ਪਤੀ ਦੇ ਮਿਹਣੇ ਕਾਰਨ 29 ਸਾਲ ਬਾਅਦ ਕੀਤੀ 10ਵੀਂ ਪਾਸ

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਲੁਧਿਆਣਾ ਤੋਂ ਬੀਬੀਸੀ ਪੰਜਾਬੀ ਲਈ

ਰਜਨੀ ਇੱਕ ਸਧਾਰਨ ਪਰਿਵਾਰ ਦੀ ਘਰੇਲੂ ਔਰਤ ਹੈ ਪਰ ਉਨ੍ਹਾਂ ਦਾ ਪਰਿਵਾਰ ਅਗਾਂਹਵਧੂ ਜਜ਼ਬੇ ਨਾਲ ਭਰਿਆ ਹੋਇਆ ਹੈ।

ਪਰਿਵਾਰ ਨੇ ਜੋ ਧਾਰ ਲਿਆ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦਾ ਹੈ ਅਤੇ ਮਿੱਥੇ ਟੀਚੇ ਨੂੰ ਹਾਸਲ ਕਰਨ ਲਈ ਸਾਰੇ ਜੀਅ ਇੱਕ-ਦੂਸਰੇ ਦਾ ਪੂਰਾ ਸਾਥ ਵੀ ਦਿੰਦੇ ਹਨ।

ਲੁਧਿਆਣਾ ਦੇ ਹੈਬੋਵਾਲ ਕਲਾਂ ਇਲਾਕੇ 'ਚ ਪੈਂਦੇ ਗੋਪਾਲ ਨਗਰ ਦੇ ਇੱਕ ਛੋਟੇ ਜਿਹੇ ਘਰ 'ਚ ਰਹਿ ਰਿਹਾ ਇਹ ਪਰਿਵਾਰ ਲੋਕਾਂ ਲਈ ਮਿਸਾਲ ਬਣ ਗਿਆ ਹੈ।

ਰਜਨੀ ਨੇ ਆਪਣੇ ਪੁੱਤਰ ਦੀਪਕ ਨਾਲ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਪੁੱਤਰ ਤੋਂ ਸਿਰਫ਼ ਚਾਰ ਫ਼ੀਸਦ ਅੰਕ ਘੱਟ ਲੈ ਕੇ ਦਸਵੀਂ ਪਾਸ ਵੀ ਕੀਤੀ।

ਰਜਨੀ ਤਾਂ ਮੁਹੱਲੇ ਦੀਆਂ ਔਰਤਾਂ ਲਈ ਪ੍ਰੇਰਣਾਸਰੋਤ ਬਣ ਕੇ ਉਭਰੀ ਹੈ। ਰਜਨੀ ਦੇ ਪਤੀ ਰਾਜ ਕੁਮਾਰ ਨੇ ਆਪਣੀ ਪਤਨੀ ਨੂੰ 44 ਸਾਲ ਦੀ ਉਮਰ 'ਚ ਪੜ੍ਹਨ ਲਾਇਆ। 29 ਸਾਲ ਪਹਿਲਾਂ ਛੱਡੀ ਪੜ੍ਹਾਈ ਮੁੜ ਸ਼ੁਰੂ ਕਰਨਾ ਕੋਈ ਸੌਖਾ ਕੰਮ ਨਹੀਂ ਸੀ।

ਦੋ ਧੀਆਂ, ਪੁੱਤਰ ਅਤੇ ਪਤੀ ਤੋਂ ਇਲਾਵਾ ਸੱਸ ਸੁਮਿੱਤਰਾ ਦੇਵੀ ਦੇ ਸਾਥ ਅਤੇ ਹੌਂਸਲੇ ਨੇ ਉਹ ਕੰਮ ਕਰ ਦਿਖਾਇਆ ਜੋ ਰਜਨੀ ਨੂੰ ਪਹਿਲਾਂ ਪਹਾੜ ਜਿੱਡਾ ਲੱਗਦਾ ਸੀ।

ਘਰ ਦੇ ਬੈੱਡਰੂਮ ਵਿੱਚ ਟੈਲੀਵਿਜ਼ਨ ਹੈ, ਉਥੇ ਹੀ ਅਲਮਾਰੀ ਤੇ ਫਰਿੱਜ਼ ਪਿਆ ਹੈ। ਘਰ 'ਚ ਥਾਂ ਦੀ ਤੰਗੀ ਭਾਵੇਂ ਹੋ ਸਕਦੀ ਹੈ ਪਰ ਸੋਚ ਕਿਸੇ ਦੀ ਤੰਗ ਨਹੀਂ।

