ਪਾਕਿਸਤਾਨੀ ਚੋਣ ਨਾਅਰੇ: ਨਵਾਜ਼ ਦੀ ਟੱਕਰ ਚ ਕਿਹੜਾ 'ਏਲੀਅਨ' ਤੇ ਕਿਸ ਨੂੰ ਵੋਟ ਪਾਉਣਾ 'ਹਰਾਮ'

    • ਲੇਖਕ, ਬੀਬੀਸੀ ਮੌਨਿਟਰਿੰਗ
    • ਰੋਲ, ਬੀਬੀਸੀ

ਪਾਕਿਸਤਾਨ ਵਿੱਚ 25 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਭਖਦੇ ਸਿਆਸੀ ਮਾਹੌਲ ਵਿੱਚ ਸਥਾਨਕ ਮੀਡੀਆ ਅਤੇ ਸਿਆਸਤ ਵਿੱਚ ਉਰਦੂ ਮੁਹਾਵਰੇ ਵਰਤੇ ਜਾ ਰਹੇ ਹਨ।

ਇਨ੍ਹਾਂ ਵਿੱਚੋਂ ਕੁਝ ਸ਼ਬਦ ਤਾਂ ਤਾਜ਼ੇ ਸਿਆਸੀ ਨਾਅਰੇ ਹੀ ਹਨ ਜਦਕਿ "ਖ਼ਾਲਾਈ ਮਖ਼ਲੂਕ" ਵਰਗੇ ਪੁਰਾਣੇ ਸ਼ਬਦਾਂ ਦੀ ਨਵੇਂ ਅਰਥਾਂ ਵਿੱਚ ਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਬੀਬੀਸੀ ਮੌਨਿਟਰਿੰਗ ਨੇ ਅਜਿਹੇ ਹੀ ਕੁਝ ਸ਼ਬਦਾਂ ਦਾ ਜਾਇਜ਼ਾ ਲਿਆ ,ਜੋ ਕਿ ਦੇਸ ਵਿੱਚ ਆਗਾਮੀ ਆਮ ਚੋਣਾਂ ਦੇ ਮਦੇਨਜ਼ਰ ਵਧਦੇ ਸਿਆਸੀ ਤਾਪਮਾਨ ਕਰਕੇ ਮਸ਼ਹੂਰ ਹੋ ਰਹੇ ਹਨ।

"ਖ਼ਲਾਈ ਮਖ਼ਲੂਕ"

ਖ਼ਲਾਈ ਮਖ਼ਲੂਕ, ਉਰਦੂ ਦਾ ਇੱਕ ਪੁਰਾਣਾ ਸ਼ਬਦ ਹੈ ਜੋ ਏਲੀਅਨਾਂ ਲਈ ਵਰਤਿਆ ਜਾਂਦਾ ਹੈ। ਪਾਕਿਸਤਾਨੀ ਸਿਆਸਤ ਵਿੱਚ ਇਸ ਦੀ ਵਰਤੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੇਸ ਦੀ ਸਿਆਸਤ ਵਿੱਚ ਫੌਜ ਦੇ ਪ੍ਰਭਾਵ ਦੀ ਆਲੋਚਨਾ ਕਰਨ ਲਈ ਕੀਤੀ ਸੀ।

ਦੱਖਣ-ਏਸ਼ੀਆਈ ਸੱਭਿਆਚਰ ਵਿੱਚ ਮੰਦਭਾਗੀਆਂ ਘਟਨਾਵਾਂ ਅਦਿੱਖ ਸ਼ਕਤੀਆਂ ਗਲ ਪਾ ਦਿੱਤੀਆਂ ਜਾਂਦੀਆਂ ਹਨ। ਪਿਛਲੇ ਮਹੀਨਿਆਂ ਵਿੱਚ ਸ਼ਰੀਫ ਨੇ ਇਸ ਸ਼ਬਦ ਦੀ ਆਪਣੀਆਂ ਰੈਲੀਆਂ ਵਿੱਚ ਖੁੱਲ੍ਹ ਕੇ ਵਰਤੋਂ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਏਲੀਅਨ ਨਾਲ ਮੁਕਾਬਲਾ ਕਰ ਰਹੇ ਹਨ।

ਸਾਲ 2016 ਵਿੱਚ ਪਨਾਮਾ ਦਸਤਾਵੇਜ਼ਾਂ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਸ਼ਰੀਫ ਆਪਣੇ ਵਿਰੋਧੀਆਂ ਨਾਲ ਟਕਰਾਅ ਵਾਲੀ ਸਥਿਤੀ ਵਿੱਚ ਰਹੇ ਹਨ। ਜੁਲਾਈ 2017 ਵਿੱਚ ਦੇਸ ਦੀ ਸੁਪਰੀਮ ਕੋਰਟ ਵੱਲੋਂ ਸਰਕਾਰੀ ਅਹੁਦਿਆਂ ਲਈ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।

ਇਸੇ ਸਾਲ ਜੁਲਾਈ 2018 ਵਿੱਚ ਇੱਕ ਅਦਾਲਤ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਉਣ ਮਗਰੋਂ ਕੈਦ ਦੀ ਸਜ਼ਾ ਸੁਣਾਈ ਹੈ।

