ਪ੍ਰੈੱਸ ਰੀਵਿਊ: 12 ਸੂਬੇ ਮੌਤ ਦੀ ਸਜ਼ਾ ਬਰਕਰਾਰ ਰੱਖਣ ਦੇ ਹੱਕ 'ਚ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਭਾਰਤ ਦੇ 14 ਵਿੱਚੋਂ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮੌਤ ਦੀ ਸਜ਼ਾ ਬਰਕਰਾਰ ਰੱਖਣ 'ਤੇ ਸਹਿਮਤੀ ਜਤਾਈ ਹੈ।

ਗ੍ਰਹਿ ਮੰਤਰਾਲੇ ਵੱਲੋਂ ਰੱਖੇ ਗਏ ਪ੍ਰਸਤਾਵ 'ਤੇ ਸਾਰੇ ਸੂਬਿਆਂ ਦੀ ਰਾਏ ਮੰਗੀ ਗਈ ਸੀ ਜਿਸ ਵਿੱਚ ਹਾਲੇ ਤੱਕ 14 ਸੂਬਿਆਂ ਨੇ ਜਵਾਬ ਦਿੱਤਾ ਹੈ।

ਕਰਨਾਟਕਾ ਅਤੇ ਤ੍ਰਿਪੁਰਾ ਇਸ ਵਿੱਚ ਬਦਲਾਅ ਲਿਆਉਣ ਦੇ ਹੱਕ ਵਿੱਚ ਹਨ।

2015 ਦੀ ਕਾਨੂੰਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਅੱਤਵਾਦ ਤੋਂ ਇਲਾਵਾ ਹੋਰਨਾਂ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਖ਼ਤਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ।

ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਬਿਹਾਰ, ਤਾਮਿਲਨਾਡੂ ਅਤੇ ਦਿੱਲੀ ਵੱਲੋਂ ਦਿੱਤੇ ਗਏ ਜਵਾਬ ਵਿੱਚ ਇਸ ਸਜ਼ਾ ਨੂੰ ਬਰਕਰਾਰ ਰੱਖਣ ਦੀ ਗੱਲ ਆਖੀ ਗਈ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਇੱਕ ਵਿਦਿਆਰਥੀ ਵੱਲੋਂ ਜੁੱਤੀ ਸੁੱਟੀ ਗਈ।

ਨਵਾਜ਼ ਸ਼ਰੀਫ਼ ਬੀਤੇ ਦਿਨੀਂ ਲਾਹੌਰ ਵਿੱਚ ਇੱਕ ਇਸਲਾਮਿਕ ਸੈਮੀਨਾਰ ਵਿੱਚ ਭਾਸ਼ਣ ਦੇ ਰਹੇ ਸੀ।

ਇਸ ਦੌਰਾਨ ਇੱਕ ਵਿਦਿਆਰਥੀ ਨੇ ਉਨ੍ਹਾਂ 'ਤੇ ਜੁੱਤੀ ਸੁੱਟੀ। ਜੁੱਤੀ ਉਨ੍ਹਾਂ ਦੇ ਮੋਢੇ 'ਤੇ ਲੱਗੀ।

ਵਿਦਿਆਰਥੀ ਉਨ੍ਹਾਂ ਦੇ ਸਾਹਮਣੇ ਵੀ ਪਹੁੰਚ ਗਿਆ ਅਤੇ ਖ਼ੂਬ ਨਾਰੇਬਾਜ਼ੀ ਕੀਤੀ। ਸੁਰੱਖਿਆ ਕਰਮੀਆਂ ਨੇ ਵਿਦਿਆਰਥੀ ਅਤੇ ਉਸਦੇ ਸਾਥੀਆਂ ਨੂੰ ਕਾਬੂ ਕਰ ਲਿਆ।

ਪੁਲਿਸ ਨੇ ਜੁੱਤੀ ਸੁੱਟਣ ਵਾਲੇ ਦੀ ਪਛਾਣ ਅਬਦੁਲ ਗਫੂਰ ਵਜੋਂ ਕੀਤੀ ਹੈ ਜੋ ਜਾਮੀਆ ਦਾ ਸਾਬਕਾ ਵਿਦਿਆਰਥੀ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤ ਅਤੇ ਪਾਕਿਸਤਾਨ ਨੇ ਇੱਕ ਦੂਜੇ 'ਤੇ ਉਨ੍ਹਾਂ ਦੇ ਕੂਟਨੀਤਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਹੈ।

2 ਭਾਰਤੀ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਸਲਾਮਾਬਾਦ ਵਿੱਚ ਭਾਰਤੀ ਕੂਟਨੀਤਕਾਂ ਨੂੰ ਤੰਗ ਕੀਤੇ ਜਾਣ ਵਾਲੀਆਂ ਘਟਨਾਵਾਂ ਵੱਲ ਇਸ਼ਾਰਾ ਕੀਤਾ ਹੈ।

ਪਾਕਿਸਤਾਨ ਨੇ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਡਿਪਲੋਮੈਟਸ ਦੇ ਪਰਿਵਾਰਾਂ ਨੂੰ ਭਾਰਤ ਤੋਂ ਕੱਢਣ ਦੀ ਧਮਕੀ ਦਿੱਤੀ ਗਈ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਬ੍ਰਿਟੇਨ ਵਿਸ਼ਵ ਯੁੱਧਾਂ ਵਿੱਚ ਮਾਰੇ ਹਏ 80 ਹਜ਼ਾਰ ਸਿੱਖ ਫੌਜੀਆਂ ਦਾ ਸਮਾਰਕ ਬਣਾਏਗਾ।

ਗ੍ਰੇਟਰ ਲੰਡਨ ਅਸੈਂਬਲੀ ਵਿੱਚ ਇਕਲੌਤੇ ਸਿੱਖ ਵਿਧਾਇਕ ਡਾ. ਓਕਾਰ ਸਿੰਘ ਸਹੋਤਾ ਨੇ ਇਸ ਦਾ ਪ੍ਰਸਤਾਵ ਰੱਖਿਆ ਜਿਸ 'ਤੇ ਸਹਿਮਤੀ ਮਿਲ ਗਈ ਹੈ।

2 ਵਿਸ਼ਵ ਯੁੱਧਾਂ ਵਿੱਚ ਬ੍ਰਿਟੇਨ ਵੱਲੋਂ ਲੜਨ ਵਾਲੇ ਸਿੱਖ ਸੈਨਿਕਾਂ ਦੇ ਸਨਮਾਨ ਵਿੱਚ ਲੰਡਨ 'ਚ ਯਾਗਦਾਰ ਬਣਾਈ ਜਾਵੇਗੀ।

ਦੋਵਾਂ ਲੜਾਈਆਂ ਦੇ ਦੌਰਾਨ ਬ੍ਰਿਟਿਸ਼ ਆਰਮੀ ਵਿੱਚ 20 ਫੀਸਦ ਸਿੱਖ ਸੈਨਿਕ ਸੀ। ਉਸ ਸਮੇਂ 80 ਹਜ਼ਾਰ ਦਸਤਾਰਧਾਰੀ ਸਿੱਖ ਮਾਰੇ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)