You’re viewing a text-only version of this website that uses less data. View the main version of the website including all images and videos.
ਬਲਾਗ:ਵਿਆਹ ਤੋਂ ਬਾਅਦ ਪਤਨੀ ਲਈ ਪਤੀ ਦਾ ਸਰਨੇਮ ਕਿੰਨਾ ਜ਼ਰੂਰੀ?
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਘੁੰਮ ਰਹੀਆਂ ਹਨ ਜਿਵੇਂ ਅਸੀਂ ਸਾਰੇ ਬਰਾਤੀ ਹੋਈਏ।
ਜਦੋਂ ਸੋਨਮ ਕਪੂਰ ਨੇ ਆਪਣੇ ਨਾਂ ਨਾਲ ਆਪਣੇ ਪਤੀ ਦਾ ਸਰਨੇਮ ਅਹੂਜਾ ਜੋੜਨ ਦਾ ਐਲਾਨ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਕੀਤਾ ਤਾਂ ਇਸ ਤਰ੍ਹਾਂ ਲੱਗਿਆ ਅਸਲ 'ਚ ਇਹ ਮੇਰੀ-ਤੁਹਾਡੀ ਜ਼ਿੰਦਗੀ ਨਾਲ ਬਹੁਤ ਨੇੜਿਓਂ ਜੁੜਿਆ ਮੁੱਦਾ ਹੈ।
ਕੀ ਉਨ੍ਹਾਂ ਨੇ ਸਹੀ ਕੀਤਾ? ਕੀ ਔਰਤ ਨੂੰ ਪਤੀ ਦਾ ਸਰਨੇਮ ਅਪਨਾਉਣਾ ਚਾਹੀਦਾ ਹੈ ਜਾਂ ਪਿਤਾ ਦਾ ਹੀ ਰੱਖਣਾ ਚਾਹੀਦਾ ਹੈ? ਆਪਸ਼ਨ ਤਾਂ ਇਹੀ ਦੋ ਹਨ।
ਔਰਤ ਦਾ ਆਪਣਾ ਜਾਂ ਉਨ੍ਹਾਂ ਦੀ ਮਾਂ ਦਾ ਸਰਨੇਮ ਤਾਂ ਹੈ ਨਹੀਂ। ਉਸਦੀ ਪਛਾਣ ਜਾਂ ਤਾਂ ਪਿਤਾ ਜਾਂ ਪਤੀ ਦੇ ਸਰਨੇਮ ਨਾਲ ਜੁੜੀ ਹੈ।
ਘੱਟੋ-ਘੱਟ ਭਾਰਤ ਵਿੱਚ ਹਿੰਦੂ ਪਰਿਵਾਰਾਂ ਵਿੱਚ ਤਾਂ ਵਿਆਹ ਤੋਂ ਬਾਅਦ ਇਹੀ ਰਿਵਾਜ਼ ਹੈ।
ਕਈ ਥਾਵਾਂ 'ਤੇ ਕੁੜੀ ਦਾ ਨਾਮ ਹੀ ਬਦਲ ਦਿੱਤਾ ਜਾਂਦਾ ਹੈ। ਤਾਂ ਕਈ ਥਾਵਾਂ 'ਤੇ ਰੀਤ ਹੈ ਕਿ ਉਸਦਾ ਨਾਮ ਨਾ ਬਦਲੋ ਪਰ ਪਤੀ ਦਾ ਸਰਨੇਮ ਨਾਲ ਜੋੜ ਦਿੱਤਾ ਜਾਵੇ।
ਉੱਤਰ-ਪੂਰਬੀ ਅਤੇ ਦੱਖਣ ਭਾਰਤੀ ਸੂਬਿਆਂ ਨੂੰ ਛੱਡ ਦਈਏ ਤਾਂ ਬਾਕੀ ਦੇਸ ਵਿੱਚ ਇਹ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ।
