You’re viewing a text-only version of this website that uses less data. View the main version of the website including all images and videos.
ਅਗਨੀਵੇਸ਼ ਤੋਂ ਭਾਜਪਾ ਕਿਉਂ ਹੈ ਨਾਰਾਜ਼
- ਲੇਖਕ, ਰਵੀ ਪ੍ਰਕਾਸ਼
- ਰੋਲ, ਰਾਂਚੀ ਤੋਂ ਬੀਬੀਸੀ ਪੱਤਰਕਾਰ
ਬੰਧੂਆ ਮਜ਼ਦੂਰਾਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਸਵਾਮੀ ਅਗਨੀਵੇਸ਼ ਉੱਤੇ ਪਾਕੁੜ ਦੇ ਭੀੜ ਵਾਲੇ ਇਲਾਕੇ ਵਿੱਚ ਹਮਲਾ ਹੋ ਗਿਆ। ਹਮਲਾਵਰਾਂ ਨੇ ਉਨ੍ਹਾਂ ਖਿਲਾਫ਼ ਨਾਅਰੇ ਲਾਏ ਅਤੇ ਸੜਕ ਉੱਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ।
ਭੀੜ ਦੇ ਲੋਕਾਂ ਨੇ ਉਨ੍ਹਾਂ ਦੇ ਕਪੜੇ ਪਾੜ ਦਿੱਤੇ ਅਤੇ ਗਾਲ੍ਹਾਂ ਵੀ ਕੱਢੀਆਂ। ਇਸ ਹਮਲੇ ਵਿੱਚ ਉਨ੍ਹਾਂ ਨੂੰ ਅੰਦਰੂਨੀ ਸੱਟਾਂ ਵੀ ਲੱਗੀਆਂ ਹਨ। ਇਸ ਘਟਨਾ ਤੋਂ ਬਾਅਦ ਅਗਨੀਵੇਸ਼ ਨੇ ਮੁੱਖ ਸਕੱਤਰ ਨੂੰ ਫੋਨ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਵਾਮੀ ਅਗਨੀਵੇਸ਼ ਦੇ ਸਮਰਥਕ ਅਤੇ ਬੰਧੂਆ ਮੁਕਤੀ ਮੋਰਚਾ ਦੇ ਪ੍ਰਧਾਨ ਮੋਨਹਰ ਮਾਨਵ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ, "ਇਹ ਸਰਕਾਰ ਪ੍ਰਾਯੋਜਿਤ ਹਮਲਾ ਹੈ। ਇਹ ਇੱਕ ਤਰੀਕੇ ਦੀ ਮੌਬ ਲਿੰਚਿੰਗ (ਭੀੜ ਵੱਲੋਂ ਹਮਲਾ) ਸੀ ਜਿਸ ਵਿੱਚ ਅਸੀਂ ਮੁਸ਼ਕਿਲ ਨਾਲ ਸਵਾਮੀ ਅਗਨੀਵੇਸ਼ ਦੀ ਜਾਨ ਬਚਾਈ। ਜਦੋਂ ਸਵਾਮੀ ਜੀ 'ਤੇ ਹਮਲਾ ਹੋਇਆ ਤਾਂ ਪੁਲਿਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਅਤੇ ਸਵਾਮੀ ਜੀ ਦੇ ਬੁਲਾਉਣ ਤੋਂ ਬਾਅਦ ਵੀ ਪਾਕੁੜ ਦੇ ਐੱਸਪੀ ਉਨ੍ਹਾਂ ਨੂੰ ਮਿਲਣ ਨਹੀਂ ਪਹੁੰਚੇ। ਸਾਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਉਹ ਸਾਰੇ ਭਾਜਪਾ ਨਾਲ ਜੁੜੇ ਹੋਏ ਲੋਕ ਸਨ।"
ਪੁਲਿਸ ਨੂੰ ਸੀ ਜਾਣਕਾਰੀ
ਹਮਲੇ ਤੋਂ ਬਾਅਦ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਦੀ ਸੂਚਨਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ।
