You’re viewing a text-only version of this website that uses less data. View the main version of the website including all images and videos.
ਸਾਲ 2012 ਤੋਂ ਬਾਅਦ ਭਾਰਤ ਦੇ 5 ਵੱਡੇ ਬੈਂਕ ਘੋਟਾਲੇ
- ਲੇਖਕ, ਰੁਜੁਤੂ ਲੁਤੁਕੇ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਨੈਸ਼ਨਲ ਬੈਂਕ ਵੱਲੋਂ 11, 400 ਕਰੋੜ ਰੁਪਏ ਦੇ ਘੋਟਾਲੇ ਦੇ ਦੋ ਦਿਨ ਬਾਅਦ ਮੋਦੀ ਸਰਕਾਰ ਨੇ ਹੈਰਾਨ ਕਰਨ ਵਾਲੇ ਕੁਝ ਹੋਰ ਅੰਕੜੇ ਪੇਸ਼ ਕੀਤੇ ਹਨ।
ਕੇਂਦਰੀ ਕਾਨੂਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਮੁਤਾਬਕ 2012 ਤੋਂ 2016 ਤੱਕ ਬੈਂਕਾਂ ਵਿੱਚ ਧੋਖਾਧੜੀ ਕਰਕੇ ਸਰਕਾਰੀ ਬੈਂਕਾਂ ਨੂੰ 22, 743 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਇਹ ਅੰਕੜੇ ਬੈਂਗਲੌਰ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵੱਲੋਂ ਸਾਂਝੇ ਕੀਤੇ ਗਏ ਹਨ ਜਿਨ੍ਹਾਂ ਨੇ ਭਾਰਤੀ ਬੈਂਕਾਂ 'ਤੇ ਇੱਕ ਸਰਵੇਖਣ ਕੀਤਾ ਹੈ।
ਸ਼ੁੱਕਰਵਾਰ ਨੂੰ ਸੰਸਦ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਨੂਨ ਮੰਤਰੀ ਨੇ ਵੀ ਇਸੇ ਰਿਪੋਰਟ ਦਾ ਹਵਾਲਾ ਦਿੱਤਾ ਸੀ।
ਰਿਪੋਰਟ ਮੁਤਾਬਕ ਸਾਲ 2017 ਦੇ ਪਹਿਲੇ 9 ਮਹੀਨਿਆਂ ਵਿੱਚ ਆਈਸੀਆਈਸੀਆਈ ਬੈਂਕ ਵਿੱਚ ਤਕਰੀਬਨ 455 ਮਾਮਲੇ ਧੋਖਾਧੜੀ ਨਾਲ ਲੈਣ-ਦੇਣ ਕਰਨ ਦੇ ਸਨ।
ਹਰ ਇੱਕ ਲੈਣ-ਦੇਣ ਇੱਕ ਲੱਖ ਰੁਪਏ ਜਾਂ ਉਸ ਤੋਂ ਵੱਧ ਦਾ ਸੀ।
ਸਟੇਟ ਬੈਂਕ ਆਫ਼ ਇੰਡੀਆ ਦੇ 429 ਮਾਮਲੇ, ਸਟੈਂਡਰਡ ਚਾਰਟਡ ਬੈਂਕ ਦੇ 244 ਅਤੇ ਐੱਚਡੀਐੱਫ਼ਸੀ ਬੈਂਕ ਦੇ 237 ਧੋਖਾਧੜੀ ਲੈਣ-ਦੇਣ ਦੇ ਸਨ।
ਰਿਪੋਰਟ ਮੁਤਾਬਕ ਜ਼ਿਆਦਾਤਰ ਧੋਖਾਧੜੀ ਬੈਂਕ ਦੇ ਮੁਲਾਜ਼ਮਾਂ ਨਾਲ ਮਿਲ ਕੇ ਕੀਤੀ ਗਈ ਸੀ।
ਅੰਕੜਿਆਂ ਮੁਤਾਬਕ ਸਟੇਟ ਬੈਂਕ ਆਫ਼ ਇੰਡੀਆ ਦੇ 60 ਮੁਲਾਜ਼ਮ, ਐੱਚਡੀਐੱਫ਼ਸੀ ਬੈਂਕ ਦੇ 49 ਮੁਲਾਜ਼ਮ ਅਤੇ ਐਕਸਿਜ਼ ਬੈਂਕ ਦੇ 35 ਮੁਲਾਜ਼ਮ ਇਸ ਘੋਟਾਲੇ ਵਿੱਚ ਸ਼ਾਮਿਲ ਸਨ।
