ਉਹ ਮੁਲਕ ਜਿੱਥੇ ਆਪਣੀ ਮਰਜ਼ੀ ਨਾਲ ਜਾਨ ਦੇਣ ਜਾਂਦੇ ਹਨ ਲੋਕ

ਬੀਤੇ ਦਿਨੀਂ 104 ਸਾਲਾ ਮਸ਼ਹੂਰ ਜੀਵ ਵਿਗਿਆਨੀ ਡੇਵਿਡ ਗੁਡਾਲ ਨੇ ਸਵਿਟਜ਼ਰਲੈਂਡ ਦੇ ਇੱਕ ਕਲੀਨਿਕ ਵਿੱਚ ਜਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ।

ਮੌਤ ਤੋਂ ਪਹਿਲਾਂ ਕੀਤੀ ਗਈ ਪ੍ਰੈਸ ਕਾਨਫ਼ਰੰਸ ਵਿੱਚ ਉਨ੍ਹਾਂ ਕਿਹਾ ਕਿ ਉਹ ਅਜਿਹਾ ਬਜ਼ੁਰਗਾਂ ਲਈ ਇੱਛਾ ਮੌਤ ਲਈ ਆਵਾਜ਼ ਉਠਾਉਣ ਲਈ ਕਰ ਰਹੇ ਹਨ।

ਕਾਗਜ਼ੀ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਉਨ੍ਹਾਂ ਨੇ ਬੜੇ ਹੀ ਸ਼ਾਂਤ ਲਹਿਜੇ ਵਿੱਚ ਕਿਹਾ, "ਹੁਣ, ਅਸੀਂ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਾਂ?"

ਡੇਵਿਡ ਗੁਡਾਲ ਦਾ ਜਨਮ ਲੰਡਨ ਵਿੱਚ ਹੋਇਆ ਸੀ ਅਤੇ ਫਿਲਹਾਲ ਆਸਟਰੇਲੀਆ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਆਪਣੀ ਇੱਛਾ-ਮੌਤ ਲਈ ਸਵਿਟਜ਼ਰਲੈਂਡ ਚੁਣਿਆ।

ਪਰ ਕਿਉਂ ਕੀ ਇਸ ਦੇ ਪਿੱਛੇ ਕੋਈ ਖ਼ਾਸ ਵਜ੍ਹਾ ਹੈ?

ਅਸਲ ਵਿੱਚ ਦੁਨੀਆਂ ਦੇ ਕਈ ਦੇਸਾਂ ਵਿੱਚ ਸਵੈ-ਇੱਛਾ ਮੌਤ ਦੀ ਆਗਿਆ ਤਾਂ ਹੈ ਪਰ ਸ਼ਰਤ ਇਹ ਹੁੰਦੀ ਹੈ ਕਿ ਵਿਅਕਤੀ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੋਵੇ।

ਪੂਰੀ ਦੁਨੀਆਂ ਵਿੱਚ ਸਵਿਟਜ਼ਰਲੈਂਡ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਤੰਦਰੁਸਤ ਵਿਅਕਤੀ ਵੀ ਆਪਣੀ ਮਰਜ਼ੀ ਨਾਲ ਜਾਨ ਦੇ ਸਕਦਾ ਹੈ, ਖ਼ੁਦਕੁਸ਼ੀ ਕਰ ਸਕਦਾ ਹੈ।

ਇਸ ਨੂੰ 'ਅਸਿਸਟਡ ਸੂਈਸਾਈਡ' ਜਾਂ 'ਮਦਦ ਨਾਲ ਕੀਤੀ ਖ਼ੁਦਕੁਸ਼ੀ' ਕਿਹਾ ਜਾਂਦਾ ਹੈ।

ਡੇਵਿਡ ਗੁਡਾਲ ਨੇ ਵੀ 'ਮਦਦ ਨਾਲ ਕੀਤੀ ਖ਼ੁਦਕੁਸ਼ੀ' ਕੀਤੀ ਹੈ।

'ਮਦਦ ਨਾਲ ਕੀਤੀ ਖ਼ੁਦਕੁਸ਼ੀ' ਕੀ ਹੁੰਦੀ ਹੈ?

