You’re viewing a text-only version of this website that uses less data. View the main version of the website including all images and videos.
ਅਮਰੀਕਾ - ਨਾਈਟ ਕਲੱਬ ਦੇ ਟਾਇਲਟ 'ਚ ਲੱਗੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ
ਅਮਰੀਕਾ ਵਿੱਚ ਨਿਊਯਾਰਕ ਦੇ ਇੱਕ ਨਾਈਟ ਕਲੱਬ 'ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਟਾਇਲਟ ਵਿੱਚ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੀ ਸ਼ਿਕਾਇਤ ਓਹਾਇਓ ਵਿੱਚ ਰਹਿਣ ਵਾਲੀ ਇੱਕ ਭਾਰਤੀ ਮੂਲ ਦੀ ਅਮਰੀਕੀ ਅੰਕਿਤਾ ਮਿਸ਼ਰਾ ਨੇ ਕੀਤੀ।
ਅੰਕਿਤਾ ਮਿਸ਼ਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਅਤੇ ਇੱਕ ਹੋਰ ਬਲਾਗ ਰਾਹੀਂ ਇਸ ਬਾਰੇ ਦੱਸਿਆ ਅਤੇ ਟਾਇਲਟ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ।
ਆਪਣੇ ਇਸ ਤਜ਼ਰਬੇ 'ਤੇ ਅੰਕਿਤਾ ਨੇ 16 ਨਵੰਬਰ ਨੂੰ ਬ੍ਰਾਊਨਗਰਲ ਨਾਮ ਦੀ ਇੱਕ ਸਾਈਟ 'ਤੇ ਇੱਕ ਬਲਾਗ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਘਟਨਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ-
ਅੰਕਿਤਾ ਮਿਸ਼ਰਾ ਨੇ ਲਿਖਿਆ ਹੈ ਕਿ ਉਹ ਪਿਛਲੇ ਮਹੀਨੇ 'ਹਾਊਸ ਆਫ ਯਸ' ਨਾਈਟ ਕਲੱਬ ਗਈ ਸੀ।
ਉੱਥੇ ਉਨ੍ਹਾਂ ਦੇ ਦੋਸਤਾਂ ਨੇ ਕਾਫੀ ਮਹਿੰਗਾ ਆਰਡਰ ਕੀਤਾ ਸੀ, ਇਸ ਲਈ ਉਨ੍ਹਾਂ ਨੂੰ ਵੀਆਈਪੀ ਬਾਥਰੂਮ ਇਸਤੇਮਾਲ ਕਰਨ ਦਾ ਮੌਕਾ ਮਿਲਿਆ।
ਜਦੋਂ ਉਹ ਬਾਥਰੂਮ ਗਏ ਤਾਂ ਪਹਿਲਾਂ ਉਨ੍ਹਾਂ ਦਾ ਧਿਆਨ ਤਸਵੀਰਾਂ 'ਤੇ ਨਹੀਂ ਗਿਆ ਪਰ ਫੇਰ ਟਾਇਲਟ ਪੇਪਰ ਕੱਢਣ ਵੇਲੇ ਉਨ੍ਹਾਂ ਦੀ ਨਜ਼ਰ 'ਮਹਾਦੇਵ' ਦੀ ਤਸਵੀਰ 'ਤੇ ਪਈ।
ਫੇਰ ਉਨ੍ਹਾਂ ਨੇ ਚਾਰੇ ਪਾਸੇ ਨਜ਼ਰ ਘੁੰਮਾ ਕੇ ਦੇਖਿਆ ਤਾਂ ਹੈਰਾਨ ਰਹਿ ਗਈ।
ਟਾਇਲਟ ਦੀਆਂ ਕੰਧਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚ ਗਣੇਸ਼, ਸਰਸਵਤੀ, ਕਾਲੀ ਮਾਤਾ ਅਤੇ ਸ਼ਿਵ ਦੀਆਂ ਤਸਵੀਰਾਂ ਸ਼ਾਮਿਲ ਸਨ।
ਕਲੱਬ 'ਚ ਕੀਤੀ ਸ਼ਿਕਾਇਤ
ਅੰਕਿਤਾ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ, "ਇੱਕ ਤਰ੍ਹਾਂ ਮੈਂ ਮੰਦਿਰ ਵਿੱਚ ਸੀ ਪਰ ਉੱਥੇ ਸਾਰਾ ਕੁਝ ਉਲਟ ਸੀ। ਮੈਂ ਜੁੱਤੀ ਪਾਈ ਹੋਈ ਸੀ, ਮੈਂ ਥੁੱਕ ਰਹੀ ਸੀ..."
