂ ਕਿਹਾ, ''ਮੈਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਬੋਲਣ ਵਾਲੀ ਕੋਈ ਨਹੀਂ ਹਾਂ, ਕਿਉਂਕਿ ਮੈਂ ਮੌਜੂਦਾ ਕੈਬਨਿਟ ਮੰਤਰੀ ਹਾਂ। ਮੈਨੂੰ ਲੱਗਦਾ ਹੈ ਕਿ ਮੈਨੂੰ ਪੂਜਾ ਕਰਨ ਦਾ ਹੱਕ ਹੈ, ਪਰ ਪਵਿੱਤਰ ਚੀਜ਼ ਨੂੰ ਠੇਸ ਪਹੁੰਚਾਉਣ ਦਾ ਨਹੀਂ। ਸਾਨੂੰ ਇਹੀ ਫਰਕ ਪਛਾਣਨ ਤੇ ਇਸ ਦਾ ਸਨਮਾਨ ਕਰਨ ਦੀ ਲੋੜ ਹੈ।''

''ਪਰ ਕੌਮਨ ਸੈਂਸ ਮੁਤਾਬਕ, ਕੀ ਤੁਸੀਂ ਖ਼ੂਨ ਨਾਲ ਭਰੇ ਸੈਨੇਟਰੀ ਨੈਪਕਿਨ ਲੈ ਕੇ ਦੋਸਤ ਦੇ ਘਰ ਜਾਂਦੇ ਹੋ, ਨਹੀਂ, ਤੇ ਕੀ ਤੁਸੀਂ ਸੋਚਦੇ ਹੋ ਕਿ ਰੱਬ ਦੇ ਘਰ ਜਾਂਦੇ ਸਮੇਂ ਇਹ ਚੀਜ਼ ਕਰਨਾ ਸਨਮਾਨਜਨਕ ਹੈ?''

ਇਹ ਵੀ ਪੜ੍ਹੋ:

ਸਮ੍ਰਿਤੀ ਦੇ ਇਸ ਕਮੈਂਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ।

ਦਿੱਲੀ ਕਮਿਸ਼ਨ ਫਾਰ ਵੁਮੈਨ ਦੀ ਚੇਅਰਪੇਰਸਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ''ਸ਼ਰਮਨਾਕ ਕਮੈਂਟ, ਕੀ ਮਾਹਵਾਰੀ ਦੌਰਾਨ ਔਰਤਾਂ ਇਨ੍ਹਾਂ ਲਈ ਸਿਰਫ ਇੱਕ ਸੈਨੇਟਰੀ ਪੈਡ ਹਨ?''

''ਪੀਰੀਅਡਜ਼ ਦੌਰਾਨ ਕੀ ਇਹ ਆਪਣੇ ਘਰੋਂ ਬਾਹਰ ਨਹੀਂ ਜਾਂਦੀ? ਆਪਣੇ ਦੋਸਤ ਦੇ ਘਰ ਨਹੀਂ ਜਾਂਦੀ? ਪੀਰੀਅਡਜ਼ ਤੋਂ ਬਿਨਾਂ ਕੀ ਬੱਚੇ ਪੈਦਾ ਹੋ ਸਕਦੇ ਹਨ? ਇੱਕ ਮੰਤਰੀ ਵੱਲੋਂ ਭਿਆਨਕ ਸ਼ਬਦ ਜੋ ਪਿਤਾ ਰੂੜੀਵਾਦੀ ਸੋਚ ਨੂੰ ਉਤਸ਼ਾਹਿਤ ਕਰਦੇ ਹਨ।''

ਨੀਰਜ ਭਾਟੀਆ ਨੇ ਟਵੀਟ ਕੀਤਾ, ''ਪਰ ਸਾਰੇ ਬਲਾਤਕਾਰੀ ਤੇ ਖੂਨੀ ਬਿਨਾਂ ਕਿਸੇ ਦਾਗ ਤੋਂ ਜਾ ਸਕਦੇ ਹਨ?''

