You’re viewing a text-only version of this website that uses less data. View the main version of the website including all images and videos.
Ground Report: ਆਸਟਰੇਲੀਆ ਜਾ ਕੇ ਫਸਿਆ ਮੋਦੀ ਦਾ 'ਕਰੀਬੀ'
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ, ਕਵੀਂਸਲੈਂਡ, ਆਸਟਰੇਲੀਆ ਤੋਂ
ਆਸਟਰੇਲੀਆ ਵਿੱਚ ਅਡਾਨੀ ਦੀ ਪ੍ਰਸਤਾਵਿਤ ਕੋਇਲਾ ਖਾਣ ਪ੍ਰਾਜੈਕਟ ਦਾ ਕਈ ਮਹੀਨਿਆਂ ਤੋਂ ਵਿਰੋਧ ਹੋ ਰਿਹਾ ਹੈ।
ਵਿਰੋਧੀਆਂ ਮੁਤਾਬਿਕ ਇਹ ਪ੍ਰਸਤਾਵਿਤ ਯੋਜਨਾ ਵਾਤਾਵਰਣ ਲਈ ਖ਼ਤਰਨਾਕ ਹੈ ਅਤੇ ਇਸ ਨਾਲ ਵਾਤਾਵਰਣ ਵਿੱਚ ਗ੍ਰੀਨ ਹਾਊਸ ਗੈਸ ਦੀ ਮਾਤਰਾ ਤੇਜ਼ੀ ਨਾਲ ਵਧੇਗੀ। ਸਮਰਥਕਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ।
ਪਰ ਜ਼ਮੀਨ 'ਤੇ ਕੀ ਹਾਲਾਤ ਹੈ ਇਹ ਜਾਣਨ ਲਈ ਬੀਬੀਸੀ ਦੀ ਟੀਮ ਆਸਟ੍ਰੇਲੀਆ ਪਹੁੰਚੀ। ਕਾਰਮਾਈਕਲ ਕੋਇਲਾ ਖਾਣ ਉੱਤਰੀ ਆਸਟਰੇਲੀਆ ਦੇ ਕਵੀਂਸਲੈਂਡ ਸੂਬੇ ਵਿੱਚ ਹੈ ਜਿੱਥੇ ਅਡਾਨੀ ਦੀ ਕੰਪਨੀ ਖਨਣ ਕਰਨ ਵਾਲੀ ਹੈ।
ਇੱਥੇ ਜਾਣ ਲਈ 400 ਕਿੱਲੋਮੀਟਰ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ- ਪਹਿਲਾਂ ਪੱਕੀ ਸੜਕ, ਫਿਰ ਕੱਚੀ ਸੜਕ 'ਤੇ।
ਰਸਤੇ ਦੇ ਦੋਵੇਂ ਪਾਸੇ ਨਾ ਕੋਈ ਘਰ ਹੈ, ਨਾ ਕੋਈ ਹੋਟਲ, ਬਸ ਛੋਟੇ-ਛੋਟੇ ਪਹਾੜ, ਕਈ ਏਕੜਾਂ ਵਿੱਚ ਫੈਲੇ ਹੋਏ ਖੇਤ ਅਤੇ ਸੜਕਾਂ 'ਤੇ ਟਹਿਲਦੇ ਘੂਰਦੇ ਕੰਗਾਰੂ।
ਤੁਸੀਂ ਬਸ ਰਫ਼ਤਾਰ ਨਾਲ ਅੱਗੇ ਚਲਦੇ ਜਾਂਦੇ ਹੋ।
ਕਈ ਵਾਰ ਮਨ ਵਿੱਚ ਸਵਾਲ ਆਇਆ ਕਿ ਐਨੀ ਸੁੰਨਸਾਨ ਥਾਂ 'ਤੇ ਖੁੱਦਣ ਵਾਲੀ ਇੱਕ ਖਾਣ 'ਤੇ ਐਨੀ ਬਹਿਸ ਜਾਂ ਵਿਵਾਦ ਆਖ਼ਰ ਕਿਉਂ?
