You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਆਮ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ 5 ਮੁੱਦੇ
- ਲੇਖਕ, ਸ਼ੁਮਾਇਲਾ ਜ਼ਾਫਰੀ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ ਤੋਂ
ਪਾਕਿਸਤਾਨ ਵਿੱਚ 25 ਜੁਲਾਈ ਨੂੰ ਆਮ ਚੋਣਾ ਹੋਣੀਆਂ ਹਨ ਅਤੇ ਸਾਰੀਆਂ ਪਾਰਟੀਆਂ ਨੇ ਆਪੋ-ਆਪਣਾ ਜ਼ੋਰ ਪ੍ਰਚਾਰ ਵਿੱਚ ਲਾਇਆ ਹੋਇਆ ਹੈ।
ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਦੇ ਸੰਭਾਵੀ ਜੇਤੂ ਬਾਰੇ ਵੀ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ।
ਅਸੀਂ ਪਾਕਿਸਤਾਨੀ ਚੋਣਾਂ ਦੇ ਨਤੀਜਿਆਂ ਉੱਪਰ ਅਸਰ ਪਾ ਸਕਣ ਵਾਲੇ ਮੁੱਦਿਆਂ ਬਾਰੇ ਤਿੰਨ ਵਿਸ਼ਲੇਸ਼ਕਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ꞉
ਅਸੀਂ ਪਾਕਿਸਤਾਨ ਦੇ ਵਿਦਿਆਰਥੀ ਵਿਕਾਸ ਅਤੇ ਪਾਰਦਰਸ਼ਿਤਾ ਸੰਸਥਾਨ ਦੇ ਮੁਖੀ ਅਹਿਮਦ ਬਿਲਾਲ ਮਹਬੂਬ, ਸੀਨੀਅਰ ਪੱਤਰਕਾਰ ਸੋਹੇਲ ਵਰਾਈਚ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਪੀਐਚਡੀ ਸਕਾਲਰ ਅਤੇ ਰਾਜਨੀਤੀ ਸ਼ਾਸਤਰੀ ਸਾਰਾ ਖ਼ਾਨ ਨਾਲ ਗੱਲਬਾਤ ਕੀਤੀ।
ਇਨ੍ਹਾਂ ਮਾਹਿਰਾਂ ਦੀ ਗਲਬਾਤ ਤੋਂ ਪੰਜ ਅਜਿਹੇ ਅਸਰਦਾਰ ਮੁੱਦੇ ਨਿਕਲੇ ਜੋ ਇਨ੍ਹਾਂ ਚੋਣਾਂ ਵਿੱਚ ਸਿਆਸੀ ਪਹਿਲਵਾਨਾਂ ਨੂੰ ਜਿਤਾ ਜਾਂ ਹਰਾ ਸਕਦੇ ਹਨ।
1. ਨਵਾਜ਼ ਸ਼ਰੀਫ ਨਾਲ ਹਮਦਰਦੀ ਦੀ ਲਹਿਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਸਜ਼ਾ ਕੱਟਾ ਰਹੇ ਹਨ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ 2016 ਦੇ ਪਨਾਮਾ ਦਸਤਾਵੇਜ਼ਾਂ ਦੇ ਮਾਮਲੇ ਵਿੱਚ 28 ਜੁਲਾਈ 2017 ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਕਰਾਰ ਦੇ ਦਿੱਤਾ ਸੀ।