ਜ਼ਾਹਿਰ ਹੈ ਲੀਕ ਤੋਂ ਹਟ ਕੇ ਆਪਣਾ ਸਰਨੇਮ ਬਦਲਣ ਦੀ ਥਾਂ ਜਦੋਂ ਸ਼ਿਲਪਾ ਸ਼ੈੱਟੀ ਨੇ ਕੁੰਦਰਾ, ਐਸ਼ਵਰਿਆ ਰਾਏ ਬੱਚਨ ਅਤੇ ਕਰੀਨਾ ਕਪੂਰ ਨੇ ਖ਼ਾਨ ਆਪਣੇ ਪੁਰਾਣੇ ਨਾਮ ਵਿੱਚ ਜੋੜਿਆ ਤਾਂ ਬਹੁਤ ਸੋਚਿਆ ਹੋਵੇਗਾ।
ਕੀ ਇਹ ਬੱਚਨ ਜਾਂ ਖ਼ਾਨ ਨਾਮ ਦਾ ਭਾਰ ਆਪਣੇ ਨਾਲ ਜੋੜਨ ਲਈ ਸੀ ਜਾਂ ਇਸ ਲਈ ਕਿ ਉਹ ਆਪਣੀ ਪਛਾਣ ਨੂੰ ਪੂਰੀ ਤਰ੍ਹਾਂ ਨਹੀਂ ਗੁਆਉਣਾ ਚਾਹੁੰਦੀਆਂ।
ਪਿਛਲੇ ਦਹਾਕਿਆਂ ਵਿੱਚ ਨਵੀਂ ਸੋਚ ਬਣੀ ਹੈ ਕਿ ਵਿਆਹ ਤੋਂ ਬਾਅਦ ਨਾਮ ਬਦਲਣਾ ਔਰਤ ਨੂੰ ਘੱਟ ਸਮਝਣ ਵਰਗਾ ਹੈ, ਉਸਦੀ ਪਛਾਣ ਖ਼ਤਮ ਕਰਨ ਵਰਗਾ ਹੈ।
ਵਿਆਹ ਇੱਕ ਨਵਾਂ ਰਿਸ਼ਤਾ ਹੈ ਉਸ ਵਿੱਚ ਦੋਵਾਂ ਲੋਕਾਂ ਦੀ ਆਪਣੀ ਸ਼ਖਸੀਅਤ ਉਸੇ ਤਰ੍ਹਾਂ ਹੀ ਬਣੀ ਰਹਿਣੀ ਜ਼ਰੂਰੀ ਹੈ।
ਪਤੀ ਦਾ ਨਾਂ ਨਹੀਂ ਬਦਲਦਾ ਤਾਂ ਪਤਨੀ ਦਾ ਵੀ ਨਹੀਂ ਬਦਲਣਾ ਚਾਹੀਦਾ।
ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਾਮ ਸ਼ਬਾਨਾ ਆਜ਼ਮੀ, ਵਿਦਿਆ ਬਾਲਨ ਅਤੇ ਕਿਰਨ ਰਾਓ ਨੇ ਵਿਆਹ ਤੋਂ ਬਾਅਦ ਆਪਣਾ ਨਾਮ ਨਹੀਂ ਬਦਲਿਆ।
ਵਿਆਹ ਤੋਂ ਬਾਅਦ ਔਰਤ ਦਾ ਨਾਮ ਬਦਲਣ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਸਿਰਫ਼ ਭਾਰਤ ਤੱਕ ਸੀਮਤ ਵੀ ਨਹੀਂ।
ਇਤਿਹਾਸ
ਇਤਿਹਾਸਕਾਰ ਦੱਸਦੇ ਹਨ ਕਿ ਇਹ ਸੋਚ 14ਵੀਂ ਸਦੀ ਵਿੱਚ ਬਣੀ ਜਦੋਂ ਇਹ ਮੰਨਿਆ ਗਿਆ ਕਿ ਵਿਆਹ ਤੋਂ ਬਾਅਦ ਔਰਤ ਆਪਣਾ ਨਾਮ ਗੁਆ ਦਿੰਦੀ ਹੈ, ਉਹ ਸਿਰਫ਼ ਕਿਸੇ ਦੀ ਪਤਨੀ ਹੋ ਜਾਂਦੀ ਹੈ।
ਔਰਤ ਅਤੇ ਮਰਦ ਇੱਕ ਹੋ ਜਾਂਦੇ ਹਨ ਅਤੇ ਪਤੀ ਦਾ ਨਾਮ ਇਸ ਏਕਤਾ ਦਾ ਪ੍ਰਤੀਕ ਹੈ।
ਜਿਵੇਂ-ਜਿਵੇਂ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਉੱਠੀ ਤਾਂ ਇਸ ਸਮਝ ਵਿੱਚ ਬਦਲਾਅ ਆਇਆ।
