ਅੰਮ੍ਰਿਤਸਰ ਧਮਾਕਾ : ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਹੇ ਜਾਣ ਵਾਲੇ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਕੌਣ

18 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਉੱਤੇ ਹੋਏ ਗ੍ਰੇਨੇਡ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਨੇ ਇੱਕ ਮੁਲਜ਼ਮ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ।

ਦੂਜੇ ਪਾਸੇ ਜਿਨ੍ਹਾਂ 'ਤੇ ਘਟਨਾ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ ਉਨ੍ਹਾਂ ਦੇ ਪਰਿਵਾਰ ਅਤੇ ਕਈ ਪਿੰਡ ਵਾਲੇ ਇਲਜ਼ਾਮਾਂ ਨੂੰ ਖਾਰਿਜ ਕਰ ਰਹੇ ਹਨ।

ਅਜਨਾਲਾ ਦੇ ਅਦਲੀਵਾਲ ਪਿੰਡ ਵਿੱਚ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਲੋਕ ਜ਼ਖਮੀ ਹੋਏ।

ਪੁਲਿਸ ਨੇ ਧਾਰੀਵਾਲ ਪਿੰਡ ਦੇ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੂਜਾ ਸ਼ਖਸ ਅਵਤਾਰ ਸਿੰਘ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਰਹਿਣ ਵਾਲਾ ਹੈ ਤੇ ਅਜੇ ਫਰਾਰ ਹੈ।

ਪੰਜਾਬ ਸਰਕਾਰ ਅਤੇ ਇਨ੍ਹਾਂ ਦੇ ਪਿੰਡ ਵਾਲਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਜਾਣੋ ਬਿਕਰਮਜੀਤ ਸਿੰਘ (26 ਸਾਲ ) ਅਤੇ ਅਵਤਾਰ ਸਿੰਘ (32 ਸਾਲ) ਕੌਣ ਹਨ?

ਪੰਜਾਬ ਪੁਲਿਸ ਦਾ ਦਾਅਵਾ

  • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਿਰੰਕਾਰੀ ਭਵਨ ਉੱਤੇ ਹਮਲਾ ਆਈਐਸਆਈ ਦੀ ਸਾਜ਼ਿਸ਼ ਹੈ ਅਤੇ ਇਸ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਾਰਕੁਨਾਂ ਰਾਹੀ ਅੰਜ਼ਾਮ ਦਿੱਤਾ ਗਿਆ ਹੈ।
  • ਮੁੱਖ ਮੰਤਰੀ ਨੇ ਕਿਹਾ ਕਿ ਇਹ ਗੁਆਂਢੀ ਮੁਲਕ ਵੱਲੋਂ ਭਾਰਤ ਦੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੜੀ ਦਾ ਹਿੱਸਾ ਹੈ।
  • ਕੈਪਟਨ ਮੁਤਾਬਕ ਹਮਲੇ 'ਚ ਜਿਸ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਹੈ ਉਸੇ ਤਰ੍ਹਾਂ ਦੇ ਗ੍ਰੇਨੇਡ ਪਾਕਿਸਤਾਨ ਦੀ ਅਸਲਾ ਫੈਕਟਰੀ ਵਿਚ ਬਣਦੇ ਹਨ। ਮਹੀਨਾ ਪਹਿਲਾਂ ਪਟਿਆਲਾ ਤੋਂ ਗ੍ਰਿਫ਼ਤਾਰ ਕੀਤੇ ਗਏ ਸ਼ਬਨਮਦੀਪ ਸਿੰਘ ਤੋਂ ਵੀ ਇਸੇ ਤਰ੍ਹਾਂ ਦਾ ਗ੍ਰੇਨੇਡ ਮਿਲਿਆ ਸੀ।
  • ਮੁੱਖ ਮੰਤਰੀ ਨੇ ਕਿਹਾ, "ਇਹ ਗ੍ਰਨੇਡ ਪਾਕਿਸਤਾਨ ਤੋਂ ਲਿਆ ਕੇ ਇੱਥੇ ਵੰਡੇ ਗਏ ਹਨ। ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਰੁੱਖ ਦੇ ਥੱਲੇ ਤੋਂ ਚੁੱਕ ਲਓ। ਇਸ ਮਾਮਲੇ ਵਿੱਚ ਵੀ ਜੋ ਗ੍ਰੇਨੇਡ ਮਿਲਿਆ ਉਹ ਰੁੱਖ ਕੋਲੋਂ ਮਿਲਿਆ।"
  • ਕੈਪਟਨ ਨੇ ਪ੍ਰੈੱਸ ਕਾਨਫਰੰਸ ਵਿੱਚ ਇੱਕ ਤਸਵੀਰ ਦਿਖਾ ਕੇ ਦਾਅਵਾ ਵੀ ਕੀਤਾ ਕਿ ਇਹ ਓਹੀ ਦਰਖਤ ਹੈ ਜਿਸ ਦੇ ਹੇਠਾਂ ਗ੍ਰੇਨੇਡ ਦੱਬੇ ਹੋਏ ਸੀ।
  • ਬਿਕਰਮਜੀਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੈਪਟਨ ਮੁਤਾਬਕ ਛੇਤੀ ਹੀ ਦੂਸਰਾ ਸ਼ੱਕੀ ਜਿਸ ਨੇ ਗ੍ਰੇਨੇਡ ਸੁੱਟਿਆ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
  • ਹਮਲੇ ਵਿੱਚ ਜਿਹੜਾ ਪਲਸਰ ਮੋਟਰਸਾਈਕਲ ਵਰਤਿਆ ਗਿਆ ਸੀ ਉਹ ਬਿਕਰਮਜੀਤ ਸਿੰਘ ਦਾ ਹੀ ਸੀ।