ਸ਼ਰੀਫ ਭਲੇ ਹੀ ਚੋਣਾਂ ਨਹੀਂ ਲੜ ਸਕਦੇ ਪਰ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦਾ ਚਿਹਰਾ ਹਨ। ਫਿਲਹਾਲ ਪਾਰਟੀ ਦੀ ਵਾਗਡੋਰ ਉਨ੍ਹਾਂ ਦੇ ਛੋਟੇ ਭਰਾ ਸ਼ਹਬਾਜ਼ ਕੋਲ ਹੈ।
ਵਿਸ਼ਲੇਸ਼ਕ ਸੋਹੈਲ ਵਰਾਈਚ ਦਸਦੇ ਹਨ ਕਿ ਸਾਲ 2018 ਦੀਆਂ ਚੋਣਾਂ ਦਾ ਨਤੀਜਾ ਨਵਾਜ਼ ਦੇ ਨਾਅਰੇ 'ਮੁਝੇ ਕਿਊਂ ਨਿਕਾਲਾ' ਦਾ ਜਵਾਬ ਹੋਵੇਗਾ।
ਜੇ ਜਨਤਾ ਉਨ੍ਹਾਂ ਦੇ ਨਾਅਰੇ ਨਾਲ ਸਹਿਮਤ ਹੋ ਗਈ ਤਾਂ ਉਹ ਤਾਕਤਵਰ ਹੋ ਕੇ ਸਰਕਾਰ ਵਿੱਚ ਵਾਪਸ ਆਉਣਗੇ।
ਵਰਾਈਚ ਨੇ ਕਿਹਾ, "ਉਨ੍ਹਾਂ ਇਸੇ ਦੇ ਆਲੇ-ਦੁਆਲੇ ਕਹਾਣੀ ਬੁਣੀ ਹੈ, ਉਨ੍ਹਾਂ ਨੇ ਆਪਣੇ-ਆਪ ਨੂੰ ਪੀੜਤ ਵਜੋਂ ਪੇਸ਼ ਕੀਤਾ ਹੈ।"
ਅਹਿਮਦ ਬਿਲਾਲ ਨੇ ਕਿਹਾ, "ਨਵਾਜ਼ ਆਪਣੇ-ਆਪ ਨੂੰ ਪੀੜਤ ਪੇਸ਼ ਕਰਨ ਵਿੱਚ ਸਫਲ ਰਹੇ ਹਨ। ਜਨਤਾ ਉਨ੍ਹਾਂ ਦੀ ਗੱਲ ਸੁਣ ਰਹੀ ਹੈ ਅਤੇ ਬਹੁਤ ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਤਾਕਤਵਕਰ ਸੰਸਥਾਵਾਂ ਨੇ ਉਨ੍ਹਾਂ ਦਾ ਗਲਤ ਅਕਸ ਪੇਸ਼ ਕੀਤਾ ਹੈ।"
ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਸ਼ਰੀਫ ਦੀ ਪਤਨੀ ਦੀ ਬਿਮਾਰੀ ਨੇ ਸ਼ਰੀਫ ਅਤੇ ਉਨ੍ਹਾਂ ਦੀ ਪਾਰਟੀ ਲਈ ਹਮਦਰਦੀ ਪੈਦਾ ਕੀਤੀ ਹੈ। ਸਾਲ 2008 ਵਿੱਚ ਪਹਿਲਾਂ ਬੇਨਜ਼ੀਰ ਭੁੱਟੋ ਦੇ ਕਤਲ ਨੇ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਵਿੱਚ ਲਿਆਂਦਾ।
ਇਹ ਵੀ ਪੜ੍ਹੋ꞉
ਸਾਰਾ ਖ਼ਾਨ ਦਾ ਕਹਿਣਾ ਹੈ, "ਹਮਦਰਦੀ ਦੀ ਲਹਿਰ ਥੋੜੇ ਸਮੇਂ ਲਈ ਹੁੰਦੀ ਹੈ ਅਤੇ ਦੂਸਰੀਆਂ ਪਾਰਟੀਆਂ ਦੇ ਵੋਟਬੈਂਕ ਨੂੰ ਬਦਲ ਨਹੀਂ ਸਕਦੀ ਪਰ ਜਿਹੜੀਆਂ ਸੀਟਾਂ ਉੱਪਰ ਮੁਕਾਬਲਾ ਸਖ਼ਤ ਹੈ ਅਤੇ ਵਿਰੋਧੀ ਪਾਰਟੀਆਂ ਦੀ ਜਿੱਤ ਦਾ ਫਰਕ ਘਟ ਸਕਦਾ ਹੈ। ਨਵਾਜ਼ ਦੀ ਪੀੜਤ ਦਿੱਖ ਨਿਸ਼ਚਿਤ ਹੀ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।"
2. ਫੌਜ ਦਾ ਦਖ਼ਲ