ਰਸਤੇ ਵਿੱਚ ਸਾਨੂੰ ਇੱਕ 'ਗੁਪਤ' ਅਡਾਨੀ ਵਿਰੋਧੀਆਂ ਦਾ ਕੈਂਪ ਮਿਲਿਆ- 'ਗੁਪਤ' ਤਾਂਕਿ 'ਉਗਰ ਅਡਾਨੀ ਸਮਰਥਕ ਉੱਥੇ ਨਾ ਪਹੁੰਚ ਜਾਵੇ।
ਜੰਗਲ ਦੇ ਸੰਨਾਟੇ ਵਿੱਚ ਸਥਿਤ ਇਸ ਕੈਂਪ ਵਿੱਚ ਠੀਕ-ਠਾਕ ਵਾਈ-ਫ਼ਾਈ ਸੀ। ਖਾਣਾ ਖਾਂਦੇ, ਪਕਾਉਂਦੇ, ਉਸ ਨੂੰ ਵੰਡਦੇ ਲੋਕ, ਰਹਿਣ ਲਈ ਤੰਬੂ, ਲੈਪਟਾਪ 'ਤੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਉਂਦੇ ਪ੍ਰਦਰਸ਼ਨਕਾਰੀ।
'ਸਟਾਪ ਅਡਾਨੀ' ਟੀ-ਸ਼ਰਟ ਪਹਿਨੀ ਲੋਕ ਗਿਟਾਰ 'ਤੇ ਗਾਣਾ ਗਾ ਰਹੇ ਸੀ। ਕੁਝ 'ਸਟਾਪ-ਅਡਾਨੀ' ਪੋਸਟਰ ਬਣਾ ਰਹੇ ਸੀ। ਕਈ ਥਾਵਾਂ 'ਤੇ ਕੰਧਾਂ ਦੇ ਨਾਲ ਅਡਾਨੀ ਖ਼ਿਲਾਫ਼ ਬੈਨਰ, ਪੋਸਟਰ ਰੱਖੇ ਹੋਏ ਸੀ।
ਪਰ ਇਹ ਕੋਈ ਪਿਕਨਿਕ ਸਪਾਟ ਨਹੀਂ ਸੀ। ਕਰੀਬ 40 ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸਕੌਟ ਡੇਂਸ ਨੇ ਦੱਸਿਆ, ''ਇਹ ਕੈਂਪ ਅਡਾਨੀ ਨੂੰ ਰੋਕਣ ਲਈ ਹਨ। ਇੱਥੇ ਲੋਕ ਖਾਣਾ ਬਣਾਉਂਦੇ ਹਨ, ਸਫ਼ਾਈ ਕਰਦੇ ਹਨ ਅਤੇ ਅਡਾਨੀ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਉਂਦੇ ਹਨ।''
ਉਨ੍ਹਾਂ ਦਾ ਕਹਿਣਾ ਹੈ, ''ਵਿਗਿਆਨਕ ਕਹਿੰਦੇ ਹਨ ਕਿ ਕੋਇਲਾ ਜ਼ਮੀਨ 'ਤੇ ਹੀ ਰਹਿਣਾ ਚਾਹੀਦਾ ਹੈ, ਇਸ ਲਈ ਅਸੀਂ ਇੱਥੇ ਹਾਂ।''
ਇਹ ਪੁੱਛਣ 'ਤੇ ਇਸ ਵਿਰੋਧ ਲਈ ਪੈਸੇ ਕਿੱਥੋਂ ਆਏ, ਉਹ ਕਹਿੰਦੇ ਹਨ,''ਇੱਥੇ ਪੈਸਾ ਚੰਦੇ ਨਾਲ ਇਕੱਠਾ ਹੁੰਦਾ ਹੈ। ਇੱਥੇ ਸਾਰੇ ਵਲੰਟੀਅਰ ਹਨ। ਅਜਿਹਾ ਨਹੀਂ ਕਿ ਕੋਈ ਅਮੀਰ ਆਦਮੀ ਸਾਡੀ ਮਦਦ ਕਰ ਰਿਹਾ ਹੈ।''
ਪਰ ਜੇਕਰ ਅਡਾਨੀ ਕੋਈ ਪੱਛਮੀ ਕੰਪਨੀ ਹੁੰਦੀ ਤਾਂ ਕੀ ਉਦੋਂ ਵੀ ਪ੍ਰਦਰਸ਼ਨਕਾਰੀ ਇਹੀ ਹੁੰਦੇ? ਭਾਰਤ ਅਤੇ ਆਸਟਰੇਲੀਆ ਵਿੱਚ ਕਈ ਲੋਕ ਇਹ ਸਵਾਲ ਚੁੱਕਦੇ ਹਨ।
ਇਸਦੇ ਜਵਾਬ ਵਿੱਚ ਸਕੌਟ ਨੇ ਕਿਹਾ,''ਜੇਕਰ ਇਹ ਕੋਈ ਆਸਟਰੇਲੀਆਈ ਕੰਪਨੀ ਹੁੰਦੀ ਤਾਂ ਵੀ ਅਸੀਂ ਇੱਥੇ ਹੁੰਦੇ।''
ਆਸਟਰੇਲੀਆ ਦੇ ਕੇਂਦਰੀ ਸੰਸਾਧਨ ਅਤੇ ਉੱਤਰੀ ਆਸਟਰੇਲੀਆ ਮੰਤਰੀ ਮੈਥਿਊ ਕੈਨਵਨ ਨੇ ਸਾਨੂੰ ਦੱਸਿਆ, ''ਕਿਸੇ ਦੂਜੇ ਦੇਸ ਦੀ ਤਰ੍ਹਾਂ ਆਸਟਰੇਲੀਆ ਵਿੱਚ ਵੀ ਇੱਕ ਛੋਟਾ ਤਬਕਾ ਅਜਿਹਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਵਿਦੇਸ਼ੀ ਇੱਥੇ ਆਉਣ।''