ਕਈ ਔਰਤਾਂ ਨੇ ਆਪਣੇ ਪਤੀ ਦੇ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਕਈ ਦੇਸਾਂ ਵਿੱਚ ਇਸ ਲਈ ਕਾਨੂੰਨ ਤੱਕ ਬਣਾਏ ਗਏ।
1970 ਅਤੇ 80 ਦੇ ਦਹਾਕੇ ਵਿੱਚ ਗ੍ਰੀਸ 'ਚ ਲਿਆਂਦੇ ਗਏ ਸੁਧਾਰਾਂ ਤਹਿਤ ਔਰਤਾਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਵਿਆਹ ਤੋਂ ਬਾਅਦ ਵੀ ਮਾਂ-ਬਾਪ ਵੱਲੋਂ ਤੈਅ ਕੀਤਾ ਗਿਆ ਨਾਮ ਹੀ ਰੱਖਣ।
ਮਤਲਬ ਜਿੱਥੇ ਵਿਆਹ ਤੋਂ ਬਾਅਦ ਪਤੀ ਦਾ ਸਰਨੇਮ ਆਪਣੇ ਨਾਮ ਨਾਲ ਜੋੜਨਾ ਗੈਰ-ਕਾਨੂੰਨੀ ਹੈ। ਜਦੋਂ ਬੱਚੇ ਪੈਦਾ ਹੋਣ ਤਾਂ ਉਨ੍ਹਾਂ ਦੇ ਨਾਮ ਨਾਲ ਮਾਂ ਦਾ ਸਰਨੇਮ ਜੁੜੇ ਜਾਂ ਪਿਤਾ ਦਾ ਇਸਦੇ ਬਾਰੇ ਸਾਫ਼ ਕਾਇਦਾ ਹੈ-ਇਹ ਮਾਤਾ ਦਾ ਆਪਸੀ ਫ਼ੈਸਲਾ ਹੈ।
ਇਹ ਇਕਲੌਤੀ ਪਹਿਲ ਨਹੀਂ ਸੀ, ਇਸ ਦੌਰ ਵਿੱਚ ਗ੍ਰੀਸ 'ਚ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਵੀ ਔਰਤਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ ਲਈ ਮੁਲਭੂਤ ਸੁਧਾਰ ਕੀਤੇ ਗਏ।
ਇਸੇ ਤਰ੍ਹਾਂ ਇਟਲੀ ਵਿੱਚ ਵੀ 1975 'ਚ ਪਰਿਵਾਰਾਂ ਨਾਲ ਜੁੜੇ ਕਾਨੂੰਨ ਵਿੱਚ ਵੱਡਾ ਸੁਧਾਰ ਲਿਆਂਦਾ ਗਿਆ ਅਤੇ ਔਰਤਾਂ ਨੂੰ ਵਿਆਹ ਤੋਂ ਬਾਅਦ ਵੀ ਆਪਣਾ 'ਮੇਡਨ' ਯਾਨਿ ਵਿਆਹ ਤੋਂ ਪਹਿਲਾਂ ਦਾ ਨਾਮ ਰੱਖਣ ਦਾ ਅਧਿਕਾਰ ਦਿੱਤਾ ਗਿਆ।
ਬੈਲਜੀਅਮ ਵਿੱਚ ਵੀ ਵਿਆਹ ਤੋਂ ਬਾਅਦ ਨਾਮ ਨਹੀਂ ਬਦਲੇ ਜਾਂਦੇ। ਸਾਲ 2014 ਤੋਂ ਪਹਿਲਾਂ ਕਾਨੂੰਨ ਸੀ ਕਿ ਬੱਚਾ ਆਪਣੇ ਪਿਤਾ ਦਾ ਨਾਮ ਨਹੀਂ ਲਵੇਗਾ ਪਰ ਉਸ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ ਹੁਣ ਬੱਚੇ ਨੂੰ ਮਾਂ ਜਾਂ ਪਤੀ ਕਿਸੇ ਦਾ ਸਰਨੇਮ ਦਿੱਤਾ ਜਾ ਸਕਦਾ ਹੈ।
