You’re viewing a text-only version of this website that uses less data. View the main version of the website including all images and videos.
ਸਾਵਧਾਨ! ਤੁਹਾਡੀ ਈ-ਮੇਲ ਕੋਈ ਹੋਰ ਵੀ ਪੜ੍ਹ ਰਿਹਾ ਹੈ
ਤੁਸੀਂ ਰੋਜ਼ਾਨਾ ਕਈ ਜ਼ਰੂਰੀ ਈ-ਮੇਲ ਇੱਕ-ਦੂਜੇ ਨੂੰ ਭੇਜਦੇ ਹੋਵੋਗੇ। ਇਨ੍ਹਾਂ ਵਿੱਚੋਂ ਕਈ ਈ-ਮੇਲਜ਼ ਬੇਹੱਦ ਅਹਿਮ ਅਤੇ ਨਿੱਜੀ ਹੁੰਦੀਆਂ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਇਹ ਬੇਹੱਦ ਜ਼ਰੂਰੀ ਤੇ ਪ੍ਰਾਈਵੇਟ ਈ-ਮੇਲਜ਼ ਕੋਈ ਤੀਸਰਾ ਸ਼ਖ਼ਸ ਵੀ ਪੜ੍ਹ ਰਿਹਾ ਹੁੰਦਾ ਹੈ?
ਇਹ ਗੱਲ ਤੁਹਾਨੂੰ ਕਾਫ਼ੀ ਹੈਰਾਨ ਕਰਨ ਵਾਲੀ ਲੱਗ ਰਹੀ ਹੋਵੇਗੀ, ਪਰ ਗੂਗਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ:
ਗੂਗਲ ਨੇ ਕਿਹਾ ਹੈ ਕਿ ਜੀਮੇਲ ਦੀ ਵਰਤੋਂ ਕਰਨ ਵਾਲੇ ਲੋਕ ਜੋ ਈ-ਮੇਲ ਭੇਜਦੇ ਹਨ ਅਤੇ ਉਨ੍ਹਾਂ ਕੋਲ ਜਿਹੜੀਆਂ ਈ-ਮੇਲ ਆਉਂਦੀਆਂ ਹਨ ਉਨ੍ਹਾਂ ਨੂੰ ਕਈ ਵਾਰ ਕੋਈ ਥਰਡ ਪਾਰਟੀ ਡੇਵਲਪਰ ਵੀ ਪੜ੍ਹ ਲੈਂਦਾ ਹੈ।
ਜਿਹੜੇ ਲੋਕਾਂ ਨੇ ਆਪਣੇ ਅਕਾਊਂਟ ਦੇ ਨਾਲ ਥਰਡ ਪਾਰਟੀ ਐਪ ਨੂੰ ਜੋੜ ਕੇ ਰੱਖਿਆ ਹੈ, ਉਨ੍ਹਾਂ ਨੇ ਅਣਜਾਣਪੁਣੇ 'ਚ ਬਾਹਰੀ ਡੇਵਲਪਰਜ਼ ਨੂੰ ਆਪਣੇ ਨਿੱਜੀ ਮੈਸੇਜ ਪੜ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।
ਇੱਕ ਕੰਪਨੀ ਨੇ ਵਾਲ ਸਟਰੀਟ ਜਰਨਲ ਨੂੰ ਦੱਸਿਆ ਕਿ ਇਹ ਬਹੁਤ ਹੀ 'ਆਮ' ਗੱਲ ਹੈ ਅਤੇ ਲੋਕਾਂ ਨੂੰ ਇਸ 'ਕਾਲੇ ਸੱਚ' ਬਾਰੇ ਕੋਈ ਜਾਣਕਾਰੀ ਨਹੀਂ।
ਸੁਰੱਖਿਆ ਮਾਮਲਿਆਂ ਦੇ ਇੱਕ ਮਾਹਿਰ ਨੇ ਇਸ ਗੱਲ ਉੱਤੇ 'ਹੈਰਾਨੀ' ਜਤਾਈ ਕਿ ਗੂਗਲ ਵੀ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ।
