Cow cuddling - ਗਊਆਂ ਨੂੰ ਜੱਫੀਆਂ ਪਾਉਣ ਦਾ ਖੁਸ਼ੀ ਦਾ ਨਵਾਂ ਫੰਡਾ

    • ਲੇਖਕ, ਨੇਟਲੀ ਕਟੈਨਾ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆਂ ਭਰ ਦੇ ਲੋਕ ਆਪਣੀ ਜ਼ਿੰਦਗੀ ਵਿੱਚੋਂ ਤਣਾਅ ਘਟਾਉਣ ਅਤੇ ਸਕੂਨ ਦੀ ਤਲਾਸ਼ ਵਿੱਚ ਕਈ ਕਿਸਮ ਦੇ ਉਪਾਅ ਅਜ਼ਮਾਉਂਦੇ ਰਹੇ ਹਨ।

ਜੀਵਨ ਸ਼ੈਲੀ ਦੇ ਬਦਲਾਅ ਨਾਲ ਇਹ ਢੰਗ ਵੀ ਬਦਲਦੇ ਰਹੇ ਹਨ।

ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਇਹ ਸੀ ਡੈਨਿਸ਼ ਲੋਕਾਂ ਵੱਲੋਂ ਪ੍ਰਚਾਰਿਆ ਗਿਆ 'ਹੁਘਾ' (hygge) ਸੀ। ਲੋਕ ਸ਼ਨਿੱਚਰਵਾਰ ਦੀ ਸ਼ਾਮ ਨੂੰ ਆਪਣੇ ਨਿੱਘੇ ਕੰਬਲ ਵਿੱਚ ਬਿਤਾਉਂਦੇ। ਮਾਹੌਲ ਨੂੰ ਹੋਰ ਸ਼ਾਂਤਮਈ ਬਣਾਉਣ ਲਈ ਲੋਕ ਆਪਣੇ ਆਲੇ ਦੁਆਲੇ ਖ਼ੁਸ਼ਬੂਦਾਰ ਮੋਮਬੱਤੀਆਂ ਬਾਲਦੇ ਹਨ।

ਸਾਲ 2016 ਵਿੱਚ ਲਗਪਗ ਹਰ ਕੋਈ ਇਹੀ ਕਰਨ ਦੀ ਕੋਸ਼ਿਸ਼ ਵਿੱਚ ਸੀ। ਉਸ ਸਾਲ ਇੰਸਟਾਗ੍ਰਾਮ ਉੱਪਰ #hygge 15 ਲੱਖ ਤੋਂ ਵੱਧ ਪੋਸਟਾਂ ਕੀਤੀਆਂ ਗਈਆਂ। ਇੱਕ ਪੋਸਟ ਦੇਖੋ-

ਇਸ ਤੋਂ ਬਾਅਦ ਸਕੈਂਡੇਵੀਨ ਲਗੂਮ ਪ੍ਰਚਲਣ ਵਿੱਚ ਆਇਆ। ਲਗੂਮ ਇੱਕ ਸਮਤੋਲ ਵਾਲੀ ਜੀਵਨ ਸ਼ੈਲੀ ਹੈ, ਜਿਸ ਵਿੱਚ ਠੀਕ ਤਰ੍ਹਾਂ ਜਿਉਣ ਦਾ ਯਤਨ ਕੀਤਾ ਜਾਂਦਾ ਹੈ। ਲੋਕ ਪਾਣੀ ਅਤੇ ਊਰਜਾ ਬਚਾਉਣ ਦੀ ਕੋਸ਼ਿਸ਼ ਕਰਦੇ ਸਨ।

ਉਹ ਆਪਣੀਆਂ ਖਰਚੇ ਸੰਬੰਧੀ ਆਦਤਾਂ ਅਤੇ ਉਨ੍ਹਾਂ ਦੇ ਵਾਤਾਵਰਨ ਉਪਰ ਅਸਰ ਬਾਰੇ ਸੁਚੇਤ ਹੋਣ ਦੀ ਕੋਸ਼ਿਸ਼ ਕਰਦੇ ਹਨ।