ਇਸ ਹਮਲੇ ਬਾਰੇ ਸਵਾਮੀ ਅਗਨੀਵੇਸ਼ ਨੇ ਬੀਬੀਸੀ ਨੂੰ ਕਿਹਾ, "ਮੈਨੂੰ ਡਰਾਉਣ ਦੀ ਕੋਸ਼ਿਸ਼ ਹੋਈ ਹੈ। ਮੈਂ ਇੱਥੇ ਆਦੀਵਾਸੀਆਂ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਇਆ ਸੀ।
ਮੈਨੂੰ ਲਿੱਟੀਪਾੜਾ ਵਿੱਚ ਆਦਿਮ ਜਨਜਾਤੀ ਵਿਕਾਸ ਸਮਿਤੀ ਦੇ ਦਾਮਿਨ ਦਿਵਸ ਪ੍ਰੋਗਰਾਮ ਵਿੱਚ ਬੋਲਣ ਲਈ ਸੱਦਿਆ ਗਿਆ ਸੀ। ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਇਸ ਦੀ ਪਹਿਲਾਂ ਸੂਚਨਾ ਦਿੱਤੀ ਸੀ।
ਇਸ ਦੀ ਰਿਸੀਵਿੰਗ ਵੀ ਹੈ। ਇਸ ਦੇ ਬਾਵਜੂਦ ਮੈਨੂੰ ਸੁਰੱਖਿਆ ਨਹੀਂ ਦਿੱਤੀ ਗਈ। ਮੈਂ ਮੁੱਖ ਸਕੱਤਰ ਨੂੰ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ।"
ਐੱਸਪੀ ਦਾ ਸੂਚਨਾ ਤੋਂ ਇਨਕਾਰ
ਹਾਲਾਂਕਿ ਪਾਕੁੜ ਦੇ ਐੱਸਪੀ ਸ਼ੈਲੇਂਦਰ ਬਰਣਵਾਲ ਨੇ ਪੁਲਿਸ ਨੂੰ ਉਨ੍ਹਾਂ ਦੇ ਪ੍ਰੋਗਰਾਮ ਦੀ ਪਹਿਲਾਂ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਸਵਾਮੀ ਅਗਨੀਵੇਸ਼ ਦੇ ਕਿਸੇ ਵੀ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਾਂਗੇ।"
ਕਿਵੇਂ ਹੋਇਆ ਹਮਲਾ
ਸਥਾਨਕ ਪੱਤਰਕਾਰ ਰਾਮਪ੍ਰਸਾਦ ਸਿਨਹਾ ਨੇ ਦੱਸਿਆ, "ਲਿੱਟੀਪਾੜਾ ਦੇ ਜਿਸ ਹੋਟਲ ਵਿੱਚ ਸਵਾਮੀ ਅਗਨੀਵੇਸ਼ ਠਹਿਰੇ ਹੋਏ ਸਨ, ਉਸ ਦੇ ਬਾਹਰ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰ ਉਨ੍ਹਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਲਈ ਧਰਨੇ 'ਤੇ ਬੈਠੇ ਹੋਏ ਸਨ।"
"ਜਦੋਂ ਆਗਨੀਵੇਸ਼ ਹੋਟਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ 'ਤੇ ਦਰਜਨਾਂ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਵਾਪਸ ਜਾਓ ਦੇ ਨਾਅਰੇ ਲਾਏ ਗਏ। ਉਨ੍ਹਾਂ ਨੂੰ ਜੁੱਤੀਆਂ-ਚੱਪਲਾਂ ਨਾਲ ਕੁੱਟਿਆ ਗਿਆ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ।
"ਇਹ ਸਭ ਕੁਝ ਦਸ ਮਿੰਟ ਤੱਕ ਬਿਨਾਂ ਕਿਸੇ ਰੁਕਾਵਟ ਦੇ ਚੱਲਦਾ ਰਿਹਾ। ਬਾਅਦ ਵਿੱਚ ਪਹੁੰਚੀ ਪੁਲਿਸ ਨੇ ਭੀੜ ਤੋਂ ਉਨ੍ਹਾਂ ਨੂੰ ਬਚਾਇਆ ਅਤੇ ਹੋਟਲ ਦੇ ਕਮਰੇ ਤੱਕ ਵਾਪਸ ਲੈ ਗਏ। ਡਾਕਟਰਾਂ ਦੀ ਇੱਕ ਟੀਮ ਨੇ ਇੱਥੇ ਉਨ੍ਹਾਂ ਦੀ ਮੱਲ੍ਹਮ-ਪੱਟੀ ਕੀਤੀ। ਬਾਅਦ ਵਿੱਚ ਉਨ੍ਹਾਂ ਨੂੰ ਸਦਰ ਹਸਪਤਾਲ ਲਿਜਾਇਆ ਗਿਆ।"
