You’re viewing a text-only version of this website that uses less data. View the main version of the website including all images and videos.
ਜਾਣੋ ਨੇਹਾ ਧੂਪੀਆ ਦੇ ਲਾੜੇ ਅੰਗਦ ਸਿੰਘ ਬੇਦੀ ਬਾਰੇ
ਵਿਆਹਾਂ ਦੀ ਰੁੱਤ ਵਿੱਚ ਬਾਲੀਵੁੱਡ ਵਿੱਚ ਵੀ ਆਏ ਦਿਨ ਵਿਆਹ ਹੋ ਰਹੇ ਹਨ।
ਦੋ ਦਿਨ ਪਹਿਲਾਂ ਸੋਨਮ ਕਪੂਰ ਨੇ ਵਿਆਹ ਕਰਵਾਇਆ ਸੀ ਤਾਂ ਅੱਜ ਨੇਹਾ ਧੂਪੀਆ ਨੇ ਸਿੱਖ ਰੀਤੀ ਮੁਤਾਬਕ ਲਾਵਾਂ ਲੈ ਲਈਆਂ।
ਨੇਹਾ ਨੇ ਅਨੰਦ ਕਾਰਜ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਨੇਹਾ ਅਤੇ ਅੰਗਦ ਲੰਮੇ ਸਮੇਂ ਤੋਂ ਵਧੀਆ ਦੋਸਤ ਹਨ।
ਨੇਹਾ ਨੇ ਟਵੀਟ ਕੀਤਾ, "ਮੇਰੀ ਜ਼ਿੰਦਗੀ ਦਾ ਬਿਹਤਰੀਨ ਫੈਸਲਾ। ਮੈਂ ਆਪਣੇ ਸਭ ਤੋਂ ਵਧੀਆ ਦੋਸਤ ਨਾਲ ਵਿਆਹ ਕਰ ਲਿਆ।"
ਅੰਗਦ ਅਤੇ ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਬੇਦੀ ਨੇ ਵੀ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਅੰਗਦ ਬੇਦੀ ਬਾਰੇ..
ਅੰਗਦ ਬੇਦੀ ਨੇ ਆਪਣੇ ਫਿਲਮੀਂ ਸਫ਼ਰ ਦੀ ਸ਼ੁਰੂਆਤ ਸਾਲ 2011 ਵਿੱਚ ਆਈ ਫ਼ਿਲਮ "ਫਾਲਤੂ" ਤੋਂ ਕੀਤੀ ਸੀ।
ਇਸ ਤੋਂ ਇਲਾਵਾ "ਪਿੰਕ" ਅਤੇ "ਉਂਗਲੀ" ਵਿੱਚ ਵੀ ਉਹ ਨਜ਼ਰ ਆਏ ਹਨ। ਫ਼ਿਲਮ "ਟਾਈਗਰ ਜਿੰਦਾ ਹੈ" ਵਿੱਚ ਉਨ੍ਹਾਂ ਸਲਮਾਨ ਖ਼ਾਨ ਨਾਲ ਸਹਿਯੋਗੀ ਭੂਮਿਕਾ ਨਿਭਾਈ ਸੀ।
ਅੰਗਦ ਬੇਦੀ ਨੇ ਕੁਝ ਦੇਰ ਟੈਲੀਵੀਜ਼ਨ 'ਤੇ ਵੀ ਕੰਮ ਕੀਤਾ। ਉਨ੍ਹਾਂ ਇੱਕ ਕੁਕਰੀ ਸ਼ੋਅ "ਕੁਕ ਨਾ ਕਹੋ" ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਟੀਵੀ ਸੀਰੀਅਲ "ਇਮੋਸ਼ਨਲ ਅਤਿਆਚਾਰ" ਦਾ ਪਹਿਲਾ ਸੀਜ਼ਨ ਵੀ ਅੰਗਦ ਨੇ ਹੀ ਹੋਸਟ ਕੀਤਾ ਸੀ।
ਅੰਗਦ ਨੇ ਕਲਰਜ਼ ਚੈਨਲ ਦੇ "ਖ਼ਤਰੋਂ ਕੇ ਖਿਲਾੜੀ" ਦੇ ਤੀਜੇ ਸੀਜ਼ਨ ਵਿੱਚ ਵੀ ਹਿੱਸਾ ਲਿਆ ਸੀ।
ਅੰਗਦ ਦੀ ਵੱਡੀ ਭੈਣ ਦਾ ਨਾਮ ਵੀ ਨੇਹਾ ਹੈ। ਉਨ੍ਹਾਂ ਦੇ ਪਿਤਾ, ਬਿਸ਼ਨ ਸਿੰਘ ਬੇਦੀ ਦੇ ਪਹਿਲੇ ਵਿਆਹ ਤੋਂ ਵੀ ਦੋ ਬੱਚੇ ਹਨ।
ਜਲਦੀ ਹੀ ਅੰਗਦ ਹਾਕੀ ਖਿਲਾੜੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ "ਸੂਰਮਾ" ਵਿੱਚ ਵੀ ਨਜ਼ਰ ਆਉਣਗੇ।
ਨੇਹਾ ਧੂਪੀਆ ਬਾਰੇ ਕੁਝ ਖ਼ਾਸ ਗੱਲਾਂ..