ਮਿਸਾਲ ਵਜੋਂ ਐਨਾ ਨੇ ਇਹ ਜੀਵਨ ਸ਼ੈਲੀ ਅਪਣਾਈ ਅਤੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਮਹਿਸੂਸ ਕੀਤਾ।

ਉਨ੍ਹਾਂ ਨੇ ਬਾਜ਼ਾਰ ਵਿੱਚ ਉਹ ਚੀਜ਼ਾਂ ਖਰੀਦਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਵਾਰ-ਵਾਰ ਵਰਤੀਆਂ ਜਾ ਸਕਦੀਆਂ ਹੋਣ। ਆਪਣੀ ਸਾਗ-ਸਬਜ਼ੀ ਆਪ ਉਗਾਉਣਾ ਅਤੇ ਆਪਣੇ ਕਚਰੇ ਵਿੱਚ ਕਮੀ ਕਰਨ ਦੀ ਕੋਸ਼ਿਸ਼ ਕਰਨਾ।

ਤੀਸਰੇ ਨੰਬਰ 'ਤੇ ਸਕੈਂਡੇਵੀਅਨ ਲੋਕਾਂ ਦਾ ਸੈਰ ਦਾ ਨਵਾਂ ਅਤੇ ਦਿਲਚਸਪ ਤਰੀਕਾ ਸੀ, ਪਲੋਗਿੰਗ। ਲੋਕੀਂ ਜਦੋਂ ਸੈਰ ਕਰਨ ਲਈ ਜਾਂਦੇ ਤਾਂ ਆਪਣੇ ਨਾਲ ਲਿਫ਼ਾਫੇ ਲੈ ਕੇ ਜਾਂਦੇ ਅਤੇ ਰਾਹ ਵਿੱਚ ਮਿਲਦੀਆਂ ਬੋਤਲਾਂ ਅਤੇ ਲਿਫਾਫੇ ਆਦਿ ਇਕੱਠੇ ਕਰਕੇ ਕੂੜੇਦਾਨ ਵਿੱਚ ਪਾਉਂਦੇ।

'ਪਲੋਗਿੰਗ' ('plogging')ਦੋ ਸ਼ਬਦਾਂ ਪਿਕ (pick) ਅਤੇ ਜੋਗਗਿੰਗ ( jogging) ਨੂੰ ਮਿਲਾ ਕੇ ਬਣਾਇਆ ਗਿਆ ਸੀ।

ਸਕੂਨ ਦਾ ਭਾਲ ਵਿੱਚ ਲੋਕ ਜੰਗਲਾਂ ਵੱਲ ਜਾਂਦੇ ਹਨ। ਇਹ ਸੰਕਲਪ ਜਪਾਨ ਵਿੱਚ ਪੈਦਾ ਹੋਇਆ। ਦਰੱਖ਼ਤ ਹਵਾ ਵਿੱਚ ਕਈ ਪ੍ਰਕਾਰ ਦੀਆਂ ਸੁਗੰਧਾਂ ਅਤੇ ਤੇਲ ਛੱਡਦੇ ਹਨ ਜੋ ਸਾਡੀ ਸਿਹਤ ਲਈ ਲਾਹੇਵੰਦ ਹਨ।

ਇਹੀ ਤੱਥ ਇਸ ਸੰਕਲਪ ਦੀ ਬੁਨਿਆਦ ਵਿੱਚ ਸੀ ਕਿ ਦਰਖ਼ਤ ਸਾਡੀ ਸਿਹਤ ਅਤੇ ਪ੍ਰਸੰਨਤਾ ਵਧਾਉਣ ਵਿੱਚ ਕਿਵੇਂ ਸਹਾਈ ਹੋ ਸਕਦੇ ਹਨ ਅਤੇ ਇਸ ਪਿੱਛੇ ਕੀ ਵਿਗਿਆਨ ਕੰਮ ਕਰਦਾ ਹੈ।

