1984 ਸਿੱਖ ਕਤਲੇਆਮ: ਇੱਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਇੱਕ ਨੂੰ ਉਮਰ ਕੈਦ

ਪਟਿਆਲਾ ਹਾਊਸ ਅਦਾਲਤ ਨੇ ਦਿੱਲੀ ਦੇ ਮਹਿਪਾਲਪੁਰ ਵਿੱਚ ਦੋ ਸਿੱਖਾਂ ਦੇ ਕਤਲ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ ਹੈ।

ਅਦਾਲਤ ਨੇ ਮੁਲਜ਼ਮ ਯਸ਼ਪਾਲ ਸਿੰਘ ਨੂੰ ਸਜ਼ਾ-ਏ-ਮੌਤ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਸਜ਼ਾ ਤਿਹਾੜ ਜੇਲ੍ਹ ਵਿੱਚ ਸੁਣਾਈ ਗਈ।

ਪਟਿਆਲਾ ਹਾਊਸ, ਸੈਸ਼ਨ ਕੋਰਟ ਦੇ ਅਡੀਸ਼ਨਲ ਸੈਸ਼ਨ ਜੱਜ ਅਜੇ ਪਾਂਡੇ ਨੇ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਉਨ੍ਹਾਂ 'ਤੇ ਦੱਖਣੀ ਦਿੱਲੀ ਦੇ ਇਲਾਕੇ ਮਹਿਪਾਲਪੁਰ ਵਿੱਚ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੇ ਕਤਲ ਦਾ ਇਲਜ਼ਾਮ ਸੀ। ਇਹ ਮਾਮਲਾ ਪੀੜਤ ਹਰਦੇਵ ਸਿੰਘ ਦੇ ਭਰਾ ਸੰਤੋਖ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:-

ਇਸ ਤੋਂ ਪਹਿਲਾਂ ਕਿੰਨੇ ਦੋਸ਼ੀਆਂ ਨੂੰ ਹੋ ਚੁੱਕੀ ਹੈ ਸਜ਼ਾ?

ਤਤਕਾਲੀ ਗ੍ਰਹਿ ਰਾਜ ਮੰਤਰੀ ਹਰਿਭਾਈ ਪ੍ਰਤਿਭਾਭਾਈ ਚੌਧਰੀ ਨੇ ਦਸੰਬਰ 2015 ਵਿੱਚ ਰਾਜ ਸਭਾ ਨੂੰ ਦੱਸਿਆ ਸੀ ਕਿ ਉਸ ਸਮੇਂ ਤੱਕ ਦਿੱਲੀ ਦੀਆਂ ਵੱਖੋ-ਵੱਖ ਅਦਾਲਤਾਂ ਨੇ 1984 ਦੀ ਸਿੱਖ ਵਿਰੋਧੀ ਹਿੰਸਾ ਵਿੱਚ 442 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਫਰਵਰੀ 2015 ਵਿੱਚ ਕੇਂਦਰ ਸਰਕਾਰ ਨੇ 1984 ਵਿੱਚ ਦਿੱਲੀ ਵਿੱਚ ਹੋਈ ਗੰਭੀਰ ਹਿੰਸਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ।

ਸਾਲ 2013 ਦੇ ਸ਼ੁਰੂ ਵਿੱਚ ਤਤਕਾਲੀ ਗ੍ਰਹਿ ਰਾਜ ਮੰਤਰੀ ਐਮ ਰਾਮਾਚੰਦਰਨ ਨੇ ਇੱਕ ਸੁਆਲ ਦੇ ਜਵਾਬ ਵਿੱਚ ਅਹੂਜਾ ਕਮੇਟੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 1984 ਵਿੱਚ ਹੋਈ ਹਿੰਸਾ ਦੌਰਾਨ 2733 ਸਿੱਖਾਂ ਦੀ ਮੌਤ ਹੋਈ ਸੀ।

ਕਤਲੇਆਮ ਤੋਂ ਬਾਅਦ 650 ਕੇਸ ਦਰਜ ਕੀਤੇ ਗਏ, 3163 ਗ੍ਰਿਫ਼ਤਾਰੀਆਂ ਹੋਈਆਂ, 442 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦਕਿ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।

ਕੀ ਪ੍ਰਤੀਕਿਰਿਆਵਾਂ ਆਈਆਂ ਹਨ?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਕਿਹਾ, "34 ਸਾਲ ਬਾਅਦ ਇਨਸਾਫ ਮਿਲਿਆ ਹੈ। ਕਾਂਗਰਸ ਦੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨੂੰ ਮੋਦੀ ਸਰਕਾਰ ਦੁਆਰਾ ਬਣਾਈ ਐਸਆਈਟੀ ਨੇ 2015 ’ਚ ਕੇਸ ਦੁਬਾਰ ਖੋਲ੍ਹ ਕੇ ਨਾਕਾਮਯਾਬ ਕਰ ਦਿੱਤਾ।"

