ਸੋਸ਼ਲ: 'ਹੁਣ ਸਮੈਕੀਏ ਵੱਜਦੇ ਆਂ,ਫਿਰ ਲੋਕ ਪੋਸਤੀ ਕਹਿਣ ਲੱਗ ਪੈਣਗੇ'

ਪੰਜਾਬ 'ਚ ਕਿਸਾਨੀ ਦੇ ਸੰਕਟ ਨੂੰ ਦੂਰ ਕਰਨ ਲਈ ਸਿਆਸੀ ਵਾਅਦਿਆਂ ਅਤੇ ਦਲੀਲਾਂ ਵਿਚਾਲੇ ਪੰਜਾਬ ਵਿੱਚ ਇੱਕ ਨਵੀਂ ਬਹਿਸ ਤੁਰ ਪਈ ਹੈ।

ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇ ਕੇ ਕਿਸਾਨਾਂ ਨੂੰ ਇਸਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਇਸ ਪਿੱਛੇ ਉਹ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਰਹੇ ਹਨ।

ਕਿਸਾਨਾਂ ਦੀ ਇਸ ਮੰਗ ਨੂੰ ਹੁੰਗਾਰਾ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਵੀ ਮਿਲਦਾ ਰਿਹਾ ਹੈ।

ਇਸ ਬਹਿਸ ਨੂੰ ਆਧਾਰ ਬਣਾ ਕੇ ਬੀਬੀਸੀ ਪੰਜਾਬੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਸਵਾਲ ਪੁੱਛਿਆ ਸੀ।

ਸਵਾਲ ਸੀ- ਕੀ ਸਿੰਥੈਟਿਕ ਨਸ਼ੇ ਰੋਕਣ ਲਈ ਪੋਸਤ(ਅਫ਼ੀਮ) ਦੀ ਖੇਤੀ ਦੀ ਇਜਾਜ਼ਤ ਮੰਗਣ ਦਾ ਤਰਕ ਕਿੰਨਾ ਕੂ ਜਾਇਜ਼ ਹੈ?

ਇਸ ਸਵਾਲ 'ਤੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਵੱਖੋ ਵੱਖਰੀ ਰਾਇ ਸਾਹਮਣੇ ਆਈ।

ਫੇਸਬੁੱਕ 'ਤੇ ਲਖਵੀਰ ਬੋਪਾਰਾਏ ਲਿਖਦੇ ਹਨ, ''ਦੇਸੀ ਨਸ਼ੇ ਸਰੀਰ ਨੂੰ ਖੋਖਲਾ ਨਹੀ ਕਰਦੇ।ਇਨ੍ਹਾਂ ਨੂੰ ਖਾ ਕੇ ਬੰਦਾ ਖੇਤ ਵਿੱਚ ਨਾਲ ਨਾਲ ਕੰਮ ਵੀ ਕਰਦਾ।ਮੇਰੇ ਹਿਸਾਬ ਨਾਲ ਮੰਗ ਜਾਇਜ਼ ਹੈ।''

ਉਨ੍ਹਾਂ ਲਿਖਿਆ ਕਿ ਕਿਸਾਨ ਜਥੇਬੰਦੀਆਂ ਇੱਕ ਪਲੈਟਫਾਰਮ 'ਤੇ ਆਉਣ ਅਤੇ ਕਿਸਾਨਾਂ ਨੂੰ ਇਜਾਜ਼ਤ ਦੀ ਲੋੜ ਨਹੀਂ ਹੈ। ਇਹ ਕਿਸਾਨਾਂ ਦੀ ਜ਼ਮੀਨ ਹੈ।

ਭਗਵਾਨ ਸ਼ਰਮਾ ਲਿਖਦੇ ਹਨ, ''ਇਹ ਮੰਗ ਸੌ ਫ਼ੀਸਦ ਜਾਇਜ਼ ਹੈ। ਸਰਕਾਰਾਂ ਨੂੰ ਕਰਜੇ ਮੁਆਫ਼ ਕਰਨ ਦੀ ਬਜਾਏ ਖਸਖਸ ਦੀ ਖੇਤੀ ਦੀ ਆਗਿਆ ਦੇਣੀ ਚਾਹੀਦੀ ਹੈ, ਕਿਸਾਨ ਆਪੇ ਖੁਸ਼ਹਾਲ ਹੋਜੂ।''

