You’re viewing a text-only version of this website that uses less data. View the main version of the website including all images and videos.
ਪੈਰਿਸ: ਫ਼ਿਲਮੀ ਅੰਦਾਜ਼ 'ਚ ਜੇਲ੍ਹ ਤੋਂ ਹੈਲੀਕਾਪਟਰ ਵਿੱਚ ਭੱਜਿਆ ਗੈਂਗਸਟਰ
ਪੈਰਿਸ ਵਿੱਚ ਇੱਕ ਨਾਮੀ ਗੈਂਗਸਟਰ ਫਿਲਮੀ ਅੰਦਾਜ਼ ਵਿੱਚ ਜੇਲ੍ਹ ਤੋੜ ਕੇ ਫਰਾਰ ਹੋ ਗਿਆ। ਘਟਨਾ ਪੈਰਿਸ ਦੇ ਇੱਕ ਜੇਲ੍ਹ ਦੀ ਹੈ ਜਿੱਥੋਂ ਉਹ ਹੈਲੀਕਾਪਟਰ ਰਾਹੀਂ ਫਰਾਰ ਹੋਇਆ। ਫਰਾਂਸੀਸੀ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।
46 ਸਾਲ ਦੇ ਰੇਦੁਅਨ ਫ਼ੈਦ ਨੂੰ ਭਜਾਉਣ ਲਈ ਜੇਲ੍ਹ ਵਿੱਚ ਹੀ ਇੱਕ ਖੁਲ੍ਹੀ ਥਾਂ ਉੱਤੇ ਉਸਦੇ ਤਿੰਨ ਹਥਿਆਰਬੰਦ ਸਾਥੀ ਉੱਤਰੇ ਅਤੇ ਫ਼ੈਦ ਨੂੰ ਚੁੱਕ ਕੇ ਲੈ ਗਏ।
ਫ਼ੈਦ ਨੂੰ ਇੱਕ ਨਾਕਾਮ ਡਕੈਤੀ ਦੇ ਮਾਮਲੇ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਮਿਲੀ, ਉਸ ਵਾਰਦਾਤ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ।
ਪੁਲਿਸ ਦਾ ਮੰਨਣਾ ਹੈ ਕਿ 2010 ਵਿੱਚ ਹੋਈ ਉਸ ਡਕੈਤੀ ਦਾ ਮਾਸਟਰਮਾਈਂਡ ਫ਼ੈਦ ਹੀ ਸੀ। ਫ਼ੈਦ ਨੂੰ ਇਸ ਵਾਰਦਾਤ ਲਈ ਅਪਰੈਲ 2017 ਵਿੱਚ ਸਜ਼ਾ ਮਿਲੀ ਸੀ।
ਪਹਿਲਾਂ ਵੀ ਜੇਲ੍ਹ ਤੋਂ ਫ਼ਰਾਰ ਹੋ ਚੁੱਕਿਆ ਹੈ ਫ਼ੈਦ
ਇਹ ਦੂਜੀ ਵਾਰ ਹੈ ਜਦੋਂ ਉਸ ਨੇ ਜੇਲ੍ਹ ਤੋੜੀ ਹੈ। 2013 ਵਿੱਚ ਉਸ ਨੇ ਚਾਰ ਸੁਰੱਖਿਆ ਗਾਰਡਾਂ ਨੂੰ ਆਪਣੀ ਢਾਲ ਬਣਾਇਆ ਅਤੇ ਦਰਵਾਜ਼ਾ ਦੋੜਦੇ ਹੋਏ ਫਰਾਰ ਹੋ ਗਿਆ। ਹਾਲਾਂਕਿ 6 ਹਫ਼ਤਿਆਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਸੀ।