"ਮੈਂ ਭਾਰਤੀ-ਅਮਰੀਕੀ ਹਾਂ ਅਤੇ ਪਹਿਲਾਂ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰ ਚੁੱਕੀ ਹਾਂ। ਮੈਂ ਰੂਬਿਨ ਮਿਊਜ਼ੀਅਮ ਆਫ ਆਰਟ ਵਿੱਚ ਅਧਿਆਪਕ ਰਹੀ ਹਾਂ, ਜਿੱਥੇ ਮੇਰੇ 'ਤੇ ਮੇਰੇ ਸੱਭਿਆਚਾਰ ਕਾਰਨ ਮਿਹਣੇ ਮਾਰੇ ਜਾਂਦੇ ਹਨ ਪਰ ਇਸ ਵਾਰ ਦੀ ਘਟਨਾ ਦੀ ਮੈਂ ਅਣਦੇਖੀ ਨਹੀਂ ਕਰ ਸਕੀ।"
ਕਲੱਬ ਤੋਂ ਵਾਪਸ ਆ ਕੇ ਅੰਕਿਤਾ ਨੇ ਇਸ ਬਾਰੇ ਕਾਫੀ ਸੋਚਿਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਵੀ ਦੱਸਿਆ ਅਤੇ ਫੇਰ ਅੰਤ ਵਿੱਚ ਕਲੱਬ ਨੂੰ ਮੇਲ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ-
ਅੰਕਿਤਾ ਨੇ ਮੇਲ ਵਿੱਚ ਲਿਖਿਆ, "ਜਨਤਕ ਥਾਵਾਂ 'ਤੇ ਸ਼ਾਂਤੀ ਕਾਇਮ ਰੱਖਣ ਲਈ ਮੈਂ ਆਪਣੀ ਆਵਾਜ਼ ਦਬਾਉਂਦੀ ਆਈ ਹਾਂ। ਪਰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਹਾਊਸ ਆਫ ਯਸ ਨੂੰ ਲੈ ਕੇ ਆਪਣੇ ਤਜ਼ਰਬੇ ਸ਼ੇਅਰ ਕਰਨ ਤੋਂ ਬਾਅਦ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਨਾ ਚਾਹੁੰਦੀ ਹਾਂ।"
"ਮੈਨੂੰ ਭਰੋਸਾ ਹੈ ਕਿ ਹਾਊਸ ਆਫ ਯਸ ਅਜਿਹੀ ਥਾਂ ਹੈ ਜਿੱਥੇ ਮੇਰੀ ਆਵਾਜ਼ ਸੁਣੀ ਜਾਵੇਗੀ ਅਤੇ ਜਿੱਥੇ ਸੁਧਾਰ ਹੋ ਸਕੇਗਾ।"
ਉਨ੍ਹਾਂ ਨੇ ਲਿਖਿਆ, "ਹਾਊਸ ਆਫ ਯਸ ਪਬ ਦੇ ਨਾਲ ਮੇਰੀ ਬਹੁਤ ਸਾਰੀਆਂ ਖ਼ੂਬਸੂਰਤ ਯਾਦਾਂ ਜੁੜੀਆਂ ਹੋਈਆਂ ਹਨ। ਦੋਸਤਾਂ ਦੇ ਨਾਲ ਇੱਥੇ ਪਾਰਟੀ ਕਰਨਾ, ਡਾਂਸ ਕਰਨਾ ਅਤੇ ਖ਼ੂਬਸੂਰਤ ਮਾਹੌਲ ਸਭ ਤੋਂ ਚੰਗੀਆਂ ਯਾਦਾਂ ਹਨ ਪਰ ਸ਼ਨਿੱਚਰਵਾਰ ਨੂੰ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਾ।"