ਦੇਸ ਦੇ ਸੂਬਾ-ਪੱਧਰੀ ਦੂਜੇ ਵੱਡੇ ਬੈਂਕ ਪੀਐੱਨਬੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 11,400 ਕਰੋੜ ਰੁਪਏ ਦੇ ਘੋਟਾਲੇ ਦੇ ਮਾਮਲੇ ਵਿੱਚ 20 ਮੁਲਾਜ਼ਮ ਮੁਅੱਤਲ ਕਰ ਦਿੱਤੇ ਹਨ।
ਭਾਰਤ ਵਿੱਚ 5 ਵੱਡੇ ਬੈਂਕ ਘੋਟਾਲੇ
2011
2011 ਵਿੱਚ ਜਾਂਚ ਏਜੰਸੀ ਸੀਬੀਆਈ ਨੇ ਖੁਲਾਸਾ ਕੀਤਾ ਕਿ ਕਈ ਬੈਂਕਾਂ ਜਿਵੇਂ ਕਿ ਬੈਂਕ ਆਫ਼ ਮਹਾਰਾਸ਼ਟਰ, ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਆਈਡੀਬੀਆਈ ਦੇ ਪ੍ਰਬੰਧਕਾਂ ਨੇ 10,000 ਜਾਅਲੀ ਖਾਤੇ ਬਣਾਏ ਸਨ ਅਤੇ 1500 ਕਰੋੜ ਰੁਪਏ ਦਾ ਇਨ੍ਹਾਂ ਵਿੱਚ ਲੋਨ ਟਰਾਂਸਫ਼ਰ ਕੀਤਾ ਗਿਆ ਸੀ।
2014
ਤਿੰਨ ਸਾਲ ਬਾਅਦ ਯਾਨਿ ਕਿ 2014 ਵਿੱਚ ਮੁੰਬਈ ਪੁਲਿਸ ਨੇ 700 ਕਰੋੜ ਰੁਪਏ ਦੇ ਐੱਫ਼.ਡੀ. ਜ਼ਰੀਏ ਧੋਖਾਧੜੀ ਦੇ ਮਾਮਲੇ ਵਿੱਚ 9 ਐੱਫ਼ਆਈਆਰ ਦਰਜ ਕੀਤੀਆਂ।
ਉਸੇ ਸਾਲ ਕੋਲਕਾਤਾ ਦੇ ਇੱਕ ਸਨਅਤਕਾਰ ਨੇ ਕਥਿਤ ਤੌਰ 'ਤੇ ਸੈਂਟਰਲ ਬੈਂਕ ਆਫ਼ ਇੰਡੀਆ ਨੂੰ ਫਰਜ਼ੀ ਦਸਤਾਵੇਜ਼ ਦਿਖਾ ਕੇ 1400 ਕਰੋੜ ਦਾ ਕਰਜ਼ ਲਿਆ।
ਇਸ ਤੋਂ ਇਲਾਵਾ ਕਰਜ਼ੇ ਦੇ ਬਦਲੇ ਰਿਸ਼ਵਤ ਲੈਣ ਦਾ ਘੋਟਾਲਾ 2014 ਵਿੱਚ ਸਾਹਮਣੇ ਆਇਆ।
ਇਸ ਘੋਟਾਲੇ ਵਿੱਚ ਸਿੰਡੀਕੇਟ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਐੱਮ.ਡੀ. ਵੱਲੋਂ 8000 ਕਰੋੜ ਰੁਪਏ ਦੇਣ ਦੇ ਇਲਜ਼ਾਮ ਲੱਗੇ ਸਨ।
ਇਸੇ ਸਾਲ ਵਿਜੇ ਮਾਲਿਆ ਨੂੰ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਘੋਟਾਲੇ ਦਾ ਦੋਸ਼ੀ ਐਲਾਣਿਆ ਗਿਆ। ਇਸ ਤੋਂ ਬਾਅਦ ਐੱਸਬੀਆਈ ਅਤੇ ਪੀਐੱਨਬੀ ਨੇ ਵੀ ਧੋਖਾਧੜੀ ਦੇ ਇਲਜ਼ਾਮ ਲਾਏ।
2015
ਇਸ ਸਾਲ ਫੌਰਨ ਐਕਸਚੇਂਜ ਸਕੈਮ (ਵਿਦੇਸ਼ੀ ਲੈਣ-ਦੇਣ ਘੋਟਾਲਾ) ਸਾਹਮਣੇ ਆਇਆ। ਕਈ ਬੈਂਕਾਂ ਦੇ ਮੁਲਾਜ਼ਮ ਇਸ ਵਿੱਚ ਸ਼ਾਮਿਲ ਸਨ।
ਇਸ ਵਿੱਚ ਹਾਂਗ-ਕਾਂਗ ਦੀ ਇੱਕ ਜਾਅਲੀ ਕੰਪਨੀ ਦਾ ਸਹਾਰਾ ਲਿਆ ਗਿਆ ਅਤੇ 6000 ਕਰੋੜ ਰੁਪਏ ਦਾ ਘੋਟਾਲਾ ਕੀਤਾ ਗਿਆ।
2016