''ਮੈਨੂੰ ਲਗਦਾ ਹੈ ਮੰਦਭਾਗੀ ਗੱਲ ਇਹ ਹੈ ਕਿ ਵਾਤਾਵਰਣ ਅੰਦੋਲਨਕਾਰੀ ਆਸਟਰੇਲੀਆਈ ਸੁਸਾਇਟੀ ਵਿੱਚ ਵਿਦੇਸ਼ੀਆਂ, ਵਿਦੇਸ਼ੀ ਨਿਵੇਸ਼ ਦੇ ਖ਼ਿਲਾਫ਼ ਨਸਲਭੇਦ ਦੀ ਭਾਵਨਾ ਨੂੰ ਹਵਾ ਦੇ ਰਹੇ ਹਨ। ਇਹ ਸ਼ਰਮਨਾਕ ਹੈ। ਪਰ ਉਹ ਅਜਿਹਾ ਕਰ ਰਹੇ ਹਨ।''
ਕੈਂਪ ਦੇ ਨੇੜੇ ਹੀ ਕੇਨ ਪੀਟਰਸ ਡੌਡ ਦਾ ਘਰ ਸੀ। ਉਹ ਬੀਰੀ-ਵੀਡੀ ਨਾਂ ਦੇ ਆਦਿਵਾਸੀ ਭਾਈਚਾਰੇ ਤੋਂ ਹੈ। ਭਾਈਚਾਰੇ ਦੇ ਕਈ ਲੋਕ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦਾ ਘਰ, ਦਰਖ਼ਤ, ਝਾੜੀਆਂ ਅਤੇ ਵਾਤਾਵਰਣ ਬਚਾਉਣ ਦੀ ਬੇਨਤੀ ਕਰਦੇ ਪੋਸਟਰਾਂ ਨਾਲ ਘਿਰਿਆ ਹੋਇਆ ਸੀ।
ਘਰ ਦੇ ਪਿੱਛੇ ਦਾ ਇੱਕ ਕਮਰਾ ਚਿੱਤਰਾਂ ਨਾਲ ਭਰਿਆ ਹੋਇਆ ਸੀ। ਨੇੜੇ ਹੀ ਰੰਗਾਂ ਨਾਲ ਭਰੇ ਮੇਜ਼ 'ਤੇ ਲੰਬੇ ਸਮੇਂ ਤੋਂ ਵਰਤੀ ਗਈ ਕੂਚੀ ਅਤੇ ਰੰਗ ਦਾ ਬਕਸਾ ਉਲਟਾ ਪੁਲਟਾ ਕੇ ਰੱਖਿਆ ਹੋਇਆ ਸੀ।
ਡੌਡ ਕਹਿੰਦੇ ਹਨ,''ਅਸੀਂ ਦੇਖਿਆ ਹੈ ਕਿ ਪਿਛਲੇ ਸਾਲਾਂ ਵਿੱਚ ਕਿਵੇਂ ਸਾਡੀ ਜਨਮ ਭੂਮੀ ਦਾ ਖ਼ਾਤਮਾ ਹੋਇਆ ਹੈ। ਸਰਕਾਰ ਸਾਡੀ ਸਹਿਮਤੀ ਨਾਲ ਅਤੇ ਉਸਦੇ ਬਿਨਾਂ ਜ਼ਮੀਨ ਲੈ ਲਵੇਗੀ ਇਸ ਲਈ ਸਾਨੂੰ ਉਸਦੇ ਨਾਲ ਸਮਝੌਤਾ ਕਰਨਾ ਪੈਂਦਾ ਹੈ।''
''ਕੰਪਨੀਆਂ ਸਾਨੂੰ ਜੋ ਮੁਆਵਜ਼ਾ ਦਿੰਦੀਆਂ ਹੈ, ਉਹ ਬਹੁਤ ਘੱਟ ਹੁੰਦਾ ਹੈ। ਇਸ ਖਦਾਨ ਦਾ ਜ਼ਮੀਨ ਦੇ ਥੱਲੇ ਮੌਜੂਦ ਪਾਣੀ 'ਤੇ ਬਹੁਤ ਬੁਰਾ ਅਸਰ ਪਵੇਗਾ। ਇਸ ਪਾਣੀ ਨੂੰ ਇਕੱਠਾ ਹੋਣ ਵਿੱਚ ਸਦੀਆਂ ਲੱਗ ਜਾਂਦੀਆਂ ਹਨ।''
ਕਾਰਮਾਈਕਲ ਕੋਇਲਾ ਖਾਣ ਦੇ ਇਲਾਕੇ ਨੂੰ ਗੈਲਿਲੀ ਬੇਸਿਨ ਕਹਿੰਦੇ ਹਨ, ''ਜਦੋਂ ਅਸੀਂ ਪ੍ਰਸਤਾਵਿਤ ਖਾਣ ਦੇ ਨੇੜੇ ਪਹੁੰਚਣ ਲੱਗੇ ਤਾਂ ਇੱਕ ਕਾਰ ਨੇ ਸਾਡਾ ਪਿੱਛਾ ਕੀਤਾ। ਧੂੜ ਵਿੱਚ ਚਮਕਦੀ ਹੈੱਡਲਾਈਟਸ ਨੂੰ ਦੇਖ ਕੇ ਸਾਡਾ ਦਿਲ ਧੜਕਣ ਲੱਗਾ।
ਗੱਡੀ ਨੇੜੇ ਆਈ ਤਾਂ ਇੱਕ ਸ਼ਖ਼ਸ ਉਤਰ ਕੇ ਮੋਬਾਈਲ ਵਿੱਚ ਸਾਡੀ ਫੋਟੋ ਖਿੱਚਣ ਲੱਗਾ। ਨਾਮ, ਪਤਾ ਪੁੱਛਣ 'ਤੇ ਬਿਨਾਂ ਜਵਾਬ ਦਿੱਤੇ ਉਹ ਸ਼ਖ਼ਸ ਸੁੰਨੇ ਇਲਾਕੇ ਵਿੱਚ ਬਣੀ ਇੱਕ ਇਮਾਰਤ ਦੇ ਗੇਟ ਵਿੱਚ ਵੜ ਗਿਆ।
ਪ੍ਰਸਤਾਵਿਤ ਇਲਾਕੇ ਵਿੱਚ ਗਾਂ ਅਤੇ ਕੰਗਾਰੂ ਧੁੱਪ ਤੋਂ ਬਚਣ ਲਈ ਦਰਖ਼ਤ ਦੇ ਥੱਲੇ ਖੜ੍ਹੇ ਸੀ। ਮੈਂ ਖ਼ੁਦ ਨੂੰ ਪੁੱਛਿਆ, ਇਸੇ ਸੁੰਨਸਾਨ ਥਾਂ ਲਈ ਆਸਟਰੇਲੀਆ ਵਿੱਚ ਐਨਾ ਘਮਾਸਾਨ ਕਿਉਂ ਮਚਿਆ ਹੋਇਆ ਹੈ?
