104 ਸਾਲਾ ਪ੍ਰਸਿੱਧ ਵਿਗਿਆਨੀ ਨੇ ਸਵੈ-ਇੱਛਾ ਨਾਲ ਮੌਤ ਤੋਂ ਪਹਿਲਾਂ ਕੀਤੀ ਪ੍ਰੈਸ ਕਾਨਫਰੰਸ

104 ਸਾਲਾ ਬਨਸਪਤੀ ਵਿਗਿਆਨੀ ਡੇਵਿਡ ਗੁਡਾਲ ਨੇ ਸਵੈ-ਇੱਛਾ ਮੌਤ ਰਾਹੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ।

ਮਰਨ ਦੇ ਹੱਕ ਦੀ ਵਰਤੋਂ ਕਰਦਿਆਂ ਆਸਟ੍ਰੇਲੀਆਈ ਵਿਗਿਆਨੀ ਡੇਵਿਡ ਗੁਡਾਲ ਨੇ ਇੱਕ ਕਲੀਨਿਕ ਦੀ ਸਹਾਇਤਾ ਨਾਲ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਵਾ ਲਈ।

'ਰਾਇਟ ਟੂ ਡਾਈ' ਨਾਂ ਦੇ ਸੰਗਠਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਲੰਡਨ ਦੇ ਜੰਮਪਲ ਤੇ ਬਨਸਪਤੀ ਵਿਗਿਆਨੀ ਕਿਸੇ ਲਾ-ਇਲਾਜ ਬਿਮਾਰੀ ਤੋਂ ਪੀੜਤ ਨਹੀਂ ਸਨ ਪਰ ਉਨ੍ਹਾਂ ਨੇ ਆਪਣੀ ਖ਼ਸਤਾ ਹਾਲ ਜ਼ਿੰਦਗੀ ਕਾਰਨ ਜੀਵਨ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ।

ਗੁਡਾਲ ਮੌਤ ਹਾਸਲ ਕਰਨ ਲਈ ਆਸਟ੍ਰੇਲੀਆ ਤੋਂ ਵਿਸ਼ੇਸ਼ ਕਰਕੇ ਸਵਿਟਜ਼ਲੈਂਡ ਆਏ ਸਨ ਜਿਸ ਕਾਰਨ ਉਹ ਕਾਫ਼ੀ ਸੁਰਖੀਆਂ ਵਿੱਚ ਬਣੇ ਹੋਏ ਸਨ।

ਆਖ਼ਰੀ ਵਾਰ ਲੋਕਾਂ ਨੂੰ ਮਿਲਦੇ ਸਮੇਂ ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਰੁਚੀ ਤੋਂ ਹੈਰਾਨ ਹੈ। ਉਨ੍ਹਾਂ ਕਿਹਾ, "ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ।''

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਜਦੋਂ ਕੋਈ ਮੇਰੀ ਉਮਰ ਨੂੰ ਢੁੱਕ ਜਾਵੇ ਜਾਂ ਇਸ ਤੋਂ ਘੱਟ ਉਮਰ ਦਾ ਵੀ ਹੋਵੇ... ਉਸ ਕੋਲ ਇਹ ਚੋਣ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਸਦੀ ਮੌਤ ਢੁਕਵਾਂ ਸਮਾਂ ਕਦੋਂ ਹੈ।''

'ਐਗਜ਼ਿਟ ਇੰਟਰਨੈਸ਼ਨਲ ਸੰਸਥਾ' ਦੇ ਬਾਨੀ ਫਿਲਪ ਨਿਤਸਚਾਕੇ ਮੁਤਾਬਕ ਸਾਢੇ ਬਾਰਾਂ ਵਜੇ ਲਾਈਫ਼ ਸਾਇਕਲ ਕਲੀਨਿਕ ਵਿੱਚ ਵਿਗਿਆਨੀ ਨੇ ਡਾਕਟਰੀ ਸਹਾਇਤਾ ਨਾਲ ਮੌਤ ਨੂੰ ਗਲ਼ ਲਾਇਆ।

ਕੌਣ ਸੀ ਗੁਡਾਲ?

ਡਾਕਟਰ ਗੁਡਾਲ ਆਖਰੀ ਸਮੇਂ ਤੱਕ ਪਰਥ ਵਿੱਚ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ 1979 ਵਿੱਚ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਬਾਅਦ ਵਿੱਚ ਉਹ ਫ਼ੀਲਡ ਵਿੱਚ ਕੰਮ ਕਰਦੇ ਰਹੇ।

ਉਨ੍ਹਾਂ ਨੇ ਵਰਲਡ ਈਕੋਸਿਸਟਮ ਨਾਂ ਹੇਠ 30 ਕਿਤਾਬਾਂ ਦੀ ਇੱਕ ਲੜੀ ਤਿਆਰ ਕੀਤੀ ਸੀ ਅਤੇ ਉਨ੍ਹਾਂ ਨੂੰ ਵਿਗਿਆਨਿਕ ਕਾਰਜਾਂ ਲਈ ਆਸਟ੍ਰੇਲੀਆ ਵਿੱਚ ਉੱਚ ਸਨਮਾਨ ਮਿਲਿਆ ਸੀ।

ਸਵਿਟਜ਼ਰਲੈਂਡ ਦੁਨੀਆਂ ਦਾ ਇੱਕੋ ਇੱਕ ਦੇਸ ਹੈ ਜਿੱਥੇ ਡਾਕਟਰੀ ਸਹਾਇਤਾ ਨਾਲ ਕੋਈ ਵਿਅਕਤੀ ਆਪਣਾ ਜੀਵਨ ਖ਼ਤਮ ਕਰ ਸਕਦਾ ਹੈ ਇਸ ਲਈ ਗੁਡਾਲ ਆਪਣੇ ਆਖਰੀ ਸਾਹ ਲੈਣ ਲਈ ਬੇਸਲ ਗਿਆ ਸੀ।

ਕਿੱਥੇ-ਕਿੱਥੇ ਹੈ ਸਵੈ-ਇੱਛਾ ਮੌਤ ਦਾ ਹੱਕ?