ਸਾਬਕਾ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਉਨ੍ਹਾਂ ਖਿਲਾਫ ਲਾਏ ਗਏ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਹਨ ਅਤੇ ਇਸ ਲਈ ਉਹ ਫੌਜ- ਅਤੇ ਨਰਮ ਨਿਆਂ ਪ੍ਰਣਾਲੀ ਨੂੰ ਇਲਜ਼ਾਮ ਦਿੰਦੇ ਹਨ-ਜੋ ਉਨ੍ਹਾਂ ਖਿਲਾਫ ਮੁਹਿੰਮ ਚਲਾ ਰਹੇ ਹਨ।ਫੌਜ ਨੇ ਸਿਆਸਤ ਵਿੱਚ ਆਪਣੇ ਪ੍ਰਭਾਵ ਦੇ ਇਲਜ਼ਾਮਾਂ ਨੂੰ ਅਤੇ "ਖ਼ਾਲਾਈ ਮਖ਼ਲੂਕ" ਨੂੰ "ਮਹਿਜ ਇੱਕ ਸਿਆਸੀ ਨਾਅਰਾ" ਕਹਿ ਕੇ ਖਾਰਿਜ ਕੀਤਾ ਹੈ।

ਇਸੇ ਦੌਰਾਨ ਕੁਝ ਸਿਆਸਤਦਾਨਾਂ ਨੇ ਜਿਨ੍ਹਾਂ ਵਿੱਚ ਸ਼ਰੀਫ ਦੀ ਪਾਰਟੀ ਛੱਡ ਕੇ ਜਾਣ ਵਾਲੇ ਵੀ ਸ਼ਾਮਲ ਹਨ, ਜੀਪ ਨੂੰ ਚੋਣ ਨਿਸ਼ਾਨ ਬਣਾਇਆ ਹੈ। ਜਿਸ ਕਰਕੇ ਕਈ ਸਿਆਸੀ ਟਿੱਪਣੀਕਾਰ ਇਨ੍ਹਾਂ ਨੂੰ ਸਿਆਸਤਦਾਨਾਂ ਨੂੰ ਜੋ ਭਲੇ ਹੀ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਵਿੱਚ ਉਤਰਨਗੇ ਫੌਜ ਪੱਖੀਆਂ ਵਜੋਂ ਦੇਖ ਰਹੇ ਹਨ। ਫੌਜ ਨੇ ਇਸ ਵਿਚਾਰ ਨੂੰ ਵੀ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ।

'ਵੋਟ ਕੋ ਇਜ਼ਤ ਦੋ ਖ਼ਿਦਮਤ ਕੋ ਵੋਟ ਦੋ'

'ਵੋਟ ਕੋ ਇਜ਼ਤ ਦੋ ਖ਼ਿਦਮਤ ਕੋ ਵੋਟ ਦੋ' ਸ਼ਰੀਫ ਦੀ ਪਾਰਟੀ ਕੰਜ਼ਰਵੇਟਿਵ ਮੁਸਲਿਮ ਲੀਗ- ਨਵਾਜ਼ ਜਾਂ ਪੀਐਮਐਲ-ਐਨ ਦਾ ਅਧਿਕਾਰਿਤ ਚੋਣ ਨਾਅਰਾ ਹੈ।

ਨਵਾਜ਼ ਦੀ ਪਾਰਟੀ ਲਈ ਇਹ ਨਾਅਰਾ ਦੋ ਮੰਤਵ ਹੱਲ ਕਰਦਾ ਹੈ। ਪਹਿਲਾ, ਨਵਾਜ਼ ਦਾ ਸਿੱਧਾ ਚੁਣਾਵੀ ਸੰਦੇਸ਼ ਦਿੰਦਾ ਹੈ ਅਤੇ ਦੂਜਾ ਉਨ੍ਹਾਂ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਜੋ ਕਿ ਪੀਐਮਐਲ-ਐਨ ਦੇ ਮੌਜੂਦਾ ਪ੍ਰਧਾਨ ਅਤੇ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਨ, ਦੀ ਗੱਲ ਕਰਦਾ ਹੈ।

ਪਹਿਲਾ ਹਿੱਸਾ "ਵੋਟ ਕੋ ਇਜ਼ਤ ਦੋ" ਵੱਡੇ ਸ਼ਰੀਫ ਦੇ ਸਿਆਸਤ ਵਿੱਚ ਫੌਜ ਦੇ ਪ੍ਰਭਾਵ ਨੂੰ ਪਾਸੇ ਕਰਕੇ ਜਮਹੂਰੀਅਤ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਹੈ।

ਦੂਸਰੇ ਹਿੱਸੇ ਵਿੱਚ ਸ਼ਾਹਬਾਜ਼ ਦਾ ਸੁਨੇਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਰਥਿਕ ਤਰੱਕੀ ਦੇ ਸਕਦੀ ਹੈ। ਇਸ ਦੇ ਨਾਲ ਹੀ ਉਹ ਸਾਲ 2013 ਦੀਆਂ ਚੋਣਾਂ ਜਿੱਤਣ ਮਗਰੋਂ ਆਪਣੀ ਸਰਕਾਰ ਭਾਵ ਪੀਐਮਐਲ-ਐਨ ਪਾਰਟੀ ਦੀਆਂ ਉਪਲਬਧੀਆਂ ਨੂੰ ਉਜਾਗਰ ਕਰ ਰਹੇ ਹਨ।

"ਮੁਝੇ ਕਿਯੂੰ ਨਿਕਾਲਾ?"