ਜਦੋਂ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕਰਨਾ ਚਾਹੇ ਅਤੇ ਇਸ ਲਈ ਕਿਸੇ ਦੀ ਮਦਦ ਲਵੇ ਤਾਂ ਇਸ ਨੂੰ 'ਮਦਦ ਨਾਲ ਕੀਤੀ ਖ਼ੁਦਕੁਸ਼ੀ' ਕਿਹਾ ਜਾਂਦਾ ਹੈ।

ਇਸ ਵਿੱਚ ਮਰਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਦੂਸਰਾ ਵਿਅਕਤੀ ਮਰਨ ਦੇ ਸਾਧਨ ਦਿੰਦਾ ਹੈ।

ਆਮ ਤੌਰ 'ਤੇ ਜ਼ਹਿਰੀਲੀ ਦਵਾਈ ਦਾ ਟੀਕਾ ਲਾ ਕੇ ਮਰਨ ਵਿੱਚ ਮਦਦ ਕੀਤੀ ਜਾਂਦੀ ਹੈ।

ਸਵਿਟਜ਼ਰਲੈਂਡ ਵਿੱਚ 'ਅਸਿਸਟਡ ਸੂਈਸਾਈਡ' ਲਈ ਇੱਕ ਸ਼ਰਤ ਇਹ ਵੀ ਹੈ ਕਿ ਮਦਦ ਕਰਨ ਵਾਲੇ ਨੇ ਇਹ ਲਿਖਤੀ ਦੇਣਾ ਹੁੰਦਾ ਹੈ ਕਿ ਇਸ ਵਿੱਚ ਉਸਦਾ ਕੋਈ ਨਿੱਜੀ ਹਿੱਤ ਨਹੀਂ ਹੈ।

ਵਿਦੇਸ਼ੀਆਂ ਨੂੰ ਵੀ ਖ਼ੁਦਕੁਸ਼ੀ ਦੀ ਆਗਿਆ

'ਦਿ ਇਕਨਾਮਿਸਟ' ਮੁਤਾਬਕ ਸਵਿਟਜ਼ਰਲੈਂਡ ਇੱਕ ਅਜਿਹਾ ਦੇਸ ਹੈ ਜਿੱਥੇ ਕਿਸੇ ਬਾਲਗ ਦੀ ਮਰਨ ਵਿੱਚ ਮਦਦ ਕੀਤੀ ਜਾਂਦੀ ਹੈ। ਇੱਥੇ ਗੰਭੀਰ ਬਿਮਾਰੀ ਵਾਲੀ ਕੋਈ ਸ਼ਰਤ ਨਹੀਂ ਹੈ।

ਇੱਥੇ ਵਿਦੇਸ਼ੀਆਂ ਨੂੰ ਵੀ ਉਨ੍ਹਾਂ ਦੀ ਮੌਤ ਵਿੱਚ ਮਦਦ ਕੀਤੀ ਜਾਂਦੀ ਹੈ। ਯਾਨੀ ਕਿਸੇ ਹੋਰ ਦੇਸ ਦੇ ਨਿਵਾਸੀਆਂ ਨੂੰ ਵੀ 'ਅਸਿਸਟਡ ਸੂਈਸਾਈਡ' ਦੀ ਸਹੂਲਤ ਮਿਲ ਜਾਂਦੀ ਹੈ।

ਸਵਿਟਜ਼ਰਲੈਂਡ ਦੇ ਅਧਿਕਾਰਕ ਅੰਕੜਿਆਂ ਮੁਤਾਬਕ 2014 ਵਿੱਚ 742 ਲੋਕਾਂ ਨੇ ਇਸ ਮਦਦ ਨਾਲ ਖ਼ੁਦਕੁਸ਼ੀਆਂ ਕੀਤੀਆਂ। ਜਦ ਕਿ 1,029 ਲੋਕਾਂ ਨੇ ਬਿਨਾਂ ਕਿਸੇ ਮਦਦ ਦੇ ਆਪਣੀ ਕਹਾਣੀ ਖਤਮ ਕੀਤੀ ਸੀ।

'ਅਸਿਸਟਡ ਸੂਈਸਾਈਡ' ਕਰਨ ਵਾਲਿਆਂ ਵਿੱਚ ਬਹੁਗਿਣਤੀ ਗੰਭੀਰ ਬਿਮਾਰੀਆਂ ਤੋਂ ਪੀੜਤ ਬਜ਼ੁਰਗ ਸਨ।

ਮਰਨ ਤੋਂ ਪਹਿਲਾਂ ਗੁਡਾਲ ਨੇ ਕੀ ਕਿਹਾ?

