ਆਸਟਰੇਲੀਆ ਦੇ 99 ਸਾਲ ਦੇ ਤੈਰਾਕੀ ਚੈਂਪੀਅਨ ਨੂੰ ਜਾਣੋ

ਆਸਟਰੇਲੀਆ ਦੇ ਇੱਕ 99 ਸਾਲਾ ਤੈਰਾਕ ਨੇ 50 ਮੀਟਰ ਫਰੀ ਸਟਾਈਲ ਤੈਰਾਕੀ ਵਿੱਚ ਸੰਭਵ ਤੌਰ 'ਤੇ ਰਿਕਾਰਡ ਬਣਾਇਆ ਹੈ। 100-104 ਉਮਰ ਵਰਗ ਵਿੱਚ ਤੈਰਦਿਆਂ ਜੋਰਜ ਕੋਰਨੋਜ਼ ਨੇ 56.12 ਸਕਿੰਟਾਂ 'ਚ 50 ਮੀਟਰ ਦੀ ਦੂਰੀ ਤੈਅ ਕੀਤੀ।

ਇਹ ਕਾਰਨਾਮਾ ਉਨ੍ਹਾਂ ਨੇ ਕੁਈਨਜ਼ ਲੈਂਡ ਵਿਖੇ ਇੱਕ ਮੁਕਾਬਲੇ ਵਿੱਚ ਕੀਤਾ।

ਉਨ੍ਹਾਂ ਨੇ ਪਿਛਲੇ ਰਿਕਾਰਡ ਨੂੰ 35 ਸਕਿੰਟਾਂ ਵਿੱਚ ਤੋੜਿਆ ਹੈ। ਹਾਲਾਂਕਿ ਅਜੇ ਇਸ ਦੀ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ।

ਕੋਰਨੋਜ਼ ਇਸ ਪ੍ਰਾਪਤੀ ਤੋਂ ਬਹੁਤ ਉਤਸ਼ਾਹਿਤ ਸਨ। ਉਹ ਇਸ ਸਾਲ ਅਪ੍ਰੈਲ ਵਿੱਚ 100 ਸਾਲਾਂ ਦੇ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਉਹ ਨਤੀਜੇ ਨਾਲ "ਦੁਨੀਆਂ ਦੇ ਸਿਖਰ 'ਤੇ ਮਹਿਸੂਸ ਕਰ ਰਹੇ ਸਨ"।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਮੇਰੇ ਲਈ ਇੱਕ ਮਿਸਾਲੀ ਮੁਕਾਬਲਾ ਸੀ ਅਤੇ ਮੈਂ ਅਖ਼ੀਰ ਵਿੱਚ ਕੰਧ ਨੂੰ ਪੂਰੇ ਜ਼ੋਰ ਨਾਲ ਛੂਹਣ ਲਈ ਤਿਆਰ ਸੀ।"

ਉਨ੍ਹਾਂ ਕਿਹਾ ਕਿ ਉਹ ਸਟੇਡੀਅਮ ਵਿੱਚ ਬੈਠੇ ਦਰਸ਼ਕਾਂ ਦੀ ਹੱਲਾਸ਼ੇਰੀ ਤੋਂ ਵੀ ਕਾਫ਼ੀ ਜੋਸ਼ ਵਿੱਚ ਸਨ।

ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਉਹ ਇੱਕਲੇ ਹੀ ਤੈਰ ਰਹੇ ਸਨ। ਇਹ ਮੁਕਾਬਲਾ ਉਨ੍ਹਾਂ ਨੂੰ ਰਿਕਾਰਡ ਨੂੰ ਚੁਣੌਤੀ ਦੇਣ ਦਾ ਮੌਕਾ ਦੇਣ ਲਈ ਹੀ ਕਰਵਾਇਆ ਗਿਆ ਸੀ।

ਆਸਟਰੇਲੀਅਨ ਡਾਲਫ਼ਿਨਜ਼ ਤੈਰਾਕੀ ਟੀਮ ਨੇ ਆਪਣੇ ਫੇਸਬੁੱਕ ਸਫ਼ੇ 'ਤੇ ਲਿਖਿਆ, ''ਅਸੀਂ ਇਤਿਹਾਸ ਬਣਦਿਆਂ ਦੇਖਿਆ।''

ਦੂਜੀ ਸੰਸਾਰ ਜੰਗ ਸਮੇਂ ਉਨ੍ਹਾਂ ਤੈਰਨਾਂ ਛੱਡ ਦਿੱਤਾ

ਕੋਰਨੋਜ਼ ਨੇ ਦੱਸਿਆ ਕਿ ਜਵਾਨੀ ਸਮੇਂ ਉਹ ਇੱਕ ਉਤਸ਼ਾਹੀ ਤੈਰਾਕ ਸੀ। ਫੇਰ ਆਪਣੀ ਉਮਰ ਦੇ ਅੱਸੀਵਿਆਂ ਵਿੱਚ ਹੀ ਮੁੜ ਤੋਂ ਤੈਰਨਾ ਸ਼ੁਰੂ ਕਰ ਸਕੇ।

ਉਨ੍ਹਾਂ ਕਿਹਾ ਕਿ ਦੂਜੀ ਸੰਸਾਰ ਜੰਗ ਸਮੇਂ ਉਨ੍ਹਾਂ ਤੈਰਨਾਂ ਛੱਡ ਦਿੱਤਾ ਤੇ ਉਸ ਮਗਰੋਂ ਕੋਈ ਵਰਨਣਯੋਗ ਤੈਰਾਕੀ ਨਹੀਂ ਕੀਤੀ।