ਫੇਰ ਬੱਕਰੀਆਂ ਨਾਲ ਵੀ ਯੋਗਾ ਕੀਤਾ ਜਾਂਦਾ ਹੈ। ਇਸ ਵਿੱਚ ਜਦੋਂ ਲੋਕੀਂ ਬਾਹਰ ਯੋਗਾ ਕਲਾਸਾਂ ਲਾਉਂਦੇ ਤਾਂ ਕੁਝ ਬੱਕਰੀਆਂ ਵੀ ਆਪਣੇ ਆਸ-ਪਾਸ ਛੱਡ ਲੈਂਦੇ ਜੋ ਤੁਰਦੀਆਂ ਰਹਿੰਦੀਆਂ ਅਤੇ ਮੰਨਿਆ ਜਾਂਦਾ ਸੀ ਕਿ ਇਸ ਨਾਲ ਸਰੀਰ ਵਿੱਚ ਲਾਹੇਵੰਦ ਹਾਰਮੋਨ ਰਿਸਦੇ ਹਨ।

ਇਸ ਸਭ ਤੋਂ ਬਾਅਦ ਹੁਣ ਤੰਦਰੁਸਤੀ ਦੀ ਸਨਅਤ ਨੇ ਗਊਆਂ ਦੇ ਵਾੜਿਆਂ ਦਾ ਰੁਖ ਕੀਤਾ ਹੈ।

ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਫਾਰਮ ਲੋਕਾਂ ਨੂੰ ਗਊਆਂ ਨਾਲ 90 ਮਿੰਟ ਤੱਕ ਰਹਿ ਕੇ ਸਕੂਨ ਹਾਸਲ ਕਰਨ ਦੀ ਪੇਸ਼ਕਸ਼ ਕਰ ਰਿਹਾ ਹੈ।

ਦ ਮਾਊਨਟੇਨ ਹੌਰਸ ਫਾਰਮ ਮੁਤਾਬਕ ਗਊਆਂ "ਸੰਵੇਦਨਸ਼ੀਲ, ਅੰਤਰ-ਗਿਆਨੀ ਜਾਨਵਰ" ਹਨ। "ਉਹ ਬੁੱਝ ਲੈਂਦੀਆਂ ਹਨ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ, ਤੁਸੀਂ ਪਰੇਸ਼ਾਨ, ਨਿਰਾਸ਼, ਹਤਾਸ਼, ਉਤਸ਼ਾਹਿਤ ਜਾਂ ਖੁਸ਼ ਹੋ ਅਤੇ ਉਸੇ ਮੁਤਾਬਕ ਪ੍ਰਤੀਕਿਰਿਆ ਦਿੰਦੀ ਹੈ।"

ਗਊਆਂ ਨਾਲ ਸਮਾਂ ਬਿਤਾਉਣ ਨਾਲ ਕਈ ਕਿਸਮ ਦੇ ਲਾਭਾਂ ਦਾ ਦਾਅਵਾ ਕੀਤਾ ਜਾਂਦਾ ਹੈ। ਜਿਵੇਂ ਇਸ ਨਾਲ ਤੁਹਾਨੂੰ ਸਕੂਨ, ਦਿਮਾਗ਼ੀ ਚੁਸਤੀ, ਆਤਮ-ਵਿਸ਼ਵਾਸ਼ ਆਦਿ ਵਰਗੇ ਲਾਭ ਮਿਲਦੇ ਹਨ।

ਜੱਫ਼ੀ ਪਾਉਣ ਨਾਲ ਤੁਹਾਡਾ ਗੁੱਸਾ ਠੰਢਾ ਹੁੰਦਾ ਹੈ ਤੇ ਤੁਸੀਂ ਸਕੂਨ ਮਹਿਸੂਸ ਕਰ ਸਕਦੇ ਹੋ । ਵਿਗਿਆਨ ਮੁਤਾਬਕ ਵੀ ਜੱਫ਼ੀ ਪਾਉਣਾ ਸਿਹਤ ਲਈ ਚੰਗਾ ਹੁੰਦਾ ਹੈ।