ਮਰਨ ਤੋਂ ਪਹਿਲਾਂ ਡੇਵਿਡ ਗੁਡਾਲ ਨੇ ਮੀਡੀਆ ਨੂੰ ਕਿਹਾ ਕਿ 'ਅਸਿਸਟਡ ਸੂਈਸਾਈਡ' ਦੀ ਵੱਧ ਤੋਂ ਵੱਧ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ, ਮੇਰੀ ਉਮਰ ਵਿੱਚ, ਅਤੇ ਇੱਥੋਂ ਤੱਕ ਕਿ ਮੇਰੇ ਤੋਂ ਛੋਟੇ ਕਿਸੇ ਵੀ ਵਿਅਕਤੀ ਨੂੰ ਆਪਣੀ ਮੌਤ ਚੁਣਨ ਲਈ ਆਜ਼ਾਦ ਹੋਣਾ ਚਾਹੀਦਾ ਹੈ।

ਏਬੀਸੀ ਨਿਊਜ਼ ਮੁਤਾਬਕ ਮਰਨ ਵਿੱਚ ਮਦਦ ਦੇਣ ਵਾਲੀ ਸੰਸਥਾ ਐਗਜ਼ਿਟ ਇੰਟਰਨੈਸ਼ਨਲ ਨੇ ਦੱਸਿਆ ਕਿ ਗੁਡਾਲ ਦੀਆਂ ਨਾੜਾਂ ਨਾਲ ਇੱਕ ਨਲਕੀ ਲਾਈ ਗਈ, ਜਿਸ ਨਾਲ ਜ਼ਹਿਰ ਉਨ੍ਹਾਂ ਦੇ ਸਰੀਰ ਵਿੱਚ ਭੇਜਿਆ ਗਿਆ।

ਡਾਕਟਰ ਦੇ ਨਲਕੀ ਲਾਉਣ ਮਗਰੋਂ ਗੁਡਾਲ ਨੇ ਖ਼ੁਦ ਉਸਨੂੰ ਚਲਾਇਆ ਤਾਂ ਕਿ ਜ਼ਹਿਰ ਉਨ੍ਹਾਂ ਦੇ ਸਰੀਰ ਵਿੱਚ ਦਾਖ਼ਲ ਹੋ ਸਕੇ।

ਬਹੁਤੇ ਦੇਸਾਂ ਵਿੱਚ ਜਿੱਥੇ ਮਦਦ ਨਾਲ ਖ਼ੁਦਕੁਸ਼ੀ ਕਰਨ ਦੀ ਆਗਿਆ ਹੈ। ਉੱਥੇ ਡਾਕਟਰ ਹੀ ਜ਼ਹਿਰ ਨੂੰ ਸਰੀਰ ਵਿੱਚ ਛੱਡਦੇ ਹਨ ਜਦ ਕਿ ਸਵਿਟਜ਼ਰਲੈਂਡ ਵਿੱਚ ਮਰਨ ਵਾਲੇ ਆਪ ਹੀ ਇਹ ਕੰਮ ਕਰਦੇ ਹਨ।

'ਖ਼ੁਦਕੁਸ਼ੀ' ਦਾ ਸੈਰਸਪਾਟਾ

ਸਵਿਟਜ਼ਰਲੈਂਡ ਵਿੱਚ ਅਜਿਹੇ ਸੰਸਥਾਨ ਹਨ ਜੋ ਇਸ ਕੰਮ ਵਿੱਚ ਮਦਦ ਕਰਦੇ ਹਨ।

ਇਨ੍ਹਾਂ ਸੰਸਥਾਵਾਂ ਦੀ ਵਰਤੋਂ ਵਧੇਰੇ ਕਰਕੇ ਵਿਦੇਸ਼ੀ ਲੋਕ ਕਰ ਰਹੇ ਹਨ। ਇਹੀ ਕਾਰਨ ਹੈ ਕਿ ਸਵਿਟਜ਼ਰਲੈਂਡ ਨੂੰ ਸੂਈਸਾਈਡ ਟੂਰਿਜ਼ਮ ਜਾਂ ਮਰਨਗਾਹ ਵਜੋਂ ਜਾਣਿਆ ਜਾਂਦਾ ਹੈ।