ਮਨਦੀਪ ਸਿੰਘ ਧਾਲੀਵਾਲ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਅਤੇ ਸਰਕਾਰ ਦੇ ਕੰਟਰੋਲ ਖ਼ਿਲਾਫ਼ ਆਵਾਜ਼ ਚੁੱਕਦੇ ਨਜ਼ਰ ਆਏ।

ਬਚਿੱਤਰ ਮੋਰ ਭੁੱਲਰ ਲਿਖਦੇ ਹਨ, ''1 ਜਾਂ 2 ਸਾਲ ਤਜਰਬਾ ਕਰਨ 'ਚ ਹਰਜ ਵੀ ਕੀ ਆ ਬਾਕੀ ਪੁਰਾਣੇ ਸਮੇਂ ਜੋ ਵੀ ਅਫੀਮ ਖਾਦੇ ਹੁੰਦੇ ਸੀ 15 ਤੋ 20 ਸਾਲ ਜਿੰਦਗੀ ਵੱਧ ਈ ਜਿਉਂ ਕੇ ਗਏ।''

ਉੱਧਰ ਇਨ੍ਹਾਂ ਵਿਚਾਰਾਂ ਤੋਂ ਵੱਖਰੀ ਰਾਇ ਰੱਖਣ ਵਾਲੇ ਲੋਕ ਵੀ ਸਾਹਮਣੇ ਆਏ ਹਨ। ਕਈਆਂ ਨੇ ਇਸ ਵਿਚਾਰ ਦੀ ਖਿਲਾਫ਼ਤ ਕੀਤੀ।

ਜੈਦੀਪ ਸਰਾ ਲਿਖਦੇ ਹਨ, ''ਤਰਕ ਸਹੀ ਹੈ, ਪਰ ਅਸਲ ਵਿੱਚ ਇਸ ਨਾਲ ਕੀ ਫ਼ਾਇਦਾ ਹੋਵੇਗਾ। ਕੀ ਇਹ ਸੱਚਮੁੱਚ ਲਾਹੇਵੰਦ ਹੋਵੇਗਾ ਜਾਂ ਇਸਦੀ ਦੁਰਵਰਤੋਂ ਹੋਵੇਗੀ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਇਹ ਕਾਨੂੰਨੀ ਹੈ ਪਰ ਉੱਥੇ ਦੇ ਕਿਸਾਨਾਂ ਦਾ ਹਾਲ ਵੀ ਚੰਗਾ ਨਹੀਂ ਹੈ।''

ਰਜਿੰਦਰ ਸਿੰਘ ਲਿਖਦੇ ਹਨ, ''ਬੱਚਦੇ ਪੰਜਾਬ ਦੇ ਉਜਾੜੇ ਦਾ ਆਖਰੀ ਦਾਅ ਪੇਚ, ਸੰਭਲੋ ਪੰਜਾਬੀਓ, ਇਸ ਕੋਹੜ, ਕੋਹੜੀ ਸੋਚ ਦੇ ਪ੍ਰਚਾਰਕਾਂ ਤੋਂ ਖ਼ਬਰਦਾਰ !''

ਭੁਪਿੰਦਰ ਸਿੰਘ ਨੇ ਵੀ ਇਸ ਤਰਕ ਦੇ ਖ਼ਿਲਾਫ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ।

ਉਨ੍ਹਾਂ ਲਿਖਿਆ, ''ਆਸਮਾਨ ਤੋਂ ਡਿੱਗੇ, ਖਜੂਰ ਤੇ ਲਟਕੇ ਵਾਲ਼ੀ ਗੱਲ ਹੈ। ਪਹਿਲੀ ਵਾਰ ਕੋਈ ਵੀ ਨਸ਼ਾ ਮੁੱਲ ਲੈ ਕੇ ਨਹੀਂ ਕਰਦਾ, ਬੂਟਾ ਕੋਈ ਅਖੌਤੀ ਮਿੱਤਰ ਪਿਆਰਾ ਹੀ ਲਾਉਂਦਾ ਹੈ। ਹੁਣ ਸਮੈਕੀਏ ਵੱਜਦੇ ਆਂ, ਫਿਰ ਲੋਕ ਪੋਸਤੀ ਕਹਿਣਗੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)