ਇਹ ਸਵਾਲ ਮੀਆਂ ਨਵਾਜ਼ ਸ਼ਰੀਫ ਵੱਲੋਂ ਸਾਲ 2017 ਵਿੱਚ ਆਪਣੇ ਆਪ ਨੂੰ ਸਰਕਾਰੀ ਅਹੁਦਿਆਂ ਲਈ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਆਪਣੀਆਂ ਰੈਲੀਆਂ ਵਿੱਚ ਪੁੱਛਿਆ ਜਾਂਦਾ ਰਿਹਾ ਹੈ।

ਇਸ ਨਾਅਰੇ ਨੂੰ ਨਵਾਜ਼ ਵੱਲੋਂ ਹਮਦਰਦੀ ਲੈਣ ਦੇ ਅਤੇ ਫੌਜ ਦੀ ਆਲੋਚਨਾ ਕਰਨ ਦੇ ਯਤਨ ਵਜੋਂ ਦੇਖਿਆ ਜਾਂਦਾ ਸੀ। ਕੁਝ ਵਿਸ਼ਲੇਸ਼ਕਾਂ ਜਿਨ੍ਹਾਂ ਵਿੱਚ ਮੁਹੰਮਦ ਉਮਰ ਇਫਤਿਖ਼ਾਰ ਵੀ ਸ਼ਾਮਲ ਹਨ। ਉਨ੍ਹਾਂ ਨੇ ਇੱਕ ਅੰਗਰੇਜ਼ੀ ਅਖ਼ਬਾਰ 'ਡੇਲੀ ਟਾਈਮਜ਼' ਵੱਲੋਂ 9 ਜੁਲਾਈ 2018 ਦੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ ਇਹ ਨਵਾਜ਼ ਦੀ "ਸਿਆਸੀ ਖੁਦਕੁਸ਼ੀ" ਦੀ ਵਜ੍ਹਾ ਬਣਿਆ।

ਇਹ ਸਵਾਲ ਚੁੱਕਣ ਕਰਕੇ ਨਵਾਜ਼ ਦੇ ਕੱਟੜ ਵਿਰੋਧੀ ਇਮਰਾਨ ਖ਼ਾਨ ਨੂੰ ਆਪਣੀਆਂ ਰੈਲੀਆਂ ਵਿੱਚ ਕਹਿਣ ਦਾ ਮੌਕਾ ਮਿਲਿਆ ਕਿ, ਇਸੇ ਕਰਕੇ ਨਵਾਜ਼ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਜਿਸ ਕਰਕੇ ਸਿਆਸਤ ਵਿੱਚ ਇਮਰਾਨ ਦੀ ਸਥਿਤੀ ਮਜ਼ਬੂਤ ਹੋਈ ਅਤੇ ਸ਼ਰੀਫ ਦੇ ਸਿਆਸੀ ਦਰਜੇ ਨੂੰ ਖੋਰਾ ਲੱਗਿਆ।" ਲੇਖ ਵਿੱਚ ਕਿਹਾ ਗਿਆ।

'ਬੀਬੀਕਾ ਵਾਅਦਾ ਨਿਭਾਨਾ ਹੈ, ਪਾਕਿਸਤਾਨ ਬਚਾਨਾ ਹੈ'

ਇਹ ਉਦਾਰਵਾਦੀ-ਖੱਬੇ ਪੱਖੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਦਾ ਅਧਿਕਾਰਤ ਚੋਣ ਨਾਅਰਾ ਹੈ। ਇਸ ਨਾਅਰੇ ਵਿੱਚ ਬੀ ਬੀ (BB) ਮਤਲਬ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਹੈ।

ਉਨ੍ਹਾਂ ਦਾ ਸਾਲ 2008 ਦੀਆਂ ਚੋਣਾਂ ਲਈ ਪ੍ਰਚਾਰ ਦੌਰਾਨ ਜਨਵਰੀ, 2007 ਵਿੱਚ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਭੁੱਟੋ ਦੇ ਕਤਲ ਨਾਲ ਪਾਰਟੀ ਪ੍ਰਤੀ ਲੋਕਾਂ ਵਿੱਚ ਹਮਦਰਦੀ ਪੈਦਾ ਹੋਈ ਜਿਸ ਮਗਰੋਂ ਪਾਰਟੀ ਨੇ ਆਮ ਚੋਣਾਂ ਜਿੱਤੀਆਂ ਅਤੇ ਬਿਨਾਂ ਫੌਜੀ ਰਾਜਪਲਟੇ ਦੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀ ਚੁਣੀ ਹੋਈ ਪਹਿਲੀ ਸਰਕਾਰ ਬਣੀ।