ਆਮ ਆਦਮੀ ਪਾਰਟੀ ਦੇ ਲੀਡਰ ਅਤੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਕਿਹਾ ਕਿ ਜੱਜ ਨੇ ਆਪਣਾ ਫੈਸਲਾ ਤਿਹਾੜ ਜੇਲ੍ਹ ਵਿੱਚ ਸੁਣਾਇਆ। ਯਸ਼ਪਾਲ ਨੂੰ ਮੌਤ ਦੀ ਸਜ਼ਾ ਅਤੇ ਨਰੇਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਕਾਰਨ 1984 ਕਤਲੇਆਮ ਦੇ ਦੋ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।

ਮਹਿਪਾਲਪੁਰ ਵਿੱਚ ਕੀ ਹੋਇਆ ਸੀ?

ਸ਼ਿਕਾਇਤ ਮੁਤਾਬਕ, ''1 ਨਵੰਬਰ, 1984 ਨੂੰ ਹਰਦੇਵ ਸਿੰਘ, ਕੁਲਦੀਪ ਸਿੰਘ ਤੇ ਸੰਗਤ ਸਿੰਘ ਆਪਣੀਆਂ ਦੁਕਾਨਾਂ ’ਚ ਬੈਠੇ ਸਨ, ਜਦੋਂ 800 ਤੋਂ 1000 ਲੋਕਾਂ ਦੀ ਭੀੜ ਗੁੱਸੇ ਵਿੱਚ ਲਾਠੀਆਂ, ਹਾਕੀਆਂ, ਡੰਡੇ, ਪੱਥਰਾਂ, ਕੈਰੋਸੀਨ ਦੇ ਤੇਲ ਵਰਗੇ ਹਥਿਆਰਾਂ ਨਾਲ ਉਨ੍ਹਾਂ ਵੱਲ ਵਧੀ।''

ਉਨ੍ਹਾਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਤੇ ਸੁਰਜੀਤ ਸਿੰਘ ਦੇ ਕਿਰਾਏ ਦੇ ਘਰ ਵਿੱਚ ਲੁਕ ਗਏ। ਕੁਝ ਸਮੇਂ ਬਾਅਦ ਅਵਤਾਰ ਸਿੰਘ ਵੀ ਉਨ੍ਹਾਂ ਦੇ ਨਾਲ ਆ ਗਿਆ ਅਤੇ ਉਨ੍ਹਾਂ ਨੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ।

ਦੁਕਾਨਾਂ ਸਾੜਨ ਤੋਂ ਬਾਅਦ ਭੀੜ ਸੁਰਜੀਤ ਦੇ ਕਮਰੇ 'ਚ ਦਾਖਲ ਹੋਈ ਅਤੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਹਰਦੇਵ ਤੇ ਸੰਗਤ ਦੇ ਵੀ ਚਾਕੂ ਮਾਰਿਆ ਅਤੇ ਬਾਕੀਆਂ ਨੂੰ ਬਾਲਕੋਨੀ ਤੋਂ ਥੱਲੇ ਸੁੱਟ ਦਿੱਤਾ।

ਮੁਲਜ਼ਮ ਨੇ ਕਮਰੇ 'ਚ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ। ਜ਼ਖਮੀਆਂ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਜਿੱਥੇ ਅਵਤਾਰ ਅਤੇ ਹਰਦੇਵ ਦੀ ਮੌਤ ਹੋ ਗਈ ਤੇ ਬਾਕੀਆਂ ਦਾ ਇਲਾਜ ਕੀਤਾ ਗਿਆ।

1994 ਵਿੱਚ ਬੰਦ ਹੋ ਗਿਆ ਸੀ ਕੇਸ

ਦਿੱਲੀ ਪੁਲਿਸ ਨੇ 1994 ਵਿੱਚ ਸਬੂਤਾਂ ਦੀ ਘਾਟ ਕਾਰਨ ਕੇਸ ਬੰਦ ਕਰ ਦਿੱਤਾ ਸੀ। ਪਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਇਸ ਕੇਸ ਨੂੰ ਮੁੜ ਖੋਲ੍ਹਿਆ।