ਹਾਲ ਹੀ ਵਿੱਚ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦਾ ਵਿਸ਼ੇਸ਼ ਅਧਿਕਾਰ ਹੈ। ਹਾਲਾਂਕਿ, ਇਸ ਦੇ ਬਾਵਜੂਦ ਸਿਆਸੀ ਵਿਸ਼ਲੇਸ਼ਕਾਂ ਨੂੰ ਭਰੋਸਾ ਹੈ ਕਿ ਫੌਜ ਇਨ੍ਹਾਂ ਚੋਣਾ ਵਿੱਚ ਯਕੀਨੀ ਹੀ ਇੱਕ ਸ਼ਕਤੀਸ਼ਾਲੀ ਧਿਰ ਹੈ।
ਅਹਿਮਦ ਬਿਲਾਲ ਮਹਿਬੂਬ ਕਹਿੰਦੇ ਹਨ, ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਫੌਜ ਦੀ ਦਿਲਚਸਪੀ ਕਿਸੇ ਖ਼ਾਸ ਸਿਆਸੀ ਪਾਰਟੀ ਦੀ ਹਾਰ-ਜਿੱਤ ਦਾ ਵੱਡਾ ਕਾਰਨ ਹੁੰਦੀ ਹੈ। ਪਾਕਿਸਤਾਨ ਦੇ ਪ੍ਰਸੰਗ ਵਿੱਚ ਦੇਖਣਾ ਮੱਹਤਵਪੂਰਨ ਹੈ ਕਿ ਉਸਦਾ ਵੱਖੋ-ਵੱਖ ਸਿਆਸੀ ਪਾਰਟੀਆਂ ਬਾਰੇ ਕੀ ਰਵਈਆ ਹੈ।
ਸੋਹੈਲ ਵਰਾਈਚ ਇਸ ਨੂੰ ਹੋਰ ਢੰਗ ਨਾਲ ਦੇਖਦੇ ਹਨ, "ਫੌਜ ਦੀ ਸ਼ਕਤੀ ਅਤੇ ਪ੍ਰਭਾਵ ਇੱਕ ਸਚਾਈ ਹੈ ਪਰ ਇਸ ਕੋਲ ਆਪਣਾ ਵੋਟ ਬੈਂਕ ਵੀ ਹੈ। ਇਸਦੇ 8 ਲੱਖ ਜਵਾਨ ਹਨ। ਜੇ ਉਨ੍ਹਾਂ ਦੇ ਪਰਿਵਾਰ ਅਤੇ ਜਿਨ੍ਹਾਂ ਦੀ ਉਨ੍ਹਾਂ ਵਿੱਚ ਦਿਲਚਸਪੀ ਹੈ ਤਾਂ ਗਿਣਤੀ ਇੱਕ ਕਰੋੜ ਹੋ ਜਾਂਦੀ ਹੈ।"
ਸਾਰਾ ਖ਼ਾਨ ਨੂੰ ਲਗਦਾ ਹੈ ਕਿ ਜੇ ਚੋਣ ਪ੍ਰਕਿਰਿਆ ਸਾਫ ਅਤੇ ਆਜ਼ਾਦ ਨਹੀਂ ਹੋਵੇਗੀ ਤਾਂ ਪ੍ਰੈਸ ਦੀ ਆਜ਼ਾਦੀ ਅਤੇ ਹੋਰ ਸਾਧਨਾਂ ਦੀ ਲਗਾਮ ਖਿੱਚ ਕੇ ਫੌਜ ਇੱਕ ਖ਼ਾਸ ਕਿਸਮ ਦਾ ਸਿਆਸੀ ਮਾਹੌਲ ਬਣਾ ਸਕਦੀ ਹੈ।
3. ਧਾਰਮਿਕ ਅਧਿਕਾਰ
ਪਾਕਿਸਤਾਨੀ ਲੋਕਾਂ ਦੀ ਜ਼ਿੰਦਗੀ ਵਿੱਚ ਧਰਮ ਇੱਕ ਖਾਸ ਭੂਮਿਕਾ ਨਿਭਾਉਂਦਾ ਹੈ। ਦੇਸ ਵਿੱਚ ਹਾਲ ਹੀ ਵਿੱਚ ਕਈ ਧਾਰਮਿਕ ਸੰਗਠਨਾਂ ਦਾ ਉਭਾਰ ਹੋਇਆ ਹੈ।
ਅਹਿਮਦ ਬਿਲਾਲ ਮਹਿਬੂਬ ਦੀ ਰਾਇ ਹੈ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀਐਮਐਲ (ਨ) ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਵਿਚਕਾਰ ਮੁਕਾਬਲਾ ਸਖ਼ਤ ਹੋਇਆ ਹੈ ਉਸ ਸਮੇਂ ਤੋਂ ਚੋਣਾਂ ਵਿੱਚ ਧਾਰਮਿਕ ਸੰਗਠਨਾਂ ਦੀ ਭੂਮਿਕਾ ਵਧ ਗਈ ਹੈ।