ਰਵਾਇਤੀ ਤੌਰ 'ਤੇ ਪੀਪੀਪੀ ਆਪਣਾ ਸਿਆਸੀ ਫਲਸਫਾ ਦੱਸਣ ਲਈ ਇਸਲਾਮਿਕ ਸੋਸ਼ਲਿਜ਼ਿਮ ਸ਼ਬਦ ਵਰਤਦੀ ਰਹੀ ਹੈ। ਇਸ ਦਾ ਪੁਰਾਣਾ ਨਾਅਰਾ ਆਮ ਪਾਕਿਸਤਾਨੀ ਨੂੰ ਰੋਟੀ ਕੱਪੜਾ ਅਤੇ ਮਕਾਨ ਮੁਹੱਈਆ ਕਰਵਾਉਣਾ ਰਿਹਾ ਹੈ। ਇਸ ਤੋਂ ਪਹਿਲਾਂ ਇੱਕ ਹੋਰ ਨਾਅਰਾ ਹੁੰਦਾ ਸੀ, "ਇਸਲਾਮ ਸਾਡਾ ਮਜ਼ਹਬ ਹੈ, ਜਮਹੂਰੀਅਤ ਸਿਆਸਤ ਹੈ ਅਤੇ ਸਮਾਜਵਾਦ ਸਾਡੀ ਆਰਥਿਕਤਾ ਹੈ।"

ਇਸ ਵਾਰ ਵੀ ਪਾਰਟੀ ਨੇ ਪਿਛਲੇ ਵਾਅਦੇ ਦੁਹਰਾਏ ਹਨ ਪਰ ਸਭ ਤੋਂ ਉੱਪਰ ਭੁੱਟੋ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਰੱਖਿਆ ਹੈ।

ਭੁੱਟੋ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਇਸ ਵੇਲੇ ਪੀਪੀਪੀ ਦੇ ਮੁਖੀ ਹਨ। ਉਨ੍ਹਾਂ ਕਿਹਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਉਹ ਭੁੱਟੋ ਦਾ ਸੁਪਨਾ ਸੱਚ ਕਰਨਗੇ।

'ਡਾਅਨ' ਨੇ ਲਿਖਿਆ, "ਵੋਟਰਾਂ ਨੂੰ ਦੇਣ ਲਈ ਕੁਝ ਨਵਾਂ ਨਾ ਹੋਣ ਕਰਕੇ" ਪੀਪੀਪੀ ਗੱਦੀ ਦੀ ਸਿਆਸਤ ਨਾਲ ਬੱਝ ਗਈ ਹੈ ਜਿਸ ਕਰਕੇ ਉਹ "ਭੁੱਟੋ ਦੀ ਵਿਰਾਸਤ ਅਤੇ ਸ਼ਹਾਦਤ" ਨੂੰ ਯਾਦ ਕਰ ਰਹੀ ਹੈ।

'ਨਯਾ ਪਾਕਿਸਤਾਨ'

'ਨਯਾ ਪਾਕਿਸਤਾਨ' ਪਾਕਿਸਤਾਨ ਤਹਿਰੀਕ-ਏ- ਇਨਸਾਫ (ਪੀਟੀਆਈ) ਦਾ ਨਾਅਰਾ ਹੈ, ਜਿਸਦੇ ਆਗੂ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਹਨ।

ਪੀਟੀਆਈ ਨੇ ਆਪਣੇ ਚੋਣ ਮਨੋਰਥ ਪੱਤਰ ਜਿਸ ਵਿੱਚ ਪਾਰਟੀ ਨੇ ਪਾਕਿਸਤਾਨ ਨੂੰ ਇਸਲਾਮਿਕ ਵੈਲਫੇਅਰ ਸਟੇਟ ਬਣਾਉਣ ਦਾ ਵਾਅਦਾ ਕੀਤਾ ਹੈ ਉਸ ਵਿੱਚ ਵੀ ਇਹ ਨਾਅਰਾ ਹੈ। ਖ਼ਾਨ ਦੀ ਪਾਰਟੀ ਆਪਣੇ ਆਪ ਨੂੰ ਨਵਾਜ਼ ਅਤੇ ਭੱਟੋ ਦੀਆਂ ਪਾਰਟੀਆਂ ਦੇ ਬਦਲ ਵਜੋਂ ਪੇਸ਼ ਕਰ ਰਹੀ ਹੈ।

ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਕਹਿੰਦਾ ਹੈ ਕਿ (ਵਰਤਮਾਨ ਹਾਲਾਤ ਦਾ) "ਕੋਈ ਸੌਖਾ ਹੱਲ ਨਹੀਂ ਹੈ" ਅਤੇ ਪਾਰਟੀ ਨੂੰ "ਕੁਝ ਵੱਡੇ ਬਦਲਾਅ ਕਰਨੇ ਪੈਣਗੇ।" ਨਵਾਜ਼ ਦੀ ਸਜ਼ਾ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਵੇਂ ਪਾਕਿਸਤਾਨ ਦੀ ਸ਼ੁਰੂਆਤ ਹੈ।