ਬਿਕਰਮਜੀਤ ਸਿੰਘ ਦੇ ਪਰਿਵਾਰ ਦਾ ਕੀ ਕਹਿਣਾ ਹੈ?

ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ 26 ਸਾਲਾ ਬਿਕਰਮਜੀਤ ਸਿੰਘ ਦੇ ਪਿੰਡ ਧਾਰੀਵਾਲ ਦਾ ਦੌਰਾ ਕੀਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ।

ਬਿਕਰਮਜੀਤ ਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਜਦੋਂ ਉਹ ਪੰਜ ਸਾਲ ਦਾ ਸੀ। ਇਸ ਲਈ ਪਰਿਵਾਰ ਦੀ ਜ਼ਿੰਮੇਵਾਰੀ ਕਾਰਨ ਉਹ ਹਾਇਰ ਸੈਕੰਡਰੀ ਕਰਨ ਤੋਂ ਬਾਅਦ ਖੇਤੀਬਾੜੀ ਕਰਨ ਲੱਗ ਪਿਆ।

ਉਸ ਦਾ ਛੋਟਾ ਭਰਾ ਗੁਰਸ਼ੇਰ ਸਿੰਘ ਸਟੱਡੀ ਵੀਜ਼ੇ ਦੇ ਆਧਾਰ ਉੱਤੇ ਕੈਨੇਡਾ ਗਿਆ ਹੋਇਆ ਹੈ।

ਪਿੰਡ ਵਾਲਿਆਂ ਨੇ ਦੱਸਿਆ ਕਿ ਬਿਕਰਮਜੀਤ ਬਹੁਤ ਮਿਹਨਤੀ ਲੜਕਾ ਹੈ ਅਤੇ ਆਪਣੀ 7 ਏਕੜ ਤੇ ਆਪਣੇ ਤਾਏ ਦੀ ਜ਼ਮੀਨ ਉੱਤੇ ਖੇਤੀ ਕਰਦਾ ਹੈ।

ਉਸ ਦੇ ਤਾਏ ਦਾ ਇੱਕ ਲੜਕਾ ਏਅਰਪੋਰਟ ਉੱਤੇ ਨੌਕਰੀ ਕਰਦਾ ਹੈ ਅਤੇ ਦੂਜਾ ਪੁਲਿਸ ਮੁਲਾਜ਼ਮ ਹੈ, ਜਿਸ ਕਰਕੇ ਦੋਵਾਂ ਪਰਿਵਾਰਾਂ ਦੀ ਖੇਤੀ ਦਾ ਜਿੰਮਾ ਬਿਕਰਮਜੀਤ ਉੱਤੇ ਹੈ।

ਬਿਕਰਮਜੀਤ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਜਿਸ ਸਮੇਂ ਧਮਾਕੇ ਦੀ ਖ਼ਬਰ ਆਈ ਉਹ ਤਾਂ ਆਪਣੇ ਖੇਤਾਂ ਵਿਚ ਕੰਮ ਕਰਦਾ ਸੀ।