ਅਡਾਨੀ ਲਈ ਚੁਣੌਤੀ ਨਾ ਸਿਰਫ਼ ਇਸ ਸੁੰਨਸਾਨ ਥਾਂ 'ਤੇ ਖਾਣ ਖੋਦਣ ਦੀ ਹੈ ਬਲਕਿ ਕੱਢੇ ਗਏ ਕੋਇਲੇ ਨੂੰ ਢੋਅ ਕੇ 400 ਕਿੱਲੋਮੀਟਰ ਦੂਰ ਏਬਟ ਪੁਆਇੰਟ ਬੰਦਰਗਾਹ ਤੱਕ ਪਹੁੰਚਾਉਣ ਦੀ ਵੀ ਹੈ ਤਾਂਕਿ ਉਸ ਨੂੰ ਦਰਾਮਦ ਲਈ ਭਾਰਤ ਜਾਂ ਦੂਜੇ ਬਾਜ਼ਾਰਾਂ ਤੱਕ ਭੇਜਿਆ ਜਾ ਸਕੇ।
ਇਸ ਲਈ ਕੰਪਨੀ ਨੂੰ ਇੱਕ ਰੇਲ ਲਾਈਨ ਬਣਾਉਣੀ ਹੋਵੇਗੀ ਜਿਸ ਲਈ ਆਲੇ-ਦੁਆਲੇ ਦੇ ਕਿਸਾਨਾਂ ਤੋਂ ਜ਼ਮੀਨ ਲਈ ਗਈ ਹੈ।
ਕਿਸਾਨਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ 'ਕੌਨਫਿਡੈਂਸ਼ਿਅਲਟੀ ਐਗਰੀਮੈਂਟ' ਤੇ ਦਸਤਖ਼ਤ ਕੀਤੇ ਸੀ ਪਰ ਇੱਕ ਨੇ ਕਿਹਾ, ਸਰਕਾਰ ਨੂੰ ਜੋ ਕਰਨਾ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਰੋਕ ਨਹੀਂ ਸਕਦੇ।
ਪ੍ਰਾਜੈਕਟ ਵਿਰੋਧੀ ਕਹਿੰਦੇ ਹਨ ਕਿ ਜੇਕਰ ਰੇਲ ਲਾਈਨ ਬਣੀ ਤਾਂ ਆਲੇ-ਦੁਆਲੇ ਦੇ ਬੰਦ ਪਏ ਪ੍ਰਾਜੈਕਟ ਚਲ ਪੈਣਗੇ ਅਤੇ ਰੇਲ ਲਾਈਨ ਤੋਂ ਧਰਤੀ ਹੇਠ ਦੱਬੇ ਹਜ਼ਾਰਾਂ, ਕਰੋੜਾਂ ਟਨ ਕੋਇਲੇ ਨੂੰ ਕੱਢ ਕੇ ਦਰਾਮਦ ਕਰਨ ਦਾ ਰਸਤਾ ਸੌਖਾ ਹੋ ਜਾਵੇਗਾ।
ਅਡਾਨੀ ਆਸਟ੍ਰੇਲੀਆ ਵੈੱਬਸਾਈਟ ਮੁਤਾਬਿਕ ਜੇਕਰ ਅਡਾਨੀ ਪ੍ਰਾਜੈਕਟ ਅਮਲ ਵਿੱਚ ਆਇਆ ਤਾਂ ਖਾਣ 'ਚੋਂ ਨਿਕਲਿਆ ਕੋਇਲਾ 220 ਡਿੱਬਿਆਂ ਵਾਲੀ ਰੇਲ ਤੋਂ ਕਰੀਬ 400 ਕਿੱਲੋਮੀਟਰ ਦੂਰ ਏਬਟ ਪੁਆਇੰਟ ਬੰਦਰਗਾਹ ਭੇਜਿਆ ਜਾਵੇਗਾ।
ਇੱਕ ਵਾਰ ਵਿੱਚ ਇਹ ਟ੍ਰੇਨ ਕਰੀਬ 24 ਹਜ਼ਾਰ ਟਨ ਕੋਇਲਾ ਬੰਦਰਗਾਹ ਤੱਕ ਪਹੁੰਚਾਏਗੀ।
ਪ੍ਰਾਜੈਕਟ ਦੇ ਸਮਰਥਕਾਂ ਅਨੁਸਾਰ ਇਸ ਪ੍ਰਾਜੈਕਟ ਨਾਲ ਕਵੀਂਸਲੈਂਡ ਵਿੱਚ ਖੁਸ਼ਹਾਲੀ ਆਵੇਗੀ ਅਤੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ। ਗੰਦੇ ਕੋਇਲੇ ਨੂੰ ਧੋਣ ਲਈ ਪਾਣੀ ਦੀ ਲੋੜ ਹੁੰਦੀ ਹੈ।
ਅਡਾਨੀ ਨੇ ਬੀਬੀਸੀ ਨੂੰ ਭੇਜੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਆਸਟਰੇਲੀਆ ਵਿੱਚ ਕੰਪਨੀ 'ਤੇ ਲਗਾਏ ਗਏ ਵਾਤਾਵਰਣ ਨਾਲ ਜੁੜੇ ਸਖ਼ਤ ਨਿਯਮਾਂ ਦਾ ਪਾਲਣ ਕੀਤਾ ਹੈ ਅਤੇ ਉਸ ਨੂੰ 112 ਸਰਕਾਰੀ ਮਨਜ਼ੂਰੀਆਂ ਮਿਲ ਚੁੱਕੀਆਂ ਹਨ।