ਮਰਨ ਲਈ ਸਹਾਇਤਾ ਦਾ ਅਰਥ ਹੈ ਕਿ ਲਾਇਲਾਜ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਡਾਕਟਰੀ ਸਹਾਇਤਾ ਨਾਲ ਮਰਨ ਵਿੱਚ ਸਹਾਇਤਾ ਕਰਨਾ।

ਇਹ ਯੂਥੇਨੇਸੀਆ ਤੋਂ ਵੱਖਰੀ ਤਰ੍ਹਾਂ ਹੁੰਦਾ ਹੈ ਜਿੱਥੇ ਕੋਈ ਹੋਰ ਬੰਦਾ ਦਰਦ ਤੋਂ ਰਾਹਤ ਦੇਣ ਲਈ ਇਸ ਬਾਰੇ ਵਿੱਚ ਫੈਸਲਾ ਲੈਂਦਾ ਹੈ। ਮਰਨ ਲਈ ਸਹਾਇਤਾ ਵਿੱਚ ਪੀੜਤ ਵਿਅਕਤੀ ਨੂੰ ਦੁੱਖਾਂ ਤੋਂ ਛੁਟਕਾਰਾ ਦੁਆਉਣ ਲਈ ਡਾਕਟਰ ਜਾਨਲੇਵਾ ਟੀਕਾ ਲਗਾਉਂਦਾ ਹੈ।

ਸਵਿਟਜ਼ਲੈਂਡ ਵਿੱਚ ਵਿਅਕਤੀ ਨੂੰ ਸਵੈ-ਇੱਛਾ ਮੌਤ ਦਾ ਹੱਕ ਤਾਂ ਹੀ ਦਿੱਤਾ ਜਾਂਦਾ ਹੈ ਜੇ ਸਹਾਇਤਾ ਕਰਨ ਵਾਲੇ ਦਾ ਇਸ ਵਿੱਚ ਕੋਈ ਹਿੱਤ ਨਾ ਹੋਵੇ। ਇਹ ਦੁਨੀਆਂ ਦਾ ਇੱਕੋ-ਇੱਕ ਅਜਿਹਾ ਦੇਸ ਹੈ ਜਿੱਥੇ ਮਰਨ ਲਈ ਸਹਾਇਤਾ ਕੇਂਦਰ ਬਣੇ ਹੋਏ ਹਨ।

ਨੀਦਰਲੈਂਡ, ਬੈਲਜ਼ੀਅਮ ਅਤੇ ਲਕਸਮਬਰਗ ਵਿੱਚ ਯੂਥੇਨੇਸੀਆ(ਆਰਾਮਦਾਇਕ ਮੌਤ) 'ਤੇ ਮਰਨ ਵਿੱਚ ਸਹਾਇਤ ਨੂੰ ਕਾਨੂੰਨੀ ਮਾਨਤਾ ਹੈ। ਨੀਦਰਲੈਂਡ ਅਤੇ ਬੈਲਜ਼ੀਅਮ ਵਿੱਚ ਤਾਂ ਖ਼ਾਸ ਹਾਲਾਤਾਂ ਵਿੱਚ ਨਾਬਾਲਗਾਂ ਨੂੰ ਵੀ ਇਸ ਦਾ ਲਾਭ ਮਿਲ ਸਕਦਾ ਹੈ।

ਕੰਬੋਡੀਆ ਵਿੱਚ ਵੀ ਆਰਾਮਦਾਇਕ ਮੌਤ ਨੂੰ ਕਾਨੂੰਨੀ ਮਾਨਤਾ ਹੈ।

ਅਮਰੀਕਾ ਦੇ ਸੂਬੇ ਔਰੀਗਨ, ਵਾਸ਼ਿੰਗਟਨ, ਵਰਮੌਂਟ, ਮੌਂਟਾਨਾ, ਕੈਲੇਫੋਰਨੀਆ, ਕੋਲੋਰਾਡੋ ਅਤੇ ਹਵਾਏ ਵਿੱਚ ਲਾਇਲਾਜ ਬਿਮਾਰੀ ਵਾਲੇ ਰੋਗੀ ਨੂੰ ਮਰਨ ਵਿੱਚ ਸਹਾਇਤਾ ਦੇਣ ਦੀ ਮਾਨਤਾ ਹੈ।

ਅਮਰੀਕੀ ਰਾਜਧਾਨੀ ਵਾਸ਼ਿੰਗਟਨ ਵਿੱਚ ਇਹ ਕਾਨੂੰਨ 2017 ਵਿੱਚ ਪਾਸ ਕੀਤਾ ਗਿਆ ਸੀ। ਕੈਨੇਡਾ ਦੇ ਸੂਬੇ ਕਿਉਬੈਕ ਨੇ ਵੀ 2016 ਵਿੱਚ ਮਰਨ ਵਿੱਚ ਸਹਾਇਤਾ ਕਰਨ ਨੂੰ ਮਾਨਤਾ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)