"ਫੇਰ ਮੈਂ ਕਸਰਤ ਲਈ ਤੈਰਾਕੀ ਸ਼ੁਰੂ ਕੀਤੀ।"

ਉਨ੍ਹਾਂ ਦੱਸਿਆ ਕਿ ਦੌੜ ਨੇ ਉਨ੍ਹਾਂ ਨੂੰ ਸਰੀਰਕ ਚੁਣੌਤੀ ਦਿੱਤੀ ਪਰ ਤਿਆਰੀ ਨਾਲ ਸਭ ਹੋ ਗਿਆ।

ਔਸਤ ਉਹ ਹਫ਼ਤੇ ਵਿੱਚ ਤਿੰਨ ਲੈਪ ਤੈਰਦੇ ਹਨ ਇਸ ਦੇ ਇਲਾਵਾ ਜਿੰਮ ਵਿੱਚ ਵੀ ਜਾਂਦੇ ਹਨ।

ਉਨ੍ਹਾਂ ਕਿਹਾ, "ਇਸ ਉਮਰ ਵਿੱਚ ਸ਼ੁਰੂਆਤ ਕਰਨ ਨੂੰ ਸਮਾਂ ਲਗਦਾ ਹੈ...ਤੁਸੀਂ ਜਲਦੀ ਥੱਕ ਜਾਂਦੇ ਹੋ ਪਰ ਜੇ ਤੁਸੀਂ ਢੰਗ ਨਾਲ ਕਰੋਂ ਤਾਂ ਵਧੀਆ ਫਲ ਮਿਲਦਾ ਹੈ।"

ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਗਤੀ ਅਤੇ ਤਕਨੀਕ ਨੂੰ ਦਿੰਦੇ ਹਨ।

"ਮੈਨੂੰ ਪਤਾ ਸੀ ਕਿ ਮੈਂ ਥੱਕ ਗਿਆ ਹਾਂ"

ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਸੰਤੁਲਨ ਨਾਲ ਤੈਰਨਾ ਸ਼ੁਰੂ ਕੀਤਾ।

"ਇਸੇ ਤਰਾਂ ਮੈਂ ਅਖ਼ਰੀ 10 ਮੀਟਰ ਤੱਕ ਕੀਤਾ - ਮੈਨੂੰ ਪਤਾ ਸੀ ਕਿ ਮੈਂ ਥੱਕ ਗਿਆ ਹਾਂ - ਪਰ ਮੈਂ ਬਿਨਾਂ ਘਬਰਾਏ ਲੱਗਿਆ ਰਿਹਾ।"

ਇਸ ਤੋਂ ਪਿਛਲਾ ਰਿਕਾਰਡ ਇਸੇ ਉਮਰ ਵਰਗ ਵਿੱਚ 1꞉31꞉19 ਦੇ ਸਮੇਂ ਨਾਲ ਬਰਤਾਨਵੀਂ ਤੈਰਾਕ ਜੋਹਨ ਹੈਰੀਸਨ ਨੇ 2014 ਵਿੱਚ ਬਣਾਇਆ ਸੀ।

ਕੋਰਨੋਜ਼ ਦਾ ਇਹ ਮੁਕਾਬਲਾ ਕਾਮਨਵੈਲਥ ਖੇਡਾਂ ਲਈ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਸਟਰੇਲੀਆ ਦੇ ਤੈਰਾਕੀ ਟਰਾਇਲਜ਼ ਤੋਂ ਪਹਿਲਾਂ ਹੋਇਆ ਹੈ।

ਮਾਸਟਰਜ਼ ਸਵਿਮਰਜ਼ ਆਸਟਰੇਲੀਆ ਨੇ ਕਿਹਾ ਕਿ ਕੌਮਾਂਤਰੀ ਤੈਰਾਕੀ ਫੈਡਰੇਸ਼ਨ ਨੇ ਹਾਲੇ ਰਿਕਾਰਡ ਦੀ ਪੁਸ਼ਟੀ ਕਰਨੀ ਹੈ।

ਕੋਰਨੋਜ਼ 100 ਮੀਟਰ ਫਰੀਸਟਾਈਲ ਦੇ ਰਿਕਾਰਡ ਨੂੰ ਚੁਣੌਤੀ ਦੇਣ ਵਾਲੇ ਹਨ। ਇਹ ਮੁਕਾਬਲਾ ਸ਼ਨੀਵਾਰ ਨੂੰ ਹੋਵੇਗਾ।

ਮੰਨਿਆ ਜਾ ਰਿਹਾ ਹੈ ਕਿ ਉਹ ਇਸ ਵਿੱਚ ਵੀ 03꞉23꞉10 ਦਾ ਰਿਕਾਰਡ ਤੋੜ ਦੇਣਗੇ। ਇਹ ਰਿਕਾਰਡ ਹੈਰੀਸਨ ਨੇ ਬਣਾਇਆ ਸੀ।

ਇਸ ਬਾਰੇ ਉਨ੍ਹਾਂ ਕਿਹਾ, "ਮੈਂ ਜੁਆਨ ਨਹੀਂ ਹਾਂ ਪਰ ਮੈਂ ਵਾਕਈ ਇਸ ਦੀ ਉਡੀਕ ਕਰ ਰਿਹਾ ਹਾਂ ਤੇ ਮੈਨੂੰ ਭਰੋਸਾ ਹੈ ਕਿ ਮੈਂ ਵਧੀਆ ਕਰਾਂਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)