ਪਰ ਲਗਤਾਰ ਹੋ ਰਹੀ ਆਲੋਚਨਾ ਦੇ ਕਾਰਨ ਮਾਮਲਾ ਰੇਲ ਲਾਈਵ ਦੀ ਫੰਡਿਗ 'ਤੇ ਫਸ ਗਿਆ ਹੈ। ਬੈਂਕਾਂ, ਵਿੱਤੀ ਸੰਸਥਾਵਾਂ ਤੋਂ ਬਾਅਦ ਸਥਾਨਕ ਕਵੀਂਸਲੈਂਡ ਸਰਕਾਰ ਨੇ ਰੇਲ ਲਾਈਨ ਦੀ ਪ੍ਰਸਤਾਵਿਤ ਸਰਕਾਰੀ ਕਰਜ਼ ਦੇਣ ਤੋਂ ਹੱਥ ਖਿੱਚ ਲਿਆ ਹੈ।
ਪਰ ਆਸਟਰੇਲੀਆ ਦੀ ਕੇਂਦਰੀ ਸਰਕਾਰ ਅਡਾਨੀ ਦੇ ਨਾਲ ਹੈ।
ਇਸ ਕਾਰਨ ਸਵਾਲ ਪੁੱਛੇ ਜਾ ਰਹੇ ਹਨ ਕਿ ਸਾਲਾਂ ਤੋਂ ਵਿਵਾਦ ਵਿੱਚ ਫਸੇ ਇਸ ਪ੍ਰਾਜੈਕਟ ਦਾ ਹੁਣ ਕੀ ਹੋਵੇਗਾ ਜਾਂ ਫਿਰ ਕੰਪਨੀ ਖ਼ੁਦ ਪੈਸਾ ਲਗਾਏਗੀ।
ਬੀਬੀਸੀ ਨੂੰ ਭੇਜੇ ਜਵਾਬ ਵਿੱਚ ਕੰਪਨੀ ਨੇ ਕਿਹਾ,''ਅਡਾਨੀ ਪ੍ਰਾਜੈਕਟ ਨੂੰ ਲੈ ਕੇ ਵਚਨਬੱਧ ਹੈ ਅਤੇ ਸਾਨੂੰ ਭਰੋਸਾ ਹੈ ਕਿ ਸਾਨੂੰ ਫੰਡਿੰਗ ਮਿਲ ਜਾਵੇਗੀ।''ਪਰ ਇਸ ਭਰੋਸੇ ਦਾ ਆਧਾਰ ਕੀ ਹੈ, ਇਸਦਾ ਜਵਾਬ ਕੰਪਨੀ ਨੇ ਨਹੀਂ ਦਿੱਤਾ।
ਪਿਛਲੇ ਕੁਝ ਸਾਲਾਂ ਵਿੱਚ ਆਲਮੀ ਹਾਲਾਤ ਬਦਲੇ ਹਨ। ਲੋਕ ਜਲਵਾਯੂ ਪਰਿਵਰਤਨ, ਪੈਰਿਸ ਕਲਾਈਮੇਟ ਚੇਂਜ ਸਮਝੌਤੇ ਨੂੰ ਲੈ ਕੇ ਵੱਧ ਜਾਗਰੂਕ ਹੋਏ ਹਨ।
ਰਿਪੋਰਟਾਂ ਮੁਤਾਬਿਕ, ਭਾਰਤੀ ਕੋਇਲਾ ਮੰਤਰੀ ਪਿਊਸ਼ ਗੋਇਲ ਕਹਿ ਚੁੱਕੇ ਹਨ ਕਿ ਭਾਰਤ ਦੇ ਕੋਲ ਭਰਪੂਰ ਕੋਇਲਾ ਹੈ ਅਤੇ ਉਸ ਨੂੰ ਕੋਇਲਾ ਬਰਾਮਦ ਕਰਨ ਦੀ ਲੋੜ ਨਹੀਂ।
ਦੁਨੀਆਂ ਦੀ ਵੱਡੀ ਬਲੈਕਰਾਕ ਇਨਵੈਸਟਮੈਂਟ ਗਰੁੱਪ ਨੇ ਕਿਹਾ, ਕੋਇਲੇ ਦਾ ਭਵਿੱਖ ਨਹੀਂ ਹੈ, ਭਵਿੱਖ ਅਕਸ਼ੈ ਉੂਰਜਾ ਦਾ ਹੈ। ਅਮਰੀਕਾ ਅਤੇ ਯੂਰਪ ਵਿੱਚ ਕੋਇਲਾ ਪਲਾਂਟ ਬੰਦ ਹੋ ਰਹੇ ਹਨ।
ਸੋਰ ਅਤੇ ਹਵਾ ਊਰਜਾ ਦੀਆਂ ਕੀਮਤਾਂ ਘੱਟ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਦੀ 2016 ਦੀ ਰਿਪੋਰਟ ਮੁਤਾਬਿਕ ਹਵਾ ਪ੍ਰਦੂਸ਼ਣ ਨਾਲ ਹਰ ਸਾਲ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਇੱਕ ਹੋਰ ਰਿਪੋਰਟ ਮੁਤਾਬਿਕ ਦੁਨੀਆਂ ਭਰ ਵਿੱਚ ਅਕਸ਼ੈ ਊਰਜਾ ਵਿੱਚ 242 ਅਰਬ ਡਾਲਰ ਦਾ ਨਿਵੇਸ਼ ਹੋਇਆ ਜਿਸ ਨਾਲ 2016 ਵਿੱਚ ਵਿਸ਼ਵੀ ਊਰਜਾ ਸਮਰੱਥਾ 138.5 ਗੀਗਾਵਾਟ ਹੋ ਗਈ ਹੈ, ਜੋ ਪਿਛਲੇ ਸਾਲ ਨਾਲੋਂ 9 ਫ਼ੀਸਦ ਵੱਧ ਹੈ।
