You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਆਮ ਚੋਣਾਂ ਵਿੱਚ ਖ਼ੈਬਰ ਪਖਤੂਨਵਾ ਦਾ ਇਕਲੌਤਾ ਸਿੱਖ ਉਮੀਦਵਾਰ
- ਲੇਖਕ, ਅਜੀਜੁੱਲਾਹ ਖ਼ਾਨ
- ਰੋਲ, ਬੀਬੀਸੀ ਉਰਦੂ ਪੱਤਰਕਾਰ, ਪਿਸ਼ਾਵਰ ਤੋਂ
ਖ਼ੈਬਰ ਪਖਤੂਨਖਵਾ ਦੇ ਸ਼ਹਿਰ ਪਿਸ਼ਵਾਰ ਵਿੱਚ ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਰਦੇਸ਼ ਸਿੰਘ ਇਸ ਪੂਰੇ ਸੂਬੇ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਇਕੱਲੇ ਉਮੀਦਵਾਰ ਹਨ।
ਉਹ ਜਨਰਲ ਸੀਟ 'ਤੇ ਵੱਡੀਆਂ ਸਿਆਸੀ ਪਾਰਟੀਆਂ ਦੇ ਮਜ਼ਬੂਤ ਉਮੀਦਵਾਰਾਂ ਸਾਹਮਣੇ ਮੈਦਾਨ ਵਿੱਚ ਡਟੇ ਹੋਏ ਹਨ।
ਇਹ ਵੀ ਪੜ੍ਹੋ:
ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਇਹ ਸਖ਼ਤ ਮੁਕਾਬਲਾ ਹੈ। ਉਨ੍ਹਾਂ ਨੂੰ ਡਰ ਵੀ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਉਨ੍ਹਾਂ ਨੂੰ ਵੋਟ ਜ਼ਰੂਰ ਦੇਣਗੇ।
ਉਹ ਪਿਸ਼ਾਵਰ ਦੀ ਅਸੈਂਬਲੀ ਸੀਟ ਨੰਬਰ 75 ਤੋਂ ਚੋਣ ਲੜ ਰਹੇ ਹਨ। ਉਹ ਘਰ-ਘਰ ਜਾ ਕੇ ਲੋਕਾਂ ਤੋਂ ਵੋਟ ਲਈ ਅਪੀਲ ਕਰ ਰਹੇ ਹਨ।
ਆਪਣੇ ਪੁੱਤਰ ਨਾਲ ਕਰ ਰਹੇ ਹਨ ਪ੍ਰਚਾਰ
ਰਦੇਸ਼ ਸਿੰਘ ਪੇਸ਼ਾਵਰ ਦੇ ਕਿੱਸਾਖਾਨੀ ਬਾਜ਼ਾਰ ਦੇ ਜੰਗੀ ਮੁਹੱਲੇ ਵਿੱਚ ਸਥਿਤ ਛਾਪਾਖਾਨੇ ਤੋਂ ਆਪਣੇ ਪੋਸਟਰ ਅਤੇ ਹੋਰ ਪ੍ਰਚਾਰ ਸਮੱਗਰੀ ਲੈਣ ਖ਼ੁਦ ਗਏ ਸਨ।
ਵਾਪਸੀ 'ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਅਤੇ ਉਨ੍ਹਾਂ ਦਾ ਪੁੱਤਰ ਚੋਣ ਪ੍ਰਚਾਰ ਕਰ ਰਿਹਾ ਹੈ।
ਪਰ ਉਨ੍ਹਾਂ ਦਾ ਦਾਅਵਾ ਸੀ ਕਿ ਖੇਤਰ ਦੇ ਲੋਕ ਵੀ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ।
ਥੋੜ੍ਹੇ ਡਰੇ ਹੋਏ ਰਦੇਸ਼ ਸਿੰਘ ਕਹਿੰਦੇ ਹਨ ਕਿ ਕੁਝ ਦਿਨ ਪਹਿਲਾਂ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਦਾ ਕਤਲ ਕਰ ਦਿੱਤਾ ਗਿਆ ਸੀ।
ਹਾਲਾਂਕਿ, ਇਸ ਸਭ ਦੇ ਬਾਵਜੂਦ ਉਨ੍ਹਾਂ ਦਾ ਭਰੋਸਾ ਕਮਜ਼ੋਰ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਆਪਣੀ ਜਿੱਤ ਨੂੰ ਲੈ ਕੇ ਪੱਕਾ ਯਕੀਨ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੇਤਰ ਦੇ ਮੁਸਲਮਾਨ ਅਤੇ ਦੂਜੇ ਧਰਮ ਦੇ ਵੋਟਰ ਉਨ੍ਹਾਂ ਦੀ ਕਾਮਯਾਬੀ ਵਿੱਚ ਜੁਟੇ ਹੋਏ ਹਨ।
ਖ਼ੈਬਰ ਪਖਤੂਨਖਵਾ ਵਿੱਚ ਉਹ ਇਕੱਲੇ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦਾ ਸਬੰਧ ਘੱਟ ਗਿਣਤੀ ਭਾਈਚਾਰੇ ਨਾਲ ਹੈ ਅਤੇ ਉਹ ਜਨਰਲ ਸੀਟ 'ਤੇ ਚੋਣ ਲੜ ਰਹੇ ਹਨ।
ਇਮਰਾਨ ਖ਼ਾਨ ਦੀ ਪਾਰਟੀ ਨਾਲ ਵੀ ਜੁੜੇ ਰਹੇ
ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2003 ਤੋਂ ਬਾਅਦ ਜਦੋਂ ਘੱਟ ਗਿਣਤੀਆਂ ਲਈ ਵੱਖਰੇ ਤੌਰ 'ਤੇ ਚੋਣ ਲੜਨ ਦਾ ਪ੍ਰਬੰਧ ਖ਼ਤਮ ਕਰ ਦਿੱਤਾ ਗਿਆ, ਉਸ ਤੋਂ ਬਾਅਦ ਜਨਰਲ ਸੀਟ 'ਤੇ ਕੋਈ ਵੀ ਘੱਟ ਗਿਣਤੀ ਭਾਈਚਾਰੇ ਦਾ ਉਮੀਦਵਾਰ ਸਾਹਮਣੇ ਨਹੀਂ ਆਇਆ ਸੀ।
ਰਦੇਸ਼ ਸਿੰਘ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ 'ਤੇ ਕੌਂਸਲਰ ਚੁਣੇ ਗਏ ਸੀ, ਪਰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਦੇ ਕੌਂਸਲਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
49 ਸਾਲਾ ਰਦੇਸ਼ ਸਿੰਘ ਦੇ ਤਿੰਨ ਪੁੱਤਰ ਹਨ। ਸਾਲ 2011 ਤੱਕ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਘੱਟ ਗਿਣਤੀ ਵਿੰਗ ਦੇ ਲੀਡਰ ਸਨ।
ਉਨ੍ਹਾਂ ਮੁਤਾਬਕ ਸਾਲ 2011 ਤੋਂ ਬਾਅਦ ਪੀਟੀਆਈ ਵਿੱਚ ਅਮੀਰਾਂ ਨੂੰ ਪਹਿਲ ਦਿੱਤੀ ਜਾਣ ਲੱਗੀ ਅਤੇ ਉਨ੍ਹਾਂ ਵਰਗੇ ਲੋਕਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਬਚੀ।
ਉਨ੍ਹਾਂ ਨੇ ਪਖਤੂਨਾਂ ਦੇ ਅੰਦੋਲਨ ਦਾ ਸਮਰਥਨ ਵੀ ਕੀਤਾ ਸੀ ਪਰ ਹੁਣ ਉਹ ਉਸ ਸੰਗਠਨ ਦੇ ਮੈਂਬਰ ਨਹੀਂ ਰਹੇ ਕਿਉਂਕਿ ਚੋਣ ਲੜਨ ਦੇ ਫ਼ੈਸਲੇ ਕਾਰਨ ਪਖਤੂਨਾਂ ਦੇ ਅੰਦੋਲਨ ਤੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ।
ਜਿੱਤ ਪੱਕੀ ਹੋਣ ਦਾ ਦਾਅਵਾ
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਨਾਲ ਕੋਈ ਸੰਪਰਕ ਕੀਤਾ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਮਜ਼ਦੂਰ ਕਿਸਾਨ ਪਾਰਟੀ ਅਤੇ ਦੂਜੀਆਂ ਇੱਕ-ਦੋ ਛੋਟੀਆਂ ਜਮਾਤਾਂ ਨੇ ਉਨ੍ਹਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ।
ਮਜ਼ਦੂਰ ਕਿਸਾਨ ਪਾਰਟੀ ਦੇ ਮੁਖੀ ਮੁਹੰਮਦ ਨਜ਼ੀਫ਼ ਨੇ ਬੀਬੀਸੀ ਨੂੰ ਦੱਸਿਆ ਕਿ ਰਦੇਸ਼ ਸਿੰਘ ਦਾ ਚੋਣਾਂ ਵਿੱਚ ਹਿੱਸਾ ਲੈਣਾ ਪਿਸ਼ਾਵਰ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਮੁਤਾਬਕ ਰਦੇਸ਼ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਦੁਨੀਆਂ ਭਰ ਵਿੱਚ ਪੇਸ਼ਾਵਰ ਦੀ ਚੰਗੀ ਪਛਾਣ ਬਣੇਗੀ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਪਖਤੂਨਾਂ ਵਿੱਚ ਹਰ ਧਰਮ ਦੇ ਲੋਕਾਂ ਨੂੰ ਹਿੱਸੇਦਾਰੀ ਦੇਣ ਦੀ ਰਵਾਇਤ ਹੈ।
ਉਨ੍ਹਾਂ ਕਿਹਾ ਕਿ ਜਨਰਲ ਸੀਟ 'ਤੇ ਦੂਜੇ ਘੱਟ ਗਿਣਤੀ ਲੋਕਾਂ ਨੂੰ ਵੀ ਚੋਣ ਲੜਨੀ ਚਾਹੀਦੀ ਹੈ। ਰਦੇਸ਼ ਸਿੰਘ ਟੋਨੀ ਨੂੰ ਦੂਜੇ ਘੱਟ ਗਿਣਤੀ ਭਾਈਚਾਰੇ ਨੇ ਸਮਰਥਨ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਅਕਸਰੀਅਤ ਦੇ ਲੋਕ ਵੀ ਉਨ੍ਹਾਂ ਨੂੰ ਸਮਰਥਨ ਦੇਣ ਤਾਂ ਉਨ੍ਹਾਂ ਦੀ ਜਿੱਤ ਪੱਕੀ ਹੋ ਜਾਵੇਗੀ।