ਨੇਹਾ ਧੂਪੀਆ ਨੇ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਹਨ।
ਉਨ੍ਹਾਂ ਦਾ ਜਨਮ 27 ਅਗਸਤ 1980 ਨੂੰ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਨੇਹਾ ਦੇ ਪਿਤਾ ਪ੍ਰਦੀਪ ਸਿੰਘ ਧੂਪੀਆ ਭਾਰਤੀ ਜਲ ਸੈਨਾ ਦੇ ਅਫ਼ਸਰ ਰਹੇ ਹਨ। ਉਨ੍ਹਾਂ ਦੀ ਮਾਂ ਇੱਕ ਘਰੇਲੂ ਔਰਤ ਹਨ। ਉਨ੍ਹਾਂ ਦਾ ਭਰਾ ਜੈਟ ਏਅਰਵੇਜ਼ ਵਿੱਚ ਕੰਮ ਕਰਦਾ ਹੈ।
ਨੇਹਾ ਦਾ ਘਰੇਲੂ ਨਾਮ ਛੋਟੂ ਹੈ।
ਨੇਹਾ ਦੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਸਾਲ 1999 ਵਿੱਚ ਟੀਵੀ ਸੀਰੀਜ਼ ਰਾਜਧਾਨੀ ਤੋਂ ਕੀਤੀ ਸੀ। ਉਸ ਮਗਰੋਂ ਉਨ੍ਹਾਂ ਨੇ ਮਸ਼ਹੂਰੀਆਂ, ਰੈਂਪ ਸ਼ੋ ਅਤੇ ਸੰਗੀਤਕ ਐਲਬਮਾਂ ਕੀਤੀਆਂ।
2002 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਮਗਰੋਂ ਨੇਹਾ ਨਜ਼ਰਾਂ ਵਿੱਚ ਆਏ। ਸਾਲ 2002 ਦੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਨੇਹਾ ਪਹਿਲੀਆਂ ਦਸ ਮੁਟਿਆਰਾਂ ਵਿੱਚ ਆਏ ਸਨ।
ਨੇਹਾ ਨੇ 2003 ਵਿੱਚ ਫ਼ਿਲਮ "ਕਿਆਮਤ꞉ ਸਿਟੀ ਅੰਡਰ ਥਰੈਟ" ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ।
ਉਸ ਮਗਰੋਂ ਉਨ੍ਹਾਂ ਨੇ "ਚੁਪ-ਚੁਪ ਕੇ", "ਸਿੰਘ ਇਜ਼ ਕਿੰਗ", "ਕਿਆ ਕੂਲ ਹੈਂ ਹਮ", "ਜੂਲੀ", "ਸ਼ੂਟਆਊਟ ਐਟ ਲੋਹਖੰਡਵਾਲਾ", "ਦੇ ਦਨਾ ਦਨ", "ਹੇ ਬੇਬੀ" ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਕਈ ਤੇਲੁਗੂ ਅਤੇ ਮਲਿਆਲੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।