ਫੇਸਬੁੱਕ ’ਤੇ ਸੈਂਕੜੇ ਦੋਸਤ, ਫਿਰ ਵੀ ਨੌਜਵਾਨ ਇਕੱਲਾਪਣ ਮਹਿਸੂਸ ਕਰਦੇ

"ਜਦੋਂ ਮੈਂ ਆਪਣੇ ਦੋਸਤਾਂ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਨਿਰਾਸ਼ਾ ਹੁੰਦੀ ਹੈ, ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਮੇਰੀ ਚਿੰਤਾ ਨਹੀਂ, ਕੋਈ ਮੈਨੂੰ ਬੁਲਾਉਣਾ ਨਹੀਂ ਚਾਹੁੰਦਾ।''

"ਮੇਰਾ ਮਨ ਇੰਨਾ ਖਰਾਬ ਹੋਇਆ ਕਿ ਮੈਂ ਆਪਣੇ ਆਪ ਨੂੰ ਰੋਣ ਤੋਂ ਰੋਕ ਨਹੀਂ ਸਕਿਆ।''

ਇਹ ਇੱਕ ਛੋਟੇ ਬੱਚੇ ਨੇ ਯੂਕੇ ਵਿੱਚ ਬੱਚਿਆਂ ਦੀ ਭਲਾਈ ਲਈ ਕੰਮ ਕਰਦੀ ਜਥੇਬੰਦੀ ਚਾਈਲਡਲਾਈਨ ਨੂੰ ਦੱਸਿਆ। ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਚਾਈਲਡਲਾਈਨ ਨੂੰ 14 ਫੀਸਦ ਵੱਧ ਲੋਕਾਂ ਨੇ ਇਕੱਲੇਪਣ ਲਈ ਸੰਪਰਕ ਕੀਤਾ ਹੈ।

ਇਨ੍ਹਾਂ ਵਿੱਚੋਂ 80 ਫੀਸਦ ਕੁੜੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ ਆਪਣੇ ਦੋਸਤਾਂ ਨੂੰ ਸੋਸ਼ਲ ਮੀਡੀਆ 'ਤੇ ਆਪਸ ਵਿੱਚ ਮਿਲਦੇ-ਜੁਲਦੇ ਦੇਖਦੇ ਹਨ ਤਾਂ ਉਹ ਵੱਧ ਇਕੱਲਾਪਣ ਮਹਿਸੂਸ ਕਰਦੇ ਹਨ।

ਮਾਨਸਿਕ ਤੇ ਸਰੀਰਕ ਵਿਕਾਸ 'ਤੇ ਅਸਰ

ਇਕੱਲੇਪਣ ਬਾਰੇ ਜਾਣਕਾਰੀ ਇਕੱਠਾ ਕਰਨ ਦਾ ਇਹ ਦੂਜਾ ਸਾਲ ਹੈ। ਇਕੱਲਾਪਣ ਤੁਹਾਨੂੰ ਪੂਰੀ ਤਰੀਕੇ ਨਾਲ ਨਾਖੁਸ਼ ਕਰ ਸਕਦਾ ਹੈ।

ਚਾਈਲਡਲਾਈਨ ਦੇ ਸੰਸਥਾਪਕ ਡੇਮ ਐਸਥਰ ਰੈਂਟਜ਼ਿਨ ਦੱਸਦੇ ਹਨ, "ਇਕੱਲੇਪਣ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਦੀ ਮਾਨਸਿਕ ਤੇ ਸਰੀਰਕ ਸਿਹਤ 'ਤੇ ਮਾੜਾ ਅਸਰ ਪਾ ਸਕਦਾ ਹੈ।''

"ਪਰ ਅਹਿਮ ਸਵਾਲ ਇਹ ਹੈ ਕਿ, ਕਿਉਂ ਇਕੱਲਾਪਣ ਘੱਟ ਉਮਰ ਦੇ ਲੋਕਾਂ ਵਿੱਚ ਵਧ ਰਿਹਾ ਹੈ? ਜਾਂ ਇਹ ਇੱਕ ਭਰਮ ਹੈ ਜੋ ਸੋਸ਼ਲ ਮੀਡੀਆ ਵੱਲੋਂ ਫੈਲਾਇਆ ਜਾ ਰਿਹਾ ਹੈ ਕਿ ਬਾਕੀ ਸਾਰੇ ਲੋਕ ਬਹੁਤ ਖੁਸ਼ ਤੇ ਮਸ਼ਹੂਰ ਹਨ ਅਤੇ ਆਰਾਮ ਦੀ ਜ਼ਿੰਦਗੀ ਜੀਅ ਰਹੇ ਹਨ।''

"ਇਸੇ ਕਾਰਨ ਹੀ ਉਹ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ।''

ਯੂਕੇ ਦੀ ਕੌਮੀ ਸਟੈਟਿਸਟਿਕਸ ਦਫ਼ਤਰ ਦੇ ਅੰਕੜਿਆਂ ਅਨੁਸਾਰ ਛੋਟੀ ਉਮਰ ਦੇ ਲੋਕ ਵਡੇਰੀ ਉਮਰ ਦੇ ਮੁਕਾਬਲੇ ਵੱਧ ਇਕੱਲਾਪਣ ਮਹਿਸੂਸ ਕਰਦੇ ਹਨ।

ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ 16 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿੱਚ 10 ਫੀਸਦ ਲੋਕ ਜ਼ਿਆਦਾਤਰ ਇਕੱਲਾਪਣ ਮਹਿਸੂਸ ਕਰਦੇ ਹਨ। ਇਹ ਗਿਣਤੀ 65 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਤੋਂ ਤਿੰਨ ਗੁਣਾ ਵੱਧ ਹੈ।

ਮੈਂਟਲ ਹੈਲਥ ਫਾਊਂਡੇਸ਼ਨ ਦੇ ਕਾਲ ਸਟਰੋਡ ਨੇ ਦੱਸਿਆ ਕਿ ਨੌਜਵਾਨ ਲੋਕਾਂ ਵਿੱਚ ਸੋਸ਼ਲ ਮੀਡੀਆ ਇਕੱਲੇਪਣ ਦਾ ਕਾਰਨ ਹੈ।

ਉਨ੍ਹਾਂ ਦੱਸਿਆ, "ਨੌਜਵਾਨਾਂ ਦੇ ਸੋਸ਼ਲ ਮੀਡੀਆ 'ਤੇ ਸੈਂਕੜੇ ਦੋਸਤ ਹੋ ਸਕਦੇ ਹਨ ਅਤੇ ਫਿਰ ਵੀ ਖੁਦ ਨੂੰ ਇਕੱਲਾ ਮਹਿਸੂਸ ਕਰਦੇ ਹਨ। ਸੋਸ਼ਲ ਮੀਡੀਆ ਸਣੇ ਤਕਨੀਕ ਸਮਾਜਿਕ ਇਕੱਲੇਪਣ ਦੀ ਸਮੱਸਿਆ ਨੂੰ ਹੋਰ ਖਰਾਬ ਕਰ ਸਕਦੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)