ਸਮੁੰਦਰ ਤੱਟ 'ਤੇ ਸਾਨੂੰ ਵਾਤਾਵਰਣ ਵਿਗਿਆਨੀ ਲਾਂਸ ਪੇਨ ਨੇ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ ਕੋਇਲੇ ਦੇ ਟੁੱਕੜੇ ਦਿਖਾਏ। ਲਾਂਸ ਦੇ ਮੁਤਾਬਿਕ ਇਹ ਟੁੱਕੜੇ ਉਨ੍ਹਾਂ ਨੂੰ ਸਮੁੰਦਰ ਤੱਟ 'ਤੇ ਮਿਲੇ।
''ਸਮੁੰਦਰ ਤੱਟ 'ਤੇ ਇਨ੍ਹਾਂ ਗੰਦੀਆਂ ਚੀਜ਼ਾਂ ਦਾ ਮਿਲਣਾ ਖ਼ਤਰਨਾਕ ਹੈ... ਅਸੀਂ ਕੋਇਲਾ ਕੱਢਦੇ ਹਾਂ ਅਤੇ ਫਿਰ ਕੋਇਲੇ ਨੂੰ ਵਾਤਾਵਰਣ ਵਿੱਚ ਬਿਖੇਰ ਦਿੰਦੇ ਹਾਂ। ਇਹ ਚੰਗਾ ਨਹੀਂ ਹੈ।''
''ਕਵੀਂਸਲੈਂਡ ਦੇ ਤੱਟ 'ਤੇ ਗ੍ਰੇਟ ਬੈਰੀਅਰ ਰੀਫ਼ ਇੱਕ ਬਾਥਟਬ ਵਰਗਾ ਹੈ। ਤੁਸੀਂ ਮਹਾਂਸਾਗਰ ਦੀ ਖਾੜੀ ਵਿੱਚ ਜੋ ਕੁਝ ਵੀ ਪਾਓਗੋ, ਉਹ ਉੱਥੇ ਹੀ ਰਹੇਗਾ। ਜੇਕਰ ਕੋਇਲੇ ਦੀ ਬੰਦਰਗਾਹ ਤੋਂ ਕੋਇਲਾ ਡਿੱਗੇਗਾ ਤਾਂ ਉਹ ਉੱਥੇ ਹੀ ਰਹੇਗਾ।''
''ਇਹ ਗੱਲ ਸਾਫ਼ ਹੈ ਕਿ ਕੋਇਲਾ ਕੋਰਲ ਜਾਂ ਮੂੰਗੇ ਨੂੰ ਖ਼ਤਮ ਕਰ ਦਿੰਦਾ ਹੈ। ਗ੍ਰੇਟ ਬੈਰੀਅਰ ਰੀਫ਼ ਵਿੱਚ ਬਹੁਤ ਅਨੌਖੇ ਤਰ੍ਹਾਂ ਦੇ ਜੀਵ-ਜੰਤੂ ਹਨ ਜਿਹੜੇ ਕੋਰਲ ਬਲੀਚਿੰਗ ਦੇ ਕਾਰਨ ਖ਼ਤਰੇ ਵਿੱਚ ਹਨ।''
ਕਵੀਂਸਲੈਂਡ ਸੂਬੇ ਦੇ ਤੱਟ 'ਤੇ ਗ੍ਰੇਟ ਬੈਰੀਅਰ ਰੀਫ਼ ਦੁਨੀਆਂ ਦੀ ਇੱਕ ਅਦਭੁਤ ਥਾਵਾਂ ਵਿੱਚੋਂ ਹੈ ਜਿੱਥੇ ਹਜ਼ਾਰਾਂ ਕਿਸਮ ਦੇ ਅਨੋਖੇ ਜੀਵ-ਜੰਤੂ ਰਹਿੰਦੇ ਹਨ।
ਅਡਾਨੀ ਪ੍ਰਾਜੈਕਟ ਦੇ ਵਿਰੋਧੀ ਪੁੱਛ ਰਹੇ ਹਨ ਕਿ ਜਦੋਂ ਭਾਰਤ ਅਤੇ ਚੀਨ ਅਕਸ਼ੈ ਊਰਜਾ ਵਿੱਚ ਨਿਵੇਸ਼ ਕਰ ਰਹੇ ਹਨ ਤਾਂ ਫਿਰ ਕਾਰਮਾਈਕਲ ਖਾਣ ਤੋਂ ਨਿਕਲਿਆ ਕੋਇਲਾ ਕਿੱਥੇ ਜਾਵੇਗਾ?
ਅਜਿਹੇ ਵਿੱਚ ਅਰਬਾਂ ਡਾਲਰ ਖ਼ਰਚ ਕਰਕੇ ਸੁੰਨਸਾਨ ਥਾਂ 'ਤੇ ਰੇਲ ਲਾਈਨ ਵਰਗੀ ਬੁਨਿਆਦੀ ਸਹੂਲਤਾਂ ਦੇ ਨਿਰਮਾਣ ਕਰਨ ਦਾ ਤਰਕ ਕੀ ਹੈ ਅਤੇ ਅਜਿਹੇ ਵਿੱਚ ਕੌਣ ਇਸ ਪ੍ਰਾਜੈਕਟ ਨੂੰ ਕਰਜ਼ਾ ਦੇਣ ਲਈ ਰਾਜ਼ੀ ਹੋਵੇਗਾ?