ਉਨ੍ਹਾਂ ਕਿਹਾ, "ਜੇ ਕਿਸੇ ਸੀਟ ਉੱਪਰ ਹਾਰ-ਜਿੱਤ ਦਾ ਫਰਕ ਘੱਟ ਰਹਿੰਦਾ ਹੈ ਤਾਂ ਉੱਥੇ ਸਿਆਸੀ ਪਾਰਟੀਆਂ ਵੋਟਾਂ ਲੁੱਟਣਗੀਆਂ ਅਤੇ ਉਹ ਮੁਖ ਉਮੀਦਵਾਰ ਨੂੰ ਹਰਾ ਜਾਂ ਜਿਤਾ ਸਕਦੀਆਂ ਹਨ।"
ਸੋਹੈਲ ਵਰਾਈਚ ਕਹਿੰਦੇ ਹਨ ਸਿਆਸੀ ਪਾਰਟੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਪੀਐਮਐਲ-(ਨ) ਦਾ ਵੋਟ ਬੈਂਕ ਕੱਟ ਚੁੱਕੀਆਂ ਹਨ।
ਸਾਰਾ ਖ਼ਾਨ ਨੇ ਦੱਸਿਆ, "ਦੇਸ ਦੀ ਸਿਆਸਤ ਵਿੱਚ ਧਰਮ ਸਭ ਤੋਂ ਸ਼ਕਤੀਸ਼ਾਲੀ ਬਾਲਣ ਹੈ ਅਤੇ ਮੌਜੂਦਾ ਪ੍ਰਸੰਗ ਵਿੱਚ ਹਾਲੇ ਤੱਕ ਸਮਾਨ ਹੈ। ਹਾਲ ਹੀ ਵਿੱਚ ਪੈਗੰਬਰ ਦੀ ਨਿੰਦਾ ਖਿਲਾਫ ਧਾਰਮਿਕ ਸਮੂਹਾਂ ਦੇ ਖਿਲਾਫ ਅੰਦੋਲਨ ਵੀ ਪਾਕਿਸਤਾਨੀ ਜਨਤਾ ਦੇਖ ਚੁੱਕੀ ਹੈ।"
4. ਅਰਥਚਾਰਾ ਅਤੇ ਵਿਕਾਸ
ਪਾਕਿਸਤਾਨ ਵਿੱਚ ਆਮ ਲੋਕ ਅਕਸਰ ਚੋਣ ਘੋਸ਼ਣਾ ਪੱਤਰਾਂ ਅਤੇ ਖਾਸ ਤੌਰ 'ਤੇ ਸਿਆਸੀ ਪਾਰਟੀ ਦੇ ਆਰਥਿਕ ਏਜੰਡੇ ਉੱਪਰ ਧਿਆਨ ਕੇਂਦਰਿਤ ਨਹੀਂ ਕਰਦੇ ਹਨ।
ਉਹ ਆਪਣੇ ਨਾਲ ਜੁੜੇ ਰੁਜ਼ਗਾਰ, ਬਿਜਲੀ, ਬੁਨਿਆਦੀ ਵਿਕਾਸ ਦੇ ਮਸਲਿਆਂ ਦੇ ਜਿਆਦਾ ਨੇੜੇ ਰਹੇ ਹਨ।
ਇਹ ਵੀ ਪੜ੍ਹੋ꞉
ਸਾਰਾ ਖ਼ਾਨ ਮੁਤਾਬਕ ਦੇਸ ਦੇ ਅਰਥਚਾਰੇ ਦੇ ਸੂਚਕ ਵਜੋਂ ਵੋਟਰ ਫੈਸਲਾ ਨਹੀਂ ਲੈਂਦੇ ਪਰ ਸਥਾਨਕ ਅਰਥਸ਼ਾਸਤਰ ਨਾਲ ਜੁੜੇ ਮਸਲਿਆਂ ਅਤੇ ਆਪਣੇ ਖੇਤਰ ਦੇ ਵਿਕਾਸ ਦੇ ਆਧਾਰ ਉੱਪਰ ਹੀ ਉਹ ਉਮੀਦਵਾਰਾਂ ਦੀ ਚੋਣ ਕਰਦੇ ਹਨ।
ਇਸ ਬਾਰੇ ਅਹਿਮਦ ਬਿਲਾਲ ਕਹਿੰਦੇ ਹਨ, "ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਨੂੰ ਜਾਣਨ ਲਈ ਉਨ੍ਹਾਂ ਨੇ ਸਾਲ 2013 ਤੋਂ ਬਾਅਦ ਇੱਕ ਸਰਵੇਖਣ ਸ਼ੁਰੂ ਕੀਤਾ ਸੀ ਜਿਸ ਵਿੱਚ ਇੱਕ ਵੱਡਾ ਕਾਰਨ ਵਿਕਾਸ ਸੀ।"
ਸੋਹੈਲ ਵਰਾਈਚ ਮੁਤਾਬਕ, "ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਇਮਰਾਨ ਖ਼ਾਨ ਦੇਸ ਦੇ ਵਿਕਾਸ ਲਈ ਅਤੇ ਬਦਲਾਅ ਦੇ ਸਮਰੱਥਕ ਹਨ ਅਤੇ ਆਰਥਿਕ ਤਬਦੀਲੀ ਲਿਆ ਸਕਦੇ ਹਨ।"
5. ਮੀਡੀਆ ਅਤੇ ਫੇਕ ਨਿਊਜ਼