ਘਰ 'ਚ ਵੱਡੀ ਧੀ ਸੁਮਨ ਅਤੇ ਛੋਟੀ ਧੀ ਕੋਮਲ ਆਪਣੀ ਮਾਂ ਦੀ ਟੀਚਰ ਬਣੀਆਂ। ਧੀਆਂ ਤੋਂ ਇਲਾਵਾ 10ਵੀਂਜਮਾਤ 'ਚ ਪੜ੍ਹਦੇ ਪੁੱਤਰ ਦੀਪਕ ਨੇ ਵੀ ਮਾਂ ਨੂੰ ਪੜ੍ਹਾਇਆ। ਮਾਂ-ਪੁੱਤ ਇਕੱਠੇ ਦਸਵੀਂ ਪਾਸ ਕਰਨ ਕਰਕੇ ਅੱਜ ਸੁਰਖੀਆਂ 'ਚ ਛਾਏ ਹੋਏ ਹਨ।

ਪਤੀ ਦੇ ਇੱਕ ਮਿਹਣੇ ਨੇ ਝੰਜੋੜਿਆ

ਅਕਸਰ ਹੁੰਦਾ ਹੈ ਕਿ ਬੱਚਿਆਂ ਦੇ ਪਾਲਣ-ਪੋਸ਼ਣ ਤੇ ਘਰ ਦੀਆਂ ਜ਼ਿੰਮੇਵਾਰੀਆਂ 'ਚ ਔਰਤ ਅਵੇਸਲੀ ਹੋ ਜਾਂਦੀ ਹੈ।

ਇਸੇ ਦੌਰਾਨ ਇੱਕ ਦਿਨ ਪਤੀ ਰਾਜ ਕੁਮਾਰ ਨੇ ਪੜ੍ਹਾਈ ਨੂੰ ਲੈ ਕੇ ਝਿੜਕ ਦਿੱਤਾ ਤੇ ਇੱਕ ਅਜਿਹਾ ਮਿਹਣਾ ਮਾਰਿਆ ਜੋ ਰਜਨੀ ਦੇ ਦਿਲ 'ਤੇ ਲੱਗਿਆ।

ਇਸ ਗੱਲ ਕਰਕੇ ਉਸ ਨੇ ਅੱਗੇ ਪੜ੍ਹਨ ਦੀ ਜ਼ਿੱਦ ਫੜ ਲਈ ਅਤੇ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ।

ਕੋਰੀ ਅਨਪੜ੍ਹ ਸੱਸ ਨੇ ਵੀ ਇਸ ਕੰਮ 'ਚ ਰਜਨੀ ਦਾ ਪੂਰਾ ਸਾਥ ਤੇ ਕੰਮ 'ਚ ਸਹਿਯੋਗ ਦਿੱਤਾ।

ਰਜਨੀ ਨੇ ਦੱਸਿਆ, ''ਪਤੀ ਦੇ ਮੇਹਣੇ ਬਾਰੇ ਮੈਂ ਬੱਚਿਆਂ ਨੂੰ ਵੀ ਕੁਝ ਨਹੀਂ ਦੱਸਿਆ। ਬੱਸ ਪੜ੍ਹਨ ਦੀ ਧਾਰ ਲਈ ਜਿਸ 'ਚ ਬੱਚਿਆਂ ਨੇ ਉਮੀਦ ਨਾਲੋਂ ਵੱਧ ਸਹਿਯੋਗ ਦਿੱਤਾ।"

ਰਾਜ ਕੁਮਾਰ ਦਾ ਕਹਿਣਾ ਸੀ, ''ਮੈਂ ਰਜਨੀ ਅੰਦਰ ਅਹਿਸਾਸ ਜਗਾਉਣ ਤੇ ਉਤਸ਼ਾਹਤ ਕਰਨ 'ਚ ਕਾਮਯਾਬ ਰਿਹਾ।''

