ਘਰਵਾਲੀ ਦੇ ਪੈਸੇ ਚੋਰੀ ਕਰ ਕੇ ਖ਼ਰੀਦਿਆ ਫੁੱਟਬਾਲ ਕਲੱਬ!

ਮੌਜ ਮੇਲਾ ਕਰਨਾ ਕਿਸ ਨੂੰ ਚੰਗਾ ਨਹੀਂ ਲਗਦਾਯ। ਪਰ ਜ਼ਿਆਦਾਤਰ ਲੋਕਾਂ ਲਈ ਇਸ ਦੀ ਇੱਕ ਹੱਦ ਹੁੰਦੀ ਹੈ ਜਿਸ ਨੂੰ ਤੋੜਨ ਦੀ ਇਜਾਜ਼ਤ ਨਹੀਂ ਹੁੰਦੀ।

ਪੇਸ਼ੇ ਵਜੋਂ ਕਾਰੋਬਾਰੀ ਸੁਲੇਮਾਨ ਅੱਲ ਫਹੀਮ ਪ੍ਰੀਮੀਅਰ ਲੀਗ ਦੌਰਾਨ ਇੱਧਰ-ਉੱਧਰ ਘੁੰਮ ਰਹੇ ਸਨ, ਉਸੇ ਵੇਲੇ ਉਨ੍ਹਾਂ ਨੇ ਬਰਤਾਨਵੀ ਫੁੱਟਬਾਲ ਕਲੱਬ ਪੋਰਟਸਮਾਊਥ ਨੂੰ ਖ਼ਰੀਦਣ ਦਾ ਫ਼ੈਸਲਾ ਕਰ ਲਿਆ।

ਇਹ 2009 ਦੀ ਗੱਲ ਹੈ ਅਤੇ ਪੋਰਟਸਮਾਊਥ ਦੀ ਗਿਣਤੀ ਇੰਗਲਿਸ਼ ਫੁੱਟਬਾਲ ਦੇ ਇਤਿਹਾਸਿਕ ਕਲੱਬਾਂ ਵਿੱਚ ਹੁੰਦੀ ਸੀ। ਹਾਲਾਂਕਿ ਉਨ੍ਹਾਂ ਦਿਨਾਂ ਵਿੱਚ ਪੋਰਟਸਮਾਊਥ ਆਰਥਿਕ ਔਕੜਾਂ ਨਾਲ ਜੂਝ ਰਿਹਾ ਸੀ।

ਸੁਲੇਮਾਨ ਅੱਲ ਫਹੀਮ ਨੂੰ ਭਰੋਸਾ ਸੀ ਕਿ ਉਹ ਕਲੱਬ ਦੀਆਂ ਦਿੱਕਤਾਂ ਨੂੰ ਸੁਲਝਾ ਲੈਣਗੇ।

ਇਸ ਤੋਂ ਪਹਿਲਾਂ, ਸਾਲ 2008 ਵਿੱਚ ਮਾਨਚੈਸਟਰ ਸਿਟੀ ਨੂੰ ਆਬੂਧਾਬੀ ਯੂਨਾਇਟੇਡ ਗਰੁੱਪ ਨੇ ਖ਼ਰੀਦਿਆ ਸੀ ਅਤੇ ਇਸ ਸੌਦੇ ਨੂੰ ਸੰਭਵ ਬਨਾਉਣ ਵਿੱਚ ਸੁਲੇਮਾਨ ਨੇ ਮੁੱਖ ਭੂਮਿਕਾ ਨਿਭਾਈ ਸੀ।

ਪੰਜ ਸਾਲ ਜੇਲ੍ਹ

ਪਰ ਸੁਲੇਮਾਨ ਦੀ ਇਹ ਗੁਸਤਾਖ਼ੀ ਸਿਰਫ਼ ਛੇ ਹਫ਼ਤਿਆਂ ਤੱਕ ਹੀ ਚੱਲੀ। ਪੋਰਟਸਮਾਊਥ ਨੂੰ ਖ਼ਰੀਦਣ ਦੀ ਉਨ੍ਹਾਂ ਦੀ ਕੋਸ਼ਿਸ਼ ਦੇ ਗੰਭੀਰ ਨਤੀਜੇ ਸਾਹਮਣੇ ਆਏ।

ਇਹ ਨਤੀਜੇ ਇਸ ਹੱਦ ਤਕ ਗੰਭੀਰ ਸਨ ਕਿ ਫੁੱਟਬਾਲ ਕਲੱਬ ਪੋਰਟਸਮਾਉਥ ਅਤੇ ਸੁਲੇਮਾਨ ਅੱਲ ਫਹੀਮ 10 ਸਾਲਾਂ ਬਾਅਦ ਵੀ ਇਸ ਤੋਂ ਉੱਭਰ ਨਹੀਂ ਸਕਿਆ।

ਇਸ ਸਾਲ 15 ਫਰਵਰੀ ਨੂੰ ਸੁਲੇਮਾਨ ਨੂੰ ਇੱਕ ਅਦਾਲਤ ਨੇ ਧੋਖਾਧੜੀ, ਜਾਲੀ ਦਸਤਾਵੇਜ਼ ਅਤੇ ਸੱਤ ਮਿਲੀਅਨ ਡਾਲਰ ਦੀ ਚੋਰੀ ਵਿੱਚ ਸਾਥ ਦੇਣ ਲਈ ਕਸੂਰਵਾਰ ਠਹਿਰਾਇਆ।