ਕੇਸ ਪਹਿਲਾਂ 1993 ਵਿੱਚ ਵਸੰਤ ਕੁੰਜ ਪੁਲਿਸ ਥਾਣੇ 'ਚ ਦਰਜ ਕੀਤਾ ਗਿਆ ਸੀ।

ਸੰਤੋਖ ਸਿੰਘ ਨੇ 9 ਸਤੰਬਰ, 1985 ਨੂੰ ਜਸਟਿਸ ਰੰਗਾਨਾਥ ਕਮਿਸ਼ਨ ਦੇ ਸਾਹਮਣੇ ਆਪਣਾ ਹਲਫ਼ਨਾਮਾ ਦਾਇਰ ਕੀਤਾ ਸੀ।

ਦਿੱਲੀ ਪੁਲਿਸ ਦੇ ਦੰਗਾ ਵਿਰੋਧੀ ਸੈੱਲ ਵੱਲੋਂ ਜਾਂਚ ਕੀਤੀ ਗਈ ਸੀ।

ਜਾਂਚ ਦੌਰਾਨ ਦਿੱਲੀ ਪੁਲਿਸ ਕਿਸੇ ਵੀ ਮੁਲਜ਼ਮ ਖਿਲਾਫ ਸਬੂਤ ਇਕੱਠਾ ਕਰਨ 'ਚ ਅਸਫਲ ਰਹੀ ਸੀ ਅਤੇ ਇੱਕ ਕਲੋਜ਼ਰ ਰਿਪੋਰਟ ਜਮਾਂ ਕਰਵਾਈ, ਜਿਸਨੂੰ ਅਦਾਲਤ ਨੇ 9 ਫਰਵਰੀ 1994 ਨੂੰ ਸਵੀਕਾਰ ਕਰ ਲਿਆ ਸੀ।

ਪਹਿਲਾਂ 1984 ਵਿੱਚ ਵੀ ਇਸ ਘਟਨਾ ਦੀ ਜਾਂਚ ਹੋਈ ਸੀ ਤੇ 1985 ਵਿੱਚ ਜੈ ਪਾਲ ਸਿੰਘ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਸੀ। 20 ਦਸੰਬਰ, 1986 ਵਿੱਚ ਜੈ ਪਾਲ ਨੂੰ ਬਰੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਗ੍ਰਹਿ ਮੰਤਰਾਲੇ ਵਲੋਂ ਇੱਕ ਐਸਆਈਟੀ ਬਣਾਈ ਗਈ ਜਿਸ ਦਾ ਕੰਮ 1984 ਵਿੱਚ ਸਿੱਖਾਂ ਖਿਲਾਫ ਹੋਈ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰਨਾ ਸੀ।

ਪੀੜਤ ਸੰਗਤ ਸਿੰਘ ਨੇ ਐਸਆਈਟੀ ਨਾਲ ਸੰਪਰਕ ਕੀਤਾ ਜਿਸ ਮਗਰੋਂ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ 'ਤੇ ਸ਼ਿਕੰਜਾ ਕੱਸਿਆ ਗਿਆ।

ਸਹਿਰਾਵਤ ਮਹਿਪਾਲਪੁਰ ਪੋਸਟ ਆਫਿਸ ਦੇ ਪੋਸਟਮਾਸਟਰ ਸਨ ਅਤੇ ਯਸ਼ਪਾਲ ਸਿੰਘ ਇੱਕ ਟਰਾਂਸਪੋਰਟਰ ਸਨ।

ਦੋਵੇਂ ਮੁਲਜ਼ਮ ਪੀੜਤਾਂ ਦੇ ਕਮਰੇ ਦੇ ਬੂਹੇ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾਉਣ ਵਾਲੀ ਭੀੜ ਦਾ ਹਿੱਸਾ ਸਨ।

31 ਜਨਵਰੀ 2017 ਦੀ ਚਾਰਜਸ਼ੀਟ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਕੀਤਾ ਗਿਆ।

ਐਸਆਈਟੀ ਨੇ ਇਟਲੀ ਵਿੱਚ ਰਹਿ ਰਹੇ ਅਵਤਾਰ ਸਿੰਘ ਦੇ ਭਰਾ ਰਤਨ ਸਿੰਘ ਤੋਂ ਵੀ ਪੁੱਛ ਗਿੱਛ ਕੀਤੀ ਸੀ।

ਐਸਆਈਟੀ ਨੇ ਚਾਰਜਸ਼ੀਟ ਵਿੱਚ 18 ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ।

ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼), 395 (ਲੁੱਟ) ਅਤੇ ਧਾਰਾ 324 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਹੀ ਇਹ ਦੋਵੇਂ ਹਿਰਾਸਤ ਵਿੱਚ ਚੱਲ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)