You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਆਪਣੀ 'ਪਛਾਣ' ਲਈ ਜੱਦੋਜਹਿਦ ਕਰਦੀਆਂ ਹਿੰਦੂ ਦਲਿਤ ਔਰਤਾਂ
- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ, ਪਾਕਿਸਤਾਨ ਤੋਂ
ਥਰਪਾਰਕਰ, ਭਾਰਤ ਦੀ ਸਰਹੱਦ ਨਾਲ ਜੁੜਿਆ ਪਾਕਿਸਤਾਨ ਦਾ ਵਿਸ਼ਾਲ ਮਾਰੂਥਲ ਵਾਲਾ ਜ਼ਿਲ੍ਹਾ ਹੈ।
ਆਪਣੇ ਕੱਚੇ ਘਰ ਦੀ ਅਸਥਾਈ ਰਸੋਈ ਵਿੱਚ ਲੀਲਾ ਤਰੁਮਲ ਚੁੱਲ੍ਹੇ ਵਿੱਚ ਲੱਕੜੀਆਂ ਬਾਲ ਕੇ ਆਪਣੇ ਪਰਿਵਾਰ ਲਈ ਖਾਣਾ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਰਜ ਦੀ ਰੋਸ਼ਨੀ ਸਿੱਧੀ ਉਸਦੇ ਸਿਰ 'ਤੇ ਪੈ ਰਹੀ ਹੈ ਉਸਦੇ ਬਾਵਜੂਦ ਉਹ ਉੱਥੇ ਹੀ ਬੈਠ ਕੇ ਕੰਮ ਕਰ ਰਹੀ ਹੈ।
ਲੀਲਾ ਦਲਿਤ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਜਿੱਥੇ ਬਹੁਤ ਸਾਰੀਆਂ ਔਰਤਾਂ ਦਾ ਨੈਸ਼ਨਲ ਆਈਡੀ ਕਾਰਡ ਨਹੀਂ ਬਣਿਆ। ਪਰ ਹਾਲ ਦੇ ਸਾਲਾਂ ਵਿੱਚ ਇਨ੍ਹਾਂ ਕਾਰਡਾਂ ਤੋਂ ਬਿਨਾਂ ਜਿਉਣਾ ਨਾਮੁਮਕਿਨ ਹੈ। ਇਹੀ ਕਾਰਨ ਹੈ ਕਿ ਹੁਣ ਲੀਲਾ ਸਮੇਤ ਬਹੁਤ ਸਾਰੀਆਂ ਔਰਤਾਂ ਆਈਡੀ ਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ:
ਪਿਛਲੇ 4 ਸਾਲਾਂ ਤੋਂ ਲੀਲਾ ਨਾਦਰਾ( ਨੈਸ਼ਨਲ ਰਜਿਸਟਰੇਸ਼ਨ ਅਤੇ ਡੇਟਾਬੇਸ ਅਥਾਰਿਟੀ) ਦੇ ਦਫ਼ਤਰ ਵਿੱਚ ਚੱਕਰ ਲਗਾ ਰਹੀ ਹੈ। ਪਰ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਇਆ।
ਲੀਲਾ ਦੱਸਦੀ ਹੈ, ''ਮੈਂ ਪੂਰੀ ਤਰ੍ਹਾਂ ਥੱਕ ਗਈ ਹਾਂ। ਮੈਂ ਪੈਸੇ ਵੀ ਦਿੱਤੇ ਹਨ ਕਿ ਮੇਰਾ ਕਾਰਡ ਬਣ ਜਾਵੇ ਪਰ ਅਜੇ ਤੱਕ ਕਾਰਡ ਨਹੀਂ ਬਣਿਆ। ਨਾ ਮੈਂ ਬੈਂਕ ਵਿੱਚ ਆਪਣਾ ਖਾਤਾ ਖੁਲ੍ਹਵਾ ਸਕਦੀ ਹਾਂ, ਨਾਂ ਵੋਟ ਪਾ ਸਕਦੀ ਹਾਂ, ਨਾ ਅਨਾਜ ਲੈ ਸਕਦੀ ਹਾਂ ਅਤੇ ਨਾ ਹੀ ਕੋਈ ਸਰਕਾਰੀ ਸਹੂਲਤ।''
ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਔਰਤਾਂ
25 ਜੁਲਾਈ ਨੂੰ ਪਾਕਿਤਾਨ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਇਸ ਦੇਸ ਵਿੱਚ ਕਰੀਬ 1 ਕਰੋੜ 20 ਲੱਖ ਔਰਤਾਂ ਵੋਟਰ ਦੇ ਤੌਰ 'ਤੇ ਰਜਿਸਟਰਡ ਨਹੀਂ ਹਨ।
ਇਨ੍ਹਾਂ ਅੰਕੜਿਆਂ ਮੁਤਾਬਕ ਥਰਪਾਰਕਰ ਦੀਆਂ ਕਰੀਬ ਅੱਧੀਆਂ ਔਰਤਾਂ ਦਾ ਨਾਂ ਵੋਟਰ ਸੂਚੀ ਵਿੱਚ ਨਹੀਂ ਹੈ। ਇਸਦਾ ਕਾਰਨ ਹੈ ਉਨ੍ਹਾਂ ਕੋਲ ਨੈਸ਼ਨਲ ਆਈਡੀ ਕਾਰਡ ਦਾ ਨਾ ਹੋਣਾ। ਕਿਉਂਕਿ ਇਸਦੇ ਬਿਨਾਂ ਕਿਸੇ ਵੀ ਸ਼ਖ਼ਸ ਦਾ ਨਾਂ ਵੋਟਰ ਲਿਸਟ ਵਿੱਚ ਨਹੀਂ ਆ ਸਕਦਾ।
ਉਹ ਔਰਤਾਂ ਜਿਨ੍ਹਾਂ ਕੋਲ ਕੰਪਿਊਟਰਾਈਜ਼ਡ ਆਈਡੀ ਕਾਰਡ ਨਹੀਂ ਹਨ, ਉਹ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ।
ਤੁਲਸੀ ਔਰਤਾਂ ਨੂੰ ਕਰ ਰਹੀ ਹੈ ਜਾਗਰੂਕ
ਇੱਥੋਂ ਕੁਝ ਕਿੱਲੋਮੀਟਰ ਦੂਰ ਦਰਜਨਾਂ ਔਰਤਾਂ ਤੁਲਸੀ ਬਾਲਾਨੀ ਦੇ ਘਰ ਇਕੱਠੀਆਂ ਹੋਈਆਂ ਹਨ। ਤੁਲਸੀ ਵੀ ਦਲਿਤ ਹੈ। ਉਹ ਇੱਕ ਸਮਾਜਿਕ ਕਾਰਕੁਨ ਵੀ ਹੈ।
ਤੁਲਸੀ ਬਾਲਾਨੀ ਦਲਿਤ ਮਹਿਲਾਵਾਂ ਨੂੰ ਪਛਾਣ ਪੱਤਰ ਬਣਵਾਉਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੁਲਸੀ ਇੱਕ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਵੀ ਲੜ ਰਹੀ ਹੈ। ਪਰ ਉਨ੍ਹਾਂ ਦੇ ਜ਼ਿਆਦਾਤਰ ਸਮਰਥਕਾਂ ਕੋਲ ਆਈਡੀ ਕਾਰਡ ਨਾ ਹੋਣ ਕਰਕੇ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ।