ਫਰੈਂਚ ਵੈੱਬਸਾਈਟ ਯੂਰਪ 1 ਦੀ ਰਿਪੋਰਟ ਮੁਤਾਬਕ ਫ਼ੈਦ ਅਤੇ ਉਸਦੇ ਸਹਿਯੋਗੀ ਜੇਲ੍ਹ ਤੋਂ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਨਿਕਲ ਗਏ, ਉੱਥੇ ਕੋਈ ਨੈੱਟ ਨਹੀਂ ਲੱਗਿਆ ਹੋਇਆ ਸੀ।
ਫ਼ਰਾਰ ਹੋਏ ਫ਼ੈਦ ਦਾ ਹੈਲੀਕਾਪਟਰ ਨੇੜਲੇ ਇਲਾਕੇ ਬੁਰਜ਼ੇ ਵੱਲ ਉੱਡਿਆ। ਬਾਅਦ ਵਿੱਚ ਸਥਾਨਕ ਪੁਲਿਸ ਨੂੰ ਹੈਲੀਕਾਪਟਰ ਦਾ ਸੜਿਆ ਹੋਇਆ ਮਲਬਾ ਮਿਲਿਆ।
ਫ਼ੈਦ ਦਾ ਅਪਰਾਧਿਕ ਇਤਿਹਾਸ
1972 ਵਿੱਚ ਫ਼ੈਦ ਪੈਰਿਸ ਵਿੱਚ ਪੈਦਾ ਹੋਇਆ ਅਤੇ ਜੁਰਮ ਦੀ ਦੁਨੀਆ ਵਿੱਚ ਵੱਡਾ ਹੋਇਆ ਅਤੇ ਅਪਰਾਧ ਦੀ ਦੁਨੀਆਂ ਵਿੱਚ ਦਾਖਲ ਹੋ ਗਿਆ।
1990 ਦੇ ਦਹਾਕੇ ਵਿੱਚ ਡਕੈਤੀ ਅਤੇ ਵਸੂਲੀ ਕਰਨ ਵਾਲਾ ਇੱਕ ਗੈਂਗ ਚਲਾਉਣ ਵਾਲੇ ਫ਼ੈਦ ਨੂੰ 2001 ਵਿੱਚ ਇੱਕ ਹੋਰ ਡਕੈਤੀ ਦੇ ਕੇਸ ਵਿੱਚ ਫੜਿਆ ਗਿਆ ਅਤੇ 30 ਸਾਲ ਦੀ ਸਜ਼ਾ ਸੁਣਾਈ ਗਈ।
ਪਿਛਲੇ ਸਾਲ ਹੀ ਉਸਨੂੰ 2013 ਵਿੱਚ ਜੇਲ੍ਹ ਤੋੜਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।
2009 ਵਿੱਚ ਫੈਦ ਨੇ ਇੱਕ ਕਿਤਾਬ ਲਿਖੀ ਸੀ। ਇਸ ਵਿੱਚ ਉਸਨੇ ਪੈਰਿਸ ਦੇ ਅਪਰਾਧਗ੍ਰਸਤ ਇਲਾਕੇ ਦੀ ਜ਼ਿੰਦਗੀ ਅਤੇ ਅਪਰਾਧ ਦੇ ਦੁਨੀਆਂ ਦੇ ਆਪਣੇ ਤਜਰਬੇ ਸਾਂਝੇ ਕੀਤੇ ਸਨ।
ਕਿਤਾਬ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਹ ਅਪਰਾਧ ਦੀ ਦੁਨੀਆਂ ਨੂੰ ਛੱਡ ਚੁੱਕਿਆ ਹੈ ਪਰ ਇੱਕ ਸਾਲ ਬਾਅਦ ਹੀ ਉਸਦਾ ਨਾਮ ਇੱਕ ਨਾਕਾਮ ਡਕੈਤੀ ਵਿੱਚ ਆਇਆ ਜਿਸਦੇ ਲਈ ਉਸ ਨੂੰ ਸੇਨ-ਏ-ਮਾਨ ਜੇਲ੍ਹ ਵਿੱਚ ਰੱਖਿਆ ਗਿਆ ਸੀ।