ਇਸ ਤੋਂ ਬਾਅਦ ਅੰਕਿਤਾ ਨੇ ਉਸ ਦਿਨ ਦਾ ਜ਼ਿਕਰ ਕਰਦਿਆਂ ਟਾਇਲਟ ਵਿੱਚ ਲੱਗੀਆਂ ਤਸਵੀਰਾਂ ਬਾਰੇ ਦੱਸਿਆ।
ਕਲੱਬ ਨੇ ਮੰਗੀ ਮੁਆਫ਼ੀ
ਅੰਕਿਤਾ ਮਿਸ਼ਰਾ ਦੀ ਸ਼ਿਕਾਇਤ ਤੋਂ ਬਾਅਦ ਹਾਊਸ ਆਫ ਯਸ ਨਾਈਟ ਕਲੱਬ ਦੇ ਸਹਿ-ਸੰਸਥਾਪਕ ਅਤੇ ਕ੍ਰੀਏਟਿਵ ਡਾਇਰੈਕਟਰ ਦੇ ਬਰਕ ਨੇ ਜਵਾਬ ਦਿੱਤਾ ਅਤੇ ਮੇਲ 'ਤੇ ਮੁਆਫ਼ੀ ਮੰਗੀ।
ਬਰਕ ਨੇ ਲਿਖਿਆ, "ਟਾਇਲਟ ਦੀਆਂ ਕੰਧਾਂ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਪੇਂਟਿੰਗਜ਼ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਕਬੂਲ ਕਰਦਾ ਹੈ। ਮੈਂ ਮੁਆਫ਼ੀ ਮੰਗਦਾ ਹਾਂ ਕਿ ਸੰਸਕ੍ਰਿਤੀ ਦੇ ਇਤਿਹਾਸ ਬਾਰੇ ਪੂਰੀ ਤਰ੍ਹਾਂ ਜਾਣੇ ਬਿਨਾਂ ਮੈਂ ਟਾਇਲਟ 'ਚ ਇਸ ਤਰ੍ਹਾਂ ਦੀ ਸਜਾਵਟ ਕੀਤੀ।"
"ਮੈਨੂੰ ਬਹੁਤ ਦੁਖ ਹੈ ਕਿ ਤੁਹਾਨੂੰ ਹਾਊਸ ਆਫ ਯਸ ਪੱਬ ਵਿੱਚ ਆਪਣੀ ਸੰਸਕ੍ਰਿਤੀ ਦੇ ਅਪਮਾਨ ਦਾ ਤਜ਼ਰਬਾ ਹੋਇਆ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਛੇਤੀ ਤੋਂ ਛੇਤੀ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਹਟਾ ਕੇ ਟਾਇਲਟ ਰੀ-ਡਿਜ਼ਾਇਨ ਕਰਵਾਇਆ ਜਾਵੇਗਾ।"
"ਮੈਂ ਤੁਹਾਡੀ ਈ-ਮੇਲ ਦਾ ਇੱਕ-ਇੱਕ ਸ਼ਬਦ ਪੜ੍ਹਿਆ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਲਈ ਸਮਾਂ ਕੱਢਿਆ। ਤੁਸੀਂ ਸਾਡੇ 'ਤੇ ਭਰੋਸਾ ਕੀਤਾ, ਇਸ ਲਈ ਵੀ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ।"