ਤੁਲਸੀ ਹੱਥ ਵਿੱਚ ਆਈਡੀ ਕਾਰਡ ਫੜ ਕੇ ਔਰਤਾਂ ਨੂੰ ਸੰਬੋਧਿਤ ਕਰਦੀ ਕਹਿੰਦੀ ਹੈ, ''ਇਹ ਕਾਰਡ ਬਹੁਤ ਜ਼ਰੂਰੀ ਹੈ। ਇਹ ਸਾਬਤ ਕਰਦਾ ਹੈ ਕਿ ਤੁਸੀਂ ਪਾਕਿਸਤਾਨ ਦੇ ਨਾਗਰਿਕ ਹੋ। ਜੇਕਰ ਤੁਸੀਂ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਤਹਿਤ ਹਰ ਮਹੀਨੇ ਮਿਲਣ ਵਾਲੀ ਕਿਸ਼ਤ ਦਾ ਫਾਇਦਾ ਲੈਣਾ ਹੈ ਤਾਂ ਇਹ ਤੁਹਾਡੇ ਲਈ ਜ਼ਰੂਰੀ ਹੈ।''
ਚੋਣ ਕਮਿਸ਼ਨ ਮੁਤਾਬਕ ਥਰਪਾਰਕਰ ਜ਼ਿਲ੍ਹੇ ਵਿੱਚ ਦੋ ਲੱਖ 50 ਹਜ਼ਾਰ ਤੋਂ ਵੱਧ ਮਹਿਲਾ ਵੋਟਰਜ਼ ਹਨ। ਅੰਦਾਜ਼ੇ ਮੁਤਾਬਕ ਦੋ ਲੱਖ ਔਰਤਾਂ ਵੋਟਰ ਲਿਸਟ ਵਿੱਚ ਸ਼ਾਮਲ ਨਹੀਂ ਹਨ।
ਬਿਨਾਂ ਆਈਡੀ ਕਾਰਡ ਸਰਕਾਰੀ ਸਹੂਲਤਾਂ ਨਹੀਂ
ਤੁਸਲੀ ਬਾਲਾਨੀ ਕਹਿੰਦੀ ਹੈ, ''ਕੁਝ ਲੋਕਾਂ ਕੋਲ ਫੀਸ ਨਹੀਂ ਹੈ, ਨਾਦਰਾ ਦਫ਼ਤਰ ਤੱਕ ਜਾਣ ਦਾ ਕਿਰਾਇਆ ਨਹੀਂ ਹੈ। ਅਧਿਕਾਰੀ ਉਨ੍ਹਾਂ ਨੂੰ ਕਹਿੰਦੇ ਹਨ ਵੈਰੀਫਿਕੇਸ਼ਨ ਲਈ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆਓ। ਜਿਨ੍ਹਾਂ ਕੋਲ ਪੈਸੇ ਹਨ, ਉਨ੍ਹਾਂ ਦੇ ਕਾਰਡ ਵੀ ਬਣੇ ਹਨ, ਜਿਹੜੇ ਗ਼ਰੀਬ ਹਨ ਉਨ੍ਹਾਂ ਦੇ ਕਾਰਡ ਵੀ ਨਹੀਂ ਹਨ। ਕਈ ਲੋਕ ਬਹੁਤ ਵਾਰ ਕਾਰਡ ਬਣਵਾਉਣ ਗਏ ਹਨ ਪਰ ਕੋਈ ਹੁੰਗਾਰਾ ਨਾ ਮਿਲਣ ਕਾਰਨ ਉਹ ਉਮੀਦ ਗੁਆ ਬੈਠੇ ਹਨ।''
ਇਹ ਵੀ ਪੜ੍ਹੋ:
ਹਾਲ ਹੀ ਦੇ ਸਾਲਾਂ ਵਿੱਚ ਥਰਪਾਰਕਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਯਾਨਿ ਇਨਫੈਂਟ ਮੋਰਟੈਲਟੀ ਰੇਟ ਦੇ ਵੱਧ ਹੋਣ ਕਾਰਨ ਸੁਰਖ਼ੀਆਂ ਵਿੱਚ ਹੈ।