ਭਾਰਤ ਵਿੱਚ ਸਵੈ-ਇੱਛਾ ਮੌਤ

ਭਾਰਤੀ ਸੁਪਰੀਮ ਕੋਰਟ ਨੇ 09 ਮਾਰਚ,2018 ਨੂੰ ਸਵੈ-ਇੱਛਾ ਮੌਤ ਨੂੰ ਮਨਜੂਰੀ ਦਿੱਤੀ ਸੀ। ਅਦਾਲਤ ਦਾ ਕਹਿਣਾ ਸੀ ਕਿ ਵਿਅਕਤੀ ਨੂੰ ਇੱਜ਼ਤ ਨਾਲ ਮਰਨ ਦਾ ਹੱਕ ਹੈ।

ਅਦਾਲਤ ਨੇ ਇਸ ਲਈ ਪੈਸਿਵ ਯੂਥਨੇਸ਼ੀਆ ਸ਼ਬਦ ਦੀ ਵਰਤੋਂ ਕੀਤੀ। ਇਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਗੰਭੀਰ ਮਰੀਜ਼ ਦਾ ਇਲਾਜ ਰੋਕ ਦੇਣਾ ਤਾਂ ਕਿ ਉਸ ਦੀ ਮੌਤ ਹੋ ਜਾਵੇ।

ਅਦਾਲਤ ਨੇ ਇਹ ਹੁਕਮ ਉਨ੍ਹਾਂ ਮਰੀਜ਼ਾਂ ਦੀ ਮਦਦ ਲਈ ਦਿੱਤੇ ਸਨ ਜਿਨ੍ਹਾਂ ਦੀਆਂ ਬਿਮਾਰੀਆਂ ਦਾ ਦਰਦ ਝੱਲਿਆ ਨਾ ਜਾ ਸਕਦਾ ਹੋਵੇ।

ਅਰਜੀ ਪਾਉਣ ਵਾਲੇ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬਣਾਉਟੀ ਸਾਧਨਾਂ ਨਾਲ ਮਰੀਜ਼ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਸਿਰਫ਼ ਹਸਪਤਾਲਾਂ ਨੂੰ ਪੈਸਾ ਕਮਾਉਣ ਦੀ ਸਹੂਲਤ ਦਿੰਦੀ ਹੈ।

ਕੀ ਹਨ ਦੂਸਰੇ ਦੇਸਾਂ ਵਿੱਚ ਕਾਨੂੰਨ?