ਪਾਰਟੀ ਆਪਣੇ ਆਪ ਨੂੰ ਆਗਾਮੀ ਚੋਣਾਂ ਵਿੱਚ ਬਾਕੀਆਂ ਨਾਲੋਂ ਅੱਗੇ ਦੱਸ ਰਹੀ ਹੈ ਪਰ ਨਵਾਜ਼ ਦੇ ਹਮਾਇਤੀ ਉਨ੍ਹਾਂ ਉੱਪਰ ਸਿਆਸਤ ਵਿੱਚ ਫੌਜੀ ਏਜੰਡਾ ਅੱਗੇ ਵਧਾਉਣ ਦਾ ਇਲਜ਼ਾਮ ਲਾਉਂਦੀ ਹੈ। ਇਨ੍ਹਾਂ ਇਲਜ਼ਾਮਾਂ ਦਾ ਫੌਜ ਅਤੇ ਪਾਰਟੀ ਦੋਹਾਂ ਨੇ ਖੰਡਨ ਕੀਤਾ ਹੈ।

ਨੌਜਵਾਨਾਂ ਦਾ ਧਿਆਨ ਖਿੱਚਣ ਲਈ ਪੀਟੀਆਈ ਨੇ ਤਬਦੀਲੀ ਦੇ ਥੀਮ ਦੁਆਲੇ ਗੀਤ ਵੀ ਜਾਰੀ ਕੀਤੇ।

ਇਹ ਵੀ ਪੜ੍ਹੋ:

ਇਸੇ ਸਾਲ ਜੁਲਾਈ ਵਿੱਚ ਮਸ਼ਹੂਰ ਗਾਇਕ ਫਰਹਾਨ ਸਈਅਦ ਨੇ ਪਾਰਟੀ ਲਈ ਅਬ ਸਿਰਫ ਇਮਰਾਨ ਖ਼ਾਨ ਲਈ ਗੀਤ ਵੀ ਗਾਇਆ। ਜੋ ਆਪਣੇ ਜਾਰੀ ਹੋਣ ਤੋਂ ਹੀ ਸੋਸ਼ਲ ਮੀਡੀਆ ਉੱਪਰ ਘੁੰਮ ਰਿਹਾ ਹੈ।

'ਹਮ ਮੇਂ ਸੇ ਏਕ'

ਇਹ ਸਲੋਗਨ ਮਨੁੱਖੀ ਹੱਕਾਂ ਬਾਰੇ ਕੰਮ ਕਰਨ ਵਾਲੇ ਕਾਰਕੁਨ ਜਿਬਰਨ ਨਾਸਿਰ ਵੱਲੋਂ ਜਾਰੀ ਕੀਤੇ ਇੱਕ ਤਰਾਨੇ ਦਾ ਸਿਰਲੇਖ ਹੈ , ਜੋ ਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਕਰਾਚੀ ਤੋਂ ਚੋਣ ਲੜ ਰਹੇ ਹਨ।

ਇਹ ਤਰਾਨਾ 5 ਜੁਲਾਈ ਨੂੰ ਜਾਰੀ ਕੀਤਾ ਗਿਆ ਅਤੇ "ਆਮ ਇਨਸਾਨ ਦੇ ਸੰਘਰਸ਼ਾਂ ਅਤੇ ਮੌਜੂਦਾ ਸਿਆਸੀ ਨਿਜ਼ਾਮ ਵੱਲੋਂ ਕੀਤੇ ਜਾਂਦੇ ਅਨਿਆਂ ਨੂੰ ਉਭਾਰਦਾ ਹੈ।"

ਨਾਸਿਰ ਦੂਸਰੀ ਵਾਰ ਚੋਣਾਂ ਲੜ ਰਹੇ ਹਨ ਅਤੇ ਕਈ ਹਸਤੀਆਂ ਉਨ੍ਹਾਂ ਦੇ ਪੱਖ ਵਿੱਚ ਸੋਸ਼ਲ ਮੀਡੀਆ ਉੱਪਰ ਮੁਹਿੰਮ ਚਲਾ ਰਹੀਆਂ ਹਨ। ਇਸ ਤੋਂ ਪਹਿਲਾਂ ਉਹ ਸਾਲ 2013 ਵਿੱਚ ਚੋਣ ਲੜੇ ਸਨ ਪਰ ਨਾਕਾਮ ਰਹੇ ਸਨ।

ਪੇਸ਼ੇ ਵਜੋਂ ਵਕੀਲ ਨਾਸਿਰ ਨੂੰ ਘੱਟ-ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਅਤੇ ਬਗਾਵਤ ਵਾਲੇ ਬਲੂਚਿਸਤਾਨ ਵਿੱਚ ਗਾਇਬ ਹੋਣ ਵਾਲਿਆਂ ਬਾਰੇ ਬੋਲਣ ਕਰਕੇ ਜਾਣੇ ਜਾਂਦੇ ਹਨ।

'ਸਾਦਿਕ ਮੀਨ'

