'ਜਦੋਂ ਜੇਲ੍ਹਾਂ ਤੋਂ ਆਉਂਦੇ ਹਨ ਫੋਨ...'

ਜੇਲ੍ਹਾਂ ਵਿੱਚੋਂ ਫੋਨ ਆਉਣਗੇ, ਪਰਖੀਂ ਨਾ ਪਹੁੰਚ ਜੱਟ ਦੀ... ਅਜਿਹੇ ਕਈ ਗੀਤ ਪੰਜਾਬ ਦੇ ਗਾਇਕ ਗਾਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਧਮਕੀ ਭਰਿਆ ਫੋਨ ਫਰੀਦਕੋਟ ਜੇਲ੍ਹ ਵਿੱਚੋਂ ਇੱਕ ਕੈਦੀ ਦਾ ਆਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ।

ਤਿੰਨ ਮਿੰਟ ਤੱਕ ਕੀਤੇ ਫੇਸਬੁੱਕ ਲਾਈਵ ਰਾਹੀਂ ਕੈਦੀ ਗੋਬਿੰਦ ਸਿੰਘ ਨੇ ਡੀਜੀਪੀ ਸੁਰੇਸ਼ ਅਰੋੜਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ। ਹੁਣ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਵੀਡੀਓ ਵਿੱਚ ਉਸ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ, "ਤੁਸੀਂ ਬਠਿੰਡਾ ਵਿੱਚ ਲੋਕਾਂ ਸਾਹਮਣੇ ਡਰੱਗਜ਼ ਨੂੰ ਖ਼ਤਮ ਕਰਨ ਲਈ ਝੂਠੀ ਸਹੁੰ ਖਾਧੀ। ਤੁਹਾਨੂੰ ਹਰਿਮੰਦਿਰ ਸਾਹਿਬ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਨਸ਼ੇ ਅੱਜ ਵੀ ਹਰ ਥਾਂ ਮਿਲਦੇ ਹਨ। ਮੇਰੇ ਕਈ ਭੈਣ-ਭਰਾ ਡਰੱਗਜ਼ ਦੀ ਮਾਰ ਹੇਠ ਹਨ।"

ਇਸ ਤੋਂ ਇਲਾਵਾ ਉਸ ਨੇ ਜੇਲ੍ਹ ਵਿੱਚ ਸਹੂਲਤਾਂ ਦੀ ਘਾਟ 'ਤੇ ਵੀ ਸਵਾਲ ਚੁੱਕਿਆ। ਉਸ ਨੇ ਕਿਹਾ, "ਜੇਲ੍ਹ ਵਿੱਚ ਪਾਣੀ ਵੀ ਨਹੀਂ ਹੈ। ਬਾਬਾ ਫਰੀਦ ਸੋਸਾਇਟੀ ਆਫ਼ ਫਰੀਦਕੋਟ ਨੂੰ ਇਹ ਸਹੂਲਤ ਦੇਣੀ ਚਾਹੀਦੀ ਹੈ।"

ਇਸ ਤੋਂ ਪਹਿਲਾਂ ਵੀ ਕਈ ਵਾਰੀ ਜੇਲ੍ਹ ਵਿੱਚੋਂ ਫੋਨ ਕਾਲਜ਼ ਆਉਂਦੀਆਂ ਰਹੀਆਂ ਹਨ।

ਜੇਲ੍ਹ ਮੰਤਰੀ ਨੂੰ ਜੇਲ੍ਹ ਵਿੱਚੋਂ ਵਧਾਈ

ਹਾਲ ਹੀ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਜੇਲ੍ਹ ਮੰਤਰੀ ਬਣਨ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਵਧਾਈ ਦਿੰਦਿਆਂ ਇੱਕ ਕੈਦੀ ਨੇ ਫੋਨ ਕੀਤਾ।

ਲੱਖਾ ਸਿਧਾਣਾ ਲਾਈਵ

ਫਰੀਦਕੋਟ ਦੀ ਜੇਲ੍ਹ ਤੋਂ ਹੀ ਲੱਖਾ ਸਿਧਾਣਾ ਨੇ 10 ਨਵੰਬਰ, 2017 ਵਿੱਚ ਫੇਸਬੁੱਕ ਤੋਂ ਲਾਈਵ ਕੀਤਾ ਸੀ।

ਇਸ ਦੌਰਾਨ ਉਸ ਨੇ ਪਰਾਲੀ ਨੂੰ ਅੱਗ ਲਾਉਣ ਅਤੇ ਸਾਈਨ ਬੋਰਡ 'ਤੇ ਕਾਲੀਆਂ ਪੋਚਾਂ ਲਾਉਣ ਸਬੰਧੀ ਤਕਰੀਬਨ 8 ਮਿੰਟ ਲਾਈਵ ਕੀਤਾ ਸੀ।

ਜੇਲ੍ਹ ਸਪਰਡੈਂਟ ਨੂੰ ਜੇਲ੍ਹ ਵਿੱਚੋਂ ਵਧਾਈ

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ 12 ਅਪ੍ਰੈਲ, 2017 ਨੂੰ ਸੰਗਰੂਰ ਜੇਲ੍ਹ ਸੁਪਰਡੈਂਟ ਹਰਦੀਪ ਸਿੰਘ ਭੱਟੀ ਨੂੰ ਜੇਲ੍ਹ ਵਿੱਚੋਂ ਧਮਕੀ ਮਿਲੀ ਸੀ।