ਕਿਹਾ ਜਾਂਦਾ ਹੈ ਕਿ ਗਊਆਂ ਦੇ ਸਰੀਰ ਦਾ ਤਾਪਮਾਨ ਮਨੁੱਖਾਂ ਨਾਲੋਂ ਵੱਧ ਹੁੰਦਾ ਹੈ।

ਨੀਦਰਲੈਂਡ ਦੇ ਇੱਕ ਫਾਰਮ ਇਹ ਵਿਲੱਖਣ ਅਹਿਸਾਸ ਨੂੰ ਮਾਨਣ ਦਾ ਮੌਕਾ ਮੁਹੱਈਆ ਕਰਵਾ ਰਿਹਾ ਹੈ। ਉਸ ਮੁਤਾਬਕ, "7 ਕੁਇੰਟਲ ਭਾਰੇ ਅਤੇ 39 ਡਿਗਰੀ ਸੈਲੀਅਸ ਤਾਪਮਾਨ ਨਾਲ ਆਰਾਮ ਕਰਨਾ ਦਾ ਕੀ ਮਤਲਬ ਹੈ?"

ਇਹ ਸੁਣਨ ਵਿੱਚ ਥੋੜ੍ਹਾ ਅਜੀਬ ਲਗਦਾ ਹੈ, ਬੇਸ਼ੱਕ ਗਊ ਇੱਕ ਜਾਨਵਰ ਹੈ ਅਤੇ ਸੁਰੱਖਿਆ ਅਤੇ ਸਵੱਛਤਾ ਮੱਦੇਨਜ਼ਰ ਉਸ ਕੋਲ ਜਾਣਾ ਔਖਾ ਲਗਦਾ ਹੈ। ਇਸ ਲਈ ਅਜਿਹੇ ਕਿਸੇ ਵੀ ਕਰਾਜ ਬਾਰੇ ਸੋਚਣ ਤੋਂ ਪਹਿਲਾਂ ਆਪਣੀ ਸੁਰੱਖਿਆ ਬਾਰੇ ਵੀ ਵਿਚਾਰ ਕਰ ਲਿਓ।

ਪਰ ਇੱਕ ਗਊ ਦੇ ਆਕਾਰ ਦੀ ਗਰਮ ਪਾਣੀ ਦੀ ਨਰਮ ਬੋਤਲ ਬਾਰੇ ਜ਼ਰਾ ਕਲਪਨਾ ਕਰਕੇ ਦੇਖੋ।

ਜਾਨਵਰਾਂ ਦੇ ਵਿਹਾਰ ਮਾਹਿਰ ਮੋਰਿਓ ਬੇਕਰ ਨੇ ਗਊਆਂ ਦੇ ਲਾਭਾਂ ਬਾਰੇ ਵੀ ਚਿੰਤਾ ਨੂੰ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਮੈਟਰੋ ਯੂਕੇ ਨੂੰ ਦੱਸਿਆ,"ਗਊਆਂ ਭੱਜਣ ਵਾਲੇ ਜਾਨਵਰ ਹਨ ਨਾ ਕਿ ਲਾਡ ਕਰਨ ਵਾਲੇ। ਮਨੁੱਖਾਂ ਨਾਲ ਲਾਡ ਕਰਨਾ ਗਊਆਂ ਦੀ ਕੁਦਰਤੀ ਜ਼ਰੂਰਤ ਨਹੀਂ ਹੈ।"