'ਸਾਦਿਕ ਅਮੀਨ' ਭਾਵ 'ਸੱਚਾ ਅਤੇ ਭਰੋਸੇਮੰਦ' ਸ਼ਬਦ ਦੀ ਵਰਤੋਂ ਪਾਕਿਸਤਾਨੀ ਮੀਡੀਆਂ ਵਿੱਚ ਸੁਪਰੀਮ ਕੋਰਟ ਦੇ ਜੁਲਾਈ 2017 ਦੇ ਨਵਾਜ਼ ਨੂੰ ਅਯੋਗ ਕਰਾਰ ਦੇਣ ਦੇ ਫੈਸਲੇ ਤੋਂ ਬਾਅਦ ਆਮ ਵਰਤਿਆ ਜਾਂਦਾ ਹੈ ਕਿ ਸ਼ਰੀਫ ਨਾ ਤਾਂ 'ਸਾਦਿਕ' ਸਨ ਅਤੇ ਨਾ ਹੀ 'ਅਮੀਨ' ਸਨ।

ਅਦਾਲਤ ਨੇ ਪਾਕਿਸਤਾਨ ਦੇ 1973 ਵਾਲੇ ਸੰਵਿਧਾਨ ਦੀ ਧਾਰਾ 62(1)(ਐਫ) ਦਾ ਹਵਾਲਾ ਦਿੱਤਾ ਜੋ ਕਿ ਇਹ ਤਾਂ ਨਹੀਂ ਪਰ ਅਜਿਹਾ ਹੀ ਹੋਰ ਸ਼ਬਦ ਵਰਤਦੀ ਹੈ ਕਿ ਸਰਾਕਾਰੀ ਅਹੁਦੇ ਉੱਪਰ ਬੈਠਣ ਵਾਲਾ 'ਇਮਾਨਦਾਰ ਅਤੇ ਭਰੋਸੇਮੰਦ' ਹੋਣਾ ਚਾਹੀਦਾ ਹੈ। ਉਰਦੂ ਸ਼ਬਦ ਸਾਦਿਕ ਹਾਲਾਂਕਿ ਮੀਡੀਆ ਵਿੱਚ ਪ੍ਰਚੱਲਿਤ ਹੈ ਪਰ ਇਹ ਸੰਵਿਧਾਨ ਦੀ ਕਿਸੇ ਉਰਦੂ ਜਾਂ ਅੰਗਰੇਜ਼ੀ ਤਰਜਮੇ ਵਿੱਚ ਨਹੀਂ ਮਿਲਦਾ।

ਇਹ ਧਾਰਾ ਪਾਕਿਸਤਾਨ ਦੀ ਕਾਨੂੰਨੀ ਪ੍ਰਣਾਲੀ ਦੇ ਇਸਲਾਮੀਕਰਨ ਲਈ ਜਰਨਲ ਜ਼ਿਆਉਲ-ਹੱਕ ਵੱਲੋਂ ਸੰਵਿਧਾਨ ਵਿੱਚ ਸ਼ਾਮਿਲ ਕੀਤੀ ਗਈ ਸੀ।

ਇਹ ਉਸ ਸਮੇਂ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਇਸ ਦੀ ਵਰਤੋਂ ਫੌਜ ਦੇ ਇਸ਼ਾਰੇ ਹੇਠ ਅਦਾਲਤਾਂ ਪਾਰਲੀਮੈਂਟ ਵਿੱਚੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਕੱਢਣ ਲਈ ਕਰਦੀਆਂ ਹਨ।

ਸੰਵਿਧਾਨ ਵਿੱਚ ਇਨ੍ਹਾਂ ਸਬਦਾਂ ਦੀਆਂ ਪਰਿਭਾਸ਼ਾਵਾਂ ਨਾ ਲਿਖੀਆਂ ਹੋਣ ਕਰਕੇ ਇਹ ਵੀ ਬਹਿਸ ਦਾ ਵਿਸ਼ਾ ਹੈ ਕਿ ਇਹ ਸ਼ਰਤਾਂ ਪੂਰੀਆਂ ਕੌਣ ਕਰੇਗਾ।

'ਨਿਜ਼ਾਮ-ਏ-ਮੁਸਤਫਾ'

'ਨਿਜ਼ਾਮ-ਏ-ਮੁਸਤਫਾ' ਦਾ ਮਤਲਬ ਹੈ 'ਪੈਗੰਬਰ ਦਾ ਰਾਜ' ਇਸ ਦਾ ਖੁੱਲ੍ਹਾ ਤਰਜਮਾਂ 'ਰਾਜ ਦੀ ਪੈਗੰਬਰ ਦੀ ਪ੍ਰਣਾਲੀ' ਵਜੋਂ ਵੀ ਕੀਤਾ ਜਾਂਦਾ ਹੈ। ਇਸ ਦੀ ਇਸਲਾਮਿਕ ਆਗੂਆਂ ਵੱਲੋਂ ਚੁਣਾਵੀ ਸੁਨੇਹੇ ਦੇਣ ਲਈ ਖੁੱਲ੍ਹੀ ਵਰਤੋਂ ਕੀਤੀ ਜਾਂਦੀ ਹੈ।

ਸਿਰਾਜੁਲ ਹੱਕ ਜੋ ਕਿ ਜਮਾਤ-ਏ-ਇਸਲਾਮੀ ਪਾਰਟੀ ਦੇ ਮੁਖੀ ਹਨ। ਉਨ੍ਹਾਂ ਨੇ ਅਜਿਹੀ ਸਰਕਾਰ ਕਾਇਮ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਇਸਲਾਮ ਦੇ ਨਾਂ 'ਤੇ ਬਣਾਇਆ ਗਿਆ ਸੀ ਪਰ ਇਸਲਾਮਿਕ ਪ੍ਰਣਾਲੀ ਨੂੰ ਇਸ ਦੇਸ ਵਿੱਚ 'ਇੱਕ ਦਿਨ ਲਈ ਵੀ' ਲਾਗੂ ਨਹੀਂ ਕੀਤਾ ਗਿਆ।