ਵਿਸ਼ਲੇਸ਼ਕ ਮੰਨਦੇ ਹਨ ਕਿ ਮੀਡੀਆ (ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਵਾਲਾ) ਅਤੇ ਫੇਕ ਨਿਊਜ਼ ਦੇਸ ਵਿੱਚ ਚੋਣ ਪ੍ਰਕਿਰਿਆ ਵਿੱਚ ਹੇਰ-ਫੇਰ ਕਰ ਸਕਦੇ ਹਨ।
ਸਾਲ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜਿਸ ਪ੍ਰਕਾਰ ਫੇਕ ਨਿਊਜ਼ ਦੀ ਚਰਚਾ ਸਾਰੇ ਪਾਸੇ ਹੋਈ ਉਹ ਪੂਰੀ ਦੁਨੀਆਂ ਲਈ ਇੱਕ ਨਵੀਂ ਘਟਨਾ ਹੈ।
ਪਾਕਿਸਤਾਨ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਉੱਪਰ ਸਰਗਰਮ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਰਟੀਆਂ ਸੈਂਕੜੇ ਫਰਜ਼ੀ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਚਲਾ ਰਹੀਆਂ ਹਨ ਤਾਂ ਕਿ ਆਪਣੀਆਂ ਸਿਆਸੀ ਨੀਤੀਆਂ ਅਤੇ ਕਹਾਣੀਆਂ ਫੈਲਾਅ ਸਕਣ।
ਸਾਰਾ ਖ਼ਾਨ ਦਸਦੇ ਹਨ, "ਖ਼ਾਸ ਕਰਕੇ ਸੋਸ਼ਲ ਮੀਡੀਆ ਉੱਪਰ ਗਲਤ ਸੂਚਨਾ ਭਰਮ ਪੈਦਾ ਕਰ ਸਕਦੀ ਹੈ। ਹੁਣ ਮੁੱਖ ਧਾਰਾ ਦੇ ਮੀਡੀਆ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਫੇਕ ਨਿਊਜ਼ ਦਾ ਵਿਰੋਧ ਕਰੇ ਅਤੇ ਵੋਟਰਾਂ ਦੀ ਅਗਵਾਈ ਕਰੇ।"
ਲੇਕਿਨ ਜਿਸ ਪ੍ਰਕਾਰ ਦੀ ਪੱਤਰਕਾਰੀ ਮੁੱਖ ਧਾਰਾ ਦਾ ਮੀਡੀਆ ਕਰ ਰਿਹਾ ਹੈ, ਕੀ ਉਸ ਨਾਲ ਅਜਿਹਾ ਹੋ ਸਕਦਾ ਹੈ? ਸੋਹੈਲ ਵਰਾਈਚ ਮੁਤਾਬਕ ਇਹ ਇੱਕ ਵੱਡੀ ਚੁਣੌਤੀ ਹੈ।
ਉਨ੍ਹਾਂ ਦੱਸਿਆ, "ਮੁੱਖ ਧਾਰਾ ਦਾ ਮੀਡੀਆ ਸੰਗਠਨਾਂ ਵਿੱਚ ਵੰਡਿਆ ਹੋਇਆ ਹੈ। ਉਹ ਪੱਖ ਲੈ ਰਿਹਾ ਹੈ ਤੇ ਇਹ ਮੁਸ਼ਕਿਲ ਹੈ ਕਿ ਉਹ ਫੇਕ ਨਿਊਜ਼ ਦਾ ਮੁਕਾਬਲਾ ਕਰ ਸਕੇਗਾ।"
ਹਾਲਾਂਕਿ ਅਹਿਮਦ ਬਿਲਾਲ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੀ ਪਹੁੰਚ ਕੇਵਲ 10 ਤੋਂ 15 ਫੀਸਦੀ ਲੋਕਾਂ ਤੱਕ ਹੈ, ਤਾਂ ਮੁੱਖ ਧਾਰਾ ਦਾ ਮੀਡੀਆ ਹੀ ਹੈ ਜੋ ਆਉਣ ਵਾਲੀਆਂ ਚੋਣਾਂ ਵਿੱਚ ਆਮ ਰਾਇ ਪ੍ਰਭਾਵਿਤ ਕਰੇਗਾ।
ਇਹ ਵੀ ਪੜ੍ਹੋ꞉