  • ਅਮਰੀਕਾ ਦੇ ਕੁਝ ਸੂਬਿਆਂ ਵਿੱਚ ਇੱਛਾ ਮੌਤ ਦੀ ਆਗਿਆ ਹੈ।
  • ਇੰਗਲੈਂਡ ਸਮੇਤ ਬਹੁਤੇ ਯੂਰਪੀ ਦੇਸ ਇੱਛਾ-ਮੌਤ ਨੂੰ ਖ਼ੁਦਕੁਸ਼ੀ ਹੀ ਮੰਨਦੇ ਹਨ ਪਰ ਨੀਦਰਲੈਂਡਜ਼, ਬੈਲਜੀਅਮ ਅਤੇ ਲਗਜ਼ਮਬਰਗ ਵਿੱਚ ਅਸਿਸਟਡ ਸੂਈਸਾਈਡ ਅਤੇ ਯੂਥੇਨੇਸ਼ੀਆ ਦੇ ਕਾਨੂੰਨ ਦੀ ਆਗਿਆ ਦਿੰਦੇ ਹਨ।
  • ਇੰਗਲੈਂਡ ਵਿੱਚ ਇਹ ਹਾਲੇ ਵੀ ਗੈਰ-ਕਾਨੂੰਨੀ ਹੈ ਜਾਂ ਕਿਸੇ ਸ਼ਰਤ ਤੇ ਹੀ ਇਸ ਦੀ ਆਗਿਆ ਦਿੱਤੀ ਜਾਂਦੀ ਹੈ।
  • ਸਵਿਟਜ਼ਰਲੈਂਡ ਅਸਿਸਟਡ ਸੂਈਸਾਈਡ ਦੀ ਆਗਿਆ ਦਿੰਦਾ ਹੈ ਜੇ ਇਸ ਵਿੱਚ ਮਦਦਗਾਰ ਦਾ ਕੋਈ ਸਵਾਰਥ ਨਾ ਹੋਵੇ।
  • 5 ਅਮਰੀਕੀ ਸੂਬਿਆਂ ਵਿੱਚ ਵੀ ਇੱਛਾ-ਮੌਤ ਦੀ ਆਗਿਆ ਦੇ ਦਿੱਤੀ ਗਈ ਹੈ। ਇਹ ਸੂਬੇ ਹਨ- ਕੈਲੀਫੋਰਨੀਆ, ਵਾਸ਼ਿੰਗਟਵਨ, ਮੋਨਟਾਨਾ, ਔਰੇਗਨ ਅਤੇ ਵੇਰਮਾਂਟ।
  • 2016 ਵਿੱਚ ਕੈਨੇਡਾ ਨੇ ਵੀ ਇੱਛਾ-ਮੌਤ ਦੀ ਪ੍ਰਵਾਨਗੀ ਦੇ ਦਿੱਤੀ ਸੀ।

ਉਮਰ ਬਾਰੇ ਕੀ ਕਹਿੰਦੇ ਹਨ ਕਾਨੂੰਨ?

ਇਕੱਲੇ ਨੀਦਰਲੈਂਡਜ਼ ਵਿੱਚ 18 ਸਾਲ ਤੋਂ ਘੱਟ ਉਮਰ ਦਾ ਕੋਈ ਵਿਅਕਤੀ ਹੀ ਇੱਛਾ-ਮੌਤ ਲਈ ਅਰਜ਼ੀ ਦੇ ਸਕਦਾ ਹੈ।

ਉਸਦੇ ਮਾਂ-ਬਾਪ ਵੀ ਇਸ ਵਿੱਚ ਰੁਕਾਵਟ ਨਹੀਂ ਬਣ ਸਕਦੇ।

ਵਧੇਰੇ ਦੇਸਾਂ ਵਿੱਚ ਇਹ ਉਮਰ 18 ਸਾਲ ਹੀ ਹੈ ਤੇ ਮਾਨਸਿਕ ਬੀਮਾਰੀਆਂ ਵਾਲੇ ਮਰੀਜਾਂ ਦੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ।

ਕੀ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ?

ਨੀਦਰਲੈਂਡਜ਼ ਵਿੱਚ ਤਾਂ ਬਕਾਇਦਾ ਡਾਕਟਰਾਂ ਦਾ ਇੱਕ ਅਜਿਹਾ ਨੈਟਵਰਕ ਤਿਆਰ ਕੀਤਾ ਗਿਆ ਹੈ ਜੋ ਜਾਂਚ ਕਰਦਾ ਹੈ ਕਿ ਮਰੀਜ਼ ਦੀ ਬੀਮਾਰੀ ਵਾਕਈ ਸਹਿਣ ਤੋਂ ਬਾਹਰ ਹੈ।

ਸਾਰਿਆਂ ਕੇਸਾਂ ਵਿੱਚ ਦੋ ਡਾਕਟਰਾਂ ਦਾ ਸਰਟੀਫਿਕੇਟ ਲਾਉਣਾ ਜਰੂਰੀ ਹੈ।

ਅਮਰੀਕੀ ਸੂਬਿਆਂ ਵਿੱਚ ਮਰੀਜ਼ ਨੂੰ ਕਿਸੇ ਦੂਸਰੇ ਡਾਕਟਰ ਦੀ ਸਲਾਹ ਦੇ ਨਾਲ-ਨਾਲ ਇਹ ਸਰਟੀਫਿਕੇਟ ਲਾਉਣਾ ਵੀ ਜਰੂਰੀ ਹੈ ਕਿ ਉਸ ਨੂੰ ਕੋਈ ਮਾਨਸਿਕ ਬੀਮਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)