ਸੁਲੇਮਾਨ ਨੇ ਇਹ ਚੋਰੀ ਆਪਣੀ ਪਤਨੀ ਦੇ ਪੈਸੇ ਦੀ ਕੀਤੀ ਹੈ ਅਤੇ ਇਸ ਪੈਸੇ ਨਾਲ ਉਨ੍ਹਾਂ ਨੇ ਫੁੱਟਬਾਲ ਕਲੱਬ ਲਈ ਸਮਾਨ ਖ਼ਰੀਦਿਆ ਸੀ।

ਉਨ੍ਹਾਂ ਨੂੰ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।

ਸੁਲੇਮਾਨ ਦੀ ਪਤਨੀ ਨੂੰ ਇਸ ਦਾ ਸ਼ੱਕ ਹੋ ਗਿਆ ਸੀ ਕਿ ਉਹ ਉਨ੍ਹਾਂ ਦੇ ਬੈਂਕ ਖਾਤੇ ਨਾਲ ਹੇਰਾਫੇਰੀ ਕਰ ਰਹੇ ਹਨ।

ਦੁਬਈ ਦੀ ਇੱਕ ਅਪਰਾਧਿਕ ਅਦਾਲਤ ਨੇ ਬੈਂਕ ਮੈਨੇਜਰ ਨੂੰ ਵੀ ਪੰਜ ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ।

ਪੋਰਟਸਮਾਊਥ ਦਾ ਸੌਦਾ

ਜਦੋਂ ਸੁਲੇਮਾਨ ਅੱਲ ਫਹੀਮ ਨੇ ਪੋਰਟਸਮਾਊਥ ਦਾ ਸੌਦਾ ਕੀਤਾ ਤਾਂ ਉਨ੍ਹਾਂ ਨੇ ਇਸ ਲਈ 80 ਮਿਲੀਅਨ ਡਾਲਰ ਤੋਂ ਵੀ ਵੱਧ ਰਕਮ ਭਰੀ ਸੀ।

ਉਸ ਸਮੇਂ ਇੰਗਲਿਸ਼ ਫੁੱਟਬਾਲ ਵਿੱਚ ਪੋਰਟਸਮਾਊਥ ਸਤਕਾਰਤ ਕਲੱਬਾਂ ਵਿੱਚ ਗਿਣਿਆ ਜਾਂਦਾ ਸੀ।

ਇਸ ਤੋਂ ਇੱਕ ਸਾਲ ਭਰ ਪਹਿਲਾਂ ਹੀ ਪੋਰਟਸਮਾਊਥ ਨੇ ਐਸੋਸੀਏਸ਼ਨ ਕੱਪ ਜਿੱਤਿਆਂ ਸੀ।

ਸਿਰਫ਼ ਇਹੀ ਨਹੀਂ ਆਪਣੇ ਹੋਂਦ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਯੂਰਪੀ ਮੁਕਾਬਲਿਆਂ ਲਈ ਵੀ ਕਵਾਲੀਫਾਈ ਕੀਤਾ ਸੀ।

ਪੋਰਟਸਮਾਊਥ ਨੂੰ ਖ਼ਰੀਦਣ ਦੇ 40 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਲੱਗਾ ਕਿ ਇਸ ਦੀਆਂ ਆਰਥਿਕ ਸਮੱਸਿਆਵਾਂ ਦੂਰ ਨਹੀਂ ਹੋਣ ਵਾਲੀਆਂ, ਉਨ੍ਹਾਂ ਆਪਣੀ ਜ਼ਿਆਦਾਤਰ ਹਿੱਸੇਦਾਰੀ ਵੇਚ ਦਿੱਤੀ।

ਚਾਰ ਸਾਲ ਬਾਅਦ ਪੋਰਟਸਮਾਊਥ ਨੂੰ ਦੋ ਵਾਰ ਡਿਫਾਲਟਰ ਘੋਸ਼ਿਤ ਕੀਤਾ ਗਿਆ ਅਤੇ ਸੱਤ ਵਾਰ ਇਸ ਦੇ ਮਾਲਿਕ ਬਦਲੇ।

ਪੋਰਟਸਮਾਊਥ ਖ਼ਰੀਦਣ ਤੋਂ ਬਾਅਦ ਕਦੇ ਉਨ੍ਹਾਂ ਨੇ ਕਿਹਾ ਸੀ, ਸਾਨੂੰ ਨਵੇਂ ਸਟੇਡੀਅਮ, ਟਰੇਨਿੰਗ ਅਕੈਡਮੀ ਅਤੇ ਸਟਾਫ਼ ਦੀ ਜ਼ਰੂਰਤ ਹੈ। 2015 ਜਾਂ 2016 ਤੱਕ ਇਹ ਸਾਡੇ ਕੋਲ ਹੋਵੇਗਾ। ਅਸੀਂ ਆਪਣੇ ਆਪ ਨੂੰ ਟਾਪ-8 ਕਲੱਬਾਂ ਵਿੱਚ ਸ਼ਾਮਿਲ ਹੁੰਦੇ ਵੇਖਣਾ ਚਾਹੁੰਦੇ ਹਾਂ।

ਇਹ ਵਚਨ ਸੀ ਜਿਸ ਨੂੰ ਉਹ ਕਦੇ ਪੂਰਾ ਨਹੀਂ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)