ਇਸ ਦੌਰਾਨ ਗੁਰਦੀਪ ਸਿੰਘ, ਮਨਦੀਪ ਸਿੰਘ, ਜੱਗਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਰਿਹਾਅ ਕਰਨ ਲਈ ਕਿਹਾ ਅਤੇ ਨਹੀਂ ਤਾਂ ਖਤਰਨਾਕ ਨਤੀਜੇ ਭੁਗਤਨ ਦੀ ਧਮਕੀ ਦਿੱਤੀ।

ਜੇਲ੍ਹ ਵਿੱਚੋਂ ਪੋਸਟ ਫੋਟੋਆਂ

ਫਰੀਦਕੋਟ ਦੀ ਜੇਲ੍ਹ ਵਿੱਚੋਂ ਹੀ ਗੈਂਗਸਟਰ ਭੋਲਾ ਸ਼ੂਟਰ (ਭਰਤ ਸ਼ਰਮਾ) ਵੱਲੋਂ ਜਨਮ ਦਿਨ ਸਮਾਗਮ ਦੀਆਂ ਤਸਵੀਰਾਂ ਫੇਸਬੁੱਕ 'ਤੇ ਪੋਸਟ ਕੀਤੀਆਂ ਗਈਆਂ ਸਨ।

ਇਹ ਤਸਵੀਰਾਂ 2 ਅਪ੍ਰੈਲ ਨੂੰ ਖਿੱਚੀਆਂ ਗਈਆਂ ਸਨ ਅਤੇ ਪਾਲਾ ਬਰਾੜ (ਪਰਮਪਾਲ ਸਿੰਘ ਬਰਾੜ) ਦੇ ਫੇਸਬੁੱਕ ਅਕਾਊਂਟ ਤੋਂ ਪੋਸਟ ਕੀਤੀਆਂ ਗਈਆਂ ਸਨ।

ਕੀ ਕਹਿੰਦੇ ਹਨ ਮਾਹਿਰ

ਸਾਬਕਾ ਆਈਏਐਸ ਅਫਸਰ ਸ਼ਸ਼ੀ ਕਾਂਤ ਜੋ 2011-12 ਵਿੱਚ ਡਾਇਰੈਕਟਰ ਜਰਨਲ (ਜੇਲ੍ਹ) ਸਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਬਦਲਣਾ ਪਵੇਗਾ।

ਉਨ੍ਹਾਂ ਕਿਹਾ, "ਜਦੋਂ ਵੀ ਇਸ ਤਰ੍ਹਾਂ ਦਾ ਕੋਈ ਸੁਝਾਅ ਦਿੱਤਾ ਜਾਂਦਾ ਹੈ ਸਾਰੀਆਂ ਸਿਆਸੀ ਪਾਰਟੀਆਂ ਇਸ ਦੀ ਖਿਲਾਫਤ ਕਰਦੀਆਂ ਹਨ। ਜੇ ਜੇਲ੍ਹਾਂ ਵਿੱਚ ਸੁਰੱਖਿਆ ਵਧਾਈ ਜਾਵੇਗੀ ਤਾਂ ਸਿਆਸਤਦਾਨਾਂ ਅਤੇ ਅਪਰਾਧੀਆਂ ਦਾ ਜਿਹੜਾ ਸਬੰਧ ਹੈ ਉਹ ਟੁੱਟ ਜਾਵੇਗਾ।"

"ਕੁਝ ਸਿਆਸਤਦਾਨ ਅਪਰਾਧੀਆਂ ਨੂੰ ਸ਼ਹਿ ਦਿੰਦੇ ਹਨ। ਉਹ ਅਪਰਾਧੀਆਂ ਤੋਂ ਆਪਣੇ ਕੰਮ ਕਰਵਾਉਂਦੇ ਹਨ। ਕੈਪਟਨ ਅਮਰਿੰਦਰ ਨੇ ਇਸ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ।"

ਉਨ੍ਹਾਂ ਅੱਗੇ ਕਿਹਾ, "ਜੇਲ੍ਹਾਂ ਦੇ ਅੰਦਰ ਤੇ ਬਾਹਰ ਜੋ ਸੁਰੱਖਿਆ ਕਰਮੀ ਪਹਿਰਾ ਦਿੰਦੇ ਹਨ ਉਨ੍ਹਾਂ ਨੂੰ ਥੋੜੇ ਸਮੇਂ ਬਾਅਦ ਬਦਲ ਦੇਣਾ ਚਾਹੀਦਾ ਹੈ। ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬਾਹਰ ਤੋਂ ਲੈ ਕੇ ਆਏ ਹੋਏ ਸੁਰੱਖਿਆ ਬਲਾਂ ਨੂੰ ਜੇਲ੍ਹਾਂ ਵਿੱਚ ਸੁਰੱਖਿਆ ਲਈ ਰੱਖਣ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)