ਨੀਦਰਲੈਂਡ ਵਿੱਚ ਵਿਆਹ ਤੋਂ ਬਾਅਦ ਪਤੀ ਵੀ ਆਪਣਾ ਨਾਮ ਬਦਲ ਕੇ ਆਪਣੀ ਪਤਨੀ ਦਾ ਸਰਨੇਮ ਲੈ ਸਕਦਾ ਹੈ। ਬੱਚਿਆਂ ਲਈ ਛੋਟ ਹੈ ਕਿ ਉਹ ਮਾਂ ਦਾ ਸਰਨੇਮ ਲੈਣ ਜਾਂ ਪਿਤਾ ਦਾ।
ਇਹ ਬਹਿਸ ਵਾਰ-ਵਾਰ ਛਿੜਦੀ ਰਹੀ ਹੈ। ਸਾਲ 2013 ਵਿੱਚ, 'ਟਾਈਟੈਨਿਕ' ਵਰਗੀ ਸੁਪਰਹਿੱਟ ਫ਼ਿਲਮ ਵਿੱਚ ਐਕਟਿੰਗ ਕਰ ਚੁੱਕੀ ਕੇਟ ਵਿੰਸਲੇਟ ਨੇ ਕਿਹਾ ਸੀ ਕਿ ਉਹ ਆਪਣੇ ਪਤੀ ਦਾ 'ਫੈਮਿਲੀ' ਨਾਮ ਨਹੀਂ ਅਪਨਾਉਣਾ ਚਾਹੁੰਦੀ।
ਇਹ ਉਨ੍ਹਾਂ ਦਾ ਤੀਜਾ ਵਿਆਹ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣਾ ਨਾਮ ਪਸੰਦ ਹੈ। ਉਨ੍ਹਾਂ ਨੇ ਇਸ ਨੂੰ ਕਦੇ ਨਹੀਂ ਬਲਦਿਆ ਤੇ ਨਾ ਹੀ ਬਦਲੇਗੀ।
ਕੇਟ ਵਿੰਸਲੇਟ ਦਾ ਪਹਿਲਾ ਵਿਆਹ 1998 ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਉਦੋਂ ਵੀ ਆਪਣਾ ਨਾਮ ਨਹੀਂ ਬਦਲਿਆ ਸੀ।
ਭਾਰਤ ਦੇ ਪ੍ਰਸੰਗ ਵਿੱਚ ਨਾਮ ਨਾ ਬਦਲਣਾ ਬਰਾਬਰੀ ਵੱਲ ਇੱਕ ਪ੍ਰਤੀਕਾਤਮਕ ਪਹਿਲ ਹੋ ਸਕਦੀ ਹੈ ਪਰ ਵਿਆਹ ਤੋਂ ਬਾਅਦ ਅੱਜ ਵੀ ਪਤਨੀ ਹੀ ਆਪਣੇ ਪਤੀ ਦੇ ਘਰ ਜਾ ਕੇ ਰਹਿੰਦੀ ਹੈ।
ਪਤੀ ਜੇਕਰ ਪਤਨੀ ਦੇ ਪਰਿਵਾਰ ਨਾਲ ਰਹੇ ਤਾਂ ਅਕਸਰ ਮਿਹਣਿਆਂ ਦਾ ਪਾਤਰ ਬਣ ਜਾਂਦਾ ਹੈ, ਜਿਵੇਂ ਉਸਦੀ ਮਰਦਾਨਗੀ ਘੱਟ ਗਈ ਹੋਵੇ।
ਤਾਂ ਬਰਾਬਰੀ ਕਿਹੋ ਜਿਹੀ ਅਤੇ ਕਿੰਨੀ ਹੋਵੇ?
ਵਿਆਹ ਤੋਂ ਬਾਅਦ ਆਪਣਾ ਨਾਮ ਨਾ ਬਦਲਣਾ ਜਾਂ ਪਤੀ ਦਾ ਸਰਨੇਮ ਜੋੜਨਾ ਇੱਕ ਸ਼ੁਰੂਆਤ ਹੈ। ਅੱਗੇ ਕੀ ਹੋ ਸਕਦਾ ਹੈ ਅਤੇ ਕੀ ਕੁਝ ਬਦਲਣਾ ਚਾਹੀਦਾ ਹੈ ਇਹ ਤਾਂ ਅਸੀਂ ਹੀ ਤੈਅ ਕਰਨਾ ਹੈ।