ਬਿਕਰਮਜੀਤ ਦੀ ਮਾਂ ਸਵਾਲ ਕਰਦੀ ਹੈ, "ਉਹ ਕਿੱਥੋਂ ਲਿਆਇਆ ਬੰਬ ਕਿਹੜੇ ਵੇਲੇ ਲੈ ਆਇਆ? ਦੱਸੋ ਤੁਸੀਂ। ਸੀਜ਼ਨ ਹੈਗਾ, ਉਹ ਦਿਨ ਰਾਤ ਵਾਹੀ ਕਰਦੇ ਫਿਰਦੇ ਐ। ਮੇਰੇ ਮੁੰਡੇ ਨੇ ਬੰਬ ਕਿਉਂ ਮਾਰਨਾ ਸੀ? ਉਹਨੇ ਨਹੀਂ ਮਾਰਿਆ। ਫ਼ਸਾ ਦਿੱਤਾ ਉਸ ਨੂੰ ਕਿਸੇ ਨੇ।"

ਧਮਾਕੇ ਨਾਲ ਜੁੜੀਆਂ ਇਹ ਖ਼ਬਰਾਂਵੀ ਪੜ੍ਹੋ:

'ਧਾਰਮਿਕ ਬਿਰਤੀ ਵਾਲਾ ਹੈ ਅਵਤਾਰ ਸਿੰਘ'

ਕੈਪਟਨ ਨੇ ਜਿਹੜੇ ਦੂਜੇ ਸ਼ਖਸ਼ ਅਵਤਾਰ ਸਿੰਘ ਦੀ ਤਸਵੀਰ ਦਿਖਾਈ ਸੀ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਰਹਿਣ ਵਾਲਾ ਹੈ ਅਤੇ ਆਰਐਮਪੀ ਡਾਕਟਰ ਹੈ। ਇਸ ਸਮੇਂ ਉਹ ਫਰਾਰ ਹੈ। ਉਸ ਦੇ ਘਰੇ ਕੋਈ ਨਹੀਂ ਸੀ।

ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਇੱਕ ਵੱਡੀ ਬੇਟੀ 7 ਕੂ ਸਾਲ ਦੀ ਹੈ ਅਤੇ ਛੋਟੀ ਬੱਚੀ ਚਾਰ-ਪੰਜ ਸਾਲ ਦੀ ਹੈ।

ਗੁਆਂਢੀ ਤਲਵਿੰਦਰ ਸਿੰਘ ਨੇ ਦੱਸਿਆ "ਮੁੰਡਾ ਬਿਲਕੁਲ ਸਹੀ ਹੈ ਤੇ ਅੰਮ੍ਰਿਤਧਾਰੀ ਪਰਿਵਾਰ ਹੈ ਅਤੇ ਮੁੰਡਾ ਡਾਕਟਰੀ ਦੀ ਦੁਕਾਨ ਕਰਦਾ ਹੈ। ਪਰਿਵਾਰ ਦਾ ਕਿਸੇ ਨਾਲ ਵਿਰੋਧ ਨਹੀਂ।"

ਉਨ੍ਹਾਂ ਅੱਗੇ ਕਿਹਾ ਕਿ ਅਵਤਾਰ ਸਿੰਘ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ।

ਇੱਕ ਹੋਰ ਪਿੰਡ ਵਾਸੀ ਗੁਰਜੀਤ ਸਿੰਘ ਨੇ ਦੱਸਿਆ, "ਮੁੰਡਾ ਬਿਲਕੁਲ ਠੀਕ ਸੀ"। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਹੀ ਨਹੀਂ ਸੀ ਕਿ ਪਿੰਡ ਵਿੱਚ ਅਜਿਹਾ ਕੋਈ ਕੰਮ ਹੋਵੇਗਾ।

ਪਿੰਡ ਵਾਲਿਆਂ ਨੇ ਦੱਸਿਆ ਕਿ ਅਵਤਾਰ ਸਿੰਘ ਤੇ ਉਨ੍ਹਾਂ ਦਾ ਨਿਹੰਗ ਸਿੰਘ ਪਰਿਵਾਰ ਹੈ। ਅਵਤਾਰ ਸਿੰਘ ਧਾਰਮਿਕ ਬਿਰਤੀ ਵਾਲਾ ਨੌਜਵਾਨ ਹੈ ਉਸ ਨੇ ਦਮਦਮੀ ਟਕਸਾਲ ਤੋਂ ਧਾਰਮਿਕ ਸਿੱਖਿਆ ਹਾਸਲ ਕੀਤੀ ਹੋਈ ਹੈ।