ਲੋੜ ਬਣੀ ਕਾਢ ਦੀ ਮਾਂ

ਰਾਜ ਕੁਮਾਰ ਦੇ ਪਰਿਵਾਰ ਦਾ ਪੜ੍ਹਾਈ ਨਾਲ ਸਬੰਧਤ ਵੱਖਰਾ ਹੀ ਰਿਕਾਰਡ ਹੈ। ਰਾਜ ਕੁਮਾਰ, ਉਨ੍ਹਾਂ ਦੀ ਪਤਨੀ ਰਜਨੀ ਤੇ ਧੀ ਸੁਮਨ ਲਈ ਲੋੜ ਹੀ ਕਾਢ ਦੀ ਮਾਂ ਬਣੀ। ਰਾਜ ਕੁਮਾਰ ਦਸਵੀਂ ਤੱਕ ਪੜ੍ਹੇ ਹੋਏ ਸਨ।

ਉਹ ਅੱਗੇ ਪੜ੍ਹਨਾ ਚਾਹੁੰਦੇ ਸਨ ਪਰ ਹਾਲਾਤ ਕਰਕੇ ਇਸ ਦਿਸ਼ਾ 'ਚ ਕਦਮ ਨਹੀਂ ਪੁੱਟ ਸਕੇ।

ਇੱਕ ਹਿੰਦੀ ਅਖ਼ਬਾਰ 'ਚ ਰਾਜ ਕੁਮਾਰ ਨੂੰ ਕੰਮ ਕਰਦੇ ਸਮੇਂ ਤਰੱਕੀ ਲਈ ਬਾਰ੍ਹਵੀਂ ਦੇ ਸਰਟੀਫਿਕੇਟ ਦੀ ਲੋੜ ਪਈ।

ਉਨ੍ਹਾਂ ਕਿਹਾ, ''ਮੈਂ ਖ਼ੁਦ 17 ਵਰ੍ਹੇ ਬਾਅਦ ਪੜ੍ਹਾਈ ਸ਼ੁਰੂ ਕੀਤੀ। ਇਸ ਤਰ੍ਹਾਂ ਬਾਰ੍ਹਵੀਂ ਤੇ ਫਿਰ ਗਰੈਜੂਏਸ਼ਨ ਕੀਤੀ।''

ਰਾਜ ਕੁਮਾਰ ਦਾ ਰਜਨੀ ਨਾਲ 1991 'ਚ ਵਿਆਹ ਹੋਇਆ। ਰਜਨੀ ਦੇ ਪੇਕੇ ਤਰਨ ਤਾਰਨ ਵਿੱਚ ਸਨ ਅਤੇ ਉਹ ਨੌਂ ਜਮਾਤਾਂ ਪਾਸ ਸੀ।ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਵੱਡੀ ਹੋਣ ਕਾਰਨ ਉਹ ਅੱਗੇ ਨਾ ਪੜ੍ਹ ਸਕੀ।

ਸਿਵਲ ਹਸਪਤਾਲ 'ਚ ਪਾਰਟ ਟਾਈਮ ਵਾਰਡ ਅਟੈਂਡੈਂਟ ਰਜਨੀ ਨੇ ਹੁਣ 29 ਸਾਲ ਬਾਅਦ ਦਸਵੀਂ ਕੀਤੀ ਤੇ ਅੱਗੇ ਗਰੈਜੂਏਸ਼ਨ ਕਰਨਾ ਚਾਹੁੰਦੀ ਹੈ।

ਰਜਨੀ ਦੀ ਵੱਡੀ ਧੀ ਸੁਮਨ ਨੇ ਵੀ 2008 'ਚ ਪੜ੍ਹਨਾ ਛੱਡ ਦਿੱਤੀ ਪਰ ਪੜ੍ਹਾਈ ਦੀ ਮਹੱਤਤਾ ਦਾ ਅਹਿਸਾਸ ਹੋਣ ਅਤੇ ਪਰਿਵਾਰ ਦਾ ਜਜ਼ਬਾ ਦੇਖ ਉਸ ਨੇ ਪੰਜ ਸਾਲ ਬਾਅਦ ਪੜ੍ਹਨਾ ਸ਼ੁਰੂ ਕੀਤਾ ਤੇ ਹੁਣ ਬੀਏ ਦੇ ਦੂਜੇ ਸਾਲ 'ਚ ਹੈ। ਛੋਟੀ ਧੀ ਕੋਮਲ ਬੀ.ਐਸਸੀ ਨਰਸਿੰਗ ਕਰ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)