ਜਿਨਸੀ ਸ਼ੋਸ਼ਣ 'ਤੇ ਪ੍ਰੀਤੀ ਜ਼ਿੰਟਾ ਨੇ ਕੀ ਕਿਹਾ ਕਿ ਸੋਸ਼ਲ ਮੀਡੀਆ 'ਤੇ ਲੋਕ ਪਿੱਛੇ ਪੈ ਗਏ

ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਇੱਕ ਇੰਟਰਵਿਊ ਵਿੱਚ #MeToo ਲਹਿਰ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਘੇਰਿਆ ਜਾ ਰਿਹਾ ਹੈ।

ਪ੍ਰੀਤੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਲਹਿਰ ਨੂੰ ਛੋਟਾ ਦੱਸਣ ਵਾਲੀਆਂ ਸਮਝਿਆ ਜਾ ਰਿਹਾ ਹੈ।

ਪ੍ਰੀਤੀ ਨੇ ਵਿਵਾਦ ਲਈ ਉਨ੍ਹਾਂ ਦੇ ਇੰਟਰਵਿਊ ਦੀ 'ਮਾੜੀ ਐਡਿਟਿੰਗ' ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹੌਲੀਵੁੱਡ ਵਿੱਚ ਕਈ ਸਾਲ ਪਹਿਲਾਂ ਸ਼ੁਰੂ ਹੋਈ ਇਸ ਸੋਸ਼ਲ ਮੀਡੀਆ ਲਹਿਰ ਹੇਠ ਸੰਸਾਰ ਭਰ ਦੀਆਂ ਔਰਤਾਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਜਨਤਕ ਤੌਰ 'ਤੇ ਸਾਂਝਾ ਕਰ ਰਹੀਆਂ ਹਨ।

ਪਿਛਲੇ ਮਹੀਨਿਆਂ ਦੌਰਾਨ ਇਸ ਲਹਿਰ ਨੇ ਭਾਰਤ ਵਿੱਚ ਵੀ ਜ਼ੋਰ ਫੜ੍ਹਿਆ ਤੇ ਕਈ ਲੇਖਕਾਂ, ਪੱਤਰਕਾਰਾਂ, ਅਦਾਕਾਰਾਂ ਅਤੇ ਫਿਲਮ ਨਿਰਮਾਤਿਆਂ ਦੇ ਨਾਂ ਇਸ ਵਿੱਚ ਸਾਹਮਣੇ ਆਏ।

ਉਨ੍ਹਾਂ ਇਹ ਟਿੱਪਣੀਆਂ ਇੱਕ ਵੈਬਸਾਈਟ ਬੌਲੀਵੁੱਡ ਹੰਗਾਮਾ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤੀਆਂ।

ਇਹ ਵੀ ਪੜ੍ਹੋ:

ਬੀਬੀਸੀ ਦੀ ਗੀਤਾ ਪਾਂਡੇ ਮੁਤਾਬਕ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਅਜਿਹੇ ਵਿੱਚ ਪ੍ਰੀਤੀ ਜ਼ਿੰਟਾ ਦਾ ਇੰਟਰਵਿਊ ਵਿੱਚ ਇਸ ਪ੍ਰਕਾਰ ਬਿਨਾਂ ਤਿਆਰੀ ਦੇ ਆ ਜਾਣਾ ਹੈਰਾਨ ਕਰਨ ਵਾਲਾ ਹੈ।

'ਪੀੜਤਾਂ ਨੂੰ ਸ਼ਰਮਸਾਰ' ਕਰਨ ਵਾਲੀ ਟਿੱਪਣੀ

ਹਰਾਸਮੈਂਟ ਦੇ ਨਿੱਜੀ ਤਜ਼ਰਬੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰੀਤੀ ਨੇ ਥੋੜਾ ਹੱਸ ਕੇ ਕਿਹਾ, "ਨਹੀਂ ਮੇਰਾ ਨਹੀਂ ਹੈ ਪਰ ਕਾਸ਼ ਹੁੰਦਾ ਤਾਂ ਮੇਰੇ ਕੋਲ ਤੁਹਾਨੂੰ ਦੱਸਣ ਲਈ ਕੋਈ ਉੱਤਰ ਹੁੰਦਾ।"

ਉਨ੍ਹਾਂ ਅੱਗੇ ਕਿਹਾ,"ਇਹ ਕਾਫੀ ਸਾਪੇਖਿਕ ਸੁਆਲ ਹੈ ਕਿਉਂਕਿ ਲੋਕ ਤੁਹਾਡੇ ਨਾਲ ਉਵੇਂ ਹੀ ਵਿਹਾਰ ਕਰਦੇ ਹਨ ਜਿਵੇਂ ਦੀ ਤੁਸੀਂ ਵਿਹਾਰ ਕਰਵਾਉਣਾ ਚਾਹੁੰਦੇ ਹੋ। " - ਉਨ੍ਹਾਂ ਦੀ ਇਸੇ ਟਿੱਪਣੀ ਨੂੰ ਕਈ ਲੋਕ 'ਪੀੜਤਾਂ ਨੂੰ ਸ਼ਰਮਸਾਰ' ਕਰਨ ਵਾਲੀ ਕਹਿ ਰਹੇ ਹਨ।