ਇਸਲਾਮਿਕ ਪਾਰਟੀਆਂ ਦੀ ਗਠਜੋੜ ਪਾਰਟੀ ਹੱਕ, 'ਮੁਤਾਹਿੱਦਾ ਮਜਲਿਸ-ਏ-ਅਮਾਲ' (ਐੱਮਐੱਮਏ) ਦੇ ਉਪ-ਪ੍ਰਧਾਨ ਹਨ। ਉਨ੍ਹਾਂ ਕਿਹਾ ਐੱਮਐੱਮਏ ਚੋਣ ਮਨੋਰਥ ਪੱਤਰ ਦੀ ਪਹਿਲ 'ਨਿਜ਼ਾਮ-ਏ-ਮੁਸਤਫ਼ਾ ਨੂੰ ਲਾਗੂ ਕਰਨਾ ਸੀ।'

ਉਸੇ ਤਰ੍ਹਾਂ ਕੱਟੜਪੰਥੀ ਧਾਰਮਿਕ ਪਾਰਟੀ 'ਤਹਿਰੀਕ-ਏ-ਲਬੈਕ ਪਾਕਿਸਤਾਨ ' ਦੇ ਆਗੂ ਅਲਾਮਾ ਖਾਦਿਮ ਹੁਸੈਨ ਰਿਜ਼ਵੀ ਨੇ ਕਿਹਾ ਕਿ ਪਾਕਿਸਤਾਨ ਵਿੱਚ 'ਨਿਜ਼ਾਮ-ਏ-ਮੁਸਤਫ਼ਾ' ਦਾ ਸਮਾਂ ਆ ਗਿਆ ਹੈ।

"ਖ਼ਤਮ-ਏ-ਨਬੂਵਤ"

ਉਰਦੂ ਦੇ ਇਸ ਪ੍ਰਗਟਾਵੇ "ਖ਼ਤਮ-ਏ-ਨਬੂਵਤ" ਦਾ ਅਰਥ ਹੈ ਕਿ ਪੈਗੰਬਰ ਮੁਹੰਮਦ ਹੀ ਰੱਬ ਦੇ ਆਖ਼ਰੀ ਪੈਗੰਬਰ ਹਨ।

ਹਾਲਾਂਕਿ ਇਹ ਇੱਕ ਧਾਰਮਿਕ ਉਕਤੀ ਹੈ ਪਰ ਇਸ ਕਰਕੇ ਪਿਛਲੇ ਸਾਲ ਵਿਵਾਦ ਖੜ੍ਹਾ ਹੋ ਗਿਆ ਜਦੋਂ ਦੇਸ ਦੇ ਚੋਣ ਕਾਨੂੰਨ ਦੀ ਭਾਸ਼ਾ ਵਿੱਚ ਬਦਲਾਅ ਦੇ ਵਿਰੋਧ ਵਿੱਚ ਮੁਜ਼ਾਹਰੇ ਕੀਤੇ ਗਏ।

ਇਹ ਵਿਵਾਦ ਨੂੰ ਸਰਕਾਰੀ ਅਹੁਦਿਆਂ ਲਈ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉੱਠਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੀ ਅਗਵਾਈ ਛੱਡਣੀ ਪਈ ਕਿਉਂਕਿ ਦੇਸ ਦੇ ਪੁਰਾਣੇ ਚੋਣ ਕਾਨੂੰਨਾਂ ਮੁਤਾਬਕ ਜੋ ਸੰਸਦ ਮੈਂਬਰ ਬਣਨ ਦੇ ਯੋਗ ਹੈ ਉਹ ਹੀ ਸਿਆਸੀ ਪਾਰਟੀਆਂ ਦੀ ਅਗਵਾਈ ਕਰ ਸਕਦਾ ਸੀ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ (ਜੋ ਉਸ ਸਮੇਂ ਸਰਕਾਰ ਵਿੱਚ ਸੀ) ਨੇ ਇਸ ਕਾਨੂੰਨ ਵਿੱਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਵਲ ਅਧਿਕਾਰੀਆਂ ਤੋਂ ਬਿਨਾਂ ਪਾਰਟੀ ਅੰਦਰਲਾ ਕੋਈ ਵੀ ਵਿਅਕਤੀ ਅਜਿਹੇ ਅਹੁਦਿਆਂ ਉੱਪਰ ਬੈਠ ਸਕੇ ਪਰ ਉਨ੍ਹਾਂ ਨੂੰ ਵਿਰੋਧੀਆਂ ਦੀ ਖਿਲਾਫ਼ਤ ਝੱਲਣੀ ਪਈ।