ਭੈਰਵੀ ਗੋਸਵਾਮੀ ਨੇ ਟਵੀਟ ਕਰਕੇ ਲਿਖਿਆ, ''ਸਾਨੂੰ ਅਰੁਣਾਚਲਮ ਮੁਰਗਨੰਥਮ (ਪੈਡਮੈਨ) ਵਰਗੇ ਸਿਆਸੀ ਆਗੂ ਚਾਹੀਦੇ ਹਨ ਨਾ ਕਿ ਸਮ੍ਰਿਤੀ ਇਰਾਨੀ ਵਰਗੇ, ਸਮ੍ਰਿਤੀ ਦੀ ਪੁਰਾਣੀ ਸੋਚ ਭਾਰਤ ਦੇ ਅਰਥਸ਼ਾਸਤਰ ਲਈ ਖ਼ਤਰਨਾਕ ਹੈ ਜੋ ਉਦੋਂ ਹੀ ਸੁਧਰੇਗਾ ਜਦ ਔਰਤਾਂ ਬਾਹਰ ਜਾਕੇ ਕੰਮ ਕਰਨਗੀਆਂ। ਦੇਸ ਨੂੰ ਔਰਤਾਂ ਚਲਾਉਂਦੀਆਂ ਹਨ, ਨਾ ਕਿ ਮਰਦ।''

ਹਾਲਾਂਕਿ ਕੁਝ ਲੋਕਾਂ ਨੇ ਸਮ੍ਰਿਤੀ ਦੀ ਸਟੇਟਮੈਂਟ ਨੂੰ ਤੋੜ ਮੋੜ ਤੇ ਪੇਸ਼ ਕਰਨ ਦਾ ਇਲਜ਼ਾਮ ਵੀ ਲਗਾਇਆ।

ਉਨ੍ਹਾਂ ਮੁਤਾਬਕ ਇਹ ਕਮੈਂਟ ਫਾਤਿਮਾ ਨਾਲ ਜੁੜੇ ਹੋਏ ਸਨ, ਫਾਤਿਮਾ, ਉਹ ਕਾਰਕੁਨ ਹੈ ਜਿਸ ਬਾਰੇ ਖਬਰਾਂ ਸਨ ਕਿ ਉਸ ਵੱਲੋਂ ਇਸਤੇਮਾਲ ਕੀਤੇ ਗਏ ਸੈਨੇਟਰੀ ਪੈਡ ਸਬਰੀਮਲਾ ਮੰਦਿਰ ਦੇ ਅੰਦਰ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ, ਹਾਲਾਂਕਿ ਕਾਰਕੁਨ ਨੇ ਇਸ ਤੋਂ ਸਾਫ ਇਨਕਾਰ ਕੀਤਾ ਸੀ।

ਪੰਕਜ ਨਾਂ ਦੇ ਯੂਜ਼ਰ ਨੇ ਲਿਖਿਆ, ''ਸ਼ਬਦਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਬੰਦ ਕਰੋ, ਉਹ ਫਾਤਿਮਾ ਬਾਰੇ ਕਹਿ ਰਹੀ ਸੀ।''

ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਸਦੀਆਂ ਪੁਰਾਣੇ ਬੈਨ ਨੂੰ ਹਟਾ ਦਿੱਤਾ ਸੀ। ਪਰ ਉਸ ਦੇ ਬਾਵਜੂਦ ਹਾਲੇ ਤੱਕ ਭਾਰੀ ਵਿਰੋਧ ਦੇ ਚੱਲਦੇ ਔਰਤਾਂ ਸਬਰੀਮਲਾ ਮੰਦਿਰ ਦੇ ਅੰਦਰ ਜਾ ਨਹੀਂ ਸਕੀਆਂ ਹਨ।

ਮੁੱਦੇ ਨਾਲ ਜੁੜੀ ਵੀਡੀਓ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)