ਖਾਣ ਤੋਂ ਨਿਕਲੇ ਕੋਇਲੇ ਵਿੱਚੋਂ ਜ਼ਿਆਦਾਤਰ ਨੂੰ ਭਾਰਤ ਬਰਾਮਦ ਕਰਨ ਦਾ ਪ੍ਰਸਤਾਵ ਸੀ ਪਰ ਨਾ ਕੰਪਨੀ ਅਡਾਨੀ, ਨਾ ਅਡਾਨੀ ਸਮਰਥਕ ਸਾਫ਼-ਸਾਫ਼ ਦੱਸ ਰਹੇ ਹਨ ਕਿ ਕੰਪਨੀ ਲਈ ਅੱਗੇ ਦਾ ਰਸਤਾ ਕੀ ਹੋਵੇਗਾ।
ਕੇਂਦਰੀ ਸੰਸਾਧਨ ਮੰਤਰੀ ਮੈਟ ਕੈਨਵਨ ਨੂੰ ਵਿਸ਼ਵਾਸ ਹੈ ਕਿ ਗੈਲਿਲੀ ਬੇਸਿਨ ਜਲਦੀ ਖੁੱਲ੍ਹੇਗਾ ਕਿਉਂਕਿ ''ਐਨੀ ਚੰਗੀ ਗੁਣਵੱਤਾ ਦਾ ਕੋਇਲਾ ਨਹੀਂ ਹੈ।''
''ਮੈਂ ਅਡਾਨੀ ਦੇ ਰਿਕਾਰਡ ਤੋਂ, ਦੂਜੀਆਂ ਕੰਪਨੀਆਂ ਦੇ ਰਿਕਾਰਡ ਤੋਂ ਖੁਸ਼ ਹਾਂ ਅਤੇ ਉਨ੍ਹਾਂ ਦਾ ਇੱਥੇ ਸਵਾਗਤ ਕਰਦਾ ਹਾਂ।''
ਪਰ ਸਿਡਨੀ ਵਿੱਚ ਊਰਜਾ ਮਾਹਿਰ ਟਿਮ ਬਕਲੇ ਨੂੰ ਲਗਦਾ ਹੈ ਕਿ ''ਜੇਕਰ (ਅਡਾਨੀ) ਪ੍ਰਾਜੈਕਟ ਇਸ ਸਾਲ ਅੱਗੇ ਨਹੀਂ ਵੱਧਦਾ ਤਾਂ ਮੈਨੂੰ ਨਹੀਂ ਲਗਦਾ ਕਿ ਇਹ ਕਦੇ ਅੱਗੇ ਵਧ ਸਕੇਗਾ ਪਰ ਜਦੋਂ ਇੱਕ ਪਾਸੇ ਅਰਬਪਤੀ ਹੋਵੇ ਤਾਂ ਤੁਸੀਂ ਕੁਝ ਨਹੀਂ ਕਹਿ ਸਕਦੇ। ਜੇਕਰ ਉਹ ( ਗੌਤਮ ਅਡਾਨੀ) ਚਾਹੇ ਤਾਂ ਇਸ ਪ੍ਰਾਜੈਕਟ ਨੂੰ ਅੱਗੇ ਵਧਾ ਸਕਦਾ ਹੈ।''
ਕਰੀਬ 2 ਲੱਖ ਦੀ ਜਨਸੰਖਿਆ ਵਾਲੇ ਟਾਊਂਸਵਿਲ ਵਿੱਚ ਲੋਕ ਚਾਹੁੰਦੇ ਹਨ ਕਿ ਇਹ ਪ੍ਰਾਜੈਕਟ ਅੱਗੇ ਵਧੇ। ਨੌਕਰੀ ਦੀ ਚਿੰਤਾ ਵਾਤਾਵਰਣ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਢੱਕ ਲੈਂਦੀ ਹੈ।
ਇੱਥੇ ਸ਼ਹਿਰ ਦੇ ਕੇਂਦਰ ਵਿੱਚ ਦੁਕਾਨਾਂ, ਸੰਸਥਾਵਾਂ ਦੇ ਡਿੱਗੇ ਸ਼ਟਰ ਅਰਥਵਿਵਸਥਾ ਦੀ ਕਹਾਣੀ ਬਿਆਨ ਕਰ ਰਹੇ ਹਨ। ਇੱਥੇ ਕਰੀਬ 44 ਹਜ਼ਾਰ ਲੋਕ ਕੋਇਲਾ ਖੇਤਰ ਨਾਲ ਜੁੜੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਖ਼ਤਮ ਹੋਈਆਂ ਹਨ।
ਇੱਕ ਵਿਅਕਤੀ ਨੇ ਕਿਹਾ,''ਸਾਨੂੰ ਨੌਕਰੀਆਂ ਚਾਹੀਦੀਆਂ ਹਨ। ਇਸ ਲਈ ਅਸੀਂ ਅਡਾਨੀ ਦਾ ਸਮਰਥਨ ਕਰਦੇ ਹਾਂ।'' ਇੱਕ ਦੂਜੇ ਵਿਅਕਤੀ ਨੇ ਕਿਹਾ,''ਸਾਨੂੰ ਲਗਦਾ ਹੈ ਕਿ ਖਾਣ ਦਾ ਕੰਮ ਅੱਗੇ ਵਧਣਾ ਚਾਹੀਦਾ ਹੈ। ਆਸਟਰੇਲੀਆ ਵਿੱਚ ਵਾਤਾਵਰਣ ਨੂੰ ਲੈ ਕੇ ਬਹੁਤ ਸਾਰੇ ਕਾਨੂੰਨ ਹਨ।''