ਜੀਮੇਲ ਦੁਨੀਆਂ ਦੀ ਸਭ ਤੋਂ ਪ੍ਰਸਿੱਧ ਈ-ਮੇਲ ਸੇਵਾ ਹੈ, ਜਿਸ ਨੂੰ 1.4 ਅਰਬ ਲੋਕ ਇਸਤੇਮਾਲ ਕਰਦੇ ਹਨ।
ਇਹ ਵੀ ਪੜ੍ਹੋ:
ਲੋਕ ਆਪਣੇ ਜੀਮੇਲ ਅਕਾਊਂਟ ਨਾਲ ਥਰਡ ਪਾਰਟੀ ਮੈਨੇਜਮੈਂਟ ਟੂਲਜ਼ ਜਾਂ ਟ੍ਰੈਵਲ ਪਲਾਨਿੰਗ ਅਤੇ ਕੀਮਤ ਦੀ ਤੁਲਨਾ ਕਰਨ ਵਾਲੀਆਂ ਸੇਵਾਵਾਂ ਨੂੰ ਜੋੜ ਸਕਦੇ ਹਨ।
ਜਦੋਂ ਵੀ ਕੋਈ ਵਿਅਕਤੀ ਆਪਣੇ ਅਕਾਊਂਟ ਨੂੰ ਕਿਸੇ ਬਾਹਰੀ ਸਰਵਿਸ ਨਾਲ ਲਿੰਕ ਕਰਦਾ ਹੈ ਤਾਂ ਉਸ ਤੋਂ ਕਈ ਤਰ੍ਹਾਂ ਦੀ ਇਜਾਜ਼ਤ ਮੰਗੀ ਜਾਂਦੀ ਹੈ।
ਇਨ੍ਹਾਂ ਵਿੱਚ ਕਈ ਵਾਰ ਈ-ਮੇਲ ''ਪੜ੍ਹਨ, ਭੇਜਣ, ਡਿਲੀਟ ਕਰਨ ਅਤੇ ਮੈਨੇਜ'' ਕਰਨ ਦੀ ਇਜਾਜ਼ਤ ਵੀ ਸ਼ਾਮਿਲ ਹੁੰਦੀ ਹੈ।
ਵਾਲ ਸਟਰੀਟ ਜਰਨਲ ਮੁਤਾਬਕ ਇਸ ਤਰ੍ਹਾਂ ਦੀ ਇਜਾਜ਼ਤ ਮਿਲਣ 'ਤੇ ਕਈ ਵਾਰ ਥਰਡ-ਪਾਰਟੀ ਐਪਸ ਦੇ ਕਰਮਚਾਰੀ ਯੂਜ਼ਰਜ਼ ਦੇ ਈ-ਮੇਲ ਪੜ੍ਹ ਸਕਦੇ ਹਨ।
''ਇਜਾਜ਼ਤ ਨਹੀਂ ਮੰਗੀ''
ਉਂਝ ਤਾਂ ਸੁਨੇਹੇ ਆਮ ਤੌਰ 'ਤੇ ਕੰਪਿਊਟਰ ਐਲਗੋਰਿਦਮ ਜ਼ਰੀਏ ਭੇਜੇ ਜਾਂਦੇ ਹਨ, ਪਰ ਅਖ਼ਬਾਰ ਨੇ ਕਈ ਕੰਪਨੀਆਂ ਦੇ ਅਜਿਹੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਲੋਕਾਂ ਦੇ 'ਹਜ਼ਾਰਾਂ' ਈ-ਮੇਲ ਮੈਸੇਜ ਪੜ੍ਹੇ ਸਨ।
ਐਡੀਸਨ ਸਾਫ਼ਟਵੇਅਰ ਨੇ ਅਖ਼ਬਾਰ ਨੂੰ ਦੱਸਿਆ ਕਿ ਇੱਕ ਨਵਾਂ ਸਾਫ਼ਟਵੇਅਰ ਫੀਚਰ ਤਿਆਰ ਕਰਨ ਲਈ ਉਨ੍ਹਾਂ ਨੇ ਯੂਜ਼ਰਜ਼ ਦੇ ਸੈਂਕੜੇ ਈ-ਮੇਲ ਪੜ੍ਹੇ ਸਨ।
ਇੱਕ ਹੋਰ ਕੰਪਨੀ - ਈ-ਡੇਟਾਸੋਰਸ ਇੰਕ ਨੇ ਕਿਹਾ ਕਿ ਇੰਜੀਨੀਅਰਾਂ ਨੇ ਉਨ੍ਹਾਂ ਦਾ ਐਲਗੋਰਿਦਮ ਬਿਹਤਰ ਕਰਨ ਤੋਂ ਪਹਿਲਾਂ ਕਈ ਈ-ਮੇਲ ਦੇਖੇ ਸਨ।
ਇਹ ਵੀ ਪੜ੍ਹੋ:
ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੇ ਯੂਜ਼ਰਜ਼ ਦੇ ਮੈਸੇਜ ਪੜ੍ਹਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਮੰਗੀ ਸੀ, ਕਿਉਂਕਿ ਯੂਜ਼ਰਜ਼ ਦੀ ਟਰਮਜ਼ ਅਤੇ ਕੰਡੀਸ਼ਨਜ਼ 'ਚ ਇਸ ਬਾਰੇ ਪਹਿਲਾਂ ਤੋਂ ਦੱਸਿਆ ਗਿਆ ਹੁੰਦਾ ਹੈ।
ਯੂਨੀਵਰਸਿਟੀ ਆਫ਼ ਸੂਰੀ ਦੇ ਪ੍ਰੋਫ਼ੈਸਰ ਐਲਨ ਵੁਡਵਾਰਡ ਨੇ ਕਿਹਾ, ''ਸ਼ਰਤਾਂ ਅਤੇ ਨਿਯਮ ਇੰਨੇ ਜ਼ਿਆਦਾ ਹੁੰਦੇ ਹਨ ਕਿ ਇਸ ਨੂੰ ਪੜ੍ਹਦੇ-ਪੜ੍ਹਦੇ ਤੁਹਾਡੀ ਜ਼ਿੰਦਗੀ ਦੇ ਕਈ ਹਫ਼ਤੇ ਬੀਤ ਜਾਣਗੇ।''
''ਹੋ ਸਕਦਾ ਹੈ ਕਿ ਇਸਦੀ ਜਾਣਕਾਰੀ ਉੱਥੇ ਮੌਜੂਦ ਹੋਵੇ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਥਰਡ ਪਾਰਟੀ ਲਈ ਕੰਮ ਕਰਨ ਵਾਲਾ ਕੋਈ ਇਨਸਾਨ ਤੁਹਾਡੇ ਮੈਸੇਜ ਪੜ੍ਹ ਸਕੇਗਾ।''
ਹਾਲਾਂਕਿ ਗੂਗਲ ਦਾ ਕਹਿਣ ਹੈ ਕਿ ਉਹ ਉਨ੍ਹਾਂ ਕੰਪਨੀਆਂ ਨੂੰ ਆਪਣੇ ਯੂਜ਼ਰਜ਼ ਦੇ ਮੈਸੇਜ ਦੇਖਣ ਦਿੰਦਾ ਹੈ ਜਿਨ੍ਹਾਂ ਬਾਰੇ ਉਸਨੇ ਪਹਿਲਾਂ ਤੋਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕੀਤੀ ਹੁੰਦੀ ਹੈ ਅਤੇ ਇਹ ਇਜਾਜ਼ਤ ਸਿਰਫ਼ ਉਦੋਂ ਦਿੱਤੀ ਜਾਂਦੀ ਹੈ ਜਦੋਂ ਯੂਜ਼ਰ ਨੇ ਉਸ ਥਰਡ ਪਾਰਟੀ ਨੂੰ ਆਪਣੇ ''ਈ-ਮੇਲ ਦੇਖਣ ਦੀ ਇਜਾਜ਼ਤ ਦਿੱਤੀ ਹੋਵੇ।''
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਗੂਗਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੀਮੇਲ ਯੂਜ਼ਰ ਆਪਣੇ ਸਿਕਿਓਰਿਟੀ ਚੈੱਕ-ਅੱਪ ਪੇਜ 'ਤੇ ਜਾ ਕੇ ਦੇਖ ਸਕਦੇ ਹਨ ਕਿ ਕਿਹੜੇ ਐਪ ਉਨ੍ਹਾਂ ਦੇ ਅਕਾਊਂਟ ਨਾਲ ਲਿੰਕ ਹਨ ਜੇ ਉਹ ਚਾਹੁਣ ਤਾਂ ਉਨ੍ਹਾਂ ਐਪਸ ਨੂੰ ਹਟਾ ਕੇ ਆਪਣਾ ਡਾਟਾ ਸਾਂਝਾ ਕਰਨ ਤੋਂ ਇਨਕਾਰ ਕਰ ਸਕਦੇ ਹਨ।