ਇਸ ਸਾਲ ਸਿੰਡੀਕੇਟ ਬੈਂਕ ਵਿੱਚ 4 ਲੋਕਾਂ ਵੱਲੋਂ 1000 ਕਰੋੜ ਰੁਪਏ ਦੇ ਘੋਟਾਲੇ ਨੂੰ ਅੰਜਾਮ ਦਿੱਤਾ ਗਿਆ।
ਇਸ ਲਈ 380 ਫਰਜ਼ੀ ਖਾਤੇ ਬਣਾਏ ਗਏ ਸਨ ਅਤੇ ਧੋਖਾਧੜੀ ਲਈ ਜਾਅਲੀ ਚੈਕ, ਐੱਲਓਯੂ ਅਤੇ ਐੱਲਆਈਸੀ ਪਾਲੀਸੀਆਂ ਦਾ ਸਹਾਰਾ ਲਿਆ ਗਿਆ।
2017
2017 ਵਿੱਚ ਵੱਡੇ ਸਨਅਤਕਾਰ ਵਿਜੇ ਮਾਲਿਆ ਵੱਲੋਂ ਬੈਂਕ ਫਰਜ਼ੀਵਾੜੇ ਦਾ ਮਾਮਲਾ ਸੁਰਖੀਆਂ ਬਣਿਆ ਰਿਹਾ।
ਵਿਜੇ ਮਾਲਿਆ ਵੱਲੋਂ 9500 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਅਦਾਇਗੀ ਨਾ ਕਰਨ 'ਤੇ ਸੀਬੀਆਈ ਵੱਲੋਂ ਚਾਰਜਸ਼ੀਟ ਦਾਖਿਲ ਕੀਤੀ ਗਈ।
ਉਹ 2016 ਵਿੱਚ ਦੇਸ ਛੱਡ ਕੇ ਫਰਾਰ ਹੋ ਗਿਆ ਸੀ ਅਤੇ ਇਸ ਵੇਲੇ ਯੂਕੇ ਵਿੱਚ ਹੈ।
ਵਿਜੇ ਮਾਲਿਆ ਨੂੰ ਭਾਰਤ ਸਰਕਾਰ ਨੂੰ ਸੌਂਪਣ ਲਈ ਵੈੱਸਟਮਿੰਸਟਰ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ।
ਕੁਝ ਮਹੀਨਿਆਂ ਬਾਅਦ 'ਵਿਨਸਮ ਡਾਇਮੰਡਜ਼' ਦੇ ਖਿਲਾਫ਼ 7000 ਕਰੋੜ ਰੁਪਏ ਦਾ ਘੋਟਾਲਾ ਚੱਲ ਰਿਹਾ ਸੀ। ਸੀਬੀਆਈ ਨੇ ਕੰਪਨੀ ਦੇ ਖਿਲਾਫ਼ 6 ਮਾਮਲੇ ਦਰਜ ਕੀਤੇ।
ਇਹ ਮਾਮਾਲਾ ਹਾਲ ਹੀ ਵਿੱਚ ਹੋਏ ਨੀਰਵ ਮੋਦੀ ਗਰੁੱਪ ਘੋਟਾਲੇ ਨਾਲ ਮੇਲ ਖਾਂਦਾ ਹੈ।
ਇਸੇ ਸਾਲ ਇੱਕ ਹੋਰ ਬੈਂਕ ਘੋਟਾਲਾ ਹੋਇਆ ਜਿਸ ਵਿੱਚ ਕੋਲਕਾਤਾ ਦੇ ਵੱਡੇ ਸਨਅਤਕਾਰ ਨੀਲੇਸ਼ ਪਾਰੇਖ ਸ਼ਾਮਿਲ ਸਨ।
ਨੀਲੇਸ਼ ਨੂੰ ਸੀਬੀਆਈ ਨੇ 20 ਬੈਂਕਾਂ ਨੂੰ 2223 ਕਰੋੜ ਰੁਪਏ ਦੇ ਘੋਟਾਲੇ ਦੇ ਇਲਜ਼ਾਮ ਵਿੱਚ 2017 ਵਿੱਚ ਗਿਰਫ਼ਤਾਰ ਕੀਤਾ।
ਬੈਂਕਾਂ ਤੋਂ ਲਿਆ ਕਰਜ਼ਾ ਹਾਂਗਕਾਂਗ, ਸਿੰਗਾਪੁਰ ਅਤੇ ਯੂਏਈ ਵਿੱਚ ਬਣਾਈਆਂ ਸ਼ੈੱਲ ਕੰਪਨੀਆਂ ਵਿੱਚ ਟਰਾਂਸਫ਼ਰ ਕਰਨ ਦੇ ਕਥਿਤ ਇਲਜ਼ਾਮ ਵਿੱਚ ਮੁੰਬਈ ਹਵਾਈ ਅੱਡੇ ਤੋਂ ਨੀਲੇਸ਼ ਦੀ ਗ੍ਰਿਫ਼ਤਾਰੀ ਹੋਈ ਸੀ।
ਇਸ ਮਾਮਲੇ ਵਿੱਚ ਬੈਂਕ ਆਫ਼ ਮਹਾਰਾਸ਼ਟਰ ਦੇ ਸਾਬਕਾ ਜ਼ੋਨਲ ਮੁਖੀ ਅਤੇ ਸੂਰਤ ਦੀ ਇੱਕ ਨਿੱਜੀ ਕੰਪਨੀ ਦੇ ਡਾਇਰੈਕਟਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਤੇ 8.36 ਬਿਲੀਅਨ ਘੋਟਾਲੇ ਦਾ ਇਲਜ਼ਾਮ ਸੀ।