ਭਾਜਪਾ ਦਾ ਹਮਲੇ ਤੋਂ ਇਨਕਾਰ
ਭਾਰਤੀ ਜਨਤਾ ਯੁਵਾ ਮੋਰਚਾ ਦੇ ਪਾਕੁੜ ਜ਼ਿਲ੍ਹਾ ਮੁਖੀ ਪ੍ਰਸੰਨਾ ਮਿਸ਼ਰਾ ਨੇ ਸਵਾਮੀ ਅਗਨੀਵੇਸ਼ 'ਤੇ ਹੋਏ ਹਮਲੇ ਵਿੱਚ ਉਨ੍ਹਾਂ ਦੇ ਵਰਕਰਾਂ ਨੇ ਹਿੱਸੇਦਾਰੀ ਤੋਂ ਇਨਕਾਰ ਕੀਤਾ ਹੈ।
ਪ੍ਰਸੰਨਾ ਮਿਸ਼ਰਾ ਨੇ ਬੀਬੀਸੀ ਨੂੰ ਕਿਹਾ, "ਸਵਾਮੀ ਅਗਨੀਵੇਸ਼ ਈਸਾਈ ਮਿਸ਼ਨਰੀਆਂ ਦੇ ਏਜੰਟ ਹਨ। ਉਹ ਇੱਥੇ ਆਦੀਵਾਸੀਆਂ ਨੂੰ ਵਰਗਲਾਉਣ ਆਏ ਸਨ। ਇਸ ਲਈ ਅਸੀਂ ਉਨ੍ਹਾਂ ਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰ ਰਹੇ ਸੀ। ਉਨ੍ਹਾਂ 'ਤੇ ਸਾਡੇ ਵੱਲੋਂ ਹਮਲਾ ਕਰਨ ਦੀ ਗੱਲ ਬੇਬੁਨਿਆਦ ਹੈ।"
ਕੌਣ ਹਨ ਸਵਾਮੀ ਅਗਨੀਵੇਸ਼
ਛੱਤੀਸਗੜ੍ਹ ਦੇ ਸ਼ਕਤੀ ਵਿੱਚ ਜਨਮੇ ਸਵਾਮੀ ਅਗਨੀਵੇਸ਼ ਨੇ ਕੋਲਕਾਤਾ ਤੋਂ ਕਾਨੂੰਨ ਅਤੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। ਉਹ ਮੌਜੂਦਾ ਛੱਤੀਸ਼ਗੜ੍ਹ ਸੂਬੇ ਦੀ ਕਿਸੇ ਸਮੇਂ ਰਿਆਸਤ ਰਹੇ ਸ਼ਕਤੀ ਦੇ ਦੀਵਾਨ ਵੇਪਾ ਰਾਓ ਦੇ ਪੋਤੇ ਹਨ।
ਵਕਾਲਤ ਤੇ ਬਿਜ਼ਨਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਆਰਿਆ ਸਮਾਜੀ ਹੋ ਗਏ ਅਤੇ ਸੰਨਿਆਸ ਗ੍ਰਹਿਣ ਕਰ ਲਿਆ। ਇਸ ਦੌਰਾਨ 1968 ਵਿੱਚ ਉਨ੍ਹਾਂ ਨੇ ਆਰੀਆ ਸਭਾ ਨਾਮ ਦੀ ਸਿਆਸੀ ਪਾਰਟੀ ਬਣਾਈ। ਇਹ ਹਿੰਦੂ ਸੁਧਾਰਵਾਦੀ ਪਾਰਟੀ ਸੀ।
ਬਾਅਦ ਵਿੱਚ ਸਾਲ 1981 ਵਿੱਚ ਉਨ੍ਹਾਂ ਨੇ ਬੰਧੂਆ ਮੁਕਤੀ ਮੋਰਚਾ ਦੀ ਸਥਾਪਨਾ ਕੀਤੀ। ਉਹ ਸਿਆਸਤ ਵਿੱਚ ਵੀ ਸਰਗਰਮ ਰਹੇ। ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਤੋਂ ਬਾਅਦ ਉਗ ਹਰਿਆਣਾ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਜਿੱਤ ਕੇ ਮੰਤਰੀ ਬਣੇ।
ਉੱਥੇ ਮਜ਼ਦੂਰ ਅਤੇ ਲਾਠੀਚਾਰਜ ਦੀ ਇੱਕ ਘਟਨਾ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ 'ਤੇ ਸਲਵਾ ਜੁਡੂਮ ਨਾਲ ਜੁੜੇ ਲੋਕਾਂ ਨੇ ਵੀ ਬਸਤਰ ਵਿੱਚ ਹਮਲਾ ਕੀਤਾ ਸੀ। ਉਦੋਂ ਉਨ੍ਹਾਂ ਨੂੰ ਉੱਥੋਂ ਭੱਜਣਾ ਪਿਆ ਸੀ।