ਲੋਕਾਂ ਨੇ ਦੱਸਿਆ ਕਿ ਪੁਲਿਸ ਐਤਵਾਰ ਸਵੇਰੇ ਗਿਆਰਾਂ ਕੁ ਵਜੇ ਹਮਲਾ ਹੋਇਆ ਤੇ ਉਸੇ ਰਾਤ ਨੂੰ ਹੀ ਪੁਲਿਸ ਪਿੰਡ ਵਿੱਚ ਆ ਗਈ ਸੀ।

'ਅਸੀਂ ਇੰਨਾਂ ਵੱਡਾ ਆਪਰੇਸ਼ਨ ਹਵਾ ਵਿੱਚ ਨਹੀਂ ਕੀਤਾ'

ਅੰਮ੍ਰਿਤਸਰ ਦੇ ਐੱਐੱਸਪੀ ਦੇਹਾਤੀ ਪਰਮਪਾਲ ਸਿੰਘ ਨੂੰ ਬੀਬੀਸੀ ਨੇ ਜਦੋਂ ਇਹ ਪੁੱਛਿਆ ਬਿਕਰਮਜੀਤ ਸਿੰਘ ਦਾ ਪਰਿਵਾਰ ਤੇ ਪਿੰਡਵਾਲੇ ਕਹਿ ਰਹੇ ਕਿ ਉਹ ਬੇਕਸੂਰ ਹੈ ਤਾਂ ਉਨ੍ਹਾਂ ਕਿਹਾ, ''ਸਾਡੇ ਕੋਲ ਲੋੜੀਂਦੇ ਸਬੂਤ ਹਨ ਅਤੇ ਅਸੀਂ ਅਦਾਲਤ ਵਿੱਚ ਇਸ ਨੂੰ ਸਾਬਿਤ ਕਰਾਂਗੇ। ਅਸੀਂ ਇੰਨਾਂ ਵੱਡਾ ਆਪਰੇਸ਼ਨ ਹਵਾ ਵਿੱਚ ਨਹੀਂ ਕੀਤਾ।''

ਕੀ ਹੋਇਆ ਸੀ ਘਟਨਾ ਵਾਲੇ ਦਿਨ?

  • ਅੰਮ੍ਰਿਤਸਰ ਦੇ ਕਸਬੇ ਅਜਨਾਲਾ ਦੇ ਪਿੰਡ ਅਦਲੀਵਾਲ ਵਿੱਚ 18 ਨਵੰਬਰ ਨੂੰ ਮੋਟਰਸਾਈਕਲ 'ਤੇ ਸਵਾਰ ਦੋ ਲੋਕ ਨਿਰੰਕਾਰੀ ਭਵਨ ਪਹੁੰਚੇ।
  • ਗ੍ਰੇਨੇਡ ਦੇ ਹਮਲੇ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ।
  • ਚਸ਼ਮਦੀਦ ਗਗਨਦੀਪ ਸਿੰਘ ਮੁਤਾਬਕ, "ਮੈਂ ਸਤਸੰਗ ਭਵਨ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਦੋ ਲੋਕ ਮੋਟਰਸਾਈਕਲ 'ਤੇ ਆਏ। ਉਨ੍ਹਾਂ ਵਿੱਚੋਂ ਇੱਕ ਸੰਗਤ ਦੇ ਨਾਲ ਹੀ ਅੰਦਰ ਚਲਾ ਗਿਆ ਤੇ ਦੂਜੇ ਨੇ ਮੈਨੂੰ ਬੰਦੂਕ ਦੀ ਨੋਕ 'ਤੇ ਪੁੱਛਿਆ ਕਿ ਇੱਥੇ ਕੀ ਹੋ ਰਿਹਾ ਹੈ। ਮੈਂ ਕਿਹਾ ਕਿ ਸਤਸੰਗ ਹਾਲ ਹੈ ਤੇ ਅੰਦਰ ਸਤਸੰਗ ਹੋ ਰਿਹਾ ਹੈ। ਐਨੀ ਦੇਰ ਨੂੰ ਦੂਜੇ ਨੇ ਅੰਦਰ ਵਾਰਦਾਰ ਨੂੰ ਅੰਜਾਮ ਦੇ ਦਿੱਤਾ। ਦੋਵਾਂ ਦੇ ਮੂੰਹ ਢਕੇ ਹੋਏ ਸੀ, ਪਰਨੇ ਬੰਨੇ ਹੋਏ ਸੀ। 15 ਮਿੰਟ ਤੱਕ ਉਹ ਅੰਦਰ ਰਹੇ। ਗ੍ਰਨੇਡ ਦੀ ਆਵਾਜ਼ ਆਉਂਦਿਆਂ ਦੀ ਭਾਜੜ ਮਚ ਗਈ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)