ਤਜਵੀਜ਼ ਕੀਤੀਆਂ ਸੋਧਾਂ ਵਿੱਚ ਇੱਕ ਸੋਧ ਨਾਮਜ਼ਦਗੀ ਕਾਗਜ਼ਾਤ ਦਾਖਲ ਕਰਨ ਸਮੇਂ ਜਮ੍ਹਾਂ ਕਰਵਾਏ ਜਾਂਦੇ ਹਲਫੀਆ ਬਿਆਨ ਵਿੱਚ ਪੈਗੰਬਰ ਮੁਹੰਮਦ ਦੇ ਰੱਬ ਦੇ ਆਖ਼ਰੀ ਪੈਗੰਬਰ ਵਿੱਚ ਆਪਣੇ ਵਿਸ਼ਵਾਸ ਬਾਰੇ ਵਰਤੀ ਗਈ ਸ਼ਬਦਾਵਲੀ ਵਿੱਚ ਵੀ ਸੀ। ਇਸ ਵਿੱਚ ਥੋੜ੍ਹੀ ਜਿਹੀ ਤਰਤੀਮ ਦੁਆਰਾ 'ਮੈਂ ਹਲਫ ਨਾਲ ਬਿਆਨ ਕਰਦਾ ਹਾਂ' ਦੀ ਥਾਂ 'ਮੈਂ ਘੋਸ਼ਣਾ ਕਰਦਾ ਹਾਂ' ਕੀਤਾ ਗਿਆ ਸੀ। ਵਿਰੋਧ ਤੋਂ ਬਾਅਦ ਇਹ ਤਰਤੀਮ ਵਾਪਸ ਲੈ ਲਈ ਗਈ ਸੀ।

'ਹਰਾਮ'

ਉਰਦੂ ਦਾ ਇਹ ਸ਼ਬਦ 'ਹਰਾਮ' ਹਰ ਉਸ ਵਸਤੂ ਜਾਂ ਕੰਮ ਵੱਲ ਸੰਕੇਤ ਕਰਦਾ ਹੈ ਜੋ ਇਸਲਾਮ ਵੱਲੋਂ ਮਨ੍ਹਾਂ ਕੀਤੀ ਗਈ ਹੈ। ਇਸ ਸ਼ਬਦ ਨੂੰ ਪਾਕਿਸਤਾਨ ਦੀਆਂ ਚੋਣਾਂ ਦੇ ਪ੍ਰਸੰਗ ਵਿੱਚ ਇੱਕ ਨਵਾਂ ਜੀਵਨ ਮਿਲਿਆ ਜਦੋਂ ਨਵਾਜ਼ ਸ਼ਰੀਫ ਦੀ ਪਾਰਟੀ ਦੇ ਉਮੀਦਵਾਰ ਹਾਰੂਨ ਸੁਲਤਾਨ ਨੇ ਔਰਤ ਉਮੀਦਵਾਰਾਂ ਨੂੰ ਵੋਟ ਪਾਉਣ ਨੂੰ ਹਰਾਮ ਕਰਾਰ ਦੇ ਦਿੱਤਾ। ਇਸ ਮਗਰੋਂ ਵਿਵਾਦ ਛਿੜ ਗਿਆ।

ਸੁਲਤਾਨ ਪੰਜਾਬ ਦੇ ਮੁਜ਼ਫਰਗੜ੍ਹ ਲੋਕ ਸਭਾ ਹਲਕੇ ਤੋਂ ਚੋਣਾਂ ਲੜ ਰਹੇ ਹਨ। ਉਹ ਦੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਸਰਕਾਰ ਦੌਰਾਨ ਭਲਾਈ ਮੰਤਰੀ ਰਹੇ ਹਨ। ਉਹ ਪਾਕਿਸਤਾਨ ਤਹਿਰੀਕ-ਏ-ਇਸਲਾਮ ਦੀ ਉਮੀਦਵਾਰ ਜ਼ੈਹਰਾ ਬਾਸੀਤ ਸੁਲਤਾਨ ਬੁਖ਼ਾਰੀ ਖਿਲਾਫ਼ ਇਹ ਚੋਣ ਲੜ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਲਈ ਹਨ।

ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੁਲਾਈ 2018 ਤੱਕ 59 ਪਾਰਟੀਆਂ ਨੇ ਜਰਨਲ ਸੀਟਾਂ ਦੀਆਂ ਟਿਕਟਾਂ ਔਰਤਾਂ ਨੂੰ ਨਹੀਂ ਦਿੱਤੀਆਂ ਹਨ ਜਦਕਿ 48 ਪਾਰਟੀਆਂ ਨੇ 304 ਔਰਤਾਂ ਨੂੰ ਆਪਣੀਆਂ ਉਮੀਦਵਾਰ ਬਣਾਇਆ ਹੈ।

ਵੋਟ ਪਾਉਣਾ ਪਾਕਿਸਤਾਨ ਵਿੱਚ ਇੱਕ ਸੰਵਿਧਾਨਕ ਹੱਕ ਹੈ ਪਰ ਰੂੜੀਵਾਦੀ ਸਮਾਜਿਕ ਮਾਹੌਲ ਕਰਕੇ ਔਰਤਾਂ ਆਪਣੇ ਇਸ ਹੱਕ ਦੀ ਵਰਤੋਂ ਨਹੀਂ ਕਰ ਸਕਦੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)