ਬਿਜ਼ਨਸ ਲੌਬੀ ਗਰੁੱਪ ਟਾਊਂਸਵਿਲ ਇੰਟਰਪ੍ਰਾਇਜ਼ੇਜ਼ ਦੇ ਮਾਈਕਲ ਮੈਕਮਿਲਨ ਦੇ ਮੁਤਾਬਿਕ ਅਕਸ਼ੈ ਊਰਜਾ ਵਿੱਚ ਵੱਧਦੇ ਰੁਝਾਨ ਦੇ ਬਾਵਜੂਦ ਕੋਇਲੇ ਨੂੰ ਖ਼ਾਰਜ ਕਰਨਾ ਫਿਲਹਾਲ ਜਲਦਬਾਜ਼ੀ ਹੋਵੇਗਾ।
ਉਹ ਕਹਿੰਦੇ ਹਨ,''ਪ੍ਰਦਰਸ਼ਨਕਾਰੀਆਂ ਦੀਆਂ ਕੁਝ ਚਿੰਤਾਵਾਂ ਸਹੀ ਹਨ ਪਰ ਉਨ੍ਹਾਂ ਨੂੰ ਮੁੜ ਸੋਚਣਾ ਹੋਵੇਗਾ ਕਿ ਉਭਰਦੀ ਹੋਈ ਅਰਥਵਿਵਸਥਾਵਾਂ ਨੂੰ ਬਿਜਲੀ ਪੈਦਾ ਕਰਨ ਲਈ ਕੋਇਲਾ ਚਾਹੀਦਾ ਹੈ।''
'' ਉਹ ਸਿਰਫ਼ ਅਕਸ਼ੈ ਊਰਜਾ 'ਤੇ ਭਰੋਸਾ ਨਹੀਂ ਕਰ ਸਕਦੇ। ਜੇਕਰ ਉਨ੍ਹਾਂ ਨੇ( ਵਿਕਾਸਸ਼ੀਲ ਦੇਸਾਂ ਨੇ) ਆਸਟਰੇਲੀਆ ਤੋਂ ਕੋਇਲਾ ਨਹੀਂ ਖਰੀਦਿਆ ਤਾਂ ਉਹ ਕਿਤੋਂ ਹੋਰ ਖ਼ਰੀਦ ਲੈਣਗੇ ਜਿਹੜਾ ਸ਼ਾਇਦ ਐਨੀ ਚੰਗੀ ਕੁਆਲਟੀ ਦਾ ਨਾ ਹੋਵੇ।''
ਮੈਕੇ ਨਿਵਾਸੀ ਅਤੇ ਸਾਬਕਾ 'ਸਟਾਪ ਅਡਾਨੀ' ਪ੍ਰਚਾਰਕ ਕਲੇਅਰ ਜਾਨਸਟਨ ਦੇ ਵਿਚਾਰ ਇਸ ਤੋਂ ਵੱਖਰੇ ਹਨ।
''ਮੈਂ ਗੌਤਮ ਅਡਾਨੀ ਨੂੰ ਕਹਾਂਗੀ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਦੀ ਤਬਾਹੀ ਭਾਰਤ ਵਿੱਚ ਫੈਲਾਈ ਹੈ, ਉਹ ਦੁਨੀਆਂ ਵਿੱਚ ਨਾ ਫੈਲਾਏ। ਅਸੀਂ ਉਨ੍ਹਾਂ ਨੂੰ ਦੁਨੀਆਂ ਵਿੱਚ ਅਜਿਹਾ ਨਹੀਂ ਕਰਨ ਦਿਆਂਗੇ।''
ਉਹ ਕਹਿੰਦੀ ਹੈ,''ਅਡਾਨੀ ਨੂੰ ਰੋਕਣਾ ਜ਼ਰੂਰੀ ਹੈ ਕਿਉਂਕਿ ਇਹ ਕੰਪਨੀ ਵਾਤਾਵਰਣ ਦਾ ਆਦਰ ਨਹੀਂ ਕਰਦੀ। ਆਸਟ੍ਰੇਲੀਆ ਵਿੱਚ ਵਾਤਾਵਰਣ ਨੂੰ ਲੈ ਕੇ ਮਜ਼ਬੂਤ ਕਾਨੂੰਨ ਹੈ ਪਰ ਇਸ ਕੰਪਨੀ ਦਾ ਸਾਡੀ ਸਰਕਾਰ 'ਤੇ ਐਨਾ ਅਸਰ ਹੈ ਕਿ ਸਾਨੂੰ ਕੰਪਨੀ ਦੇ ਖ਼ਿਲਾਫ਼ ਖੜ੍ਹਾ ਹੋਣਾ ਪਿਆ ਹੈ।
''ਕੋਇਲਾ ਇੱਕ ਅਜਿਹਾ ਡਾਇਨੋਸੋਰ ਹੈ ਕਿ ਇਸ ਨੂੰ ਜ਼ਮੀਨ ਵਿੱਚ ਹੀ ਦਬਾ ਦੇਣਾ ਚਾਹੀਦਾ ਹੈ।''
ਮਾਹਿਰਾਂ ਦੀ ਮੰਨੀਏ ਤਾਂ ਸਾਲਾਂ ਤੋਂ ਇਸ ਪ੍ਰਾਜੈਕਟ ਵਿੱਚ ਫਸੇ ਰਹਿਣ ਤੋਂ ਬਾਅਦ ਕੰਪਨੀ ਵਿੱਚ ਬਦਲ 'ਤੇ ਵਿਚਾਰ ਜ਼ਰੂਰ ਕਰ ਰਹੀ ਹੋਵੇਗੀ। ਇਸ ਦਾ ਬਦਲ ਜੋ ਵੀ ਹੋਵੇ, ਉਸ 'ਤੇ ਭਾਰਤ ਵਿੱਚ ਖਾਸ ਚਰਚਾ ਨਹੀਂ ਦਿਖ ਰਹੀ।