ਇਸ ਤੋਂ ਪਹਿਲਾਂ ਪ੍ਰੀਤੀ ਨੇ ਕਿਹਾ, "#MeToo ਦਾ ਸ਼ੁਰੂ ਹੋਣਾ ਅਹਿਮ ਹੈ" ਪਰ ਉਸ ਮਗਰੋਂ ਉਨ੍ਹਾਂ ਕਿਹਾ, "ਉਨ੍ਹਾਂ ਨੂੰ ਬੁਰਾ ਲਗਦਾ ਹੈ ਜਦੋਂ ਔਰਤਾਂ ਇਸ ਦੀ ਵਰਤੋਂ ਬਿਨਾਂ ਗੰਭੀਰਤਾ ਦੇ ਜਾਂ ਕਿਸੇ ਨਿੱਜੀ ਦੁਸ਼ਮਣੀ ਕਾਰਨ ਪ੍ਰਸਿੱਧੀ ਹਾਸਲ ਕਰਨ ਲਈ ਕਰਦੀਆਂ ਹਨ ਜਿਸ ਨਾਲ ਲਹਿਰ ਦਾ ਅਸਰ ਘਟਦਾ ਹੈ।"

ਵੀਡੀਓ ਸੋਸ਼ਲ ਮੀਡੀਆ 'ਤੇ ਛਾਅ ਗਿਆ ਤੇ ਕਈ ਲੋਕਾਂ ਨੇ ਉਨ੍ਹਾਂ ਉੱਪਰ ਇਲਜ਼ਾਮ ਲਾਇਆ ਕਿ ਉਹ #MeToo ਦਾ ਮਜ਼ਾਕ ਬਣਾ ਰਹੇ ਹਨ।

ਵਿਵਾਦ ਵਿੱਚ ਘਿਰ ਜਾਣ ਮਗਰੋਂ ਪ੍ਰੀਤੀ ਨੇ ਟਵੀਟ ਕਰਕੇ ਕਿਹਾ ਕਿ, "ਹਲਕਾ ਬਣਾਉਣ ਅਤੇ ਸੰਵੇਦਨਾ ਖ਼ਤਮ ਕਰਨ ਲਈ" ਵੀਡੀਓ ਦੀ ਐਡਿਟਿੰਗ ਮਾੜੀ ਕੀਤੀ ਗਈ ਸੀ।

ਕਈ ਲੋਕਾਂ ਨੇ ਉਨ੍ਹਾਂ ਦੀ ਇਸ ਟਿੱਪਣੀ ਤੋਂ ਆਪਣੀ ਨਿਰਾਸ਼ਾ ਜ਼ਾਹਰ ਕੀਤੀ।

ਭਾਰਤ ਵਿੱਚ #MeToo ਲਹਿਰ ਅਦਾਕਾਰਾ ਤਨੂਸ਼੍ਰੀਦੱਤਾ ਵੱਲੋਂ ਸੀਨੀਅਰ ਅਦਾਕਾਰ ਨਾਨਾ ਪਾਟੇਕਰ ਉੱਪਰ 10 ਸਾਲ ਪਹਿਲਾਂ ਲਾਏ ਇਲਜ਼ਾਮ ਦੁਹਰਾਉਣ ਨਾਲ ਸਤੰਬਰ ਮਹੀਨੇ ਵਿੱਚ ਤੇਜ ਹੋਈ। ਪਾਟੇਕਰ ਨੇ ਇਲਜ਼ਮਾਂ ਨੂੰ ਝੂਠ ਕਹਿ ਕੇ ਰੱਦ ਕਰ ਦਿੱਤਾ ਸੀ।

ਪਰ ਉਸ ਮਗਰੋਂ ਬੌਲੀਵੁੱਡ ਦੇ ਕਈ ਅਦਾਕਾਰਾਂ ਉੱਪਰ ਅਜਿਹੇ ਇਲਜ਼ਾਮ ਲਾਏ ਜਾ ਚੁੱਕੇ ਹਨ।

ਸਭ ਤੋਂ ਚਰਚਿਤ ਮਾਮਲਾ ਸੀ ਸੀਨੀਅਰ ਪੱਤਰਕਾਰ ਅਤੇ ਸਾਬਕਾ ਉਪ-ਵਿਦੇਸ਼ ਮੰਤਰੀ ਐਮਜੇ ਅਕਬਰ ਖਿਲਾਫ ਇੱਕ ਮਹਿਲਾ ਪੱਤਰਕਾਰ ਵੱਲੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣਾ। ਇਸ ਮਗਰੋਂ ਉਨ੍ਹਾਂ ਖਿਲਾਫ ਬੋਲਣ ਵਾਲੀਆਂ ਔਰਤਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਅਤੇ ਅਕਬਰ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਅਕਬਰ ਨੇ ਇਨ੍ਹਾਂ ਇਲਜ਼ਾਮਾਂ ਦਾ ਸਿਰੇ ਤੋਂ ਖੰਡਨ ਕੀਤਾ ਅਤੇ ਇੱਕ ਮਹਿਲਾ ਪੱਤਰਕਾਰ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)