ਇੰਟਰਨੈੱਟ ਉੱਪਰ ਵੀ ਕੁਝ ਲੋਕਾਂ ਨੇ ਇਸ ਬਾਰੇ ਆਪਣੀ ਰਾਇ ਜ਼ਾਹਿਰ ਕੀਤੀ ਹੈ।

ਇਹ ਬੀਬੀ ਸਾਰੀਆਂ ਗੱਲ਼ਾਂ ਸਲਾਹਵਾਂ ਦਰਕਿਨਾਰ ਕਰਕੇ ਇਕੱਲੀ ਹੀ ਆਪਣੀਆਂ ਗਊਆਂ ਕੋਲ ਚਲੀ ਗਈ।

ਜਦਕਿ ਕੁਝ ਜੋੜਿਆਂ ਨੇ ਵੀ ਗਊਆਂ ਦੀ ਸੰਗਤ ਕੀਤੀ।

ਸਸਤਾ ਨਹੀਂ ਗਊ ਨਾਲ ਲਾਡ

ਇਸ ਤੋਂ ਪਹਿਲਾਂ ਕਿ ਤੁਸੀਂ ਬੈਗ ਬੰਨ੍ਹ ਕੇ ਕਿਸੇ ਵਾੜੇ ਵੱਲ ਚੱਲ ਪਵੋਂ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਗਊ ਨਾਲ ਲਾਡ ਕਰਨਾ ਕੋਈ ਸਸਤਾ ਨਹੀਂ ਹੈ। ਨਿਊਯਾਰਕ ਦੇ ਕਿਸੇ ਫਾਰਮ ਵਿੱਚ 90 ਮਿੰਟ ਗਊ ਨਾਲ ਬਿਤਾਉਣ ਲਈ 300 ਡਾਲਰ ਦੇਣੇ ਪੈ ਸਕਦੇ ਹਨ।

ਯੂਰਪ ਵਿੱਚ ਇਸ ਦਾ ਕੋਈ ਸੌਖਾ ਹੱਲ ਹੋ ਸਕਦਾ ਹੈ। ਜਿੱਥੇ ਕਿਸਾਨ ਤੁਹਾਨੂੰ ਆਪਣੀਆਂ ਗਊਆਂ ਨਾਲ 50 ਯੂਰੋ ਵਿੱਚ ਤਿੰਨ ਘੰਟੇ ਬਿਤਾਉਣ ਦੀ ਇਜਾਜ਼ਤ ਦੇ ਸਕਦੇ ਹਨ। ਹੁਣ 700 ਕਿਲੋ ਦੇ ਪਸ਼ੂ ਨੂੰ ਜੱਫ਼ੀ ਪਾਉਣ ਲਈ ਕੁਝ ਨਾ ਕੁਝ ਕੀਮਤ ਤਾਂ ਚੁਕਾਉਣੀ ਹੀ ਪਵੇਗੀ।

ਆਸਟਰੀਆ ਦੇ ਲੋਕਾਂ ਨੇ 200 ਸਾਲ ਪਹਿਲਾਂ ਘਾਹ ਨਾਲ ਇਸ਼ਨਾਨ ਕਰਨਾ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਵੱਲ ਮੁੜ ਧਿਆਨ ਜਾ ਰਿਹਾ ਹੈ। ਤੁਹਾਨੂੰ ਗਰਮ ਪਾਣੀ ਵਿੱਚ 15 ਤੋਂ 20 ਮਿੰਟ ਲਈ ਡੁਬੋ ਕੇ ਰੱਖੇ ਘਾਹ ਵਿੱਚ ਲਿਟਾ ਦਿੱਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਖੂਨ ਦੇ ਦੌਰੇ ਅਤੇ ਦਰਦਾਂ ਤੋਂ ਰਾਹਤ ਮਿਲਦੀ ਹੈ।

ਸੋ ਕਿਹਾ ਜਾ ਸਕਦਾ ਹੈ ਕਿ ਖੁਸ਼ੀ ਦਾ ਭਾਵੇਂ ਕੋਈ ਵੀ ਰਾਹ ਹੋਵੇ, ਲੋਕ ਤਲਾਸ਼ਣਾ ਜ਼ਰੂਰ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)