ਸੋਕੇ ਅਤੇ ਖਾਣੇ ਦੀ ਕਮੀ ਨੇ ਮਾਵਾਂ ਅਤੇ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਕੀਤਾ ਹੈ। ਪਰ ਪਛਾਣ ਪੱਤਰ ਨਾ ਹੋਣ ਕਰਕੇ ਸਰਕਾਰ ਵੱਲੋਂ ਭੇਜਿਆ ਗਿਆ ਅਨਾਜ ਅਤੇ ਮਦਦ ਵੀ ਇਲਾਕੇ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਨਹੀਂ ਮਿਲ ਰਹੀ।
ਨੈਸ਼ਨਲ ਰਜਿਸਟਰੇਸ਼ਨ ਅਤੇ ਡੇਟਾਬੇਸ ਅਥਾਰਿਟੀ ਦੇ ਜ਼ਿਲ੍ਹਾ ਅਫ਼ਸਰ ਪ੍ਰਕਾਸ਼ ਨੰਦਨੀ ਦਾ ਕਹਿਣਾ ਹੈ, ''ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਔਰਤਾਂ ਲਈ ਬਹੁਤ ਫਾਇਦੇਮੰਦ ਹੈ। ਇਸ ਤਹਿਤ ਪੈਸੇ ਪੱਖੋਂ ਔਰਤਾਂ ਦੀ ਮਦਦ ਕੀਤੀ ਜਾਂਦੀ ਹੈ। ਪਰ ਇਸ ਸਕੀਮ ਦਾ ਫਾਇਦਾ ਉਹੀ ਔਰਤਾਂ ਲੈ ਸਕਦੀਆਂ ਹਨ ਜਿਨ੍ਹਾਂ ਦੇ ਆਈਡੀ ਕਾਰਡ ਬਣੇ ਹੋਏ ਹਨ।''
''90,000 ਲਾਭਪਾਤਰ ਇਸ ਪ੍ਰੋਗਰਾਮ ਅਧੀਨ ਆਉਂਦੇ ਹਨ। ਇੱਕ ਸਾਲ ਦੇ ਅੰਦਰ ਥਰਪਾਰਕਰ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਆਈਡੀ ਕਾਰਡ ਲਈ ਅਪਲਾਈ ਕੀਤਾ ਹੈ ਤਾਂ ਜੋ ਉਹ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਲੈ ਸਕਣ।''
ਪਰ ਉਨ੍ਹਾਂ ਵਿੱਚੋਂ ਹਜ਼ਾਰਾਂ ਔਰਤਾਂ ਦਾ ਨਾਂ ਅਜੇ ਵੀ ਦਰਜ ਨਹੀਂ ਹੈ। ਨੈਸ਼ਨਲ ਡੇਟਾਬੇਸ ਅਤੇ ਰਜਿਸਟਰੇਸ਼ਨ ਅਥਾਰਿਟੀ ਨੇ ਆਪਣੀ ਫੀਸ ਵੀ ਹਟਾ ਦਿੱਤੀ ਹੈ। ਤਾਂ ਜੋ ਵੱਧ ਤੋਂ ਵੱਧ ਲੋਕ ਵੋਟਰ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾ ਸਕਣ।
ਇਹ ਵੀ ਪੜ੍ਹੋ:
ਤੁਲਸੀ ਵੱਲੋਂ ਵੀ ਇਨ੍ਹਾਂ ਔਰਤਾਂ ਦੀ ਨਾਦਰਾ ਦਫ਼ਤਰ ਵਿੱਚ ਦਸਤਾਵੇਜ਼ ਪੂਰੇ ਕਰਨ 'ਚ ਮਦਦ ਕਰ ਰਹੀ ਹੈ।
ਜਾਣਕਾਰਾਂ ਦਾ ਮੰਨਣਾ ਹੈ ਕਿ ਅਜੇ ਵੀ ਲੱਖਾਂ ਔਰਤਾਂ 2018 ਦੀਆਂ ਚੋਣਾਂ ਵਿੱਚ ਵੋਟ ਦਾ ਇਸਤੇਮਾਲ ਨਹੀਂ ਕਰ ਸਕਣਗੀਆਂ।